ਮੋਰਚਾ ਗੁਰੂ ਕਾ ਬਾਗ਼

ਮੋਰਚਾ ਗੁਰੂ ਕਾ ਬਾਗ਼

ਪ੍ਰਮਿੰਦਰ ਸਿੰਘ ਪ੍ਰਵਾਨਾ (ਫੋਨ ਨੰਬਰ 510-781-0487)
ਸਿੱਖ ਕੌਮ ਅਤੇ ਧਰਮ ਦੇ ਇਤਿਹਸਕ ਸਫ਼ਰ ਵਿਚ ਸਮੇਂ ਦੇ ਅਤਿਆਚਾਰਾਂ ਦੇ ਵਿਰੁੱਧ ਅਤੇ ਸੱਚ ਲਈ ਸ਼ਹੀਦੀਆਂ ਦਿੱਤੇ ਜਾਣ ਦੇ ਅਣਗਿਣਤ ਕਿੱਸੇ ਹਨ। ਵੀਹਵੀਂ ਸਦੀ ਵਿਚ ਪਾਵਨ ਇਤਿਹਾਸਕ ਗੁਰਧਾਮਾਂ ਨੂੰ ਆਚਰਣਹੀਣ ਮਹੰਤਾਂ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾਉਣ ਲਈ ਚਲੀ ਗੁਰਦੁਆਰਾ ਸੁਧਾਰ ਲਹਿਰ ਹੇਠ ਇਕ ਤੋਂ ਬਾਅਦ ਇਕ ਮੋਰਚਾ ਅੰਗਰੇਜ਼ੀ ਹਕੂਮਤ ਵਿਰੁੱਧ ਲਾਉਣਾ ਪਿਆ। ਇਸ ਜਨਤਕ ਸੰਘਰਸ਼ ਵਿਚ ਸਿੱਖਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਫਿਰ ਭਾਵੇਂ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਤਰਨਤਾਰਨ ਦਾ ਮੋਰਚਾ, ਜੈਤੋ ਦਾ ਮੋਰਚਾ ਅਤੇ ਗੁਰੂ ਕਾ ਬਾਗ਼ ਦਾ ਮੋਰਚਾ ਹੋਵੇ, ਇਹ ਸਾਰੇ ਮੋਰਚੇ ਸੁਤੰਤਰਤਾ ਸੰਗਰਾਮ ਦੀ ਹੀ ਕੜੀ ਸਨ। ਵੱਖ ਵੱਖ ਮੋਰਚਿਆਂ ਵਿਚੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਘੁਕੇਵਾਲੀ ਤੇ ਸਹਿੰਸਰਾ ਦੇ ਵਿਚਕਾਰ ਸਥਿਤ ਗੁਰਦੁਆਰਾ ਗੁਰੂ ਕਾ ਬਾਗ਼ ਦਾ ਮੋਰਚਾ ਅਕਾਲੀ ਲਹਿਰ ਦਾ ਮਹਤਵਪੂਰਨ ਮੋਰਚਾ ਸੀ। ਉਥੇ ਕਾਬਜ਼ ਮਹੰਤ ਸੁੰਦਰ ਦਾਸ ਭ੍ਰਿਸ਼ਟਬੁੱਧੀ ਦਾ ਮਾਲਕ ਸੀ। ਉਸ ਨੂੰ ਸਿੱਖਾਂ ਵਿਰੁੱਧ ਸਰਕਾਰੀ ਸਹਿ ਮਿਲੀ ਹੋਈ ਸੀ। 20 ਫਰਵਰੀ 1921 ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ 8 ਅਗਸਤ 1922 ਨੂੰ ਸਾਕਾ ਗੁਰੂ ਕਾ ਬਾਗ਼ ਵਾਪਰਿਆ ਜਿਸ ਵਿਚ ਸਿੱਖ ਕੌਮ ਵੱਲੋਂ ਵਿਦੇਸ਼ੀ ਸਰਕਾਰ ਦੇ ਵੁਰੁੱਧ ਭਾਵਨਾ ਅਤੇ ਆਪਣੇ ਧਰਮ ਪ੍ਰਤੀ ਵਿਖਾਈ ਕੁਰਬਾਨੀ ਭਾਵਨਾ ਦੀ ਮੂੰਹ ਬੋਲਦੀ ਤਸਵੀਰ ਹੈ। ਲੰਗਰ ਦੀ ਸੇਵਾ ਲਈ ਲਕੜੀ ਬਾਲਣ ਇਕੱਠਾ ਕਰਨ ਗਏ ਸਿੰਘਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਛੇ ਛੇ ਮਹੀਨੇ ਦੀ ਕੈਦ ਸੁਣਾਈ ਗਈ।
ਇਸ ਘਟਨਾ ਤੇ ਮੋਰਚਾ ਲੱਗ ਗਿਆ। ਸ੍ਰਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਸ ਵਜ਼ੋ ਗ੍ਰਿਫ਼ਤਾਰੀ ਲਈ 5-5 ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗ ਜਿਸ ਨੂੰ ਪੁਲਿਸ ਫੜ ਕੇ ਦੂਰ ਦਰਾਡੇ ਛੱਡ ਆਉਂਦੀ। ਜਦੋਂ ਮੋਰਚੇ ਵਿਚ ਸਿੰਘਾਂ ਦੀ ਗਿਣਤੀ ਵਧਦੀ ਗਈ ਤਾਂ ਪੁਲਿਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ। 26 ਅਗਸਤ ਨੂੰ ਲਕੜਾਂ ਲੈਣ ਗਏ ਸਿੰਘਾਂ ਦੀ ਸਖ਼ਤ ਮਾਰ ਕੁਟਾਈ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚ ਬੈਠੇ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ। ਬੰਦੂਕਾਂ ਦੇ ਦਸਤਿਆਂ ਤੇ ਡਾਗਾਂ ਨਾਲ ਭਾਰੀ ਕੁੱਟ ਮਾਰ ਕੀਤੀ। ਮੁੱਖ ਆਗੂਆਂ ਦੀ ਗ੍ਰਿਫ਼ਤਾਰੀ ਦੇ ਵੀ ਸੰਮਨ ਜਾਰੀ ਹੋ ਗਏ। ਹੁਣ ਸਿੰਘ ਹੁੰਮ-ਹੁੰਮਾ ਕੇ ਗ੍ਰਿਫ਼ਤਾਰੀਆਂ ਦੇਣ ਲੱਗੇ। ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸਾਂ ਸੋਧ ਕੇ ਸਿੰਘ ਸ਼ਾਂਤਮਈ ਢੰਗ ਨਾਲ ਗੁਰੂ ਕਾ ਬਾਗ ਲਈ ਗ੍ਰਿਫ਼ਤਾਰੀਆਂ ਦੇਣ ਲੱਗੇ। ਪੁਲਿਸ ਉਨ੍ਹਾਂ ਤੇ ਲਾਠੀਆਂ ਵਰਸਾਉਂਦੀ, ਸਿੰਘ ਨਾਮ ਜਪਦੇ ਇਹ ਸਾਰਾ ਤਸ਼ਦਦ ਤਨ ਤੇ ਹੰਡਾਉਂਦੇ। ਫੱਟੜ ਹੋ ਕੇ ਡਿੱਗ ਜਾਂਦੇ ਹੌਸਲਾ ਕਰਕੇ ਉਠਦੇ ਅਤੇ ਮਾਰ ਖਾਣ ਲਈ ਛਾਤੀਆਂ ਤਾਣ ਦਿੰਦੇ। ਪੁਲਿਸ ਨੇ ਡਾਗਾਂ ਨਾਲ ਹੀ ਬੱਸ ਨਹੀਂ ਕੀਤੀ, ਬਲਕਿ ਫਟੜ ਹੋ ਕੇ ਡਿੱਗੇ ਸਿੰਘਾਂ ਉਤੇ ਘੋੜੇ ਵੀ ਦੁੜਾਏ ਜਾਣ ਲੱਗੇ। ਸੰਸਾਰ ਭਰ ਵਿਚ ਸਿੰਘਾਂ ਦੇ ਸਬਰ ਅਤੇ ਸ਼ਾਂਤਮਈ ਰਹਿਣ ਦੇ ਚਰਚੇ ਹੋਣ ਲੱਗੇ। ਅੰਗਰੇਜ਼ ਹਕੂਮਤ ਦੇ ਵਹਿਸ਼ੀ ਤਸ਼ੱਦਦ ਦੀ ਘੋਰ ਨਿਖੇਧੀ ਹੋਣ ਲੱਗੀ। ਵੱਖ ਵੱਖ ਧਰਮਾਂ ਦੇ ਲੋਕ ਭਾਰੀ ਗਿਣਤੀ ਵਿਚ ਗੁਰੂ ਕਾ ਬਾਗ਼ ਪੁੱਜਣ ਲੱਗੇ। ਇਨ੍ਹਾਂ ਵਿਚ ਸੀ ਐਫ਼ ਐਂਡਰਿਊ, ਜਿਸ ਨੇ ਇਕ ਮਸੀਹਾ ਸੂਲੀ ਚੜਿਆ ਸੁਣਿਆ ਸੀ, ਅਪਣੀਆਂ ਅੱਖਾਂ ਸਾਹਮਣੇ ਸੈਂਕੜੇ ਲੋਕ ਤਸੀਹੇ ਝਲਦੇ ਵੇਖ ਰੋ ਪਿਆ ਸੀ। ਉਸ ਨੇ ਪ੍ਰੈਸ ਰਿਪੋਰਟ ਭੇਜੀ ਕਿ ਇਹ ਅੰਗਰੇਜ਼ੀ ਸਰਕਾਰ ਦਾ ਅਣਮਨੁੱਖੀ ਤਸ਼ਦਦ ਹੈ ਇਕ ਹਿਰਦੇ ਵੇਦਕ ਘਟਨਾ ਹੈ ਜੋ ਦੇਖੀ ਨਹੀਂ ਜਾ ਸਕਦੀ। ਰੱਬ ਅਜੇਹਾ ਸਮਾਂ ਕਿਸੇ ਨੂੰ ਨਾ ਦਿਖਾਵੇ।
ਇਸ ਮੌਕੇ ਪੁੱਜੇ ਹੋਰਨਾਂ ਆਗੂਆਂ ਵਿਚ ਮਦਨ ਮੋਹਨ ਮਾਲਵੀਆ, ਪ੍ਰੋ. ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਨ, ਸ੍ਰੀਮਤੀ ਸਰੋਜਨੀ ਨਾਇਡੂ ਸਮੇਤ ਸਭ ਨੇ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦੀ ਘੋਰ ਨਿਖੇਧੀ ਕੀਤੀ। ਇਕ ਅਮਰੀਕੀ ਫਿਲਮਸਾਜ਼ ਏ ਐਲ ਵਰਗੀਜ਼ ਨੇ ਇਸ ਦਰਦਨਾਕ ਦ੍ਰਿਸ਼ ਦੀ ਫਿਲਮ ਵੀ ਬਣਾਈ।
ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਐਡਵਰਡ ਮੈਕਲਗਨ ਨੇ ਗੁਰੂ ਕਾ ਬਾਗ਼ ਦਾ ਦੌਰਾ ਕੀਤਾ। ਉਸਦੇ ਦਖਲ ਦੇਣ ਨਾਲ ਸਿੰਘਾਂ ਤੇ ਡਾਗਾਂ ਵਰ੍ਹਨੀਆਂ ਤਾਂ ਬੰਦ ਹੋ ਗਈਆਂ ਪਰ ਗ੍ਰਿਫ਼ਤਾਰੀਆਂ ਦਾ ਦੌਰ 17 ਨਵੰਬਰ 1922 ਤਕ ਚਲਿਆ। ਅਕਤੂਬਰ ਦੇ ਪਹਿਲੇ ਹਫ਼ਤੇ ਗਵਰਨਰ ਜਨਰਲ ਲਾਰਡ ਰੈਡਿੰਗ ਨੇ ਪੰਜਾਬ ਦੇ ਗਵਰਨਰ ਨਾਲ ਇਸ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ। ਇਕ ਧਨਾਢ ਸੇਵਾ ਮੁਕਤ ਇੰਜੀਨੀਅਰ ਸਰ ਗੰਗਾ ਰਾਮ ਦੀਆਂ ਸੇਵਾਵਾਂ ਵੀ ਲਈਆਂ ਗਈਆਂ। ਉਸ ਨੇ ਪਟੇ ਉੱਤੇ ਗੁਰੂ ਕਾ ਬਾਗ ਦੀ ਜ਼ਮੀਨ ਛੁਡਵਾ ਲਈ ਅਤੇ 17 ਨਵੰਬਰ 1922 ਨੂੰ ਸਿੰਘਾਂ ਨੂੰ ਕਬਜ਼ਾ ਦੇ ਦਿੱਤਾ। ਸਰਕਾਰ ਨੇ ਸਾਰੇ ਸਿੰਘਾਂ ਨੂੰ ਛੱਡਣ ਦੇ ਹੁਕਮ ਵੀ ਜਾਰੀ ਕੀਤੇ। ਗੁਰੂ ਕਾ ਬਾਗ਼ ਦਾ ਮੋਰਚਾ ਇਸ ਤਰ੍ਹਾਂ ਸ਼ਾਂਤੀ ਪੂਰਵਕ ਖਤਮ ਹੋਇਆ। ਇਸ ਮੋਰਚੇ ਦੌਰਾਨ ਸਰਕਾਰ ਨੇ ਲਗਭਗ ਸਾਢੇ ਪੰਜ ਹਜ਼ਾਰ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਵਿਚੋਂ 37 ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਨ। ਪੁਲਿਸ ਦੀ ਮਾਰ ਕੁੱਟ ਕਾਰਨ ਇਕ ਹਜ਼ਾਰ ਤੋਂ ਵੱਧ ਅਕਾਲੀ ਜਖਮੀ ਹੋਏ। ਪੁਲਿਸ ਦੇ ਜੁਲਮ ਕਾਰਨ ਗੰਭੀਰ ਜ਼ਖਮੀ ਹੋਣ ਕਰਕੇ 9 ਸਿੰਘ ਸ਼ਹੀਦ ਹੋਏ। ਆਮ ਜਨ ਸਧਾਰਨ ਦੇ ਨਾਲ 200 ਫੌਜੀ ਪੈਨਸ਼ਨੀਏ ਸਨ।
ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਬੜਾ ਬਲ ਮਿਲਿਆ। ਸਿੰਘਾਂ ਦੇ ਸਿਦਕ ਬਹਾਦਰੀ ਅਤੇ ਅਣਖ ਤੇ ਲੋਕਾਂ ਨੇ ਮਾਣ ਕੀਤਾ। ਗੁਰੂ ਕਾ ਬਾਗ਼ ਮੋਰਚੇ ਵਿਚ ਸ਼ਾਮਲ ਸੂਰਬੀਰਾਂ ਨੇ ਅੰਗਰੇਜ਼ੀ ਪੁਲਿਸ ਦੇ ਅਣਮਨੁੱਖੀ ਤਸ਼ਦਦ ਨੂੰ ਸਹਿਣਸ਼ੀਲਤਾ ਹੱਠ ਅਤੇ ਤਿਆਗ ਦਾ ਸਬੂਤ ਦਿੰਦੇ ਹੋਏ ਆਪਣੇ ਤਨ ਤੇ ਜਰਿਆ। ਇਸ ਮੋਰਚੇ ਦੀ ਜਿੱਤ ਨਾਲ ਭਾਰਤ ਦੇ ਆਜ਼ਾਦੀ ਅੰਦੋਲਨ ਦਾ ਰਾਹ ਪੱਧਰਾ ਹੋਇਆ। ਲੋਕਾਂ ਵਿਚ ਉਤਸ਼ਾਹ ਆਇਆ ਕਿਉਂਕਿ ਇਹ ਮੋਰਚਾ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਸੀ। ਇਸ ਮੋਰਚੇ ਨੇ ਚੜ੍ਹਦੀ ਕਲਾ ਸਰਬਤ ਦੇ ਭਲੇ ਦਾ ਸਿਧਾਂਤ ਪ੍ਰਫੁੱਲਤ ਕੀਤਾ । ਇਸ ਮੋਰਚੇ ਤੋਂ ਅੱਜ ਸਾਨੂੰ ਉਸ ਸਮੇਂ ਦੇ ਸਿੱਖ ਆਚਰਣ ਵਿਚ ਪ੍ਰਦਰਸ਼ਿਤ ਗੁਣਾਂ ਨੂੰ ਅਪਨਾਉਣ ਦੀ ਸਿੱਖਿਆ ਮਿਲਦੀ ਹੈ।