ਗਾਂ ਦੇ ਨਾਂ ‘ਤੇ ਅਲਵਰ ਦੀ ਘਟਨਾ ਕੀ ਆਖ਼ਰੀ ਹੋਵੇਗੀ?

ਗਾਂ ਦੇ ਨਾਂ ‘ਤੇ ਅਲਵਰ ਦੀ ਘਟਨਾ ਕੀ ਆਖ਼ਰੀ ਹੋਵੇਗੀ?

ਪਹਿਲੂ ਖਾਨ ਨੂੰ ਜਿਸ ਗੱਡੀ ਵਿਚੋਂ ਲਾਹ ਕੇ ਦੌੜਾਇਆ ਗਿਆ, ਉਸ ਨੂੰ ਅਰਜੁਨ ਨਾਂ ਦਾ ਚਾਲਕ ਚਲਾ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਭੀੜ ਨੇ ਉਸ ਦਾ ਨਾਂ ਪੁੱਛ ਕੇ ਛੱਡ ਦਿੱਤਾ। ਹੁਣ ਜੇਕਰ ਗਾਂ ਦੀ ਤਸਕਰੀ ਅਪਰਾਧ ਹੈ ਤਾਂ ਕੀ ਅਰਜੁਨ ਲਈ ਨਹੀਂ ਹੈ। ਕੀ ਅਰਜੁਨ ਨੂੰ ਗਾਂ ਦੀ ਤਸਕਰੀ ਦੀ ਛੋਟ ਹੈ?
ਰਵੀਸ਼ ਕੁਮਾਰ
6 ਅਗਸਤ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, ‘ਗਊ ਰੱਖਿਅਕਾਂ ਦੇ ਨਾਂ ‘ਤੇ ਕੁਝ ਲੋਕਾਂ ਨੇ ਜੋ ਆਪਣੀਆਂ ਦੁਕਾਨਾਂ ਖੋਲ੍ਹੀਆਂ ਹਨ, ਮੈਨੂੰ ਏਨਾ ਗੁੱਸਾ ਆਉਂਦਾ ਹੈ। ਗਊ ਭਗਤ ਵੱਖਰੇ ਹਨ, ਗਊ ਸੇਵਕ ਵੱਖਰੇ ਹਨ। ਮੈਂ ਦੇਖਿਆ ਹੈ ਕਿ ਕੁਝ ਲੋਕ ਜੋ ਪੂਰੀ ਰਾਤ ਗੈਰਸਮਾਜੀ ਗਤੀਵਿਧੀਆਂ ਕਰਦੇ ਹਨ ਪਰ ਦਿਨ ਵਿਚ ਗਊ ਰੱਖਿਅਕ ਦਾ ਚੋਲਾ ਪਾ ਲੈਂਦੇ ਹਨ। ਮੈਂ ਸੂਬਾਈ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਜੋ ਗਊ ਰੱਖਿਅਕ ਬਣਦੇ ਹਨ, ਉਨ੍ਹਾਂ ਦਾ ਡੋਜ਼ੀਅਰ ਤਿਆਰ ਕਰੋ, 70-80 ਫੀਸਦੀ ਅਜਿਹੇ ਨਿਕਲਣਗੇ ਜੋ ਅਜਿਹੇ ਗੋਰਖਧੰਦੇ ਕਰਦੇ ਹਨ, ਜੋ ਸਮਾਜ ਸਵੀਕਾਰ ਨਹੀਂ ਕਰਦਾ ਪਰ ਆਪਣੀਆਂ ਉਨ੍ਹਾਂ ਬੁਰਾਈਆਂ ਤੋਂ ਬਚਣ ਲਈ ਗਊ ਰੱਖਿਅਕਾਂ ਦਾ ਚੋਲਾ ਪਾ ਕੇ ਨਿਕਲਦੇ ਹਨ। ਅਤੇ ਜੇਕਰ ਸਚਮੁੱਚ ਉਹ ਗਊ ਸੇਵਕ ਹਨ ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਇਕ ਕੰਮ ਕਰੋ, ਸਭ ਤੋਂ ਜ਼ਿਆਦਾ ਗਾਵਾਂ ਕਤਲ ਕਰਕੇ ਨਹੀਂ, ਸਗੋਂ ਪਲਾਸਟਿਕ ਖਾਣ ਨਾਲ ਮਰਦੀਆਂ ਹਨ, ਤਾਂ ਤੁਸੀਂ ਘੱਟੋ-ਘੱਟ ਗਾਂ ਨੂੰ ਪਲਾਸਟਿਕ ਖਾਣਾ ਬੰਦ ਕਰਵਾ ਦਿਓ, ਲੋਕਾਂ ਨੂੰ ਪਲਾਸਟਿਕ ਸੁੱਟਣਾ ਬੰਦ ਕਰਵਾ ਦਿਓ ਤਾਂ ਇਹ ਵੀ ਬੜੀ ਵੱਡੀ ਗਊ ਸੇਵਾ ਹੋਵੇਗੀ। ਇਸ ਲਈ ਸਵੈਸੇਵੀ ਹੋਰਨਾਂ ਨੂੰ ਦੁੱਖ ਦੇਣ ਲਈ ਨਹੀਂ ਹੁੰਦੇ।’
ਗਊ ਰੱਖਿਆ ਜਾਂ ਗਊ ਹਤਿਆ ਦੇ ਸਬੰਧ ਵਿਚ ਦੋ ਢਾਈ ਸਾਲ ਵਿਚ ਜਿੰਨੀਆਂ ਵੀ ਬਹਿਸਾਂ ਹੋਈਆਂ, ਉਨ੍ਹਾਂ ਵਿਚ ਸਰਕਾਰ ਵਲੋਂ ਸਭ ਤੋਂ ਵੱਡਾ ਅਤੇ ਪ੍ਰਮਾਣਕ ਬਿਆਨ ਇਹੀ ਹੈ ਕਿ 70-80 ਫੀਸਦੀ ਗਊ ਰੱਖਿਅਕ ਫਰਜ਼ੀ ਹੁੰਦੇ ਹਨ। ਉਮੀਦ ਹੈ ਪ੍ਰਧਾਨ ਮੰਤਰੀ ਹੁਣ ਵੀ ਆਪਣੀ ਇਸ ਰਾਏ ‘ਤੇ ਕਾਇਮ ਹੋਣਗੇ। ਸਾਨੂੰ ਇਹ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਦੀ ਇਸ ਅਪੀਲ ਦਾ ਸੂਬਾਈ ਸਰਕਾਰਾਂ ‘ਤੇ ਕੀ ਅਸਰ ਪਿਆ। ਘੱਟੋ-ਘੱਟ ਮੌਜੂਦਾ ਵਿਵਾਦ ਦੇ ਸਬੰਧ ਵਿਚ ਰਾਜਸਥਾਨ ਦੇ ਗ੍ਰਹਿ ਮੰਤਰੀ ਹੀ ਦਸ ਸਕਦੇ ਹਨ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਫਰਜ਼ੀ ਗਊ ਰੱਖਿਅਕਾਂ ਜਾਂ ਗਊ ਰੱਖਿਆ ਦੇ ਨਾਂ ‘ਤੇ ਦੁਕਾਨਾਂ ਚਲਾਉਣ ਵਾਲਿਆਂ ਦੀ ਕੋਈ ਫਾਈਲ ਬਣਾਈ ਹੈ ਜਾਂ ਨਹੀਂ। ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬਚੰਦ ਕਟਾਰੀਆ ਹੀ ਦੱਸ ਸਕਦੇ ਹਨ ਕਿ ਹਿੰਦੂ ਚੌਕੀ ਕੀ ਹੈ। ਇਹ ਕਿਸ ਕਾਨੂੰਨ ਨਾਲ ਬਣੀ ਹੈ। ਹਿੰਦੂ ਚੌਕੀ ਦਾ ਦਰੋਗਾ ਕੌਣ ਹੈ, ਐਸ.ਪੀ. ਕੌਣ ਹੈ, ਐਸ.ਐਸ.ਪੀ. ਕੌਣ ਹੈ ਤੇ ਡੀ.ਜੀ. ਹਿੰਦੂ ਚੌਕੀ ਕੌਣ ਹੈ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਅਲਵਰ ਤੋਂ ਭਾਜਪਾ ਦੇ ਲੋਕਪ੍ਰਿਯ ਵਿਧਾਇਕ ਗਿਆਨਦੇਵ ਆਹੂਜਾ ਨੇ ਕਿਹਾ ਹੈ।
ਹਿੰਦੂ ਚੌਕੀਆਂ ਕਿਸ ਕਾਨੂੰਨ ਨਾਲ ਬਣੀਆਂ ਹਨ ਜਾਂ ਹਿੰਦੂ ਨਾਂ ਰੱਖ ਲੈਣਾ ਹੀ ਕਾਨੂੰਨ ਹੈ। ਜਨਤਾ ਤਾਂ ਭੀੜ ਹੈ ਅਤੇ ਭੀੜ ਤੰਤਰ ਹੈ। ਇਹ ਸੁਣ ਕੇ ਲੱਗੇਗਾ ਕਿ ਆਹੂਜਾ ਜਨਤਾ ਨੂੰ ਭੜਕਾ ਰਹੇ ਹਨ। ਨਹੀਂ, ਅਜਿਹਾ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਬੱਸ ਇਹੀ ਕਿਹਾ ਕਿ ਜਨਤਾ ਤਾਂ ਭੀੜ ਹੈ ਤੇ ਭੀੜ ਤੰਤਰ ਹੈ। ਬਲਕਿ ਆਹੂਜਾ ਜੀ ਦੀ ਇਸ ਗੱਲ ਲਈ ਵੀ ਬੜੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜਨਤਾ ਨੂੰ ਕੁੱਟਣਾ ਚਾਹੀਦਾ ਹੈ। ਅਜਿਹੀ ਗੱਲ ਲਈ ਕਾਨੂੰਨ ਹੈ। ਇਸ ‘ਗੌਰਵਮਈ’ ਬਿਆਨ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ‘ਸਾਡੇ ਇੱਥੇ ਜੋ ਹਿੰਦੂ ਚੌਕੀਆਂ ਬਣੀਆਂ ਹਨ, ਉਨ੍ਹਾਂ ਸਾਰਿਆਂ ਨੂੰ ਅਸੀਂ ਹਦਾਇਤਾਂ ਦਿੱਤੀਆਂ ਹਨ ਕਿ ਗਊ ਤਸਕਰਾਂ ਨਾਲ ਕਿਸੇ ਤਰ੍ਹਾਂ ਦੀ ਕੁੱਟਮਾਰ ਨਾ ਕੀਤੀ ਜਾਵੇ, ਉਨ੍ਹਾਂ ਨੂੰ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਵੇ।’ ਇਸ ਲਈ ਵੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ। ਇਹ ਉਨ੍ਹਾਂ ਦੇ ਬਿਆਨ ਦਾ ਸਕਾਰਾਤਮਕ ਪਹਿਲੂ ਹੈ ਪਰ ਹਿੰਦੂ ਚੌਕੀਆਂ ਦੀ ਗੱਲ ਸੁਣ ਕੇ ਮੈਂ ਦੰਗ ਰਹਿ ਗਿਆ। ਕੀ ਅਲਵਰ ਪੁਲੀਸ ਨੂੰ ਹਿੰਦੂ ਚੌਕੀਆਂ ਦੀ ਜਾਣਕਾਰੀ ਹੈ ਕਿ ਪੂਰੇ ਮੇਵਾਤ ਵਿਚ ਅਜਿਹੀਆਂ ਚੌਕੀਆਂ ਬਣੀਆਂ ਹਨ। ਮੇਵਾਤ ਹਰਿਆਣਾ ਵਿਚ ਹੈ। ਅਲਵਰ ਰਾਜਸਥਾਨ ਵਿਚ ਹੈ। ਅਲਵਰ ਦੇ ਵਿਧਾਇਕ ਨੇ ਹਰਿਆਣਾ ਦੇ ਮੇਵਾਤ ਵਿਚ ਹਿੰਦੂ ਚੌਕੀਆਂ ਬਣੀਆਂ ਹਨ। ਕੀ ਹਰਿਆਣਾ ਸਰਕਾਰ ਨੂੰ ਹਿੰਦੂ ਚੌਕੀਆਂ ਦੀ ਜਾਣਕਾਰੀ ਹੈ। ਇਹ ਸਾਰੇ ਸਵਾਲ ਤਾਂ ਬਣਦੇ ਹਨ। ਆਹੂਜਾ ਜੀ ਨੇ ਜੋ ਕਿਹਾ ਹੈ, ਉਸ ਨੂੰ ਘੱਟੋ-ਘੱਟ ਰਾਜਸਥਾਨ ਪੁਲੀਸ ਨੂੰ ਤਾਂ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਾ ਵੀ ਲਏ ਤਾਂ ਘੱਟੋ-ਘੱਟ ਆਪਣੀਆਂ ਕਮੀਆਂ ਤਾਂ ਦੂਰ ਕਰਨੀਆਂ ਚਾਹੀਦੀਆਂ ਹਨ। ਜੇਕਰ ਰਾਜਸਥਾਨ ਪੁਲੀਸ ਚੰਗਾ ਕੰਮ ਕਰ ਰਹੀ ਹੁੰਦੀ ਤਾਂ ਹਿੰਦੂ ਚੌਕੀ ਬਣਾਉਣ ਦੀ ਸ਼ਾਇਦ ਨੌਬਤ ਨਾ ਆਉਂਦੀ। ਇਕ ਵਾਰ ਫਿਰ ਦੱਸ ਰਿਹਾ ਹਾਂ ਕਿ ਆਹੂਜਾ ਨੇ ਕਿਹਾ ਹੈ ਕਿ ‘ਪੂਰੇ ਮੇਵਾਤ ਵਿਚ ਮੈਂ ਹਿੰਦੂ ਚੌਕੀਆਂ ਅਤੇ ਗਊ ਰੱਖਿਆ ਚੌਕ ਬਣਾਏ ਹਨ। ਪੁਲੀਸ ਚੌਕੀਆਂ ਏਨਾ ਚੰਗਾ ਕੰਮ ਨਹੀਂ ਕਰ ਰਹੀਆਂ।’
ਆਹੂਜਾ ਜੀ ਨੇ ਆਪਣੇ ਇਸ ਬਿਆਨ ਵਿਚ ਕਿਹਾ ਹੈ ਕਿ ਗ੍ਰਹਿ ਮੰਤਰੀ ਨੇ ਛੇ ਪੁਲੀਸ ਚੌਕੀਆਂ ਗਊ ਰੱਖਿਆ ਲਈ ਬਣਾਈਆਂ ਹਨ। ਜੋ ਚੰਗਾ ਕੰਮ ਨਹੀਂ ਕਰ ਰਹੀਆਂ। ਗਊ ਰੱਖਿਆ ਲਈ ਬਣੀਆਂ ਪੁਲੀਸ ਚੌਕੀਆਂ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ, ਇਹ ਸਾਡੀ ਕਮੀ ਹੈ। ਘੱਟੋ-ਘੱਟ ਹਿੰਦੂ ਚੌਕੀ ਅਤੇ ਗਊ ਰੱਖਿਆ ਲਈ ਬਣੀਆਂ ਪੁਲੀਸ ਚੌਕੀਆਂ ਵਿਚਾਲੇ ਤੁਲਨਾਤਮਕ ਰਿਪੋਰਟ ਤਾਂ ਹੋਣੀ ਹੀ ਚਾਹੀਦੀ ਸੀ। ਹੁਣ ਇਕ ਸਵਾਲ ਤੁਹਾਨੂੰ ਵੀ ਹੈ ਤੇ ਖ਼ੁਦ ਤੋਂ ਵੀ ਹੈ। ਸਾਡੀ ਸਾਰਿਆਂ ਦੀ ਗਾਂ ਵਿਚ ਆਸਥਾ ਹੈ। ਬੁਹਤਿਆਂ ਦੀ ਗਾਂ ਵਿਚ ਉਵੇਂ ਹੀ ਆਸਥਾ ਨਹੀਂ ਹੈ, ਜਿਵੇਂ ਸਾਡੀ ਹੈ। ਗਾਂ ਵਿਚ ਆਸਥਾ ਹੋਣਾ, ਉਸ ਦੀ ਪੂਜਾ ਕਰਨਾ, ਸ਼ਰਧਾ ਰੱਖਣਾ ਬਿਲਕੁਲ ਠੀਕ ਅਤੇ ਆਮ ਗੱਲ ਹੈ। ਚੰਗੀ ਗੱਲ ਵੀ ਹੈ। ਆਸਥਾ ਤਾਂ ਹੋਰ ਕਈ ਚੀਜ਼ਾਂ ਵਿਚ ਹੈ ਤਾਂ ਕੀ ਉਸ ਲਈ ਅਸੀਂ ਕਿਸੇ ਭੀੜ ਨੂੰ ਆਗਿਆ ਦੇ ਸਕਦੇ ਹਾਂ। ਏਨੀ ਬਹਿਸ ਹੋ ਗਈ, ਸਾਰਿਆਂ ਦੇ ਬਿਆਨ ਆ ਗਏ, ਰੈਲੀਆਂ ਹੋ ਗੀਆਂ, ਇਸ ਤੋਂ ਬਾਅਦ ਵੀ ਭੀੜ ਦਾ ਹੌਸਲਾ ਕਿਉਂ ਨਹੀਂ ਰੁਕ ਰਿਹਾ।
ਜੇਕਰ ਤੁਹਾਨੂੰ ਗਊ ਰੱਖਿਅ ਦੇ ਨਾਂ ‘ਤੇ ਮਾਰ ਦਿੱਤੇ ਗਏ ਪਹਿਲੂ ਖਾਨ ਦੀ ਮੌਤ ਨਾਲ ਕੋਈ ਹਮਦਰਦੀ ਨਹੀਂ ਹੈ, ਕੋਈ ਦਯਾ ਨਹੀਂ ਹੈ ਤਾਂ ਮੈਨੂੰ ਇਸ ਨਾਲ ਵੀ ਕੋਈ ਪ੍ਰੇਸ਼ਾਨੀ ਨਹੀਂ ਹੈ। ਪਹਿਲੂ ਖਾਨ ਦੇ ਬੱਚਿਆਂ ਪ੍ਰਤੀ ਕੋਈ ਅਫ਼ਸੋਸ ਨਹੀਂ ਹੈ ਤਾਂ ਕੋਈ ਗੱਲ ਨਹੀਂ। ਪਰ ਇਨ੍ਹਾਂ ਲੋਕਾਂ ਪ੍ਰਤੀ ਤਾਂ ਤੁਸੀਂ ਚਿੰਤਤ ਹੋਵੋਗੇ ਹੀ। ਇਹ ਜੋ ਮਾਰ ਰਹੇ ਹਨ। ਗੁੱਸੇ ਵਿਚ ਹੋ ਸਕਦਾ ਹੈ ਇਨ੍ਹਾਂ ਦਾ ਵੀ ਖ਼ੁਦ ‘ਤੇ ਵੱਸ ਨਾ ਚਲਿਆ ਹੋਵੇ। ਮਰਨ ਵਾਲਾ ਤਾਂ ਇਕ ਹੀ ਹੈ, ਪਰ ਮਾਰਨ ਵਾਲੇ ਦੋ-ਚਾਰ ਹੋਣ ਤਾਂ ਕੀ ਇਹ ਚਿੰਤਾ ਦੀ ਗੱਲ ਨਹੀਂ ਹੈ। ਭੀੜ ਵਿਚ ਕਿਸੇ ਦੇ ਹੱਥ ਖੂਨ ਨਾਲ ਰੰਗੇ ਜਾਣ, ਕੋਈ ਹਾਦਸਾ ਹੋ ਜਾਵੇ ਤਾਂ ਕੀ ਤੁਸੀਂ ਇਨ੍ਹਾਂ ਲੋਕਾਂ ਪ੍ਰਤੀ ਵੀ ਚਿੰਤਤ ਨਹੀਂ ਹੋਵੋਗੇ, ਕੀ ਤੁਹਾਡੀ ਹਮਦਰਦੀ ਇਨ੍ਹਾਂ ਗਊ ਰੱਖਿਅਕਾਂ ਨਾਲ ਵੀ ਨਹੀਂ ਹੈ। ਅਸੀਂ ਵੀਡੀਓ ਦੀ ਪੁਸ਼ਟੀ ਨਹੀਂ ਕਰ ਰਹੇ ਹਾਂ। ਪਰ ਇਕ ਸਵਾਲ ਪੁੱਛ ਰਹੇ ਹਾਂ। ਭੀੜ ਵਿਚ ਕੌਣ ਹੈ। ਸਾਡੇ ਹੀ ਲੋਕ ਤਾਂ ਹਨ। ਪਰ ਇਨ੍ਹਾਂ ਦੇ ਸਿਰ ‘ਤੇ ਖੂਨ ਦਾ ਇਲਜ਼ਾਮ ਆਉਂਦਾ ਹੈ ਤਾਂ ਕੀ ਇਹ ਚੰਗੀ ਗੱਲ ਹੈ। ਮੰਨ ਲਓ ਕਿ ਕਿਸੇ ਹੋਰ ਘਟਨਾ ਵਿਚ ਅਜਿਹੀ ਹੀ ਕੋਈ ਭੀੜ ਤੋਂ ਕਤਲ ਹੋ ਜਾਂਦਾ ਹੈ, ਭਾਵੇਂ ਪੁਲੀਸ ਤੇ ਸਿਆਸਤ ਉਨ੍ਹਾਂ ਨੂੰ ਬਚਾ ਲਵੇ ਪਰ ਕੀ ਤੁਸੀਂ ਉਨ੍ਹਾਂ ਨੂੰ ਆਪਣੇ ਦਰਮਿਆਨ ਸਵੀਕਾਰ ਕਰ ਸਕੋਗੇ। ਕੀ ਗਊ ਰੱਖਿਆ ਦੇ ਨਾਂ ‘ਤੇ ਬਣ ਰਹੀ ਭੀੜ ਦੇ ਨਾਲ ਖੜ੍ਹੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਅਜਿਹੀ ਘਟਨਾ ਮਗਰੋਂ ਉਨ੍ਹਾਂ ਦੇ ਭਵਿੱਖ ‘ਤੇ ਕੀ ਅਸਰ ਪਏਗਾ। ਇਹ ਸਭ ਨੌਜਵਾਨ ਮੁੰਡੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਨੂੰ ਰਾਤਾਂ ਨੂੰ ਨਹੀਂ ਆਏਗੀ। ਹਤਿਆ ਦਾ ਗੁਨਾਹ ਕਦੇ ਨਾ ਕਦੇ ਜ਼ਿੰਦਗੀ ਵਿਚ ਪਰਤ ਕੇ ਆਉਂਦਾ ਹੈ। ਪ੍ਰੇਸ਼ਾਨ ਕਰਦਾ ਹੈ।
ਇਸ ਲਈ ਸਾਨੂੰ ਹਿੰਸਕ ਭੀੜ ਪ੍ਰਤੀ ਹਮਦਰਦੀ ਤਾਂ ਰੱਖਣੀ ਹੀ ਚਾਹੀਦੀ ਹੈ। ਇਸ ਭੀੜ ਵਿਚ ਸਾਡੇ ਹੀ ਵਿਚੋਂ ਕੋਈ ਹੈ। ਜੋਸ਼ ਤੇ ਜਨੂੰਨ ਵਿਚ ਟੋਕਾ-ਟਾਕੀ, ਬਹਿਸਬਾਜ਼ੀ ਤਕ ਤਾਂ ਠੀਕ ਹੈ, ਪਰ ਉਸ ਤੋਂ ਅੱਗੇ ਜਾ ਕੇ ਕਿਸੇ ਨੂੰ ਲਾਹ ਕੇ ਮਾਰਨਾ, ਕੁੱਟਣਾ ਅਤੇ ਅਜਿਹੀ ਸਥਿਤੀ ਪੈਦਾ ਕਰ ਦੇਣਾ ਕਿ ਮੌਤ ਹੀ ਹੋ ਜਾਵੇ, ਮੇਰੇ ਖ਼ਿਆਲ ਵਿਚ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਇਸ ਭੀੜ ਦਾ ਇਸ ਲਈ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਨਾਲਕੋਈ ਹਤਿਆਰਾ ਬਣ ਸਕਦਾ ਹੈ। ਅਜਿਹੇ ਲੋਕਾਂ ਦਾ ਸਿਆਸੀ ਦਲ ਇਸਤੇਮਾਲ ਹੀ ਕਰਦੇ ਹਨ। ਉਨ੍ਹਾਂ ਨੂੰ ਬਹਾਦੁਰ ਕਹਿਣਗੇ, ਜਾਂਬਾਜ਼ ਕਹਿਣਗੇ, ਫਿਰ ਜਦੋਂ ਗਊ ਰੱਖਿਆ ਦਾ ਵਿਸ਼ਾ ਸਿਆਸੀ ਤੌਰ ‘ਤੇ ਕਮਜ਼ੋਰ ਪਏਗਾ ਤਾਂ ਉਨ੍ਹਾਂ ਨੂੰ ਛੱਡ ਦੇਣਗੇ। ਇਨ੍ਹਾਂ ਨੌਜਵਾਨਾਂ ਦਾ ਜੀਵਨ ਬਰਬਾਦ ਹੋ ਜਾਵੇਗਾ। ਹਾਂ ਜੇਕਰ ਇਨ੍ਹਾਂ ਨੇ ਗਾਂ ਦੀ ਸੇਵਾ ਕਰਨੀ ਹੈ ਤਾਂ ਬਿਲਕੁਲ ਇਨ੍ਹਾਂ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਉਹ ਸੇਵਾ ਜੋ ਪ੍ਰਧਾਨ ਮੰਤਰੀ ਨੇ ਇਨ੍ਹਾਂ ਲਈ ਕਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਸੀ, ‘ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਇਕ ਕੰਮ ਕਰੋ, ਸਭ ਤੋਂ ਜ਼ਿਆਦਾ ਗਾਂ ਕਤਲ ਕਾਰਨ ਨਹੀਂ ਮਰ ਰਹੀ, ਪਲਾਸਟਿਕ ਖਾਣ ਨਾਲ ਮਰਦੀ ਹੈ। ਹੁਣ ਇਹ ਜੋ ਸਮਾਜ ਸੇਵਾ ਕਰਨਾ ਚਾਹੁੰਦੇ ਹਨ, ਘੱਟੋ-ਘੱਟ ਗਾਂ ਨੂੰ ਪਲਾਸਟਿਕ ਖਾਣਾ ਬੰਦ ਕਰਵਾ ਦੇਣ ਤੇ ਪਲਾਸਟਿਕ ਲੋਕਾਂ ਦਾ ਸੁੱਟਣਾ ਬੰਦ ਕਰਵਾ ਦੇਣ ਤਾਂ ਵੀ ਬਹੁਤ ਵੱਡੀ ਗਊ ਸੇਵਾ ਹੋਵੇਗੀ।’ ਕੁਝ ਮਹੀਨੇ ਪੁਰਾਣੀ ਇਸ ਗੱਲ ਦੇ ਸਬੰਧ ਵਿਚ ਹੀ ਮੈਂ ਆਪਣੀ ਗੱਲ ਕਹੀ ਹੈ। ਹੁਣ ਤੈਅ ਤੁਸੀਂ ਕਰਨਾ ਹੈ, ਤੁਹਾਡੇ ਪ੍ਰਿਯ ਪ੍ਰਧਾਨ ਮੰਤਰੀ ਦੀ ਗੱਲ ਸਹੀ ਹੈ, ਮੇਰੀ ਗੱਲ ਸਹੀ ਹੈ ਜਾਂ ਉਸ ਭੀੜ ਦੀ ਗੱਲ ਸਹੀ ਹੈ। ਇਕ ਵਾਰ ਤੁਸੀਂ ਇਹ ਤੈਅ ਕਰ ਲਓਗੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਪਹਿਲੂ ਖਾਨ ਦੀ ਮੌਤ ‘ਤੇ ਸ਼ਰਮਿੰਦਾ ਹੋਵੋਗੇ। ਜੋ ਵੀ ਨਿੰਦਾ ਕਰਨ ਆਏਗਾ, ਉਹ ਕਿੰਤੂ-ਪਰੰਤੂ ਦਾ ਸਹਾਰਾ ਲੈ ਕੇ ਇਸ ਭੀੜ ਨਾਲ ਖੜ੍ਹਾ ਨਹੀਂ ਹੋ ਸਕੇਗਾ। ਅਲਵਰ ਦੇ ਐਸ.ਪੀ. ਰਾਹੁਲ ਪ੍ਰਕਾਸ਼ ਨੇ ਕਿਹਾ ਹੈ ਕਿ ਗਊ ਤਸਕਰ ਸਨ ਜਾਂ ਨਹੀਂ, ਇਸ ਨਾਲ ਕੁੱਟਮਾਰ ਕਰਨ ਵਾਲਿਆਂ ਦਾ ਦੋਸ਼ ਘੱਟ ਨਹੀਂ ਹੋ ਜਾਂਦਾ। ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਹੈ, ਉਹ 302 ਤਹਿਤ ਸਾਡੇ ਲਈ ਮੁਲਜ਼ਮ ਹਨ। ਇਹ ਐਸ.ਪੀ. ਦਾ ਬਿਆਨ ਹੈ। ਕੀ ਤੁਸੀਂ ਗਊ ਰੱਖਿਆ ਦੇ ਨਾਂ ‘ਤੇ ਨੌਜਵਾਨਾਂ ਦੀ ਟੋਲੀ ਨੂੰ 302 ਭਾਵ ਹੱਤਿਆ ਦਾ ਮੁਲਜ਼ਮ ਬਣਨ ਦਾ ਸਮਰਥਨ ਕਰ ਸਕਦੇ ਹੋ। ਕੀ ਤੁਹਾਨੂੰ ਨਹੀਂ ਲਗਦਾ ਹੈ ਕਿ ਕੋਈ ਇਨ੍ਹਾਂ ਦੇ ਜੀਵਨ ਨਾਲ ਖੇਡ ਰਿਹਾ ਹੈ।
ਪਹਿਲੂ ਖਾਨ ਨੂੰ ਜਿਸ ਗੱਡੀ ਵਿਚੋਂ ਲਾਹ ਕੇ ਦੌੜਾਇਆ ਗਿਆ, ਉਸ ਨੂੰ ਅਰਜੁਨ ਨਾਂ ਦਾ ਚਾਲਕ ਚਲਾ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਭੀੜ ਨੇ ਉਸ ਦਾ ਨਾਂ ਪੁੱਛ ਕੇ ਛੱਡ ਦਿੱਤਾ। ਹੁਣ ਜੇਕਰ ਗਾਂ ਦੀ ਤਸਕਰੀ ਅਪਰਾਧ ਹੈ ਤਾਂ ਕੀ ਅਰਜੁਨ ਲਈ ਨਹੀਂ ਹੈ। ਕੀ ਅਰਜੁਨ ਨੂੰ ਗਾਂ ਦੀ ਤਸਕਰੀ ਦੀ ਛੋਟ ਹੈ? ਘੱਟੋ-ਘੱਟ ਅਰਜੁਨ ਤੋਂ ਪੁਛਗਿਛ ਤਾਂ ਹੋਣੀ ਹੀ ਚਾਹੀਦੀ ਹੈ। ਠੀਕ ਹੈ ਕਿ ਪਹਿਲੂ ਖਾਨ ਨੇ ਕਿਰਾਏ ‘ਤੇ ਗੱਡੀ ਲਈ ਸੀ ਪਰ ਜੈਪੁਰ ਤੋਂ ਜਦੋਂ ਉਹ ਛੋਟਾ ਟਰੱਕ ਲੈ ਕੇ ਚੱਲਿਆ ਸੀ, ਉਦੋਂ ਤਾਂ ਗਾਂ ਦਿਖਾਈ ਦਿੱਤੀ ਹੀ ਹੋਵੇਗੀ। ਪਹੂਲ ਖਾਨ ਨਾਲ ਉਸ ਦੇ ਦੋ ਪੁੱਤਰ ਇਰਸ਼ਾਦ ਤੇ ਆਰਿਫ਼ ਵੀ ਗਏ ਸਨ। ਟੀ.ਵੀ. ‘ਤੇ ਕਿਵੇਂ ਕਿਹਾ ਜਾਵੇ ਕਿ ਗਾਂ ਮੁਸਲਮਾਨ ਵੀ ਪਾਲਦੇ ਹਨ। ਮੁਸਲਮਾਨ ਵੀ ਗਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ। ਇਸ ਤਰ੍ਹਾਂ ਨਾਲਸ਼ੱਕ ਦੇ ਆਧਾਰ ‘ਤੇ ਕਿਸੇ ਨੂੰ ਦੌੜਾ ਕੇ ਮਾਰ ਦਿੱਤਾ ਜਾਵੇ ਤਾਂ ਕੀ ਪਤਾ ਕਿਸੇ ਦਿਨ ਤੁਸੀਂ ਕਿਸੇ ਗਾਂ ਦੇ ਨਾਲ ਚੱਲ ਰਹੇ ਹੋਵੋ, ਕੁਝ ਖਵਾ ਰਹੇ ਹੋਵ ਤੇ ਭੀੜ ਆਕੇ ਮਾਰ ਦੇਵੇ, ਕੁਝ ਵੀ ਕਹਿ ਦੇਵੇ, ਕਹਿ ਦਏਗੀ ਕਿ ਗਾਂ ਨੂੰ ਕਿਤੇ ਹੋਰ ਲਿਜਾ ਰਹੇ ਸਨ, ਕੁਝ ਸ਼ੱਕੀ ਖਵਾ ਰਹੇ ਸਨ।
ਜਿਨ੍ਹਾਂ ‘ਤੇ ਕੁੱਟਮਾਰ ਦੇ ਇਲਜ਼ਾਮ ਹਨ, ਉਨ੍ਹਾਂ ਨੂੰ ਫੜਨ ਲਈ ਪੁਲੀਸ ਨੇ ਤਿੰਨ ਵਿਸ਼ੇਸ਼ ਟੀਮਾਂ ਬਣਾਈਆਂ ਹਨ। ਮੁਲਜ਼ਮਾਂ ਨੂੰ ਫੜਨ ਲਈ 5-5 ਹਜ਼ਾਰ ਦਾ ਇਨਾਮ ਰੱਖਿਆ ਗਿਆ ਹੈ। ਵੀਡੀਓ ਤੇ ਤਸਵੀਰਾਂ ਦੇ ਆਧਾਰ ‘ਤੇ ਪੁਲੀਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰ ਐਸ.ਪੀ. ਰਾਹੁਲ ਪ੍ਰਕਾਸ਼ ਨੇ ਜੋ ਗੱਲ ਕਹੀ ਕਿ ਸੂਬੇ ਤੋਂ ਬਾਹਰ ਲਿਜਾਣ ਲਈ ਕਲੈਕਟਰ ਤੋਂ ਪਰਮਿਟ ਲੈਣਾ ਹੁੰਦਾ ਹੈ, ਇਹ ਮਹੱਤਵਪੂਰਨ ਹੈ। ਹੋ ਸਕਦਾ ਹੈ, ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਾ ਹੋਵੇ। ਸਿਰਫ਼ ਇਸ ਪਰਮਿਟ ਦੇ ਨਾਹੋਣ ਨਾਲ ਕੀ ਕਿਸੇ ਨੂੰ ਗਊ ਤਸਕਰ ਐਲਾਨਿਆ ਜਾ ਸਕਦਾ ਹੈ ਜਦਕਿ ਖ਼ਰੀਦਦਾਰ ਨਗਰ ਨਿਗਮ ਦੇ ਮੇਲੇ ‘ਚੋਂ ਖ਼ਰੀਦ ਰਿਹਾ ਹੈ, ਉਸ ਦੀ ਪਰਚੀ ਲੈ ਕੇ ਆ ਰਿਹਾ ਹੈ। ਐਨ.ਡੀ.ਟੀ.ਵੀ ਦੀ ਰਿਪੋਰਟਰ ਹਰਸ਼ਾ ਕੁਮਾਰੀ ਸਿੰਘ ਨੇ ਇਸ ਲਈ ਕਈ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਕੈਮਰੇ ‘ਤੇ ਨਹੀਂ ਆਇਆ ਤੇ ਨਾ ਹੀ ਦੱਸ ਸਕਿਆ ਕਿ ਕਿੰਨੇ ਲੋਕਾਂ ਨੂੰ ਟਰਾਂਜ਼ਿਟ ਪਰਮਿਟ ਦਿੱਤਾ ਗਿਆ, ਜੇਕਰ ਅਜਿਹਾ ਕਾਨੂੰਨ ਹੈ ਜਿਵੇਂ ਕੇ ਐਸ.ਪੀ. ਸਾਹਿਬ ਕਹਿ ਰਹੇ ਹਨ ਤਾਂ ਉਸ ਲਈ ਮੇਲੇ ਵਿਚ ਕੀ ਵਿਵਸਥਾ ਕੀਤੀ ਗਈ। ਹਰ ਥਾਂ ਆਫ਼ ਦੀ ਰਿਕਾਰਡ ਜਵਾਬ ਹੀ ਮਿਲਿਆ। ਪਰ ਜੈਪੁਰ ਦੇ ਮੇਅਰ ਅਸ਼ੋਕ ਲਾਹੋਟੀ ਨੇ ਕੈਮਰੇ ‘ਤੇ ਜਵਾਬ ਦਿੱਤਾ। ਇਹ ਸਭ ਜਾਂਚ ਦਾ ਵਿਸ਼ਾ ਹੈ। ਐਸ.ਪੀ. ਨੇ ਕਿਹਾ ਕਿ ਇਸ ਨਾਲ ਕਿਸੇ ਦਾ ਅਪਰਾਧ ਘੱਟ ਨਹੀਂ ਹੋ ਜਾਂਦਾ ਕਿ ਕੋਈ ਗਊ ਤਸਕਰ ਸੀ ਜਾਂ ਨਹੀਂ। ਵੈਸੇ ਵੀ ਪਹਿਲੂ ਖਾਨ ਦੇ ਮਾਰੇ ਜਾਣ ਤੋਂ ਪਹਿਲਾਂ 11 ਲੋਕਾਂ ਨੂੰ ਤਸਕਰੀ ਦੇ ਦੋਸ਼ਾਂ ਵਿਚ ਫੜਿਆ ਗਿਆ ਹੈ।