ਮੋਦੀ ਜੀ! ਸਾਡੇ ਜਵਾਨਾਂ ਨੇ ਖ਼ੂਨ ਦਿੱਤਾ, ਤੁਸੀਂ ਉਨ੍ਹਾਂ ਦੀ ਕਰ ਰਹੇ ਹੋ ਦਲਾਲੀ : ਰਾਹੁਲ ਗਾਂਧੀ

ਮੋਦੀ ਜੀ! ਸਾਡੇ ਜਵਾਨਾਂ ਨੇ ਖ਼ੂਨ ਦਿੱਤਾ, ਤੁਸੀਂ ਉਨ੍ਹਾਂ ਦੀ ਕਰ ਰਹੇ ਹੋ ਦਲਾਲੀ : ਰਾਹੁਲ ਗਾਂਧੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਿਸਾਨ ਯਾਤਰਾ ਖ਼ਤਮ ਹੋਣ ਮਗਰੋਂ ਦਿੱਲੀ ਪਹੁੰਚਦੇ ਹੀ ਸੁਰ ਬਦਲ ਗਈ। ਦਿੱਲੀ ਵਿਚ ਪਹੁੰਚਦਿਆਂ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਾਰ ਕੀਤਾ। ਉਨ੍ਹਾਂ ਕਿਹਾ, ”ਜਿਨ੍ਹਾਂ ਨੇ ਹਿੰਦੁਸਤਾਨ ਲਈ ਸਰਜੀਕਲ ਸਟਰਾਈਕ ਕੀਤਾ ਹੈ, ਉਨ੍ਹਾਂ ਦੇ ਖ਼ੂਨ ਪਿਛੇ ਤੁਸੀਂ ਲੁਕੇ ਹੋਏ ਹੋ। ਉਨ੍ਹਾਂ ਦੀ ਤੁਸੀਂ ਦਲਾਲੀ ਕਰ ਰਹੇ ਹੋ। ਇਹ ਬਿਲਕੁਲ ਗ਼ਲਤ ਹੈ। ਹਿੰਦੁਸਤਾਨ ਦੀ ਫ਼ੌਜ ਨੇ ਹਿੰਦੁਸਤਾਨ ਦਾ ਕੰਮ ਕੀਤਾ ਹੈ। ਤੁਸੀਂ ਆਪਣਾ ਕੰਮ ਕਰੋ।” ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਰਾਹੁਲ ਨੇ ਸਰਜੀਕਲ ਸਟਰਾਈਕ ‘ਤੇ ਮੋਦੀ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੋਦੀ ਨੇ ਢਾਈ ਸਾਲ ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਵਰਗਾ ਕੰਮ ਕੀਤਾ ਹੈ।
ਉਧਰ ਮੋਦੀ ਖ਼ਿਲਾਫ਼ ਦਲਾਲੀ ਸਬੰਧੀ ਟਿੱਪਣੀ ਕਰਨ ਲਈ ਰਾਹੁਲ ‘ਤੇ ਪਲਟ ਵਾਰ ਕਰਦਿਆਂ ਭਾਜਪਾ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਭਾਰਤੀ ਸਿਆਸਤ ਵਿਚ ਬੇਹੱਦ ਹੇਠਲੇ ਪੱਧਰ ਦੀਆਂ ਹਨ ਤੇ ਉਹ ਨਿਰਾਸ਼ਾ ਵਿਚ ਬੋਲ ਰਹੇ ਹਨ ਕਿਉਂਕਿ ਫ਼ੌਜ ਨੂੰ ਮਿੱਥੇ ਹਮਲੇ ਕਰਨ ਦੀ ਆਗਿਆ ਦੇਣ ਮਗਰੋਂ ਪ੍ਰਧਾਨ ਮੰਤਰੀ ਦੀ ਵਿਆਪਕ ਸ਼ਲਾਘਾ ਹੋ ਰਹੀ ਹੈ। ਭਾਜਪਾ ਦੇ ਜਨਰਲ ਸਕੱਤਰ ਸ਼੍ਰੀਕਾਂਤ ਸ਼ਰਮਾ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ। ਅਜਿਹੀਆਂ ਟਿੱਪਣੀਆਂ ਉਨ੍ਹਾਂ ਦੀ ਮਾਨਸਿਕ ਦੀਵਾਲੀਏਪਣ ਨੂੰ ਜ਼ਾਹਰ ਕਰਦੀਆਂ ਹਨ।
ਇਸੇ ਦੌਰਾਨ ਰਾਹੁਲ ਨੇ ਕਿਹਾ, ‘ਤੁਸੀਂ ਸਾਰਿਆਂ ਨੂੰ ਬੈਂਕ ਖਾਤਿਆਂ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਖਾਤਿਆਂ ਵਿਚ ਪੈਸੇ ਨਹੀਂ ਹਨ, ਤੁਹਾਡੇ ਸਾਰੇ ਵਾਅਦੇ ਝੂਠੇ ਸਨ। ਇਹ ਦੇਸ਼ ਮੋਦੀ ਜੀ ਤੋਂ ਇਨਸਾਫ਼ ਚਾਹੁੰਦਾ ਹੈ ਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ, ਕਿੱਥੇ ਹਨ 15 ਲੱਖ ਤੇ ਉਹ ਸਾਰੇ ਵਾਅਦੇ।’ ਰਾਹੁਲ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਗ਼ਰੀਬਾਂ, ਬੇਰੁਜ਼ਗਾਰਾਂ ਅਤੇ ਫ਼ੌਜ ਨਾਲ ਨਿਆਂ ਕਰਨਾ ਚਾਹੀਦਾ ਹੈ। ਮੋਦੀ ਜੀ ਦੇਸ਼ ਦੀ ਜਨਤਾ ਇਨਸਾਫ਼ ਚਾਹੁੰਦੀ ਹੈ। ਮੋਦੀ ਨੂੰ ਕੰਮ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਰਹੇ। ਉਨ੍ਹਾਂ ਨੇ ਮੇਕ ਇਨ ਇੰਡੀਆ, ਸਟਾਰਟ ਅਪ, ਹਿੰਦੁਸਤਾਨ ਵਿਚ ਸਵੱਛਤਾ ਅਭਿਆਨ, ਦੋ ਕਰੋੜ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਵਰਗੇ ਵਾਅਦੇ ਕੀਤੇ ਸਨ। ਪਰ ਇਨ੍ਹਾਂ ਵਿਚੋਂ ਕੋਈ ਵੀ ਕੰਮ ਮੋਦੀ ਸਰਕਾਰ ਨੇ ਨਹੀਂ ਕੀਤਾ। ਉਹ ਦੋ ਚੀਜ਼ਾਂ ਜ਼ਰੂਰ ਕਰ ਰਹੇ ਹਨ। ਪਹਿਲਾ-ਇਕ ਹਿੰਦੁਸਤਾਨੀ ਨੂੰ ਦੂਸਰੇ ਨਾਲ ਲੜਾਉਣ ਦਾ ਦੂਸਰਾ-ਲੋਕਾਂ ਨੂੰ ਵੰਡਣ ਦਾ। ਰਾਹੁਲ ਨੇ ਕਿਹਾ ਕਿ ਹਰਿਆਣਾ ਵਿਚ ਜਾਟਾਂ ਤੇ ਗੈਰ ਜਾਟਾਂ ਨੂੰ ਲੜਾਇਆ ਜਾ ਰਿਹਾ ਹੈ। ਗੁਜਰਾਤ ਵਿਚ ਪਾਟੀਦਾਰਾਂ ਨੂੰ ਲੜਾਇਆ ਜਾ ਰਿਹਾ ਹੈ। ਉਤਰ ਪ੍ਰਦੇਸ਼ ਵਿਚ ਹਿੰਦੂ-ਮੁਸਲਮਾਨਾਂ ਨੂੰ ਲੜਾਇਆ ਜਾ ਰਿਹਾ ਹੈ। ਇਸ ਨਾਲ ਦੇਸ਼ ਦਾ ਵਿਕਾਸ ਨਹੀਂ ਹੋ ਰਿਹਾ।