ਮੁਤਵਾਜ਼ੀ ਜਥੇਦਾਰਾਂ ਨਾਲ ਪੰਥਕ ਮਸਲੇ ਸੁਲਝਾਉਣ ਦੀ ਪਹਿਲ ਕਰਾਂਗੇ : ਬਡੂੰਗਰ

ਮੁਤਵਾਜ਼ੀ ਜਥੇਦਾਰਾਂ ਨਾਲ ਪੰਥਕ ਮਸਲੇ ਸੁਲਝਾਉਣ ਦੀ ਪਹਿਲ ਕਰਾਂਗੇ : ਬਡੂੰਗਰ

ਕੈਪਸ਼ਨ-ਚਮਕੌਰ ਸਾਹਿਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ।

ਚਮਕੌਰ ਸਾਹਿਬ ਸ਼ਹੀਦੀ ਜੋੜ ਮੇਲਾ
ਚਮਕੌਰ ਸਾਹਿਬ/ਬਿਊਰੋ ਨਿਊਜ਼ :
ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰਾਂ ਨਾਲ ਸਾਰੇ ਪੰਥਕ ਮਸਲੇ ਸੁਲਝਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਉਨ੍ਹਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਕੌਮ ਵਿੱਚ ਪੈਦਾ ਹੋਈ ਦੁਬਿਧਾ ਖ਼ਤਮ ਕਰਨ ਅਤੇ ਸਮੁੱਚੀ ਕੌਮ ਨੂੰ ਇੱਕਜੁਟ ਰੱਖ ਕੇ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚਲਾਉਣ ਲਈ ਇਹ ਉਪਰਾਲਾ ਕੀਤਾ ਜਾਏਗਾ। ਪ੍ਰੋ. ਬਡੂੰਗਰ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਦੀਵਾਨ ਹਾਲ ਵਿੱਚ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਹਿਣਸ਼ੀਲਤਾ ਦਾ ਖਜ਼ਾਨਾ ਅਤੇ ਵਿਰਾਸਤ ਸਿਰਫ ਤੇ ਸਿਰਫ ਸਿੱਖ ਪੰਥ ਕੋਲ ਹੈ, ਜਿਨ੍ਹਾਂ ਦੇ ਗੁਰੂ ਸਾਹਿਬਾਨ ਨੇ ਜਬਰ ਤੇ ਜ਼ੁਲਮ ਵਿਰੁੱਧ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਦਿੱਤੀਆਂ। ਇਸੇ ਰਸਤੇ ‘ਤੇ ਚਲਦਿਆਂ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਦੇ ਚਮਕੌਰ ਸਾਹਿਬ ਦੀ ਇੱਕ ਬੇਜੋੜ ਅਤੇ ਅਸਾਵੀਂ ਜੰਗ ਦੌਰਾਨ ਜੂਝਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਮੁਗਲਾਂ ਦੀ ਈਨ ਨਾ ਮੰਨ ਕੇ ਸ਼ਹੀਦੀ ਜਾਮ ਪੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜੀ ਨੂੰ ਇਸ ਨਾਲ ਜੋੜਨ ਦੇ ਭਰਪੂਰ ਯਤਨ ਕਰ ਰਹੀ ਹੈ। ਇਸ ਸਬੰਧੀ 10 ਜਨਵਰੀ ਨੂੰ ਨੌਜਵਾਨ ਚੇਤਨਾ ਸਮਾਗਮ ਆਨੰਦਪੁਰ ਸਾਹਿਬ ਵਿਚ ਕਰਵਾਇਆ ਜਾ ਰਿਹਾ ਹੈ। ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਜੰਗ ਸਾਨੂੰ ਜੂਝਣ ਦੀ ਪ੍ਰੇਰਣਾ ਦਿੰਦੀ ਹੈ। ਬਾਦਲ ਸਰਕਾਰ ਦੇ ਸੋਹਲੇ ਗਾਉਂਦਿਆਂ ਉਨ੍ਹਾਂ ਕਿਹਾ ਕਿ ਜੋ ਕੰਮ ਪੰਥਕ ਸਰਕਾਰ ਨੇ ਕੀਤੇ ਹਨ, ਉਹ ਗਿਣਾਏ ਨਹੀਂ ਜਾ ਸਕਦੇ। ਚਮਕੌਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਜਸਟਿਸ (ਰਿਟਾਇਰਡ) ਨਿਰਮਲ ਸਿੰਘ ਲਈ ਉਨ੍ਹਾਂ ਵੋਟਾਂ ਦੀ ਮੰਗ ਵੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਅਜਮੇਰ ਸਿੰਘ ਖੇੜਾ, ਅਮਰਜੀਤ ਸਿੰਘ ਚਾਵਲਾ, ਕਰਨੈਲ ਸਿੰਘ ਪੰਜੋਲੀ, ਪ੍ਰਿੰਸੀਪਲ ਸੁਰਿੰਦਰ ਸਿੰਘ ਹਾਜ਼ਰ ਸਨ।