ਆਸਟਰੇਲਿਆਈ ਸਿੱਖ ਖੇਡਾਂ ਵਿਚ ਖਿਡਾਰੀਆਂ ਵਲੋਂ ਪਾਬੰਦੀਸ਼ੁਦਾ ਪਦਾਰਥਾਂ ਦੀ ਵਰਤੋਂ

ਆਸਟਰੇਲਿਆਈ ਸਿੱਖ ਖੇਡਾਂ ਵਿਚ ਖਿਡਾਰੀਆਂ ਵਲੋਂ ਪਾਬੰਦੀਸ਼ੁਦਾ ਪਦਾਰਥਾਂ ਦੀ ਵਰਤੋਂ

ਸਿਡਨੀ/ਬਿਊਰੋ ਨਿਊਜ਼ :
ਆਸਟਰੇਲੀਅਨ ਨੈਸ਼ਨਲ ਸਿੱਖ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਪਾਬੰਦੀਸ਼ੁਦਾ ਪਦਾਰਥ ਵਰਤ ਕੇ ਖੇਡਣ ਦੀ ਰਿਪੋਰਟ ਸਾਹਮਣੇ ਆਈ ਹੈ। ਇਹ ਖੇਡਾਂ ਹਰ ਸਾਲ ਕੌਮੀ ਪੱਧਰ ‘ਤੇ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੋ ਦਿਨਾਂ ਲਈ ਕੌਮੀ ਛੁੱਟੀਆਂ ਦੌਰਾਨ ਵਿਸਾਖ ਮਹੀਨੇ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ 50 ਤੋਂ ਵੱਧ ਖੇਡ ਕਲੱਬਾਂ ਦੇ ਕਰੀਬ 1700 ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਂਦੇ ਹਨ।
ਕਰੀਬ ਚਾਰ ਲੱਖ ਆਸਟਰੇਲੀਅਨ ਡਾਲਰ ਦੀ ਲਾਗਤ ਨਾਲ ਕਰਵਾਈਆਂ ਜਾਂਦੀਆਂ ਇਨ੍ਹਾਂ ਖੇਡਾਂ ਵਿੱਚ ਕੁਝ ਖਿਡਾਰੀਆਂ ‘ਤੇ ਪਾਬੰਦੀਸ਼ੁਦਾ ਪਦਾਰਥ ਵਰਤਣ ਦੇ ਦੋਸ਼ ਲੱਗੇ ਸਨ।
ਖੇਡ ਕਮੇਟੀ ਨੇ ਇਨ੍ਹਾਂ ਖੇਡਾਂ ਨੂੰ ਡੋਪ ਮੁਕਤ ਕਰਨ ਲਈ ਵਿਸ਼ੇਸ਼ ਡਰੱਗ ਟੈੱਸਟ ਕਰਵਾਇਆ ਸੀ। ਪ੍ਰਬੰਧਕਾਂ ਮੁਤਾਬਕ ਡਰੱਗ ਟੈੱਸਟ ਕੌਫ਼ਸ ਹਾਰਬਰ ਖੇਡਾਂ-2015 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ‘ਤੇ 24 ਹਜ਼ਾਰ ਡਾਲਰ ਖਰਚਾ ਆਇਆ ਸੀ।
ਰਿਪੋਰਟ ਮੁਤਾਬਕ ਖੇਡਾਂ ਦੀ ਕੌਮੀ ਬਾਡੀ ਦੇ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੰਘ ਸਭਾ ਮੈਲਬੌਰਨ, ਕੇਸਰੀ ਕਲੱਬ, ਯੰਗ ਕਬੱਡੀ ਕਲੱਬ ਤੇ ਮੈਲਬੌਰਨ ਯੂਨਾਈਟਿਡ ਕਲੱਬ ਦੇ ਬੈਨਰ ਹੇਠ ਐਡੀਲੈਡ ਵਿਚ ਕਰਵਾਈਆਂ ਕੌਮੀ ਖੇਡਾਂ ਵਿੱਚ ਖੇਡਣ ਵਾਲੇ ਪੰਜ ਖਿਡਾਰੀ ਡੋਪ ਟੈੱਸਟ ਵਿੱਚ ਫੇਲ੍ਹ ਹੋਏ ਹਨ।
ਉਨ੍ਹਾਂ ਆਖਿਆ ਕਿ 2018 ਵਿੱਚ ਸਿਡਨੀ ਵਿੱਚ ਹੋਣ ਵਾਲੀਆਂ ਕੌਮੀ  ਖੇਡਾਂ ਵਿੱਚ ਇਸ ਰੁਝਾਨ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਦੋਸ਼ੀ ਖਿਡਾਰੀਆਂ ‘ਤੇ ਆਸਟਰੇਲੀਅਨ ਨੈਸ਼ਨਲ ਸਿੱਖ ਖੇਡਾਂ ਦੇ ਨਿਯਮਾਂ ਮੁਤਾਬਕ ਜੁਰਮਾਨੇ ਤੇ ਖੇਡਣ ‘ਤੇ ਪਾਬੰਧੀ ਵੀ ਲਾਈ ਜਾਵੇਗੀ।
ਡਰੱਗ ਕਮੇਟੀ ਇੰਚਾਰਜ ਮਨਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਇਹ ਡਰੱਗ ਟੈਸਟ ਕਿਸੇ ਕਲੱਬ ਨੂੰ ਨਿਸ਼ਾਨਾ ਬਣਾ ਕਿ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਪਦਾਰਥਾਂ ਦੀ ਵਰਤੋਂ ਕਰ ਕੇ ਖੇਡਣ ਦੇ ਅਮਲ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।