ਔਰਤਾਂ ਦਾ ਦਰਦ ਨੋਟਬੰਦੀ ਦਾ ਹਵਨ ਕਰ ਰਹੇ ਪਾਂਡਿਆਂ ਨੂੰ ਸਮਝ ਨਹੀਂ ਆਏਗਾ

ਔਰਤਾਂ ਦਾ ਦਰਦ ਨੋਟਬੰਦੀ ਦਾ ਹਵਨ ਕਰ ਰਹੇ ਪਾਂਡਿਆਂ ਨੂੰ ਸਮਝ ਨਹੀਂ ਆਏਗਾ

ਭਾਰਤ ਦੇ ਜ਼ਿਆਦਾਤਰ ਮੀਡੀਆ ਵਲੋਂ ਮੋਦੀ ਸਰਕਾਰ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਦੀ ਸ਼ਲਾਘਾ ਹੋ ਰਹੀ ਹੈ ਕਿ ਹੁਣ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਉਹ ਨਹੀਂ ਦਿਖਾ ਰਹੇ ਕਿ ਇਸ ਨਾਲ ਆਮ ਬੰਦੇ ‘ਤੇ ਕਿੰਨੀ ਵੱਡੀ ਮਾਰ ਪਈ ਹੈ। ਉਹ ਇਹ ਨਹੀਂ ਦਿਖਾ ਰਹੇ ਕਿ ਨੋਟਬੰਦੀ ਦੇ ਨਾਂ ‘ਤੇ ਭ੍ਰਿਸ਼ਟਾਚਾਰ ਹੇਠਲੇ ਪੱਧਰ ਤਕ ਫੈਲ ਗਿਆ ਹੈ। ਨੋਟ ਬਦਲਵਾਉਣ, ਪੈਸੇ ਕਢਵਾਉਣ ਦੇ ਨਾਂ ‘ਤੇ ਸ਼ਰੇਆਮ ਰਿਸ਼ਵਤ ਲਈ ਜਾ ਰਹੀ ਹੈ। ਕਤਾਰਾਂ ਵਿਚ ਲੱਗੇ ਲੋਕਾਂ ਦੀਆਂ ਤਕਲੀਫ਼ਾਂ ਇਸ ਮੀਡੀਏ ਨੂੰ ਨਜ਼ਰ ਨਹੀਂ ਆ ਰਹੀਆਂ। ਇਸ ਸਬੰਧ ਵਿਚ ਐਨ.ਡੀ.ਟੀ.ਵੀ. ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਨੋਇਡਾ ਲਾਗੇ ਖੋਡਾ ਦੇ ਇਕ ਬੈਂਕ ਦੇ ਬਾਹਰ ਲੱਗੀ ਲੰਬੀ ਕਤਾਰ ਵਿਚ ਸ਼ਾਮਲ ਔਰਤਾਂ ਦੇ ਦੁੱਖ ਸੁਣੇ। ਪੇਸ਼ ਹੈ ਉਨ੍ਹਾਂ ਦੀ ਔਰਤਾਂ ਨਾਲ ਗੱਲਬਾਤ।

ਰਵੀਸ਼ ਕੁਮਾਰ
8 ਨਵੰਬਰ ਦੀ ਰਾਤ 8 ਵਜੇ ਟੀ.ਵੀ. ‘ਤੇ ਜਦੋਂ ਪ੍ਰਧਾਨ ਮੰਤਰੀ ਬੋਲ ਰਹੇ ਸਨ ਕਿ ਅੱਧੀ ਰਾਤ ਤੋਂ 500 ਤੇ ਹਜ਼ਾਰ ਦੇ ਨੋਟ ਰੱਦੀ ਹੋ ਗਏ, ਉਸ ਵਕਤ ਫ਼ੈਸਲੇ ਦੇ ਸਵਾਗਤ ਵਿਚ ਕਿਸੇ ਨੂੰ ਧਿਆਨ ਵੀ ਨਹੀਂ ਰਿਹਾ ਹੋਵੇਗਾ ਕਿ ਇਸ ਨੂੰ ਸੁਣਦੇ ਵਕਤ ਕਿਸ ਦਾ ਦਿਲ ਕਿਵੇਂ ਧੜਕੇਗਾ। ਸਵਾਗਤਕਰਤਾਵਾਂ ਨੇ ਸਿਰਫ਼ ਉਨ੍ਹਾਂ ਕਾਲੇ ਧਨ ਵਾਲਿਆਂ ਦੇ ਚਿਹਰਿਆਂ ਦੀ ਕਲਪਨਾ ਕੀਤੀ ਜਿਨ੍ਹਾਂ ਦੀ ਉਦਾਸੀ ਹਾਲੇ ਤਕ ਨਜ਼ਰ ਨਹੀਂ ਆਈ ਹੈ। ਪ੍ਰਧਾਨ ਮੰਤਰੀ ਕੋਈ ਵੀ ਤਰੀਕ ਚੁਣ ਸਕਦੇ ਸਨ ਪਰ 8 ਨਵੰਬਰ ਦੀ ਤਰੀਕ ਤੋਂ ਅਣਜਾਣੇ ਵਿਚ ਗ਼ਲਤੀ ਹੋ ਗਈ। ਦੇਸ਼ ਦੇ ਕਈ ਮਹਾਨਗਰਾਂ ਵਿਚ ਹਰ ਮਹੀਨੇ ਦੀ 7 ਤਰੀਕ ਨੂੰ ਹੀ ਤਨਖ਼ਾਹ ਮਿਲਦੀ ਹੈ। ਭਾਵੇਂ ਉਹ ਕਾਰਖ਼ਾਨਾ ਹੋਵੇ ਜਾਂ ਦੁਕਾਨ, ਪਹਿਲੀ ਦੀ ਤਨਖ਼ਾਹ ਉਨ੍ਹਾਂ ਨੂੰ ਆਉਂਦੀ ਹੈ ਜੋ ਸੰਗਠਤ ਖੇਤਰ ਵਿਚ ਨੌਕਰੀ ਕਰਦੇ ਹਨ। ਅਸੰਗਠਤ ਖੇਤਰ ਦੇ ਕਰੋੜਾਂ ਲੋਕਾਂ ਨੂੰ ਮਹੀਨੇ ਦੀ 7 ਤਰੀਕ ਨੂੰ ਹੀ ਤਨਖ਼ਾਹ ਮਿਲਦੀ ਹੈ। ਚੈੱਕ ਨਾਲ ਬਹੁਤ ਘੱਟ ਤਨਖ਼ਾਹ ਮਿਲਦੀ ਹੈ। ਜ਼ਿਆਦਾਤਰ ਨਕਦੀ ਵਿਚ ਹੀ ਤਨਖ਼ਾਹ ਲੈ ਕੇ ਘਰਾਂ ਨੂੰ ਪਰਤਦੇ ਹਨ। ਜਿਵੇਂ ਹੀ ਪਤਾ ਚਲਿਆ ਕਿ ਉਨ੍ਹਾਂ ਦੀ ਮਹੀਨੇ ਦੀ ਕਮਾਈ ਚਿੱਕੜ ਵਿਚ ਬਦਲ ਗਈ ਹੈ, ਉਨ੍ਹਾਂ ਦੇ ਹੋਸ਼ ਉਡ ਗਏ।
ਅਗਲੇ ਦਿਨ ਮਹਾਂਨਗਰਾਂ ਵਿਚ ਇਹੀ ਲੋਕ ਸਨ ਜੋ ਏ.ਟੀ.ਐਮ. ਵੱਲ ਬਦਹਵਾਸ ਭੱਜੇ ਸਨ। ਤਨਖ਼ਾਹ ਦੇ ਪੈਸੇ ਮੁੱਠੀ ਵਿਚ ਭੀਚੀ ਕਿਸੇ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਵਿਚ ਅੱਧੀ ਰਾਤ ਤੋਂ ਕਤਾਰਾਂ ਵਿਚ ਲੱਗੇ। ਕਿਸੇ ਨੂੰ ਖ਼ਿਆਲ ਹੀ ਨਹੀਂ ਰਿਹਾ ਕਿ 7 ਨਵੰਬਰ ਨੂੰ ਕਰੋੜਾਂ ਮਜ਼ਦੂਰਾਂ ਦੇ ਘਰ ਵਿਚ ਤਨਖ਼ਾਹ ਦਾ ਪੈਸਾ ਆਇਆ ਹੈ, ਜਿਸ ਨੇ ਅਗਲੇ ਦੋ ਹਫ਼ਤੇ ਵਿਚ ਕਰਿਆਣੇ ਤੋਂ ਲੈ ਕੇ ਸਕੂਲ ਦੀ ਫ਼ੀਸ ਤਕ ਵਿਚ ਖ਼ਰਚ ਹੋ ਜਾਣਾ ਸੀ। ਉਨ੍ਹਾਂ ਦੇ ਇਸ ਪੈਸੇ ਦਾ ਇਕ ਹਿੱਸਾ ਪਿੰਡ ਘਰਾਂ ਵਿਚ ਮੌਜੂਦ ਪਰਿਵਾਰ ਤੇ ਮਾਂ-ਬਾਪ ਨੂੰ ਵੀ ਜਾਂਦਾ ਹੈ। ਸਭ ਕੁਝ ਠੱਪ ਹੋ ਗਿਆ। ਉਹ ਆਪਣੇ ਪੈਸੇ ਨੂੰ ਬਚਾਉਣ ਲਈ ਕੀ ਨਾ ਕਰਦੇ। ਤੁਸੀਂ ਨੋਇਡਾ, ਗਰੇਟਰ ਨੋਇਡਾ ਤੇ ਗੁੜਗਾਓਂ ਦੀਆਂ ਮਜ਼ਦੂਰ ਬਸਤੀਆਂ ਕੋਲ ਬੈਂਕਾਂ ਵਿਚ ਜਾਓ। ਹਕੀਕਤ ਦਾ ਪਤਾ ਚਲੇਗਾ। ਸਰਕਾਰ ਵਾਰ ਵਾਰ ਕਹਿੰਦੀ ਰਹੀ ਕਿ ਲੋਕ ਜਲਦੀ ਨਾ ਕਰਨ। 30 ਦਸੰਬਰ ਤਕ ਦਾ ਵਕਤ ਹੈ। ਸ਼ਾਇਦ ਉਸ ਨੂੰ ਵੀ ਖ਼ਿਆਲ ਨਹੀਂ ਰਿਹਾ ਹੋਵੇਗਾ ਕਿ ਕਰੋੜਾਂ ਮਜ਼ਦੂਰ ਲੰਬਾ ਇੰਤਜ਼ਾਰ ਨਹੀਂ ਕਰ ਸਕਦੇ ਸਨ। ਮਕਾਨ ਮਾਲਕ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਦੁਕਾਨਦਾਰ ਨੇ ਸਾਮਾਨ ਦੇਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਨੂੰ ਕੋਈ ਕਿਵੇਂ ਸਬਰ ਦਾ ਪਾਠ ਪੜ੍ਹਾ ਸਕਦਾ ਹੈ।
ਖੋਡਾ, ਮਜ਼ਦੂਰਾਂ ਅਤੇ ਕੰਮਵਾਲੀਆਂ ਦੀ ਵਿਸ਼ਾਲ ਦੁਨੀਆ ਹੈ, ਜੋ ਦਿੱਲੀ, ਗਾਜ਼ੀਆਬਾਦ ਤੇ ਨੋਇਡਾ ਦੇ ਵਿਚਾਲੇ ਵਸਦੀ ਹੈ। ਇਸ ਦੀ ਆਬਾਦੀ ਕੋਈ 8 ਲੱਖ ਦਸਦਾ ਹੈ ਤੇ ਕੋਈ ਦਸ ਤੋਂ ਬਾਰ੍ਹਾਂ ਲੱਖ। ਇਹ ਉਹ ਥਾਂ ਹੈ, ਜਿਥੇ ਇਸੇ ਦੇਸ਼ ਦੇ ਨਾਗਰਿਕ ਰਹਿੰਦੇ ਹਨ, ਪਰ ਲਗਦਾ ਨਹੀਂ ਕਿ ਸੰਸਥਾਵਾਂ ਉਨ੍ਹਾਂ ਨੂੰ ਆਪਣਾ ਨਾਗਰਿਕ ਸਮਝਦੀਆਂ ਹਨ। ਕਦੇ ਖੋਡਾ ਆਓ। ਭਾਰਤ ਵਿਚ ਇਕ ਲੱਖ ਦੀ ਆਬਾਦੀ ‘ਤੇ 13 ਬੈਂਕ ਹਨ। ਖੋਡਾ ਦੀ 8 ਤੋਂ 10 ਲੱਖ ਦੀ ਆਬਾਦੀ ‘ਤੇ ਸਿਰਫ਼ ਇਕ ਬੈਂਕ ਹੈ, ਸਟੇਟ ਬੈਂਕ ਆਫ਼ ਇੰਡੀਆ। ਇਸ ਦੀ ਸੀਮਾ ਨਾਲ ਲੱਗੇ ਇਕ-ਦੋ ਬੈਂਕ ਹੋਰ ਹਨ ਪਰ ਖੋਡਾ ਦੇ ਹਿੱਸੇ ਵਿਚ ਇਕ ਹੀ ਬੈਂਕ ਹੈ। ਏ.ਟੀ.ਐਮ. ਜ਼ਰੂਰ ਤੀਹ ਤੋਂ ਪੈਂਤੀ ਦੇ ਕਰੀਬ ਹਨ। ਅੰਦਾਜ਼ਾ ਲਾਓ, ਖੋਡਾ ਦੇ ਸਟੇਟ ਬੈਂਕ ਦੇ ਬਾਹਰ ਕੀ ਸਥਿਤੀ ਹੋਵੇਗੀ।
ਮੈਂ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ‘ਪ੍ਰਾਈਮ ਟਾਈਮ’ ਲਈ ਗੱਲਬਾਤ ਸਿਰਫ਼ ਔਰਤਾਂ ਨਾਲ ਕਰਾਂਗਾ, ਇਸ ਲਈ ਪੁਰਸ਼ ਨਾ ਆਉਣ। ਅਕਸਰ ਅਸੀਂ ਟੀ.ਵੀ. ਵਾਲੇ ਜਦੋਂ ਵੀ ਸੜਕਾਂ ‘ਤੇ ਜਾਂਦੇ ਹਾਂ, ਮਾਈਕ ਕੱਢਦੇ ਹਾਂ, ਮਰਦ ਅੱਗੇ ਆ ਜਾਂਦੇ ਹਨ। ਉਹ ਸਾਨੂੰ ਘੇਰ ਲੈਂਦੇ ਹਨ। ਔਰਤਾਂ ਨੂੰ ਮੁਸ਼ਕਲ ਨਾਲ ਥਾਂ ਮਿਲਦੀ ਹੈ। ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਮਿਲਦਾ। ਖੋਡਾ ਦੇ ਪੁਰਸ਼ਾਂ ਨੇ ਮੇਰਾ ਪ੍ਰਸਤਾਵ ਸਵੀਕਾਰ ਕਰ ਲਿਆ ਤੇ ਮੈਂ ਔਰਤਾਂ ਨਾਲ ਗੱਲ ਕਰਨ ਲੱਗਾ। ਯਕੀਨ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਵੀ ਉਨ੍ਹਾਂ ਦੀਆਂ ਗੱਲਾਂ ਸੁਣਦੇ ਤਾਂ ਧਾਹਾਂ ਮਾਰ ਕੇ ਰੌ ਪੈਂਦੇ। ਕਿਸੇ ਦਾ 17 ਦਿਨ ਪਹਿਲਾਂ ਆਪਰੇਸ਼ਨ ਹੋਇਆ ਹੈ, ਉਹ ਮੰਜਾ ਛੱਡ ਕੇ ਚਾਰ ਦਿਨਾਂ ਤੋਂ ਰਾਤ ਦੋ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤਕ ਲਾਈਨ ਵਿਚ ਲਗੀ ਹੈ। ਪੈਸਾ ਨਹੀਂ ਬਦਲਦਾ ਹੈ, ਮਾਯੂਸ ਹੋ ਕੇ ਚਲੀ ਜਾਂਦੀ ਹੈ। ਇਕ ਬੁੱਢੀ ਔਰਤ ਨੇ ਕਿਹਾ ਕਿ ਮੇਰਾ ਬੁੱਢਾ ਪਤੀ ਬਿਮਾਰ ਹੈ, ਮੰਜੇ ‘ਤੇ ਪਖਾਨਾ-ਪਿਸ਼ਾਬ ਕਰ ਦਿੰਦਾ ਹੈ। ਉਸ ਕੋਲ ਕੋਈ ਨਹੀਂ ਹੈ। ਮੈਂ ਇਥੇ ਤਿੰਨ ਦਿਨ ਤੋਂ ਬਾਰ੍ਹਾਂ ਬਾਰ੍ਹ੍ਹਾਂ ਘੱਟੇ ਲਾਈਨ ਵਿਚ ਲੱਗੀ ਹੋਈ ਹਾਂ। ਇਕ ਔਰਤ ਨੂੰ ਕੈਂਸਰ ਹੈ, ਖੜ੍ਹੀ ਨਹੀਂ ਹੋ ਸਕਦੀ ਪਰ ਉਹ ਆਪਣਾ ਟੋਕਨ ਲੈ ਕੇ ਖੜ੍ਹੀ ਹੈ। ਤਿੰਨ ਦਿਨ ਤੋਂ ਵਾਪਸ ਜਾ ਰਹੀ ਹੈ।
ਚੈਨਲਾਂ ‘ਤੇ ਜੋ ਆਵਾਜ਼ ਸੁਣਾਈ ਦੇ ਰਹੀ ਹੈ, ਉਸ ਵਿਚ ਸਵਾਗਤਗਾਨ ਹੈ। ਜ਼ਰੂਰ ਲੋਕ ਖ਼ੁਸ਼ ਹਨ, ਪਰ ਕੀ ਇਨ੍ਹਾਂ ਔਰਤਾਂ ਦੀ ਕਹਾਣੀ ਝੂਠੀ ਹੈ। ਉਹ ਕਿਉਂ ਰੋਣ ਲਗਦੀਆਂ ਹਨ। ਉਹ ਕਿਉਂ ਮਜਬੂਰ ਹਨ। ਕੀ ਤੁਸੀਂ ਬਿਨਾਂ ਬਰਸ਼ ਕੀਤੇ ਰਾਤ ਦੇ ਦੋ ਵਜੇ ਤੋਂ ਲੈ ਕੇ ਦੁਪਹਿਰ ਚਾਰ ਵਜੇ ਤਕ ਲਾਈਨ ਵਿਚ ਲੱਗ ਸਕਦੇ ਹੋ। ਕੁਝ ਲੋਕਾਂ ਨੇ ਇਕ ਦਿਨ ਚਾਹ ਬਿਸਕੁਟ ਤੇ ਖਿਚੜੀ ਦਾ ਇੰਤਜ਼ਾਰ ਕਰ ਦਿੱਤਾ ਪਰ ਅੱਜ ਤਾਂ ਉਹ ਵੀ ਨਹੀਂ ਸੀ। ਸਬਰ ਦੀ ਇੰਤਹਾ ਹੈ ਕਿ ਕੋਈ 12 ਘੰਟੇ ਖਾਲੀ ਪੇਟ ਲਾਈਨ ਵਿਚ ਲੱਗੇ ਤੇ ਸਰੀਰ ਦਾ ਇਕ ਹਿੱਸਾ ਆਪਰੇਸ਼ਨ ਦੇ ਦਰਦ ਨਾਲ ਕੁਰਲਾਉਂਦਾ ਰਹੇ। ਕਿਸੇ ਨੂੰ ਚੱਕਰ ਆ ਰਿਹਾ ਹੈ ਤੇ ਕਿਸੇ ਨੂੰ ਗੈਸ ਹੋ ਰਹੀ ਹੈ। ਇਨ੍ਹਾਂ ਔਰਤਾਂ ਲਈ ਸਮਾਜ ਤਾਂ ਅੱਜ ਨਹੀਂ ਬਦਲ ਗਿਆ। ਉਨ੍ਹਾਂ ਦੇ ਪਿਛੇ ਬੱਚੇ ਭੁੱਖੇ ਹਨ। ਘਰ ਵਿਚ ਖਾਣਾ ਨਹੀਂ ਪੱਕਿਆ ਹੈ। ਜਦੋਂ ਉਹ ਕਹਿੰਦੀ ਹੈ ਕਿ ਕੁਝ ਨਹੀਂ ਹੈ ਪਕਾਉਣ ਲਈ ਤਾਂ ਯਕੀਨ ਨਹੀਂ ਹੁੰਦਾ। ਮੈਨੂੰ ਕਿਉਂ ਹੋਵੇਗਾ, ਤੁਹਾਨੂੰ ਕਿਉਂ ਹੋਵੇਗਾ। ਅਸੀਂ ਕਦੋਂ ਆਪਣੀ ਰਸੋਈ ਨੂੰ ਖਾਲੀ ਦੇਖਿਆ ਹੈ? ਕਿਸੇ ਦਾ ਜਵਾਈ ਬਿਮਾਰ ਹੈ। ਕਿਸੇ ਦੀ ਇਕ ਸਾਲ ਦੀ ਬੱਚੀ ਬਿਮਾਰ ਹੈ। ਕਿਸੇ ਦੀ ਪੰਜ ਸਾਲ ਦੀ ਬੱਚੀ ਬਿਮਾਰ ਹੈ। ਸਭ ਦੀ ਮਾਂ ਕਤਾਰ ਵਿਚ ਹੈ।
ਦਸ ਘੰਟੇ ਹੋ ਗਏ ਹਨ। ਸਾਰਿਆਂ ਦੇ ਹੱਥ ਵਿਚ ਟੋਕਨ ਹੈ। ਕਿਸੇ ‘ਤੇ 50 ਲਿਖਿਆ ਹੈ, ਕਿਸੇ ‘ਤੇ 61 ਤੇ ਕਿਸੇ ‘ਤੇ 91। ਲੋਕ ਕਹਿੰਦੇ ਹਨ ਕਿ  ਬੈਂਕ 11 ਵਜੇ ਖੁੱਲ੍ਹਿਆ। ਬੈਂਕ ਵਾਲੇ ਕਹਿੰਦੇ ਹਨ ਕਿ ਦਸ ਵਜੇ ਤਾਂ ਤੋਂ ਕੰਮ ਕਰ ਰਹੇ ਹਨ। ਗੱਲ ਕਰਦੇ ਕਰਦੇ ਔਰਤਾਂ ਰੋਣ ਲਗਦੀਆਂ ਹਨ। ਇਹ ਉਹ ਔਰਤਾਂ ਹਨ ਜੋ ਘਰਾਂ ਵਿਚ ਕੰਮ ਕਰਦੀਆਂ ਹਨ। ਨੋਇਡਾ, ਇੰਦਰਾਪੁਰਮ ਤੇ ਮਯੂਰ ਵਿਹਾਰ ਦੇ ਘਰਾਂ ਵਿਚ ਕੰਮ ਕਰਦੀਆਂ ਹਨ। ਕਿਸੇ ਦੀ ਧੀ ਦਾ ਵਿਆਹ ਹੈ। ਪੂਰਾ ਪਰਿਵਾਰ ਕਤਾਰ ਵਿਚ ਹੈ। ਮਧੁਬਣੀ ਜਾਣਾ ਹੈ। ਹਫ਼ਤੇ ਭਰ ਤੋਂ ਪਰਿਵਾਰ ਬੈਂਕ ਦੇ ਅੰਦਰ ਨਹੀਂ ਪਹੁੰਚ ਸਕਿਆ। ਹੁਣ ਸਿਰਫ਼ ਦੋ ਹਫ਼ਤੇ ਬਚੇ ਹਨ। ਜੇਕਰ ਅੰਦਰ ਪਹੁੰਚਣ ਵਿਚ ਸਫਲ ਰਹੇ ਤਾਂ 48000 ਕੱਢ ਸਕਣਗੇ। ਵਰਨਾ ਖਾਲੀ ਹੱਥ ਬਿਹਾਰ ਜਾ ਕੇ ਕੀ ਕਰਾਂਗੇ। ਤਿਆਰੀ ਕਿਵੇਂ ਹੋਵੇਗੀ। ਉਨ੍ਹਾਂ ਦੀ ਹਾਲਤ ਦੇਖੀ ਨਹੀਂ ਗਈ। ਬੇਸੁਧ ਬਦਹਵਾਸ ਇੰਤਜ਼ਾਰ ਕਰ ਰਹੀਆਂ ਹਨ ਕਿ ਕਾਸ਼ ਕੋਈ ਬੈਂਕ ਦੇ ਅੰਦਰ ਪਹੁੰਚਾ ਦਿੰਦਾ। ਕਾਸ਼ ਬੈਂਕ ਰਾਤ ਰਾਤ ਤਕ ਖੁੱਲ੍ਹਾ ਰਹਿੰਦਾ ਤੇ ਇਨ੍ਹਾਂ ਦਾ ਕੰਮ ਹੋ ਜਾਂਦਾ। ਸਾਡੀਆਂ ਸੰਵੇਦਨਾਵਾਂ ਮਰ ਗਈਆਂ ਹਨ। ਦਰਅਸਲ, ਅੱਜ ਹੀ ਨਹੀਂ ਮਰੀਆਂ। ਹਿੰਦੁਸਤਾਨ ਦੇ ਸਮਾਜ ਵਿਚ ਔਰਤਾਂ ਪ੍ਰਤੀ ਕੋਈ ਸੰਵੇਦਨਾ ਹੁੰਦੀ ਹੀ ਨਹੀਂ ਹੈ। ਉਹ ਸਿਰਫ਼ ਕੈਲੰਡਰ ਅਤੇ ਤਿਓਹਾਰਾਂ ਵਿਚ ਦੇਵੀ ਨਜ਼ਰ ਆਉਂਦੀ ਹੈ, ਬਾਕੀ ਸਮਾਂ ਕਿਸੇ ਨੂੰ ਉਸ ਦੇ ਹੋਣ ਨਾਲ ਫ਼ਰਕ ਨਹੀਂ ਪੈਂਦਾ। ਉਨ੍ਹਾਂ ਤੋਂ ਆਪਣੀ ਹਾਲਤ ਨਹੀਂ ਦੇਖੀ ਜਾ ਰਹੀ ਹੈ ਪਰ ਉਹ ਆਪਣੇ ਬੱਚਿਆਂ ਦਾ ਸੋਚ ਕੇ ਰੋਈ ਜਾ ਰਹੀਆਂ ਹਨ।
ਲੋਕਾਂ ਦੀ ਚੁੱਪ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਕਈ ਲੋਕਾਂ ਨੇ ਕਿਹਾ ਕਿ ਮੀਡੀਆ ਨਾਲ ਬੋਲ ਨਹੀਂ ਪਾ ਰਹੇ। ਮੀਡੀਆ ਇਹੀ ਪੁਛਦਾ ਹੈ ਕਿ ਤੁਸੀਂ ਇਸ ਫ਼ੈਸਲੇ ਦੇ ਨਾਲ ਹੋ। ਇਕ ਔਰਤ ਨੇ ਕਿਹਾ ਕਿ ਦੱਸੋ ਸਾਡੀ ਤਕਲੀਫ਼ ਨਾਲ ਕੌਣ ਹੈ। ਅਸੀਂ ਕੀ ਕਰੀਏ। ਸਾਡਾ ਕੀ ਕਸੂਰ ਸੀ। ਕੀ ਸਾਡੇ ਕੋਲ ਕਾਲਾ ਧਨ ਹੈ। ਚਾਰ ਦਿਨ ਤੋਂ ਕੰਮ ‘ਤੇ ਨਹੀਂ ਗਈ, ਮੇਮਸਾਹਿਬ ਪੈਸੇ ਕੱਟ ਲਏਗੀ। ਜੋ ਕਮਾ ਕੇ ਲਿਆਏ ਸੀ, ਉਸ ਨੂੰ ਬਚਾਉਣ ਵਿਚ ਲੱਗੇ ਹਾਂ। ਜਦੋਂ ਕਮਾਉਣਾ ਸੀ, ਉਦੋਂ ਗਵਾ ਰਹੇ ਹਾਂ। ਇਨ੍ਹਾਂ ਔਰਤਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਨੂੰ ਜੋੜੋ ਤਾਂ ਪਤਾ ਚੱਲੇਗਾ ਕਿ ਕਥਿਤ ਤੌਰ ‘ਤੇ ਰਾਸ਼ਟਰ ਦੇ ਇਸ ਮਹਾਂਯਗ ਵਿਚ ਇਨ੍ਹਾਂ ਗਰੀਬ ਔਰਤਾਂ ਦਾ ਕੀ ਯੋਗਦਾਨ ਹੈ। ਉਨ੍ਹਾਂ ਦਾ ਯੋਗਦਾਨ ਸਭ ਤੋਂ ਵੱਡਾ ਹੈ।
ਕਤਾਰ ਵਿਚ ਦੋ ਅਜਿਹੇ ਹਨ ਜੋ ਮੀਡੀਆ ਨੂੰ ਦੇਖਦੇ ਹੀ ਕਹਿਣ ਲੱਗਦੇ ਹਨ ਕਿ ਮੋਦੀ ਨੇ ਜੋ ਕੀਤਾ, ਬਹੁਤ ਸਹੀ ਕੀਤਾ। ਉਨ੍ਹਾਂ ਦੇ ਕਹਿੰਦਿਆਂ ਹੀ ਸਾਰੇ ਚੁੱਪ ਹੋ ਜਾਂਦੇ ਹਨ, ਪਰ ਇਸ ਵਾਰ ਔਰਤਾਂ ਨਹੀਂ ਰੁਕੀਆਂ। ਕਹਿੰਦੀਆਂ ਰਹੀਆਂ। ਬਲਕਿ ਰੋਂਦੀਆਂ ਰਹੀਆਂ। ਲਾਚਾਰ ਖੜ੍ਹੀਆਂ ਇਨ੍ਹਾਂ ਔਰਤਾਂ ਦੀਆਂ ਅੱਖਾਂ ਵਿਚ ਹੰਝੂ ਜ਼ਿਆਦਾ ਸਨ ਤੇ ਟੀ.ਵੀ. ‘ਤੇ ਬੋਲੇ ਜਾਣ ਲਈ ਸ਼ਬਦ ਘੱਟ। ਗਿੜਗਿੜਾਉਣ ਲੱਗੀਆਂ ਕਿ ਤੁਸੀਂ ਕਿਸੇ ਨੂੰ ਕਹਿ ਕੇ ਇਸ ਬੈਂਕ ਦਾ ਹਾਲ ਠੀਕ ਕਰਵਾ ਦਿਓ। ਬੈਂਕ ਦੇ ਕਰਮਚਾਰੀ ਕੰਮ ਕਰ ਰਹੇ ਹਨ ਪਰ ਉਹ ਏਨੀ ਵੱਡੀ ਆਬਾਦੀ ਦਾ ਬੋਝ ਕਿਵੇਂ ਚੁੱਕ ਸਕਦੇ ਹਨ। ਲੋਕਾਂ ਕੋਲ ਇਹ ਸਵਾਲ ਨਹੀਂ ਹੈ ਕਿ ਦਸ ਲੱਖ ਦੀ ਆਬਾਦੀ ‘ਤੇ ਇਕ ਬੈਂਕ ਕਿਉਂ ਹੈ। ਸਾਰਿਆਂ ਨੇ ਇਕ ਸਵਾਲ ਰੱਟ ਲਿਆ ਹੈ, ਮੋਦੀ ਜੀ ਨੇ ਠੀਕ ਕੀਤਾ ਹੈ। ਬੱਸ ਬੈਂਕ ਵਾਲਿਆਂ ਨੇ ਇੰਤਜ਼ਾਮ ਨਹੀਂ ਕੀਤਾ। ਇਕ ਨੌਜਵਾਨ ਨੇ ਕਿਹਾ ਕਿ ਅਸੀਂ ਡਰ ਗਏ ਹਾਂ। ਸਾਡੀ ਹਾਲਤ ਕੁਝ ਹੋਰ ਹੀ ਹੈ। ਮੀਡੀਆ ਵਿਚ ਦਿਖਦਾ ਕੁਝ ਹੋਰ ਹੈ। ਮੈਂ ਕਿਹਾ ਵੀ ਕਿ ਇਸ ਵਾਰ ਤਾਂ ਚੈਨਲਾਂ ਨੇ ਤੁਹਾਡੀ ਸਮੱਸਿਆਵਾਂ ਨੂੰ ਖੂਬ ਦਿਖਾਇਆ ਹੈ। ਇਕ ਲੜਕੇ ਨੇ ਕਹਿ ਦਿੱਤਾ ਕਿ ਤੁਸੀਂ ਲਾਈਨਾਂ ਦਿਖਾਈਆਂ ਹਨ, ਸਾਡੀਆਂ ਤਕਲੀਫ਼ਾਂ ਨਹੀਂ ਦੱਸੀਆਂ ਹਨ।
ਇਹ ਗੱਲ ਹੋ ਰਹੀ ਸੀ ਕਿ ਬਾਈਕ ‘ਤੇ ਦੋ ਨੌਜਵਾਨ ਆਏ। ਬੁਲੰਦ ਆਵਾਜ਼ ਵਿਚ ਬੋਲਣ ਲੱਗੇ ਕਿ ਤੁਸੀਂ ਇਹ ਕਿਉਂ ਦਿਖਾ ਰਹੇ ਹੋ। ਤੁਹਾਡੇ ਚੈਨਲ ‘ਤੇ ਹੀ ਇਹ ਲਾਈਨਾਂ ਕਿਉਂ ਦਿਖਾਈਆਂ ਜਾਂਦੀਆਂ ਹਨ। ਕੱਲ ਤੁਸੀਂ ‘ਪ੍ਰਾਈਮ ਟਾਈਮ’ ਵਿਚ ਚਾਂਦਨੀ ਚੌਕ ਦੇ ਕੁਝ ਲਾਲਿਆਂ ਨਾਲ ਕੀ ਗੱਲ ਕਰ ਰਹੇ ਸੀ। ਜਿਥੇ ਪੰਜ ਸੌ ਆਦਮੀ ਅਤੇ ਔਰਤਾਂ ਰੋਣ ਦੀ ਸਥਿਤੀ ਵਿਚ ਹਨ, ਉਥੇ ਦੋ ਨੌਜਵਾਨ ਬੋਲ ਕੇ ਨਿਕਲ ਜਾਂਦੇ ਹਨ ਕਿ ਇਹ ਨਾ ਦਿਖਾਓ। ਤੁਸੀਂ ਨੈਗੇਟਿਵ ਦਿਖਾਉਂਦੇ ਹੋ। ਇਹ ਸਭ ਚਲਦਾ ਰਹੇਗਾ। ਲੋਕਾਂ ਨੂੰ ਆਪਣੀ ਆਵਾਜ਼ ਖ਼ੁਦ ਲੱਭਣੀ ਪਏਗੀ। ਡਰਾਉਣ ਵਾਲੇ, ਧਮਕਾਉਣ ਵਾਲੇ ਤੇ ਭੀੜ ਵਿਚ ਪਛਾਣਨ ਵਾਲੇ ਇਨ੍ਹਾਂ ਸਾਰਿਆਂ ਵਿਚ ਮਾਹਰ ਹਨ ਪਰ ਉਸ ਜਨਤਾ ਦੀ ਸੋਚੋ, ਜੋ ਸਿਸਕ ਰਹੀ ਹੈ। ਉਨ੍ਹਾਂ ਔਰਤਾਂ ਦੀ ਸੁਣੋ ਜੋ ਬਹੁਤ ਕੁਝ ਕਹਿਣਾ ਚਾਹੁੰਦੀਆਂ ਹਨ।