ਸ਼੍ਰੋਮਣੀ ਕਮੇਟੀ ਗੁਰਪੁਰਬ ਮੌਕੇ ਸੋਨੇ-ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕਰੇਗੀ

ਸ਼੍ਰੋਮਣੀ ਕਮੇਟੀ ਗੁਰਪੁਰਬ ਮੌਕੇ ਸੋਨੇ-ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕਰੇਗੀ

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੇ ਜਾਣ ਵਾਲੇ ਸੋਨੇ-ਚਾਂਦੀ ਦੇ ਸਿੱਕੇ ਦਿਖਾਉਂਦੇ ਹੋਏ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮੌਕੇ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਜਾਣਗੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕੇ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਮੁੱਖ ਸਮਾਗਮ ਦੌਰਾਨ ਜਾਰੀ ਕੀਤੇ ਜਾਣਗੇ। ਇਹ ਸਿੱਕੇ 24 ਨਵੰਬਰ ਤੋਂ ਸਿੱਖ ਸੰਗਤ ਲਈ ਉਪਲੱਬਧ ਹੋਣਗੇ। ਫਿਲਹਾਲ ਮੁੱਢਲੇ ਤੌਰ ‘ਤੇ ਲਗਭਗ ਇੱਕ ਹਜ਼ਾਰ ਯਾਦਗਾਰੀ ਸਿੱਕੇ ਤਿਆਰ ਕਰਵਾਏ ਗਏ ਹਨ। ਇਨ੍ਹਾਂ ਵਿਚ ਸੋਨੇ ਦੇ ਸਿੱਕੇ ਦਸ ਗ੍ਰਾਮ ਅਤੇ ਪੰਜ ਗ੍ਰਾਮ ਦੇ ਹੋਣਗੇ। ਇਸ ਵਾਸਤੇ 24 ਕੈਰੇਟ ਸੋਨਾ ਵਰਤਿਆ ਗਿਆ ਹੈ ਅਤੇ ਇਨ੍ਹਾਂ ਉਪਰ ਹਾਲਮਾਰਕ ਦੀ ਮੋਹਰ ਵੀ ਹੋਵੇਗੀ। ਇਸੇ ਤਰ੍ਹਾਂ ਚਾਂਦੀ ਦੇ ਸਿੱਕੇ 50 ਗ੍ਰਾਮ ਅਤੇ 25 ਗ੍ਰਾਮ ਵਜ਼ਨ ਵਿਚ ਉਪਲੱਬਧ ਹੋਣਗੇ। ਇਨ੍ਹਾਂ ਸਿੱਕਿਆਂ ਦੇ ਇਕ ਪਾਸੇ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਅਤੇ ਦੂਜੇ ਪਾਸੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਦੀ ਤਸਵੀਰ ਹੋਵੇਗੀ।
ਡਾ. ਰੂਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੀਪੀ. ਸਿੰਘ ਬਦਨੌਰ ਨੇ ਸ਼੍ਰੋਮਣੀ ਕਮੇਟੀ ਦਾ ਸੱਦਾ ਪ੍ਰਵਾਨ ਕਰ ਲਿਆ ਹੈ ਅਤੇ ਉਹ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣਗੇ। ਉਹ ਸੰਗਤ ਨੂੰ ਸੰਬੋਧਨ ਵੀ ਕਰਨਗੇ।
ਇਸੇ ਤਰ੍ਹਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਸ੍ਰੀ ਬੇਦੀ ਨੇ ਦੱਸਿਆ ਕਿ ਜਥੇ ਨਾਲ ਜਾਣ ਵਾਸਤੇ 1694 ਸ਼ਰਧਾਲੂਆਂ ਨੇ ਪਾਸਪੋਰਟ ਦਿੱਤੇ ਸਨ, ਜਿਨ੍ਹਾਂ ਵਿੱਚੋਂ 1630 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਹਨ। ਇਹ ਜਥਾ 21 ਨਵੰਬਰ ਨੂੰ ਰਵਾਨਾ ਹੋਵੇਗਾ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਮਗਰੋਂ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਕੇ ਸ਼ਰਧਾਲੂ 30 ਨਵੰਬਰ ਨੂੰ ਵਾਪਸ ਆਉਣਗੇ। ਸ਼ਰਧਾਲੂ 22 ਨਵੰਬਰ ਨੂੰ ਗੁਰਦੁਆਰਾ ਸੱਚਾ ਸੌਦਾ, 23 ਨਵੰਬਰ ਨੂੰ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ, 24 ਨਵੰਬਰ ਨੂੰ ਪੰਜਾ ਸਾਹਿਬ ਜਾਣਗੇ। ਇਸ ਤੋਂ ਇਲਾਵਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਰੌੜੀ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕਰਨਗੇ।