ਪਰਿਵਾਰਵਾਦ ‘ਚ ਉਲਝਿਆ ਉਦਾਰਵਾਦੀ ਭਾਰਤ ਦਾ ਸੰਕਲਪ

ਪਰਿਵਾਰਵਾਦ ‘ਚ ਉਲਝਿਆ ਉਦਾਰਵਾਦੀ ਭਾਰਤ ਦਾ ਸੰਕਲਪ

‘ਭਾਰਤ ਦਾ ਵਿਚਾਰ’ ਜਾਂ ਭਾਰਤ ਦਾ ਖ਼ਾਸਾ ਹਰ ਤਰ੍ਹਾਂ ਜਵਾਹਰ ਲਾਲ ਨਹਿਰੂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਤੇ ਸ਼ਿਸ਼ਟ ਤਰੀਕੇ ਨਾਲ ਇਸ ਨੂੰ ਜਲੌਅ ਬਖ਼ਸ਼ਿਆ ਸੀ;  ਉਦੋਂ ਇਸ ਖ਼ਾਸੇ ਨਾਲ ਬਹੁਤ ਕੁਝ ਬੌਧਿਕ ਤੇ ਵਿਦਵਤਾਪੂਰਨ ਜੁੜਿਆ ਹੋਇਆ ਸੀ। ‘ਭਾਰਤ ਦਾ ਵਿਚਾਰ’ ਦਰਅਸਲ ਇੱਕ ਕੋਡ-ਸ਼ਬਦ ਹੈ, ਜਿਸ ਨੂੰ ਅਸੀਂ ‘ਨਹਿਰੂ ਯੁੱਗ ਦੀ ਆਮ ਸਹਿਮਤੀ’ ਵਜੋਂ ਜਾਣਦੇ ਹਾਂ, ਜੋ ਪੂਰੀ ਤਰ੍ਹਾਂ ਸੰਵਿਧਾਨ ਦੀ ਭਾਵਨਾ ਅਨੁਸਾਰ ਸੀ ਅਤੇ ਇਹ ਆਧੁਨਿਕ ਭਾਰਤ ਦੇਸ਼ ਦੀ ਸਿਰਜਣਾ ਤੇ ਸੰਗਠਨ ਦੇ ਸਿਧਾਂਤ ਮੁਤਾਬਕ ਵੀ ਹੈ।

ਹਰੀਸ਼ ਖਰੇ 

ਸਰਕਾਰਾਂ ਤੋਂ ਡਰਨ ਵਾਲਾ ਨਹੀਂ ਮੀਡੀਆ…
ਪਿਛਲੇ ਸ਼ੁੱਕਰਵਾਰ ਮੀਡੀਆ ਨੇ ਇੱਕ ਵਾਰ ਫਿਰ ਆਪਣੀ ਗ਼ੈਰਤ ਦਾ ਸਬੂਤ ਦਿੱਤਾ। ਪ੍ਰੈੱਸ ਕਲੱਬ ਆਫ ਇੰਡੀਆ ਵਿੱਚ ਇਕੱਠੇ ਹੋ ਕੇ ਮੀਡੀਆ ਦੇ ਦਿੱਗਜ ਆਗੂਆਂ ਅਤੇ ਕਰਮੀਆਂ ਨੇ ‘ਐੱਨ.ਡੀ.ਟੀ.ਵੀ. ਉੱਤੇ ਛਾਪੇ ਅਤੇ ਪ੍ਰੈੱਸ ਦੀ ਆਜ਼ਾਦੀ’ ਵਿਸ਼ੇ ‘ਤੇ ਵਿਚਾਰ-ਵਟਾਂਦਰਾ ਕਰ ਕੇ ਆਪਣੀ ਇਕਮੁੱਠਤਾ ਦਾ ਸਬੂਤ ਦਿੱਤਾ। ਕੁੱਝ ਦਿਨ ਪਹਿਲਾਂ ਸੀ.ਬੀ.ਆਈ. ਨੇ ਐਵੇਂ ਮਾਮੂਲੀ ਅਤੇ ਮਸ਼ਕੂਕ ਜਿਹੀ ਸ਼ਿਕਾਇਤ ਦੇ ਆਧਾਰ ‘ਤੇ ਐੱਨ.ਡੀ.ਟੀ.ਵੀ. ਦੇ ਮੁਖੀ ਪ੍ਰਣੌਇ ਰਾਏ ਦੇ ਘਰ ਤੇ ਦਫ਼ਤਰ ਉੱਤੇ ਛਾਪਾ ਮਾਰਿਆ ਸੀ। ਸਰਕਾਰ ਨੂੰ ਲੱਗਦਾ ਸੀ ਕਿ ਖੱਖੜੀ-ਖੱਖੜੀ ਹੋਇਆ ਮੀਡੀਆ ਜਗਤ ਇਸ ਝਟਕੇ ਵਿਰੁੱਧ ਏਕੇ ਦਾ ਮੁਜ਼ਾਹਰਾ ਨਹੀਂ ਕਰ ਸਕੇਗਾ।
ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ‘ਤਕੜੇ’ ਨਿਜ਼ਾਮ ਨੇ ਮੀਡੀਆ ਦੀ ਆਲੋਚਨਾ ਵਾਲੀ ਸੁਰ ਨੂੰ ਦਬਾਉਣ ਲਈ ਅਜਿਹਾ ਹਰਬਾ ਵਰਤਿਆ ਹੋਵੇ। ਫਿਰ ਮੋਦੀ ਸਰਕਾਰ ਹੀ ਕਿਉਂ ਪਿੱਛੇ ਰਹੇ? ਸਾਡੀ ਜਮਹੂਰੀਅਤ ਵਿੱਚ ਅਜਿਹੇ ਕਸੂਤੇ ਕਾਰੇ ਵਾਰ ਵਾਰ ਹੁੰਦੇ ਰਹਿੰਦੇ ਹਨ ਅਤੇ ਵਾਰ ਵਾਰ ਹੀ ਇਸ ਪਿਛਾਖੜੀ ਸੋਚ ਨੂੰ ਮੂਹਰਿਉਂ ਹੋ ਕੇ ਟੱਕਰਨਾ ਪੈਂਦਾ। ਇਸੇ ਲਈ ਸ਼ੁਕਰਵਾਰ ਵਾਲਾ ਵਿਰੋਧ ਆਪਣੇ ਆਪ ਵਿੱਚ ਬਹੁਤ ਅਹਿਮ ਸੀ।
ਇਸ ਮੌਕੇ ‘ਤੇ ਹੋਏ ਇਕੱਠ ਵਿੱਚ ਉੱਘੜਵੀਂ ਸ਼ਖ਼ਸੀਅਤ ਸਨ ਉੱਘੇ ਕਾਨੂੰਨਦਾਨ ਅਤੇ ਮੰਨੇ-ਪ੍ਰਮੰਨੇ ਵਿਦਵਾਨ ਫ਼ਾਲੀ ਨਰੀਮਨ। ਉਨ੍ਹਾਂ ਨੇ ਯੁਵਾ ਪੱਤਰਕਾਰਾਂ ਨੂੰ ਯਾਦ ਦਿਵਾਇਆ ਕਿ ਧੱਕੜਸ਼ਾਹ ਹਕੂਮਤਾਂ ਅਤੇ ਤਾਨਾਸ਼ਾਹ ਰਹਿਬਰਾਂ ਵਿਰੁੱਧ ਸਮੂਹਿਕ ਆਵਾਜ਼ ਬੁਲੰਦ ਕਰਨੋਂ ਨਾਕਾਮ ਰਹਿਣ ਵਾਲਿਆਂ ਦਾ ਹਸ਼ਰ ਕੀ ਹੋਇਆ ਕਰਦਾ ਹੈ।
ਅਤੇ, ਐਨ ਮੌਕੇ ‘ਤੇ ਉਨ੍ਹਾਂ ਨੇ ਜਰਮਨ ਪਾਦਰੀ ਮਾਰਟਿਨ ਨਿਓਮੌਲਰ ਵੱਲੋਂ ਲਿਖੀ ਇੱਕ ਕਵਿਤਾ ਸੁਣਾਈ ਜਿਹੜੀ ਹਿਟਲਰ ਕਾਲ ਵਿੱਚ ਲਿਖੀ ਗਈ ਸੀ:
ਪਹਿਲਾਂ ਉਹ ਸਾਮਵਾਦੀਆਂ ਨੂੰ ਫੜਨ ਆਏ,
ਮੈਂ ਨਹੀਂ ਬੋਲਿਆ, ਕਿਉਂਕਿ ਮੈਂ ਸਾਮਵਾਦੀ ਨਹੀਂ ਸੀ।
ਫਿਰ ਉਹ ਟਰੇਡ-ਯੂਨੀਅਨ ਆਗੂਆਂ ਨੂੰ
ਦਬੋਚਣ ਆ ਗਏ,
ਮੈਂ ਤਾਂ ਵੀ ਚੁੱਪ ਰਿਹਾ, ਕਿਉਂਕਿ
ਮੈਂ ਕਿਹੜਾ ਟਰੇਡ-ਯੂਨੀਅਨ ਲੀਡਰ ਸੀ।
ਫਿਰ ਉਹ ਯਹੂਦੀਆਂ ਨੂੰ ਚੁੱਕਣ ਆ ਪਹੁੰਚੇ,
ਪਰ ਮੈਂ ਤਾਂ ਵੀ ਨਹੀਂ ਕੁਸਕਿਆ, ਮੈਂ ਯਹੂਦੀ ਥੋੜ੍ਹਾ ਸੀ।
ਇੱਕ ਦਿਨ ਫਿਰ ਉਹ ਮੈਨੂੰ ਹੀ ਫੜਨ ਆ ਧਮਕੇ,
ਅਤੇ ਹੁਣ ਮੇਰੇ ਹੱਕ ‘ਚ ਖੜ੍ਹਨ ਵਾਲਾ ਕੋਈ ਨਹੀਂ ਸੀ।
ਪ੍ਰੈੱਸ ਕਲੱਬ ਆਫ ਇੰਡੀਆ ਵਿੱਚ ਹੋਏ ਇਸ ਸਮਾਗਮ ਦਾ ਸੁਨੇਹਾ ਸਾਫ਼ ਸੀ ਕਿ ਮੀਡੀਆ ਕਦੇ ਵੀ ਪਿਛਾਖੜੀ ਤਾਕਤਾਂ ਅੱਗੇ ਗੋਡੇ ਨਹੀਂ ਟੇਕੇਗਾ ਅਤੇ ਪੂਰੇ ਜਬ੍ਹੇ ਨਾਲ ਆਪਣਾ ਕਿੱਤਾਵਰ ਧਰਮ ਨਿਭਾਉਂਦਾ ਰਹੇਗਾ।

ਸਦੀਵੀ ਅਲਵਿਦਾ ਦਾ ਖੁਬਸੂਰਤ ਅੰਦਾਜ਼
ਇੱਥੇ ਮੇਰੇ ਪਰਿਵਾਰਕ ਮਿੱਤਰ ਹੀਰਾ ਚੰਦ ਗੁਗਲਾਨੀ ਦਾ ਜ਼ਿਕਰੇ ਖ਼ੈਰ ਕਰਨਾ ਬਣਦਾ ਹੈ ਜਿਹੜਾ ਸੰਖੇਪ ਜਿਹੀ ਬਿਮਾਰੀ ਬਾਅਦ 87  ਸਾਲ ਦੀ ਉਮਰ ਭੋਗ ਕੇ ਹੁਣੇ ਜਿਹੇ ਸਵਰਗਵਾਸ ਹੋਇਆ ਹੈ। ਕਿੱਤੇ ਵਜੋਂ ਇੱਕ ਇਮਾਰਤਸਾਜ਼ ਤੇ ਪ੍ਰਸ਼ਾਸਕ ਰਿਹਾ ਇਹ ਵਿਅਕਤੀ ਜ਼ਿੰਦਗੀ ਵਾਂਗ ਹੀ ਮਰਨ ਨਾਲ ਜੁੜੇ ਮਾਮਲਿਆਂ ਵਿੱਚ ਵੀ ਬੜਾ ਸਧਿਆ ਹੋਇਆ ਸੀ ਜਿਸ ਦਾ ਸਬੂਤ ਉਸ ਦੇ ਮਰਨ ਉਪਰੰਤ ਮਿਲਿਆ।
ਉਸ ਦੀ ਮੌਤ ‘ਤੇ ਉਸ ਦੀ ਪੋਤੀ ਨੇ ਦੱਸਿਆ ਕਿ ਉਸ ਦੇ ਬਾਬੇ ਨੇ ਕਈ ਸਾਲ ਪਹਿਲਾਂ ਹੀ ਇਸ ਬਾਰੇ ਹੇਠ ਦਰਜ ਕਾਵਿਕ ਰੂਪ ਅਨੁਸਾਰ ਸਭ ਕੁੱਝ ਸਪੱਸ਼ਟ ਕਰ ਦਿੱਤਾ ਸੀ:
ਅੰਤਮ ਇੱਛਾ:
ਮੇਰੇ ਮਰਨ ‘ਤੇ ਕੋਈ ਨਾ ਰੋਵੇ
ਕਰ ਦੇਣਾ ਮੇਰਾ ਜਿਸਮ,
ਬਿਜਲਈ ਸ਼ੋਅਲਿਆਂ ਹਵਾਲੇ।
ਨਹੀਂ ਬੁਲਾਣਾ ਪੰਡਤ, ਨਾ ਕਰਨਾ ਕੋਈ ਘੋਟਾਲਾ,
ਉਸੇ ਦਿਨ ਚੌਥਾ, ਉਸੇ ਦਿਨ ਉਠਾਲਾ।
ਕੋਈ ਫੁੱਲ ਨਹੀਂ ਹਨ ਚੁਗਣੇ,
ਨਾ ਜੀਮਣਾ ਬਾਹਮਣ ਕੋਈ,
ਨਾ ਕੋਈ ਸੰਸਕਾਰ ਹੈ ਕਰਨਾ,
ਨਾ ਕੋਈ ਹਰਦਵਾਰ ਹੀ ਜਾਵੇ।
ਕਿਹੜਾ ਇੱਥੇ ਥਿਰ ਰਹਿਆ ਹੈ?
ਰਾਮ ਤੁਰ ਗਿਆ, ਕ੍ਰਿਸ਼ਨ ਮਰ ਗਿਆ,
ਸਭ ਨੇ ਇੱਥੋਂ ਚਲੇ ਹੈ ਜਾਣਾ,
ਜੋ ਜੰਮਿਆ ਉਹ ਮਰ ਹੈ ਜਾਣਾ।
ਜੀਵਨ ਚਲੋ ਚਲੀ ਦਾ ਮੇਲਾ,
ਫਿਰ ਕਿਉਂ ਹੋਵੇ ਕੋਈ ਝਮੇਲਾ।
ਕਾਹਦਾ ਹੈ ਫਿਰ ਰੋਣਾ ਧੋਣਾ,
ਜਦ ਤਕ ਜੀਓ, ਨਿੱਠ ਕੇ ਜੀਓ,
ਨਾ ਕੁੱਝ ਤੇਰਾ, ਨਾ ਕੁੱਝ ਮੇਰਾ,
ਦੁਨੀਆ ਤਾਂ ਬਸ ਰੈਣ ਬਸੇਰਾ।
‘ਮਿਸਟਰ ਗੁਗਲਾਨੀ’ ਕਰ ਕੇ ਜਾਣਿਆ ਜਾਂਦਾ ਇਹ ਸ਼ਖ਼ਸ ਦੇਸ਼-ਵੰਡ ਦੀ ਪੈਦਾਇਸ਼ ਸੀ। ਪਹਿਲਾਂ ਉੱਜੜਿਆ, ਫਿਰ ਮੁੜ ਵੱਸਿਆ। ਇੱਕ ਅਜਿਹਾ ਵਿਅਕਤੀ ਜਿਸ ਨੇ ਆਪਣੀ ਤਕਦੀਰ ਆਪ ਲਿਖੀ ਅਤੇ ਜ਼ਿੰਦਗੀ ਦੀ ਕਿਤਾਬ ‘ਚੋਂ ਹੀ ਪੜ੍ਹਿਆ ਗੁੜ੍ਹਿਆ। ਧਰਮਾਂ ਦੇ ਜੰਤਰ-ਮੰਤਰ ਤੋਂ ਬੇਨਿਆਜ਼ ਬਿਲਕੁੱਲ ਸਪੱਸ਼ਟ ਸੋਚ ਦਾ ਮਾਲਿਕ ਜਿਸ ਦੇ ਮਨ ਉੱਪਰ ਕਦੇ ਰਸਮੋ -ਰਿਵਾਜ ਜਾਂ ਰਵਾਇਤ ਦਾ ਕੋਈ ਡਰ-ਭਉ ਨਹੀਂ ਰਿਹਾ।

”ਹੁਣ 2019 ਦੀਆਂ ਚੋਣਾਂ ਤੋਂ ਬਹੁਤੇ ਦੂਰ ਨਹੀਂ ਹਾਂ। ਸਾਨੂੰ ਭਾਰਤ ਦੇ ਖ਼ਾਸੇ  ਉਤੇ ਵਿਚਾਰ ਦੀ ਰਾਖੀ ਲਈ ਹਰ ਹਾਲ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਮੌਜੂਦਾ ਸਰਕਾਰ ਉਸ ਦਾ ਖ਼ਾਤਮਾ ਕਰਨ ‘ਤੇ ਤੁਲੀ ਹੋਈ ਹੈ।” ਇਹ ਨਸੀਹਤ ਕੁਝ ਦਿਨ ਪਹਿਲਾਂ ਸ੍ਰੀਮਤੀ ਸੋਨੀਆ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਦਿੱਤੀ। ਅਜਿਹਾ ਕਹਿ ਕੇ ਕਾਂਗਰਸ ਪ੍ਰਧਾਨ ਨੇ ਕਾਂਗਰਸੀਆਂ ਦੇ ਕਮਜ਼ੋਰ ਤੇ ਦੁਰਬਲ ਹੋ ਚੁੱਕੇ ਮੋਢਿਆਂ ਉੱਤੇ ਜ਼ਿੰਮੇਵਾਰੀ ਦਾ ਬਹੁਤ ਵੱਡਾ ਬੋਝ ਪਾ ਦਿੱਤਾ ਹੈ। ਇਹ ਬੋਝ ਹੋਰ ਵੀ ਜ਼ਿਆਦਾ ਭਾਰੀ ਇਸ ਕਰਕੇ ਲੱਗ ਰਿਹਾ ਹੈ ਕਿਉਂਕਿ ਕਾਂਗਰਸੀਆਂ ਨੂੰ ਤਾਂ ਇਹ ਪਤਾ ਹੀ ਨਹੀਂ ਕਿ ‘ਭਾਰਤ ਦਾ ਵਿਚਾਰ’ ਜਾਂ ‘ਭਾਰਤ ਦਾ ਸੰਕਲਪ’ ਕੀ ਹੈ ਅਤੇ ਇਸ ਨੂੰ ਬਚਾਉਣ ਲਈ ਲੜਨ ਦੀ ਲੋੜ ਵੀ ਹੈ ਜਾਂ ਨਹੀਂ।
ਕਿਉਂਕਿ ਭਾਰਤ ਦੇ ਭਵਿੱਖ ਬਾਰੇ ਸ੍ਰੀਮਤੀ ਸੋਨੀਆ ਗਾਂਧੀ ਦਾ ਸੂਤਰੀਕਰਨ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਜਿੱਤਣ ਦੇ ਦਾਅਵੇ ‘ਤੇ ਆਧਾਰਤ ਹੈ, ਇਸ ਲਈ ਕਾਂਗਰਸੀਆਂ ਨੂੰ ਸਮਝ ਹੀ ਨਹੀਂ ਰਹੀ ਕਿ ਉਹ ਕੀ ਕਰਨ। ਕਿਸੇ ਨੇ ਉਨ੍ਹਾਂ ਨੂੰ ਇਹ ਦੱਸਿਆ ਹੀ ਨਹੀਂ ਕਿ ਇੰਨੀ ਵੱਡੀ ਗਿਣਤੀ ਵਿੱਚ ਭਾਰਤ ਦੇ ਲੋਕ ਕਾਂਗਰਸੀ/ਉਦਾਰਵਾਦੀ/ਧਰਮ-ਨਿਰਪੇਖ ਆਧਾਰ ‘ਤੇ ਪਰਿਭਾਸ਼ਿਤ ਵਿਚਾਰ ਤੋਂ ਲਾਂਭੇ ਕਿਉਂ ਹੋ ਗਏ ਹਨ। ਚੋਣਾਂ ਵਿੱਚ ਕਰਾਰੀ ਹਾਰ ਦੇ ਤਿੰਨ ਸਾਲ ਬਾਅਦ ਵੀ ਕਾਂਗਰਸੀਆਂ ਨੂੰ ਵਿਅਕਤੀਗਤ ਤੇ ਸਮੂਹਕ ਤੌਰ ‘ਤੇ ਹਾਲੇ ਤਕ ਇਹੋ ਪਤਾ ਨਹੀਂ ਲੱਗ ਸਕਿਆ ਕਿ ਸਾਲ 2014 ‘ਚ ਪਾਰਟੀ ਨੇ ਕਿੱਥੇ ਖ਼ਤਾ ਖਾਧੀ ਅਤੇ ਆਖ਼ਰ ਉਹ ਚੁਣਾਵੀ ਖੇਡ ਹਾਰ ਕਿਉਂ ਗਈ ਸੀ।
ਕਾਂਗਰਸੀਆਂ ਤੇ ਹੋਰਨਾਂ ਦਾ ਨਾ ਤਾਂ ਨਰਿੰਦਰ ਮੋਦੀ ਦੀ ਨਿੰਦਾ ਕਰ ਕੇ ਕੁਝ ਬਣਨਾ ਹੈ ਤੇ ਨਾ ਹੀ ਉਨ੍ਹਾਂ ਨੂੰ ਇਸ ਆਸ ਨਾਲ ਜਿਊਣਾ ਚਾਹੀਦਾ ਹੈ ਕਿ ਛੇਤੀ ਹੀ ਜਾਂ ਕਦੇ ਨਾ ਕਦੇ ਤਾਂ ਲੋਕ ਭਾਜਪਾ ਤੋਂ ਵੀ ਅੱਕ ਜਾਣਗੇ। ਨਵੀਂ ਦਿੱਲੀ ਵਿੱਚ ਸੰਘ ਪਰਿਵਾਰ ਦੇ ਪਰਛਾਵੇਂ ਦੀ ਲੰਬੀ ਹੁੰਦੀ ਜਾ ਰਹੀ ਮੌਜੂਦਗੀ ਦੇ ਮੱਦੇਨਜ਼ਰ ਆਮ ਵੋਟਰ ਦੀ ਸਮਝ ਉੱਤੇ ਇਹ ਭਰੋਸਾ ਰੱਖਣਾ ਵੀ ਕੋਈ ਬਹੁਤੀ ਹਕੀਕੀ ਗੱਲ ਨਹੀਂ ਹੈ ਕਿ ਉਹ ਛੇਤੀ ਹੀ ਸੰਘ ਪਰਿਵਾਰ ਦੀ ਖੇਡ ਸਮਝ ਜਾਏਗਾ। ਉਨ੍ਹਾਂ ਨੂੰ ਇੱਕ ਹਕੀਕਤ ਭੁੱਲਣੀ ਨਹੀਂ ਚਾਹੀਦੀ: ਮੋਦੀ ਸਰਕਾਰ ਪੂਰੀ ਸਥਿਰਤਾ ਨਾਲ ਦ੍ਰਿੜ੍ਹ, ਉਤਸ਼ਾਹੀ ਤੇ ਊਰਜਾ ਨਾਲ ਭਰਪੂਰ ਹੈ। ਇਸ ਸਰਕਾਰ ਦੇ ਅੰਦਰ ਹਾਲੇ ਤਕ ਆਪਣੀ ਸਿਆਸੀ ਦਿਆਨਤਦਾਰੀ ਜਾਂ ਚੋਣਾਂ ਵਿੱਚ ਆਪਣੀ ਅਜਿੱਤਤਾ ਜਾਂ ਆਪਣੇ ਰਹਿਨੁਮਾ ਦੀਆਂ ਜੱਗ-ਭਰਮਾਊ ਖ਼ੂਬੀਆਂ ਪ੍ਰਤੀ ਕੋਈ ਆਤਮ-ਸ਼ੰਕਾ ਅਜੇ ਤਕ ਵਜੂਦ ਵਿੱਚ ਨਹੀਂ ਆਇਆ।
ਇਸ ਸਭ ਦੇ ਬਾਵਜੂਦ ਸ੍ਰੀਮਤੀ ਸੋਨੀਆ ਗਾਂਧੀ ਵੀ ਪੂਰੀ ਤਰ੍ਹਾਂ ਗ਼ਲਤ ਨਹੀਂ ਹਨ; ਭਾਰਤ ਦੇ ਖ਼ਾਸੇ ਨੂੰ ਬਚਾਉਣ ਲਈ ਲੜਨਾ ਕੋਈ ਬੁਰੀ ਗੱਲ ਨਹੀਂ, ਇਹ ਲੜਾਈ ਲੜੀ ਜਾ ਸਕਦੀ ਹੈ ਅਤੇ ਇਹ ਵਧੀਆ ਤੇ ਸ਼ਾਨਦਾਰ ਜੰਗ ਹੋਵੇਗੀ। ਪਰ ਨਾਲ ਹੀ ਇਸ ਸੁਆਲ ‘ਤੇ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਕਾਂਗਰਸ ਇਹ ਜੰਗ ਲੜਨ ਦੇ ਯੋਗ ਹੋਵੇਗੀ। ਅਤੇ ਇਸ ਦੇ ਨਾਲ ਹੀ ਜੁੜਿਆ ਇੱਕ ਪ੍ਰਸ਼ਨ ਇਹ ਵੀ ਹੈ: ਭਾਰਤੀ ਖ਼ਾਸਾ ਜਾਂ ‘ਭਾਰਤ ਦਾ ਵਿਚਾਰ’ ਕੀ ਹੈ? ਇਹ ਤੱਤ ਬਹੁਗਿਣਤੀ ਭਾਰਤੀਆਂ ਨੂੰ ਬੇਹਾ ਜਿਹਾ ਕਿਉਂ ਜਾਪਦਾ ਹੈ? ਇਹ ਖ਼ਾਸਾ ਇਨ੍ਹਾਂ ਭਾਰਤੀਆਂ ਨੂੰ ਲੁਭਾਉਂਦਾ ਕਿਉਂ ਨਹੀਂ?
‘ਭਾਰਤ ਦਾ ਵਿਚਾਰ’ ਜਾਂ ਭਾਰਤ ਦਾ ਖ਼ਾਸਾ ਹਰ ਤਰ੍ਹਾਂ ਜਵਾਹਰ ਲਾਲ ਨਹਿਰੂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਤੇ ਸ਼ਿਸ਼ਟ ਤਰੀਕੇ ਨਾਲ ਇਸ ਨੂੰ ਜਲੌਅ ਬਖ਼ਸ਼ਿਆ ਸੀ;  ਉਦੋਂ ਇਸ ਖ਼ਾਸੇ ਨਾਲ ਬਹੁਤ ਕੁਝ ਬੌਧਿਕ ਤੇ ਵਿਦਵਤਾਪੂਰਨ ਜੁੜਿਆ ਹੋਇਆ ਸੀ। ‘ਭਾਰਤ ਦਾ ਵਿਚਾਰ’ ਦਰਅਸਲ ਇੱਕ ਕੋਡ-ਸ਼ਬਦ ਹੈ, ਜਿਸ ਨੂੰ ਅਸੀਂ ‘ਨਹਿਰੂ ਯੁੱਗ ਦੀ ਆਮ ਸਹਿਮਤੀ’ ਵਜੋਂ ਜਾਣਦੇ ਹਾਂ, ਜੋ ਪੂਰੀ ਤਰ੍ਹਾਂ ਸੰਵਿਧਾਨ ਦੀ ਭਾਵਨਾ ਅਨੁਸਾਰ ਸੀ ਅਤੇ ਇਹ ਆਧੁਨਿਕ ਭਾਰਤ ਦੇਸ਼ ਦੀ ਸਿਰਜਣਾ ਤੇ ਸੰਗਠਨ ਦੇ ਸਿਧਾਂਤ ਮੁਤਾਬਕ ਵੀ ਹੈ। ਇਹ ਸਿਧਾਂਤ ਮਨੁੱਖਤਾਵਾਦੀ, ਪ੍ਰਗਤੀਸ਼ੀਲ ਤੇ ਸਮਾਨਤਾ ਵਾਲੀ ਸਮਾਜਿਕ ਵਿਵਸਥਾ ਕਾਇਮ ਕਰਨ ਦਾ ਵਾਅਦਾ ਕਰਦਾ ਹੈ। ‘ਭਾਰਤ ਦੇ ਵਿਚਾਰ’ ਨੂੰ ਅਹਿਮ ਤੇ ਸਮੁੱਚੀ ਪ੍ਰਵਾਨਗੀ ਇਸ ਕਰਕੇ ਮਿਲ ਗਈ ਕਿਉਂਕਿ ਇਹ ਅਜਿਹੇ ਸਿਧਾਂਤਾਂ, ਵਿਸ਼ਵਾਸਾਂ, ਵਿਚਾਰਾਂ ਤੇ ਆਦਰਸ਼ਾਂ ਦਾ ਇਕ ਸੰਗ੍ਰਹਿ ਹੈ; ਜਿਹੜੇ ਬਰਤਾਨਵੀ ਬਸਤੀਵਾਦੀ ਹਕੂਮਤ ਵਿਰੁੱਧ ਆਜ਼ਾਦੀ ਦੇ ਸੰਘਰਸ਼ ਦੌਰਾਨ ਉਲੀਕੇ ਅਤੇ ਮਜ਼ਹਬੀ ਅਕੀਦਿਆਂ ਵਾਂਗ ਅਪਣਾਏ ਗਏ ਸਨ।
ਇਹ ਨਹਿਰੂ ਹੀ ਸਨ, ਜਿਨ੍ਹਾਂ ਨੇ ‘ਭਾਰਤ ਦੇ ਖ਼ਾਸੇ’ ਦੀ ਵਿਚਾਰਧਾਰਕ ਉੱਚਤਾ-ਸੁੱਚਤਾ ਕਾਇਮ ਕਰਨ ਵਿੱਚ ਆਪਣੀਆਂ ਬੌਧਿਕ, ਸਿਆਸੀ, ਨਿੱਜੀ ਤੇ ਪ੍ਰਸ਼ਾਸਕੀ ਸਭ ਤਾਕਤਾਂ ਲਾ ਦਿੱਤੀਆਂ ਸਨ: ਇਸੇ ਮਿਹਨਤ ਦੀ ਬਦੌਲਤ ਹੀ ਇਹ ਖ਼ਾਸਾ, ਇਹ ਵਿਚਾਰ ਭਾਰਤੀ ਸੋਚ ਤੇ ਸੁਹਜ ਵਿੱਚ ਸਹਿਜੇ ਹੀ ਸਮਾਅ ਗਿਆ। ਅਜਿਹਾ ਇਸ ਕਰਕੇ ਵੀ ਸੀ ਕਿਉਂਕਿ ਇਹ ਮਹਿਜ਼ ਕਾਂਗਰਸ ਦੀ ਸਿਆਸੀ ਸਰਦਾਰੀ ਜਾਂ ਨਹਿਰੂ ਦੀ ਕ੍ਰਿਸ਼ਮਈ ਮੌਜੂਦਗੀ ਉੱਤੇ ਨਹੀਂ ਸਗੋਂ ਸਮਾਜਿਕ ਆਮ-ਸਹਿਮਤੀ ਦੇ ਸੰਕਲਪ ਉੱਤੇ ਆਧਾਰਤ ਸੀ। ਕਾਂਗਰਸ ਦੇ ਉੱਚ ਆਗੂਆਂ ਨੇ ਇਸ ਨੂੰ ਅੰਤਿਮ ਰੂਪ ਦਿੱਤਾ ਸੀ ਤੇ ਉੱਚ-ਪੱਧਰ ਦੇ ਵਿਸ਼ਵਾਸ ਤੇ ਸਤਿਕਾਰ ਦੇ ਆਧਾਰ ਉੱਤੇ ਇਕਜੁਟਤਾ ਨਾਲ ਇਸ ਦਾ ਪ੍ਰਚਾਰ ਤੇ ਪਾਸਾਰ ਕੀਤਾ ਗਿਆ ਸੀ। ਅਤੇ ਇਹ ਸਭ ਇੱਕ ਵਿਵਸਥਾ ਤੇ ਸਥਿਰਤਾ ਦੀ ਭਾਵਨਾ ਲਿਆਉਣ ਦੀ ਖ਼ੁਸ਼ੀ ਤੇ ਤਸੱਲੀ ‘ਚੋਂ ਉਪਜਿਆ ਸੀ। ਵਿਵਸਥਾ ਤੇ ਸਥਿਰਤਾ ਵਾਲੀ ਭਾਵਨਾ ਜ਼ਰੂਰੀ ਵੀ ਸੀ ਕਿਉਂਕਿ ਇਹ ਸਾਰੀਆਂ ਗੱਲਾਂ ਸਦੀਆਂ ਤੋਂ ਸਾਡੀ ਪ੍ਰਾਚੀਨ ਮਾਤਭੂਮੀ ਤੋਂ ਦੂਰ ਹੀ ਰਹੀਆਂ ਸਨ।
ਸਾਰੀਆਂ ਵਿਚਾਰਧਾਰਕ ਧਾਰਨਾਵਾਂ ਵਾਂਗ ‘ਭਾਰਤ ਦੇ ਵਿਚਾਰ’ ਦੇ ਵੀ ਖੱਬੇ ਤੇ ਸੱਜੇ ਆਲੋਚਕ ਹੁੰਦੇ ਸਨ। ਜਦੋਂ ਇਹ ਲੱਗਣ ਲੱਗਾ ਕਿ ਇਸ ਦੀ ਚਮਕ ਤੇ ਦਿਸ਼ਾ ਗੁਆਚਣ ਲੱਗ ਪਈ ਹੈ; ਤਾਂ ਇੰਦਰਾ ਗਾਂਧੀ ਨੇ ਇਸ ਨੂੰ ਨਵਾਂ ਰੂਪ ਦੇ ਦਿੱਤਾ ਸੀ; ਰਾਜੀਵ ਗਾਂਧੀ ਅਧੀਨ ਇਹ ਸੁੰਗੜ ਕੇ ਤਕਨਾਲੋਜੀਕਲ ਯੋਜਨਾਵਾਂ ਤਕ ਸੀਮਤ ਹੋ ਕੇ ਰਹਿ ਗਿਆ ਸੀ। ਰਾਜੀਵ ਨੇ ਸਮਾਜ ਤੇ ਦੇਸ਼ ਦੇ ਬੁਨਿਆਦੀ ਮਸਲੇ ਹੱਲ ਕਰਨ ਲਈ ਗ਼ੈਰ-ਸਿਆਸੀ ਮਾਹਰਾਂ ਉੱਤੇ ਭਰੋਸਾ ਕਰਨਾ ਵਾਜਬ ਸਮਝਿਆ ਸੀ। ਇੱਕ ਵਾਰ ਤਾਂ ਇਹੋ ਪ੍ਰਭਾਵ ਬਣਿਆ ਸੀ ਕਿ ਭਾਰਤ ਇਸ ਨੌਜਵਾਨ, ਤੇ ਬਹੁਤ ਨਾਤਜਰਬੇਕਾਰ, ਆਗੂ ਦੀ ਅਗਵਾਈ ਹੇਠ ‘21ਵੀਂ ਸਦੀ’ ਵਿੱਚ ਅਵੱਸ਼ ਪ੍ਰਵੇਸ਼ ਕਰੇਗਾ।
ਕਾਂਗਰਸ ਪਾਰਟੀ ਨੇ ਖ਼ੁਦ ਨੂੰ ‘ਭਾਰਤ ਦੇ ਵਿਚਾਰ’ ਜਾਂ ਖ਼ਾਸੇ ਦੇ ਪਾਸਾਰ ਲਈ ਇੱਕ ਅਧਿਕਾਰਤ ਵਸੀਲਾ ਜਾਂ ਔਜ਼ਾਰ ਮੰਨ ਲਿਆ ਸੀ। ਜਦੋਂ ਤਕ ਇੰਦਰਾ ਗਾਂਧੀ ਜੀਵਿਤ ਸੀ, ਕਾਂਗਰਸੀ ਆਗੂ ਅਜਿਹੇ ਵਿਚਾਰਾਂ ਤੇ ਵਿਚਾਰਧਾਰਾ ਨਾਲ ਲੈਸ ਹੋਣਾ ਵਾਜਬ ਸਮਝਦੇ ਸਨ; ਉਹ ਇਹ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਨੂੰ ਕੋਈ ਨਾ ਕੋਈ ਸਟੈਂਡ ਲੈਣਾ ਹੀ ਪਵੇਗਾ, ਉਨ੍ਹਾਂ ਨੂੰ ਕਿਸੇ ਚੀਜ਼ ਦੇ ਹੱਕ ਤੇ ਕਿਸੇ ਚੀਜ਼ ਦੇ ਖ਼ਿਲਾਫ਼ ਸਟੈਂਡ ਲੈਣਾ ਹੋਵੇਗਾ। ਕਾਂਗਰਸ ਪਾਰਟੀ ਸਿਆਸੀ ਅਰਥ-ਵਿਵਸਥਾ ਦੀਆਂ ਮੰਗਾਂ ਪ੍ਰਤੀ ਉਦਾਸੀਨ ਨਹੀਂ ਸੀ ਰਹਿ ਸਕਦੀ; ਇਸ ਨੇ ਦੇਸ਼-ਵਿਦੇਸ਼ ਵਿੱਚ ਖ਼ੁਦ ਨੂੰ ਆਪਣੇ ਦੁਸ਼ਮਣਾਂ ਰਾਹੀਂ ਪਰਿਭਾਸ਼ਿਤ ਕੀਤਾ। ਅਕਤੂਬਰ 1984 ‘ਚ ਇੰਦਰਾ ਗਾਂਧੀ ਦੀ ਹੱਤਿਆ ਤੇ ਉਸ ਤੋਂ ਬਾਅਦ ਰਾਜੀਵ ਗਾਂਧੀ ਦਾ ਉਨ੍ਹਾਂ ਦੇ ਜਾਨਸ਼ੀਨ ਵਜੋਂ ਦੇਸ਼ ਦੀ ਵਾਗਡੋਰ ਨੂੰ ਸੰਭਾਲਣ ਤੇ ਫਿਰ ਦਸੰਬਰ 1984 ਦੀਆਂ ਚੋਣਾਂ ‘ਚ ਭਾਰੀ ਜਿੱਤ ਨੇ ਕਾਂਗਰਸ ਨੂੰ ਮੁੜ ਪਰਿਵਾਰਕ ਜਥੇਬੰਦੀ ਵਿੱਚ ਤਬਦੀਲ ਕਰ ਕੇ ਰੱਖ ਦਿੱਤਾ। ਇਸ ਦੇ ਨਾਲ ਹੀ ‘ਭਾਰਤ ਦਾ ਵਿਚਾਰ’ ਕਿਤੇ ਨਾ ਕਿਤੇ ‘ਪਰਿਵਾਰ ਦੇ ਵਿਚਾਰ’ ਨਾਲ ਰਲਗੱਡ ਹੋਣ ਲੱਗਾ। ਇੰਜ ‘ਭਾਰਤ ਦਾ ਵਿਚਾਰ’ ਨਿੱਤ ਕਮਜ਼ੋਰ ਹੀ ਹੁੰਦਾ ਚਲਾ ਗਿਆ ਅਤੇ ਉਸ ਲਈ ਚੁਣੌਤੀਆਂ ਉਭਰਨ ਲੱਗੀਆਂ।
‘ਪਰਿਵਾਰ ਦਾ ਵਿਚਾਰ’ ਕਾਂਗਰਸ ਉੱਤੇ ਪਰਿਵਾਰ ਦੇ ਕੰਟਰੋਲ ਨਾਲ ਸਥਾਪਤ ਹੁੰਦਾ ਹੈ। ਦਰਅਸਲ, ਇਹ ਪਾਰਟੀ ਵਲੋਂ ਅਧਿਕਾਰਤ ਤੌਰ ਉਤੇ ਪ੍ਰਾਯੋਜਿਤ ਧਾਰਨਾ ਹੈ ਕਿ ਇੱਕ ਪਰਿਵਾਰ ਵਿਸ਼ੇਸ਼ ਤੋਂ ਬਿਨਾਂ ਕਾਂਗਰਸ ਖ਼ਤਮ ਹੋ ਜਾਵੇਗੀ। ਇਹ ਅਜਿਹਾ ਪ੍ਰਪੰਚ ਹੈ, ਜੋ ਪਰਿਵਾਰ ਤੇ ਕਾਂਗਰਸੀਆਂ ਦੋਵਾਂ ਲਈ ਸੁਵਿਧਾਜਨਕ ਹੈ। ਇਸ ਪ੍ਰਪੰਚ ਨਾਲ ਵੀ ਚਾਲਾਂ ਚੱਲੀਆਂ ਜਾ ਸਕਦੀਆਂ ਸਨ ਤੇ ਨਵਾਂ ਭਰਮ ਉਭਾਰਿਆ ਜਾ ਸਕਦਾ ਸੀ। ਪਰ ਉਸ ਨਾਲ ਸਿਆਸਤ ਲਈ ਇੱਕੋ ਪਰਿਵਾਰ ਦੀ ਹੱਕਦਾਰੀ ਦੀ ਭਾਵਨਾ ਤੇ ਕੰਟਰੋਲ ਕਾਰਨ ਜਨਤਕ ਉਦੇਸ਼ ਅਤੇ ਸੇਵਾ ਲਾਂਭੇ ਹੋ ਗਏ। ਇਸ ਪ੍ਰਕਿਰਿਆ ਦੌਰਾਨ ‘ਭਾਰਤ ਦੇ ਵਿਚਾਰ’ ਨੂੰ ਦੁਰਬਲ ਬਣਾਉਣ ਵਿੱਚ ਕਾਂਗਰਸ ਹੀ ਵੱਡੀ ਭੂਮਿਕਾ ਨਿਭਾਉਣ ਲੱਗ ਪਈ।
ਹੁਣ ਕਿਉਂਕਿ ‘ਪਰਿਵਾਰ ਦੇ ਵਿਚਾਰ’ ਨੇ ਕਾਂਗਰਸ ਪਾਰਟੀ ਨੂੰ ਪੂਰੀ ਗ੍ਰਿਫ਼ਤ ਵਿੱਚ ਲਿਆ ਹੋਇਆ ਹੈ, ਇਸੇ ਕਰਕੇ ਦੋ ਇਤਿਹਾਸਕ ਤਬਦੀਲੀਆਂ ਭਾਵ ਦੇਸ਼ ਵਿੱਚ 1991 ਦੇ ‘ਆਰਥਿਕ ਸੁਧਾਰ’ ਅਤੇ ਵਿਦੇਸ਼ ਵਿੱਚ ‘9/11′ ਤੋਂ ਬਾਅਦ ਦੇ ਯੁੱਗ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਭਿਆਸਾਂ ਵਿੱਚ ਲੋੜੀਂਦੀਆਂ ਸੋਧ-ਸੁਧਾਈਆਂ ਕਰਨ ਦੀ ਲੋੜ ਵੱਲ ਪਾਰਟੀ ਵਿੱਚੋਂ ਕਿਸੇ ਦਾ ਵੀ ਧਿਆਨ ਨਹੀਂ ਗਿਆ। ਜਿਵੇਂ 1991 ‘ਚ ਇੱਕ ਅਜਿਹੀ ਪ੍ਰਕਿਰਿਆ ਸ਼ੁਰੂ ਹੋਈ, ਜਿਸ ਨੇ ਭਾਰਤੀ ਅਰਥ-ਵਿਵਸਥਾ ਤੇ ਭਾਰਤੀ ਸਮਾਜ ਨੂੰ ਬਦਲ ਕੇ ਤੇ ਮੁੜ-ਵਿਵਸਥਿਤ ਕਰ ਕੇ ਰੱਖ ਦਿੱਤਾ ਸੀ; ਉਵੇਂ ਹੀ ‘9/11′ ਤੋਂ ਬਾਅਦ ਵਿਸ਼ਵ ਪੱਧਰ ਉਤੇ ਨਵੇਂ ਵੈਰ-ਵਿਰੋਧ ਪੈਦਾ ਕਰਨ ਵਾਲੀਆਂ ਤਾਕਤਾਂ ਨੇ ਜਨਮ ਲਿਆ ਤੇ ਭਾਰਤ ਵੀ ਉਨ੍ਹਾਂ ਤੋਂ ਬਚ ਨਹੀਂ ਸਕਿਆ। ਕਾਂਗਰਸ ਨੇ ਸਮੇਂ ਮੁਤਾਬਕ ਆਪਣੇ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ ਸਗੋਂ ਉਹ ਆਪਣੀ ਖ਼ੁਦ ਦੀ ਚੋਣ ਸਫ਼ਲਤਾ ਨਾਲ ‘ਭਾਰਤ ਦੇ ਵਿਚਾਰ’ ਦੀ ਟਿਕਾਊਯੋਗਤਾ ਨੂੰ ਨਾਪ ਕੇ ਸੰਤੁਸ਼ਟ ਹੁੰਦੀ ਰਹੀ।
ਇਸ ਸਾਰੇ ਅਰਸੇ ਦੌਰਾਨ ਦੂਜੇ ਪਾਸੇ ਉਹ ਧਿਰ, ਜਿਹੜੀ ਧਿਰ ‘ਭਾਰਤ ਦੇ ਵਿਚਾਰ’ ਨੂੰ ਨਹਿਰੂ ਵਲੋਂ ਠੋਸੀ ਗਈ ਧਾਰਨਾ ਦੱਸ ਕੇ ਪੂਰੀ ਤਰ੍ਹਾਂ ਰੱਦ ਕਰਦੀ ਰਹੀ ਸੀ, ਇਸ ਦੇ ਖ਼ਿਲਾਫ਼ ਇੱਕ ਬਦਲਵੀਂ ਵਿਆਖਿਆ, ਬਦਲੀ ਘਟਨਾਵਲੀ ਰਚਣ ਵਿੱਚ ਰੁੱਝੀ ਰਹੀ, ਜਿਸ ਵਿੱਚ ਉਸ ਨੇ ਆਪਣੇ ਖ਼ੁਦ ਦੇ ਵਿਚਾਰਾਂ ਤੇ ਸੁਵਿਧਾ ਦੇ ਹਿਸਾਬ ਨਾਲ ਇਤਿਹਾਸ, ਤੱਥਾਂ ਤੇ ਗਲਪਾਂ ਨੂੰ ਤੋੜਿਆ-ਮਰੋੜਿਆ ਅਤੇ ਸਭ ਤੋਂ ਵੱਧ ਅਹਿਮ ਗੱਲ ਇਹ ਰਹੀ ਕਿ ਉਸ ਨੇ ‘9/11′ ਤੋਂ ਬਾਅਦ ਦੇ ਧਰੁਵੀਕ੍ਰਿਤ ਸੰਸਾਰ ਤੇ ਵੰਡੇ ਹੋਏ ਸਮਾਜਾਂ ਦੇ ਬਦਲਦੇ ਪੱਖਪਾਤੀ ਵਿਚਾਰਾਂ ਉਤੇ ਵੀ ਗ਼ੌਰ ਕੀਤਾ। ਦੇਸ਼ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਦੇ ਆਪਮੁਹਾਰੇ ਜਹਾਦੀ ਅਨਸਰਾਂ ਦੀਆਂ ਹਰਕਤਾਂ ਤੋਂ ਬਹੁਤ ਜ਼ਿਆਦਾ ਬਲ ਮਿਲਿਆ। ਪਾਕਿਸਤਾਨ ਤੇ ਭਾਰਤ ਦੋਵੇਂ ਦੇਸ਼ਾਂ ਦੀਆਂ ਸੱਜ-ਪਿਛਾਖੜੀ ਤਾਕਤਾਂ ਨੇ ਇੱਕ-ਦੂਜੇ ਪ੍ਰਤੀ ਰੋਸ ਤੇ ਸ਼ਿਕਵੇ-ਸ਼ਿਕਾਇਤਾਂ ਵਿੱਚ ਖ਼ੂਬ ਵਾਧਾ ਕੀਤਾ।
ਸਾਡੇ ਸਾਰਿਆਂ ਨੂੰ ਹਿੰਦੂ ਬਣਾਉਣ ਤੇ ਭਾਰਤ ਨੂੰ ‘ਭਾਰਤ ਦੇ ਨਹਿਰੂਵਾਦੀ ਖ਼ਾਸੇ’ ਤੋਂ ਲਾਂਭੇ ਲਿਜਾਣ ਲਈ ਨਰਿੰਦਰ ਮੋਦੀ ਨੂੰ ਦੋਸ਼ ਦੇਣ ਦੀ ਥਾਂ ਸਾਨੂੰ ਇੱਕ ਅਜਿਹੇ ਸੰਦੇਸ਼-ਵਾਹਕ ਦੀ ਜ਼ਰੂਰਤ ਹੈ; ਜਿਸ ਵਿੱਚ ਅਜਿਹੀ ਸਿਆਸੀ ਯੋਗਤਾ ਤੇ ਨੀਤੀਗਤ ਸੂਝ ਹੋਵੇ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਮੁੜ ਇਕੱਠਾ ਕਰ ਸਕੇ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਜ਼ੋਨਾਂ ਵਿੱਚ ਬੈਠੇ ਹਨ, ਪਰ ਆਪਣੇ ਆਪ ਨੂੰ ਉਥੇ ਸੁਵਿਧਾਜਨਕ ਮਹਿਸੂਸ ਨਹੀਂ ਕਰਦੇ। ‘ਭਾਰਤ ਦੇ ਵਿਚਾਰ’ ਨੂੰ ਇਸ ਕਰਕੇ ਢਾਹ ਲੱਗੀ ਸੀ ਕਿਉਂਕਿ ਇਸ ਨੂੰ ਇੱਕ ‘ਪਰਿਵਾਰ ਦੇ ਵਿਚਾਰ’ ਨਾਲ ਜੋੜ ਕੇ ਵੇਖਿਆ ਜਾਣ ਲੱਗਾ ਸੀ। ਇਹੋ ਕਾਂਗਰਸ ਪਾਰਟੀ ਦਾ ਸਲੀਬ ਹੈ ਅਤੇ ਇਹੋ ਹੀ ਉਦਾਰਵਾਦੀ ਭਾਰਤ ਦੀ ਸਭ ਤੋਂ ਵੱਡੀ ਦੋਚਿੱਤੀ ਹੈ। (‘ਪੰਜਾਬੀ ਟ੍ਰਿਬਿਊਨ’ ‘ਚੋਂ ਧੰਨਵਾਦ ਸਹਿਤ)