ਇਤਿਹਾਸ ਦੀ ਗੱਲ ਕਰਦੀ ਇਤਿਹਾਸ ਤੋਂ ਅੱਗੇ ਨਿਕਲ ਗਈ ਹੈ ‘ਬਲੈਕ ਪ੍ਰਿੰਸ’

ਇਤਿਹਾਸ ਦੀ ਗੱਲ ਕਰਦੀ ਇਤਿਹਾਸ ਤੋਂ ਅੱਗੇ ਨਿਕਲ ਗਈ ਹੈ ‘ਬਲੈਕ ਪ੍ਰਿੰਸ’

ਜੂਨ 84 ਦੇ ਘੱਲੂਘਾਰੇ ਬਾਰੇ ਫਿਲਮ ਤਿਆਰ ਕਰਨ ਦੇ ਸੰਕੇਤ
ਪੰਜਾਬੀ-ਹਿੰਦੂਆਂ ਦੀ ਫਿਲਮ ਬਾਰੇ ਬੇਰੁਖੀ
ਫਿਲਮ ਦਾ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਪੱਬਾਂ ਭਾਰ
ਕਰਮਜੀਤ ਸਿੰਘ (ਫੋਨ : 9150-91063)
‘ਬਲੈਕ ਪ੍ਰਿੰਸ’ ਫਿਲਮ ਹੁਣ ਕੇਵਲ ਇਤਿਹਾਸ ਦੇ ਉਸ ਦਰਦਨਾਕ ਸਾਕੇ ਬਾਰੇ ਹੀਨਨਹੀਂ ਦੱਸਦੀ, ਜੋ ਮਹਾਰਾਜਾ ਦਲੀਪ ਸਿੰਘ ਅਤੇ ਸਿੱਖਾਂ ਨਾਲ ਵਾਪਰਿਆ, ਸਗੋਂ ਇਸ ਫਿਲਮ ਨੇ ਹੋਰ ਬਹੁਤ ਕੁੱਝ ‘ਦੱਸਣਾ ਤੇ ਕਹਿਣਾ’ ਸ਼ੁਰੂ ਕਰ ਦਿੱਤਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੋ ਫਿਲਮ ਵਿਚ ਕਿਹਾ ਹੀ ਨਹੀਂ ਗਿਆ, ਸਿੱਖਾਂ ਦਾ ਇਕ ਹਿੱਸਾ ਉਸੇ ਅਣ-ਕਹੇ ਨੂੰ ਹੀ ਸੁਣ ਰਿਹਾ ਹੈ ਜਾਂ ਸੁਣਨਾ ਚਾਹੁੰਦਾ ਹੈ। ਦੂਜੇ ਸ਼ਬਦਾਂ ਵਿਚ ਫਿਲਮ ਸਿੱਖਾਂ ਲਈ ਮਹਿਜ਼ ਇਕ ਸਾਧਨ ਹੀ ਬਣ ਗਈ ਹੈ, ਜਦਕਿ ਇਸ ਫਿਲਮ ਨੂੰ ਉਹ ਆਪਣੇ ਵਰਤਮਾਨ ਨਾਲ ਜੋੜ ਕੇ ਵੇਖ ਰਹੇ ਹਨ ਅਤੇ ਵੱਖਰੇ-ਵੱਖਰੇ ਨਿਰਣੇ ਕਰਨ ਵਿਚ ਲੱਗੇ ਹੋਏ ਹਨ ਉਨ੍ਹਾਂ ਅੰਦਰ ਅਹਿਸਾਸ ਦੀ ਇਕ ਵੱਖਰੀ ਪਰ ਨਵੀਂ ਪਰਤ ਜਾਗ ਪਈ ਹੈ। ਮਿਸਾਲ ਵਜੋਂ ਉਹ ਫਿਲਮ ਦੇਖ ਕੇ ਸੋਚਦੇ ਹਨ ਕਿ ਕਦੇ ਸਾਡਾ ਆਪਣਾ ਰਾਜ ਹੁੰਦਾ
ਸੀ। ਇਤਿਹਾਸ ਪੜ੍ਹਨ ਵਾਲੇ ਵਿਦਿਆਰਥੀ ਤਾਂ ਇਹ ਪਹਿਲਾਂ ਹੀ ਜਾਣਦੇ ਹਨ ਕਿ ਜਦੋਂ ਨੈਪੋਲੀਅਨ ਵਾਟਰਲੂ ਦੀ ਲੜਾਈ ਹਾਰ ਗਿਆ ਸੀ ਤਾਂ ਉਸ ਦੇ ਵੱਡੇ ਅਫਸਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਵੱਲ ਕੂਚ ਕੀਤਾ ਅਤੇ ਇੰਝ ਉਹ ਖਾਲਸਾ ਫੌਜਾਂ ਦੀ ਨੌਕਰੀ ਕਰਨ ਲੱਗੇ। ਇਹੋ ਜਿਹਾ ਅਹਿਸਾਸ ਉਨ੍ਹਾਂ ਨੂੰ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਇਕ ਵੱਖਰੀ ਤਰ੍ਹਾਂ ਦਾ ਮਾਣ, ਸਵੈ-ਮਾਣ ਦਿੰਦਾ ਹੈ। ਪਰ ਨਾਲ ਹੀ ਉਨ੍ਹਾਂ ਅੰਦਰ ਇਹ ਅਹਿਸਾਸ ਵੀ ਸਹਿਜ-ਸੁਭਾਅ ਜਾਗ ਉਠਦਾ ਹੈ ਕਿ ਹੁਣ ਸਾਡੇ ਕੋਲ ਆਪਣਾ ਰਾਜ ਨਹੀਂ ਤੇ ਕਿਉਂ ਨਹੀਂ ਹੈ? ਇਹੋ ਜਿਹੇ ਸਵਾਲਾਂ ਦਾ ਢੁੱਕਵਾਂ ਜਵਾਬ ਉਨ੍ਹਾਂ ਨੂੰ ਨਹੀਂ ਮਿਲਦਾ। ਪਰ ਇਹੋ ਜਿਹੇ ਸਵਾਲ ਉਨ੍ਹਾਂ ਅੰਦਰ ਉਸਲ-ਵੱਟੇ ਜ਼ਰੂਰ ਲੈ ਰਹੇ ਹਨ। ਇਸ ਤਰ੍ਹਾਂ ਇਹੋ ਜਿਹੇ ਰੁਝਾਨ ਦੀ ਵਿਆਖਿਆ ਕੇਵਲ  ਨੋਵਿਗਿਆਨੀ ਹੀ ਕਰ ਸਕਦੇ ਹਨ। ਉਘੇ ਵਿਦਵਾਨ ਖੁਸ਼ਵੰਤ ਸਿੰਘ ਨੇ ਕਿਸੇ ਥਾਂ ਕਿਹਾ ਸੀ ਕਿ ਸਿੱਖਾਂ ਦੇ ਅੰਦਰ ਰਾਜ ਕਰਨ ਦੀ ਤਮੰਨਾ ਕਦੇ ਵੀ ਮਰਦੀ ਨਹੀਂ। ਤਾਂ ਕੀ ਸਿੱਖ ਇਸ ਫਿਲਮ ਨੂੰ ਵੇਖ ਕੇ ਆਪਣੇ ਰਾਜ ਦੇ ਸੁਪਨੇ ਲੈਣ ਲੱਗੇ ਪਏ ਹਨ? ਇਹੋ ਜਿਹੀਆਂ  ਕਆਸਅਰਾਈਆਂ ਨੂੰ ਰੱਦ ਵੀ ਨਹੀਂ ਕੀਤਾ ਜਾ ਸਕਦਾ, ਸਗੋਂ ਕਈ ਹਾਲਤਾਂ ਵਿਚ ਉਨ੍ਹਾਂ ਨੂੰ ਇਹੋ ਜਿਹੀਆਂ ਗੱਲਾਂ ਤਾਕਤ ਦਿੰਦੀਆਂ ਹਨ। ਭਾਵੇਂ ਇਹ ਵਰਤਾਰਾ ਪੂਰੀ ਤਰ੍ਹਾਂ ਜਥੇਬੰਦ ਅਤੇ ਇਕਸੁਰ ਨਹੀਂ ਅਤੇ ਇਹੋ ਜਿਹੇ ਰੁਝਾਨ ਖਿੰਡੇ ਹੋਏ ਰੂਪ ਵਿਚ ਹੀ ਵੇਖੇ ਜਾ ਸਕਦੇ ਹਨ। ਪਰ ਸਿੱਖ ਮਨਾਂ ਵਿਚ ਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਵਿਚ ਇਹੋ ਜਿਹੇ ਵਿਚਾਰਾਂ ਦਾ ਆਉਣਾ ਖੁਫੀਆ ਏਜੰਸੀਆਂ ਲਈ ਵੀ ਵੱਡੀ ਚਿੰਤਾ ਦਾ ਕਾਰਨ ਬਣ ਗਿਆ ਹੈ। ਇਹ ਚਿੰਤਾ ਉਸ ਵੇਲੇ ਹੋਰ ਵੀ ਡੂੰਘੀ ਹੋ ਜਾਂਦੀ ਹੈ, ਜਦੋਂ ਸੋਸ਼ਲ ਮੀਡੀਆ ਇਹੋ ਜਿਹੇ ਵਿਚਾਰਾਂ ਨੂੰ ਪੈਰ ਲਾ ਕੇ ਅੱਗੇ ਤੋਰਨ ਵਿਚ ਵੱਡਾ ਰੋਲ ਅਦਾ ਕਰ ਰਿਹਾ ਹੈ।
ਸੋਸ਼ਲ ਮੀਡੀਏ ਉਤੇ ‘ਬਲੈਕ ਪ੍ਰਿੰਸ’ ਫਿਲਮ ‘ਤੇ ਭਾਰੀ ਬਹਿਸ ਛਿੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਬਰਤਾਨੀਆ ਇਸ ਵੱਡੀ ਬਹਿਸ ਦਾ ਕੇਂਦਰ ਬਣਿਆ ਹੈ। ਭਾਵੇਂ ਆਮ ਕਰਕੇ ਫੇਸਬੁੱਕ ‘ਤੇ ਕਿਸੇ ਵੀ ਬਹਿਸ ਦਾ ਪੱਧਰ ਕਾਫੀ ਨੀਵਾਂ ਹੁੰਦਾ ਹੈ ਅਤੇ ਫੇਸਬੁੱਕੀਏ ਕਈ ਵਾਰੀ ਆਪਸ ਵਿਚ ਗਾਲ੍ਹਮ-ਗਾਲੀ ਵੀ ਹੋ ਜਾਂਦੇ ਹਨ ਪਰ ‘ਦਾ ਬਲੈਕ ਪ੍ਰਿੰਸ’ ਫਿਲਮ ਦੇ ਮੁੱਦੇ ‘ਤੇ ਉਹ ਬਹੁਤਾ ਕਰਕੇ ਗੰਭੀਰ ਹੀ ਵੇਖੇ ਗਏ ਹਨ। ਮਿਸਾਲ ਦੇ ਤੌਰ ‘ਤੇ ਇਕ ਫੇਸਬੁੱਕੀਏ ਨੇ ‘ਦਾ ਬਲੈਕ ਪ੍ਰਿੰਸ’ ਦੀ ਵਿਆਖਿਆ ਕਰਦਿਆਂ ਕਿਹਾ ਕਿ ਇਹ ਤਾਂ ‘ਵਜੂਦ’ ਦੀ ਗੱਲ ਹੈ। ਇਹ ਵਿਅਕਤੀ ਇਕੋ ਹੀ ਲਫਜ਼ ਵਿਚ ਬਹੁਤ ਕੁੱਝ ਕਹਿ ਗਿਆ ਹੈ, ਬਹੁਤ ਕੁੱਝ ਸਮਝਾ ਗਿਆ ਹੈ। ਕੁੱਝ ਵਿਅਕਤੀਆਂ ਨੇ ਦਸਤਾਵੇਜ਼ਾਂ ਦੀ ਸਹਾਇਤਾ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਵਿਚ ਸਿੱਖਾਂ ਨਾਲ ਅਨਿਆ ਹੋ ਰਿਹਾ ਹੈ ਅਤੇ ਇੰਝ ਇਹ ਫਿਲਮ ਅਨਿਆਂ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਨੂੰ ਇਕ ਵੱਖਰੀ ਤਰ੍ਹਾਂ ਦਾ ਸਕੂਨ ਦਿੰਦੀ ਹੈ, ਭਾਵੇਂ ਆਰਜ਼ੀ ਤੌਰ ‘ਤੇ ਹੀ ਸਹੀ।
ਦਿਲਚਸਪ ਗੱਲ ਇਹ ਹੈ ਕਿ ਕੁੱਝ ਸਿੱਖ ਵਿਦਵਾਨ ਜਿਨ੍ਹਾਂ ਨੇ ਬਿਨ੍ਹਾ ਸ਼ਰਤ ਇਤਿਹਾਸ ਦਾ ਗੰਭੀਰ ਮੁਤਾਲਿਆ ਕੀਤਾ ਹੈ, ਉਹ ਫਿਲਮ ਦੀ ਆਲੋਚਨਾ ਕਰਦਿਆਂ ਬੜੀ ਦੂਰ ਤੱਕ ਚਲੇ ਗਏ ਹਨ ਅਤੇ ਇਸ ਸਿੱਟੇ ‘ਤੇ ਪਹੁੰਚ ਰਹੇ ਹਨ ਕਿ ਇਹ ਫਿਲਮ ਇਕ ਤਰ੍ਹਾਂ ਨਾਲ ਭਾਰਤ ਸਰਕਾਰ ਦੀਆਂ ਪੁਜੀਸ਼ਨਾਂ ਦੇ ਹੱਕ ਵਿਚ ਹੀ ਭੁਗਤਦੀ ਹੈ। ਉਹ ਆਪਣੇ ਵੱਲੋਂ ਇਸ ਦਿਸ਼ਾ ਵਿਚ ਕੁੱਝ ਠੋਸ ਤੱਤ, ਮਹੱਤਵਪੂਰਨ ਤਰਕ ਅਤੇ ਦਲੀਲਾਂ ਵੀ ਪੇਸ਼ ਕਰਦੇ ਹਨ ਪਰ ਆਮ ਦਰਸ਼ਕ ਇਸ ਫਿਲਮ ਨੂੰ ਆਪਣੇ ਹੀ ਹਿਸਾਬ ਨਾਲ ਵੇਖ ਰਿਹਾ ਹੈ। ਸਿੱਖ ਇਸ ਫਿਲਮ ਨੂੰ ਜਜ਼ਬਿਆਂ ਦੇ ਨਜ਼ਰੀਏ ਤੋਂ ਵੇਖ ਰਹੇ ਹਨ। ਵੈਸੇ ਵੀ ਇਤਿਹਾਸਕ ਫਿਲਮਾਂ ਨੂੰ ਤਿਆਰ ਕਰਨਾ ਇੰਨਾ ਆਸਾਨ ਨਹੀਂ ਹੁੰਦਾ, ਇਹੋ ਜਿਹੀਆਂ ਫਿਲਮਾਂ ਵਿਚ ਤੁਹਾਨੂੰ ਫਿਲਮ ਨੂੰ ਦਿਲਚਸਪ ਬਣਾਉਣ ਲਈ ਕਿਵੇਂ ਨਾ ਕਿਵੇਂ ਆਪਣੀ ਕਲਪਨਾ ਦੇ ਰੰਗ ਵੀ ਭਰਨੇ ਪੈਂਦੇ ਹਨ ਪਰ ‘ਬਲੈਕ ਪ੍ਰਿੰਸ’ ਦਾ ਵੱਡਾ ਹਿੱਸਾ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਉਂਝ ਵੀ ਇਹ ਦਾਸਤਾਨ ਇੰਨੀ ਦਰਦ ਭਰੀ ਹੈ ਕਿ ਦਰਸ਼ਕਾਂ ਲਈ ਆਪਣੇ ਆਪ ਵਿਚ ਇਕ ਉਦਾਸ ਮਨੋਰੰਜਨ ਦਾ ਸਾਧਨ ਬਣਦੀ ਹੈ।
ਇਕ ਹੋਰ ਨੁਕਤਾ ਵੀ ਬੜੇ ਡੂੰਘੇ ਧਿਆਨ ਦੀ ਮੰਗ ਕਰਦਾ ਹੈ। ਉਹ ਨੁਕਤਾ ਇਹ ਹੈ ਕਿ ਫਿਲਮ ਨੂੰ ਕੇਵਲ ਸਿੱਖ ਹੀ ਕਿਉਂ ਵੇਖ ਰਹੇ ਹਨ? ਪੰਜਾਬੀ ਹਿੰਦੂ ਕਿਉਂ ਇਸ ਫਿਲਮ ਵਿਚ ਦਿਲਚਸਪੀ ਨਹੀਂ ਲੈ ਰਹੇ। ਹਾਲਾਂਕਿ ਜਦੋਂ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਚਲਦੀ ਹੈ ਤਾਂ ਇਹ ਪੰਜਾਬੀ ਹਿੰਦੂਆਂ ਦੇ ਆਗੂ ਉਸ ਰਾਜ ਦੀਆਂ ਸਿਫਤਾਂ ਕਰਦੇ ਨਹੀਂ ਥੱਕਦ ੇ ਪਰ ਬਲੈਕ ਪ੍ਰਿੰਸ ਪ੍ਰਤੀ ਉਨ੍ਹਾਂ ਦੀ ਉਸ ਕਿਸਮ ਦੀ ਖਿੱਚ ਤੇ ਹਮਦਰਦੀ ਕਿਉਂ ਨਹੀਂ ਹੈ, ਜੋ ਸਿੱਖਾਂ ਦੇ ਦਿਲਾਂ ਤੱਕ ਧਸੀ ਪਈ ਹੈ। ਇਸ ਤੋਂ ਕੀ ਅੰਦਾਜ਼ਾ ਲਾਇਆ ਜਾਵੇ? ਇਕ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਅਸਲ ਵਿਚ ਦੋ ਕੌਮਾਂ ਅਰਥਾਤ ਹਿੰਦੂ ਅਤੇ ਸਿੱਖ ਪੰਜਾਬ ਵਿਚ ਅੰਦਰੋਂ ਅੰਦਰੀ ਉਪਰ ਤੋਂ ਹੇਠਾਂ ਤੱਕ ਵੰਡੇ ਹੋਏ ਹਨ। ਤਾਂ ਕੀ ਉਨ੍ਹਾਂ ਦਾ ਆਪਸੀ ਪਿਆਰ ਅਤੇ ਮੋਹ ਕਮਜ਼ੋਰ ਤੰਦਾਂ ਨਾਲ ਹੀ ਜੁੜਿਆ ਹੋਇਆ ਹੈ? ਤਾਂ ਕੀ ਹਿੰਦੂ ਸਿੱਖ ਏਕਤਾ ਸਿਰਫ ਬਿਆਨਾਂ ਤੱਕ ਹੀ ਸੀਮਤ ਹੈ ਅਤੇ ਇਸ ਦਾ ਦਿਲਾਂ ਨਾਲ ਕੋਈ ਰਿਸ਼ਤਾ ਨਹੀਂ? ਉਪਰੋਂ-ਉਪਰੋਂ ਸਿਆਸਤਦਾਨ ਮੂੰਹ ਰੱਖਣੇ ਲਈ ਜੋ ਵੀ ਮਰਜ਼ੀ ਕਹੀ ਜਾਣ ਪਰ ਕੌੜੀ ਹਕੀਕਤ ਇਹੋ ਹੀ ਹੈ। ਇਹ ਸਵਾਲ ਸੱਚੀ-ਮੁੱਚੀ ਇਕ ਸਾਰਥਕ ਬਹਿਸ ਦੀ ਮੰਗ ਕਰਦੇ ਹਨ। ਕੇ.ਪੀ.ਐਸ ਗਿੱਲ ਦੀ ਮੌਤ ‘ਤੇ ਵੀ ਸ਼ਰਧਾਂਜਲੀ ਭੇਟ ਕਰਨ ਦੇ ਸਵਾਲ ‘ਤੇ ਹਿੰਦੂ ਅਤੇ ਸਿੱਖ ਆਪਸ ਵਿਚ ਵੰਡੇ ਹੋਏ ਸਨ। ਇਥੋਂ ਤੱਕ ਕਿ ਆਮ ਆਦਮੀ ਪਾਰਟੀ ਜਿਸ ਨੂੰ ਬਾਹਰਲੇ ਦੇਸ਼ਾਂ ਵਿਚੋਂ ਵਿਦੇਸ਼ੀ ਵੀਰਾਂ ਨੇ ਭਾਰੀ ਹਮਾਇਤ ਕੀਤੀ, ਉਨ੍ਹਾਂ ਦੇ ਆਗੂ ਵੀ ਫਿਲਮ ਬਾਰੇ ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਹਨ। ਇਹ ਉਹੋ ਆਮ ਆਦਮੀ ਪਾਰਟੀ ਹੈ, ਜਿਸ ਨੇ ਪਿਛਲੇ ਅਸੈਂਬਲੀ ਸੈਸ਼ਨ ਵਿਚ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਸਵਾਲ ‘ਤੇ ਰੋਸ ਵਜੋਂ ਅਸੈਂਬਲੀ ਵਿਚੋਂ ਵਾਕ ਆਊਟ ਨਹੀਂ ਸੀ ਕੀਤਾ ਜਦਕਿ ਅਕਾਲੀ ਦਲ ਨੇ ਬਕਾਇਦਾ ਵਾਕ ਆਊਟ ਕੀਤਾ। ਇਥੋਂ ਇਹ ਸੰਕੇਤ ਮਿਲਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਾਖ ਵੀ ਹੌਲੀ-ਹੌਲੀ ਲੋਕਾਂ ਦੇ ਦਿਲਾਂ ਵਿਚੋਂ ਖੁਰਨੀ ਸ਼ੁਰੂ ਹੋ ਗਈ ਹੈ।
ਕੀ ਇਹ ਫਿਲਮ ਭਾਰਤ ਦੀ ਸਰਜ਼ਮੀਨ ‘ਤੇ ਤਿਆਰ ਕੀਤੀ ਜਾ ਸਕਦੀ ਸੀ? ਸਾਰੇ ਹਲਕਿਆਂ ਦਾ ਇਕੋ ਸਾਂਝਾ ਜਵਾਬ ਮਿਲਦਾ ਹੈ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਇਹ ਫਿਲਮ ਇਥੇ ਤਿਆਰ ਹੋ ਸਕਦੀ। ਫਿਲਮ ਦੀ ਸ਼ੂਟਿੰਗ ਦੌਰਾਨ ਹੀ ਕਈ ਤਰ੍ਹਾਂ ਦੇ ਵਿਵਾਦ ਖੜ੍ਹੇ ਹੋ ਜਾਣੇ ਸਨ ਜਾਂ ਖੜ੍ਹੇ ਕਰ ਦਿੱਤੇ ਜਾਣੇ ਸਨ। ਇਸ ਨੂੰ ਮੌਜ ਨਾਲ ਹੀ ਅੱਤਵਾਦੀਆਂ ਨਾਲ ਜੋੜ ਦਿੱਤਾ ਜਾਣਾ ਸੀ। ਹੁਣ ਕਿਉਂਕਿ ਇਹ ਫਿਲਮ ਹਾਲੀਵੁੱਡ ਨਾਲ ਜੁੜੀ ਹੋਈ ਹੈ ਅਤੇ ਕਲਾਤਮਕ ਸਿਖਰਾਂ ਛੂਹਦੀ ਹੈ ਅਤੇ ਕਈ ਅੰਤਰਰਾਸ਼ਟਰੀ ਅਵਾਰਡ ਲੈ ਚੁੱਕੀ ਹੈ, ਇਸ ਲਈ ਇਸ ਫਿਲਮ ਦੀ ਮੁਖਾਲਫਤ ਇੰਨੀ ਆਸਾਨੀ ਨਾਲ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਇਸ ‘ਤੇ ਪਾਬੰਦੀ ਵੀ ਨਹੀਂ ਲਾਈ ਜਾ ਸਕਦੀ। ਆਉਣ ਵਾਲੇ ਦਿਨਾਂ ਵਿਚ ਜੇਕਰ ਇਸ ਫਿਲਮ ਨੂੰ ਵੇਖਣ ਲਈ ਲੋਕ ਭਾਰੀ ਗਿਣਤੀ ਵਿਚ ਜਾਂਦੇ ਹਨ ਤਾਂ ਇਸ ਰੁਝਾਨ ਦੇ ਡੂੰਘੇ ਕਾਰਨ ਤਾਂ ਲੱਭਣੇ ਹੀ ਪੈਣਗੇ। ਵੈਸੇ ਭਾਰਤੀ ਆਲੋਚਕ ਅਤੇ ਖਾਸ ਕਰਕੇ ਅੰਗਰੇਜ਼ੀ ਅਤੇ ਹਿੰਦੀ ਅਖਬਾਰਾਂ ਦੇ ਆਲੋਚਕ ਅਤੇ ਵਿਦਵਾਨ ਫਿਲਮ ਨੂੰ ਇਤਿਹਾਸ ਦੀ ਵਿਆਖਿਆ ਤੱਕ ਹੀ ਸੀਮਤ ਕਰਦੇ ਹਨ। ਪਰ ਇਤਿਹਾਸ ਦੇ ਥੱਲ੍ਹੇ ‘ਅਣਦਿਸਦੇ ਇਤਿਹਾਸ’ ਨੂੰ ਨਹੀਂ ਵੇਖਦੇ, ਜੋ ਸਿੱਖਾਂ ਦੀ ਤਰਜ਼-ਏ-ਜ਼ਿੰਦਗੀ ਵਿਚ ਫੈਸਲਾਕੁੰਨ ਰੋਲ ਅਦਾ ਕਰਦਾ ਰਿਹਾ ਹੈ। ਕੌਣ ਜਾਣਦਾ ਸੀ ਕਿ 13 ਅਪ੍ਰੈਲ 1978 ਦਾ ਨਿਰੰਕਾਰੀ ਕਾਂਡ ਇਕ ਸੁਹਾਵਣੀ ਸਵੇਰ ਨੂੰ ਖਾਲਿਸਤਾਨ ਦੀ ਮੰਗ ਵੱਲ ਮੁੜ ਜਾਵੇਗਾ? ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਅੰਗਰੇਜ਼ ਹਕੂਮਤ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਇਕ ਦੀਵਾਰ ਢਾਹੇ ਜਾਣ ਦੀ ਘਟਨਾ ਗੁਰਦੁਆਰਾ ਸੁਧਾਰ ਲਹਿਰ ਨੂੰ ਜਨਮ ਦੇਵੇਗੀ ਅਤੇ ਫਿਰ ਅਕਾਲੀ ਦਲ ਦੀ ਸਥਾਪਨਾ ਵੱਲ ਚਲੇ ਜਾਵੇਗੀ? ਇਸ ਰਾਜ਼ ਨੂੰ ਵੀ ਕੋਈ ਨਹੀਂ ਸੀ ਬੁੱਝ ਸਕਿਆ ਕਿ 19ਵੀਂ ਸਦੀ ਦੇ ਅਖੀਰ ‘ਤੇ ਬਾਹਰਲੇ ਮੁਲਕਾਂ ਵਿਚ ਖੱਟਣ ਕਮਾਉਣ ਦੇ ਉਦੇਸ਼ ਨਾਲ ਗਏ ਬਾਬੇ ਆਜ਼ਾਦੀ ਲਈ ਗਦਰ ਕਰਨ ਵੱਲ ਤੁਰ ਪੈਣਗੇ? ਅਜੇ ਥੋੜ੍ਹੇ ਹੀ ਦਿਨਾਂ ਦੀ ਗੱਲ ਹੈ ਜਦੋਂ ਦਾਰਜੀਲਿੰਗ ਵਿਚ ਬੰਗਾਲੀ ਭਾਸ਼ਾ ਜ਼ਬਰੀ ਲਾਗੂ ਕਰ ਦਿੱਤੀ ਗਈ ਪਰ ਗੋਰਖਿਆਂ ਦਾ ਅੰਦੋਲਨ ਭਾਸ਼ਾ ਤੋਂ ਹੱਟ ਕੇ ਵੱਖਰੇ ਗੋਰਖਾ ਲੈਂਡ ਦੀ ਮੰਗ ਤੱਕ ਜਾ ਪਹੁੰਚਿਆ। ਸਮਾਜ ਵਿਗਿਆਨੀਆਂ ਅਤੇ ਰਾਜਨੀਤਕ ਜੋਤਸ਼ੀਆਂ ਵੱਲੋਂ ਮਨੁੱਖਾਂ ਅਤੇ ਕੌਮਾਂ ਦੇ ਧੁਰ ਅੰਦਰ ਕੀ ਕੁੱਝ ਰਿੱਝ ਪੱਕ ਰਿਹਾ ਹੁੰਦਾ ਹੈ, ਉਸ ਨੁੰ ਦਿੱਬ ਦ੍ਰਿਸ਼ਟੀ ਨਾਲ ਹੀ ਵੇਖਿਆ ਅਤੇ ਸਮਝਿਆ ਜਾ ਸਕਦਾ ਹੈ।
‘ਬਲੈਕ ਪ੍ਰਿੰਸ’ ਦੀ ਗੱਲ ਸਿਰਫ ਭਾਰਤ ਵਿਚ ਹੀ ਨਹੀਂ, ਸਗੋਂ ਬਾਹਰਲੇ ਦੇਸ਼ਾਂ ਵਿਚ ਹੀ ਹੋ ਰਹੀ ਹੈ ਅਤੇ ਵਧੇਰੇ ਸਰਗਰਮੀ, ਚਾਅ ਅਤੇ ਉਤਸ਼ਾਹ ਨਾਲ ਹੋ ਰਹੀ ਹੈ। ਲਾਸ ਏਂਜਲਸ ਟਾਈਮਜ਼, ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਅਤੇ ਹੋਰ ਅਨੇਕ ਅੰਤਰਰਾਸ਼ਟਰੀ ਅਖਬਾਰਾਂ ਨੇ ਫਿਲਮ ਬਾਰੇ ਹਾਂ-ਪੱਖੀ ਟਿੱਪਣੀਆਂ ਹੀ ਕੀਤੀਆਂ ਹਨ। ਇਥੇ ਹੀ ਬੱਸ ਨਹੀਂ, ਸਗੋਂ ਇਸ ਫਿਲਮ ਨੇ ਸਿੱਖ ਇਤਿਹਾਸ ਬਾਰੇ ਹੋਰ ਫਿਲਮਾਂ ਤਿਆਰ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸਿੱਖ ਪ੍ਰੋਡਿਊਸਰ ਅਤੇ ਨਿਰਦੇਸ਼ਕ ਇਹ ਸੋਚ ਰਹੇ ਹਨ ਕਿ ਇਹ ਕੰਮ ਵਪਾਰਕ ਪੱਖੋਂ ਵੀ ਬਹੁਤ ਫਾਇਦੇਮੰਦ ਹੈ ਅਤੇ ਸਿੱਖ ਕੌਮ ਨੂੰ ਵੀ ਕਈ ਪਹਿਲੂਆਂ ਤੋਂ ਜਗਾਉਣ ਵਿਚ ਵੀ ਸਹਾਇਤਾ ਕਰੇਗਾ। ਬਾਲੀਵੁੱਡ ਵਿਚ ਤਾਂ ਸਿੱਖ ਨਾਇਕਾਂ ਨੂੰ ਲੈ ਕੇ ਭਾਵੇਂ ਫਿਲਮਾਂ ਬਣ ਰਹੀਆਂ ਹਨ, ਪਰ ਨਿਰਦੇਸ਼ਕ ਸਿੱਖੀ ਦੀ ਰੂਹ ਉਸੇ ਤਰ੍ਹਾਂ ਪੇਸ਼ ਕਰਦੇ ਹਨ, ਜੋ ਭਾਰਤੀ ਰਾਸ਼ਟਰਵਾਦ ਦੇ ਪੁਜਾਰੀ ਚਾਹੁੰਦੇ ਹਨ। ਇੰਝ ਸਿੱਖੀ ਦੀ ਆਜ਼ਾਦ ਆਤਮਾ ਸਿਰਫ ਉਥੇ ਹੀ ਵਿਕਾਸ ਤੇ ਵਿਗਾਸ ਕਰ ਸਕਦੀ ਹੈ ਅਤੇ ਮੁਕੰਮਲ ਖੇੜੇ ਤੇ ਜਾਹੋ-ਜਲਾਲ ਵਿਚ ਆ ਸਕਦੀ ਹੈ, ਜਿਥੇ ‘ਬਲੈਕ ਪ੍ਰਿੰਸ’ ਵਰਗੀਆਂ ਫਿਲਮਾਂ ਤਿਆਰ ਕਰਨ ਦੀ ਖੁੱਲ੍ਹ ਅਤੇ ਮਾਹੌਲ ਹੋਵੇ।
ਜਰਾ ਸੋਚੋ, ਭਲਾ ਜੇ ਜੂਨ 1984 ਦੇ ਦਰਬਾਰ ਸਾਹਿਬ ਦੇ ਘੱਲੂਘਾਰੇ ਬਾਰੇ ਫਿਲਮ ਤਿਆਰ ਹੋ ਜਾਵੇ ਤਾਂ ਇਹ ਸਿੱਖ ਕੌਮ ਦੇ ਮਨਾਂ ਵਿਚ ਜਿਹੋ ਜਿਹੀ ਜਾਗ ਪੈਦਾ ਕਰ ੇਗੀ, ਅਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦ ੇ। ਇਹ ਖਬਰਾਂ ਆ ਰਹੀਆਂ ਹਨ ਕਿ ਕੁੱਝ ਨਿਰਦੇਸ਼ਕ ਇਹੋ ਜਿਹੀ ਫਿਲਮ ਤਿਆਰ ਕਰਨ ਲਈ ਰਾਜ਼ੀ ਵੀ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਬਾਹਰਲੇ ਸਿੱਖ ਵੱਡੀ ਤੋਂ ਵੱਡੀ ਬਜਟ ਵਾਲੀ ਫਿਲਮ ਲਈ ਵੀ ਮਾਇਆ ਦੇ ਸਕਦੇ ਹਨ। ਇਹੋ ਜਿਹੀਆਂ ਫਿਲਮਾਂ ਰਾਜਨੀਤਕ ਚੇਤਨਾ ਦਾ ਇਕ ਇਹੋ ਜਿਹਾ ਮੈਦਾਨ ਤਿਆਰ ਕਰਨਗੀਆਂ, ਜਿਸ ਦੀ ਇਕ ਖਿੜਕੀ ਆਜ਼ਾਦੀ ਦੀ ਮੰਜ਼ਿਲ ਵੱਲ ਖੁੱਲ੍ਹ ਸਕਦੀ ਹੈ। ਜੇ ਭਲਾ ਇਹੋ ਜਿਹੀ ਫਿਲਮ ‘ਤੇ ਪਾਬੰਦੀ ਵੀ ਲੱਗ ਜਾਵੇ ਤਾਂ ਵਿਗਿਆਨ ਅਤੇ ਤਕਨੀਕ ਦੇ ਨਵੇਂ ਆਏ ਸਾਧਨ ਕੀ ਇਹੋ ਜਿਹੀਆਂ ਫਿਲਮਾਂ ਨੂੰ ਰੋਕ ਸਕਣਗੇ? ‘ਬਲੈਕ ਪ੍ਰਿੰਸ’ ਸਿੱਖਾਂ ਲਈ ਸੱਚਮੁੱਚ ਹੀ ਇਕ ਵਰ ਬਣ ਕੇ ਆਈ ਹੈ, ਜਿਸ ਫਿਲਮ ਤੋਂ ਹੋਰ ਵੱਡੀਆਂ ਸੰਭਾਵਨਾਵਾਂ ਦੇ ਰੋਸ਼ਨ ਅਤੇ ਸਾਕਾਰ ਹੋਣ ਬਾਰੇ ਹੁਣ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ। ਕੁੱਝ ਲੋਕਾਂ ਦੀ ਇਹ ਰਾਏ ਵੀ ਹੈ ਕਿ ਇਹ ਫਿਲਮ ਖਿੰਡੀ ਹੋਈ ਸਿੱਖ ਕੌਮ ਨੂੰ ਇਕ ਮੰਚ ‘ਤੇ ਇਕੱਠੇ ਕਰਨ ਵਿਚ ਅਹਿਮ ਰੋਲ ਅਦਾ ਕਰ ਸਕਦੀ ਹੈ। ਸਿੱਖਾਂ ਦੇ ਰਾਜਨੀਤਕ ਆਗੂ ਸਿਮਰਨਜੀਤ ਸਿੰਘ ਮਾਨ ਨੇ ਤਾਂ ਪਹਿਲਾਂ ਹੀ ਇਸ ਫਿਲਮ ਲਈ ਫਿਲਮ ਤਿਆਰ ਕਰਨ ਵਾਲੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ। ਹਾਲਾਂਕਿ ਇਹ ਗੱਲ ਅਜੇ ਸੁਪਨਾ ਹੀ ਲੱਗਦਾ ਹੈ, ਕਿਉਂਕਿ ਸਿੱਖ ਪੰਥ ਵਿਚ ਇੰਨੇ ਧੜੇ ਬਣ ਚੁੱਕੇ ਹਨ ਕਿ ਹਰ ਧੜਾ ਇਹ ਸਮਝਦਾ ਹੈ ਕਿ ਰਾਜਨੀਤੀ ਦਾ ਅੰਤਮ ਸੱਚ ਸਿਰਫ ਉਸੇ ਕੋਲ ਹੈ। ਇਥੋਂ ਤੱਕ ਕਿ ਰੈਡੀਕਲ ਜਥੇਬੰਦੀਆਂ ਵੀ, ਜਿਨ੍ਹਾਂ ਤੋਂ ਸੰਗਤ ਨੂੰ ਭਾਰੀ ਉਡੀਕ ਸੀ, ਉਹ ਵੀ ਰੁਲ-ਖੁੱਲ੍ਹ ਕੇ ਹੀ ਰਹਿ ਗਈਆਂ ਹਨ ਜਾਂ ਉਨ੍ਹਾਂ ਨੇ ਆਪਣੇ ਆਪ ਨੂੰ ਬਿਆਨਾਂ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਜੇ ਇਹ ਫਿਲਮ ਆਪਸੀ ਵਖਰੇਵਿਆਂ ਨੂੰ ਦੂਰ ਕਰਨ ਵਿਚ ਸਹਾਈ ਹੋਈ ਤਾਂ ਇਹ ਰਾਜਨੀਤਕ ਖੇਤਰ ਵਿਚ ਵੱਡੀ ਪ੍ਰਾਪਤੀ ਹੋਵੇਗੀ।