ਪੰਜਾਬੀ ਵੀਕਲੀ ਅਖ਼ਬਾਰਾਂ ਦੇ ਸੰਪਾਦਕਾਂ ਦੀ ਮੀਟਿੰਗ ਵਿਚ ਅਹਿਮ ਮਤੇ ਪਾਸ

ਪੰਜਾਬੀ ਵੀਕਲੀ ਅਖ਼ਬਾਰਾਂ ਦੇ ਸੰਪਾਦਕਾਂ ਦੀ ਮੀਟਿੰਗ ਵਿਚ ਅਹਿਮ ਮਤੇ ਪਾਸ
ਸਿੱਖ ਸਿਧਾਂਤ ਨੂੰ ਸੱਟ ਮਾਰਨ ਵਾਲੀਆਂ ਖ਼ਬਰ ਜਾਂ ਆਰਟੀਕਲ ਨਹੀਂ ਛਾਪੇ ਜਾਣਗੇ ਅਖ਼ਬਾਰਾਂ ਲਈ ਇਸ਼ਤਿਹਾਰਾਂ ਦੇ ਰੇਟਾਂ ਸਬੰਧੀ ਸਹਿਮਤੀ ਬਣੀ ਘੱਟ ਰੇਟ ‘ਤੇ ਛਾਪਣ ਵਾਲਿਆਂ ਨੂੰ ਹੋਵੇਗਾ 500 ਡਾਲਰ ਜੁਰਮਾਨਾ sampadkan-di-meeting ਕੈਪਸ਼ਨ-ਪੰਜਾਬੀ ਵੀਕਲੀ ਅਖ਼ਬਾਰਾਂ ਦੇ ਸੰਪਾਦਕਾਂ ਦੀ ਮੀਟਿੰਗ ਦੌਰਾਨ ‘ਅੰਮ੍ਰਿਤਸਰ ਟਾਈਮਜ਼’ ਦੇ ਜਸਜੀਤ ਸਿੰਘ, ‘ਸਾਂਝੀ ਸੋਚ’ ਦੇ ਬੂਟਾ ਸਿੰਘ ਬਾਸੀ, ‘ਸਾਡੇ ਲੋਕ’ ਦੇ ਸਤਨਾਮ ਸਿੰਘ ਖਾਲਸਾ, ‘ਪੰਜਾਬ ਨਿਊਜ਼’ ਦੇ ਸੰਦੀਪ ਚਾਹਲ ਅਤੇ ‘ਪੰਜਾਬ ਮੇਲ’ ਦੇ ਗੁਰਜਤਿੰਦਰ ਸਿੰਘ ਰੰਧਾਵਾ।

ਕੈਪਸ਼ਨ-ਪੰਜਾਬੀ ਵੀਕਲੀ ਅਖ਼ਬਾਰਾਂ ਦੇ ਸੰਪਾਦਕਾਂ ਦੀ ਮੀਟਿੰਗ ਦੌਰਾਨ ‘ਅੰਮ੍ਰਿਤਸਰ ਟਾਈਮਜ਼’ ਦੇ ਜਸਜੀਤ ਸਿੰਘ, ‘ਸਾਂਝੀ ਸੋਚ’ ਦੇ ਬੂਟਾ ਸਿੰਘ ਬਾਸੀ, ‘ਸਾਡੇ ਲੋਕ’ ਦੇ ਸਤਨਾਮ ਸਿੰਘ ਖਾਲਸਾ, ‘ਪੰਜਾਬ ਨਿਊਜ਼’ ਦੇ ਸੰਦੀਪ ਚਾਹਲ ਅਤੇ ‘ਪੰਜਾਬ ਮੇਲ’ ਦੇ ਗੁਰਜਤਿੰਦਰ ਸਿੰਘ ਰੰਧਾਵਾ।

ਸੈਕਰਾਮੈਂਟੋ/ਬਿਊਰੋ ਨਿਊਜ਼ :
ਕੈਲੀਫੋਰਨੀਆ ਦੀਆਂ ਪੰਜਾਬੀ ਵੀਕਲੀ ਅਖ਼ਬਾਰਾਂ ਦੇ ਸੰਪਾਦਕਾਂ ਦੀ ਅਹਿਮ ਮੀਟਿੰਗ ਲੈਥਰੋਪ ਸਿਟੀ ਵਿਖੇ ਹੋਈ। ਇਸ ਵਿਚ ‘ਅੰਮ੍ਰਿਤਸਰ ਟਾਈਮਜ਼’ ਵੱਲੋਂ ਜਸਜੀਤ ਸਿੰਘ, ‘ਪੰਜਾਬ ਨਿਊਜ਼’ ਵੱਲੋਂ ਸੰਦੀਪ ਚਾਹਲ, ‘ਪੰਜਾਬ ਮੇਲ’ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ, ‘ਸਾਡੇ ਲੋਕ’ ਵੱਲੋਂ ਸਤਨਾਮ ਸਿੰਘ ਖਾਲਸਾ ਅਤੇ ‘ਸਾਂਝੀ ਸੋਚ’ ਵੱਲੋਂ ਬੂਟਾ ਸਿੰਘ ਬਾਸੀ ਨੇ ਸ਼ਿਰਕਤ ਕੀਤੀ। ‘ਪੰਜਾਬ ਟਾਈਮਜ਼’ ਦੇ ਸੰਪਾਦਕ ਅਮੋਲਕ ਸਿੰਘ ਜੰਮੂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਸਭ ਤੋਂ ਪਹਿਲਾ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅਖ਼ਬਾਰਾਂ ਵਿੱਚ ਸਿੱਖ ਸਿਧਾਂਤਾਂ ਨੂੰ ਸੱਟ ਮਾਰਨ ਵਾਲ਼ੀਆਂ ਖ਼ਬਰਾਂ ਜਾਂ ਆਰਟੀਕਲ ਨਹੀਂ ਛਾਪੇ ਜਾਣਗੇ ਅਤੇ ਨਾ ਹੀ ਪੰਥ ਵਿਰੋਧੀ ਲੇਖਕਾਂ ਨੂੰ ਅਖ਼ਬਾਰਾਂ ਵਿੱਚ ਜਗਾ ਦਿੱਤੀ ਜਾਵੇਗੀ। ਸਾਰੇ ਅਖ਼ਬਾਰਾਂ ਦੇ ਮਾਲਕਾਂ ਨੇ ਪੰਥਕ ਸੰਘਰਸ਼ ਨੂੰ ਸਮਝਦੇ ਹੋਏ ਕੌਮ ਦੀ ਹਰ ਮਦਦ ਲਈ ਵਚਨਬੱਧ ਹੋਏ।
ਮੀਟਿੰਗ ਦੌਰਾਨ ਕੈਲੀਫੋਰਨੀਆ ਤੋਂ ਨਿਕਲਦੀਆਂ ਪੰਜਾਬੀ ਵੀਕਲੀ ਅਖ਼ਬਾਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵੱਖ-ਵੱਖ ਵਿਸ਼ਿਆਂ ‘ਤੇ ਭੱਖਵੀਂ ਬਹਿਸ ਕਰਨ ਤੋਂ ਬਾਅਦ ਕੁਝ ਮਤੇ ਪਾਸ ਕੀਤੇ ਗਏ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਤੋਂ ਛਪਦੀਆਂ ਪੰਜਾਬੀ ਅਖ਼ਬਾਰਾਂ ‘ਤੇ ਸੰਪਾਦਕਾਂ ਦੀ ਕਾਫੀ ਮਿਹਨਤ ਹੁੰਦੀ ਹੈ ਅਤੇ ਇਨ੍ਹਾਂ ਉੱਤੇ ਭਾਰੀ ਖਰਚਾ ਕੀਤਾ ਜਾਂਦਾ ਹੈ ਪਰ ਦੇਖਣ ਵਿਚ ਆਇਆ ਹੈ ਕਿ ਕੁਝ ਸਟੋਰਾਂ ਅਤੇ ਗੁਰੂ ਘਰਾਂ ਵਿਚ ਇਨ੍ਹਾਂ ਨੂੰ ਤਰਤੀਬਵਾਰ ਜਾਂ ਠੀਕ ਤਰੀਕੇ ਨਾਲ ਨਹੀਂ ਰੱਖਿਆ ਜਾਂਦਾ। ਮੀਟਿੰਗ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਕਿ ਜਿਸ ਥਾਂ ‘ਤੇ ਪੰਜਾਬੀ ਅਖ਼ਬਾਰਾਂ ਦੀ ਬੇਕਦਰੀ ਹੋਵੇਗੀ, ਉਥੇ ਵੀਕਲੀ ਪੰਜਾਬੀ ਅਖ਼ਬਾਰਾਂ ਭੇਜਣੀਆਂ ਬੰਦ ਕਰ ਦਿੱਤੀਆਂ ਜਾਣਗੀਆਂ।
ਕੁੱਝ ਲੋਕਾਂ ਜਾਂ ਸੰਸਥਾਵਾਂ ਵੱਲੋਂ ਆਪਣੇ ਕਿਸੇ ਸਮਾਗਮ ਬਾਰੇ ਅਖ਼ਬਾਰਾਂ ਨੂੰ ਇਸ਼ਤਿਹਾਰ ਦੇਣ ਦੀ ਬਜਾਏ ਖ਼ਬਰਾਂ ਭੇਜ ਦਿੱਤੀਆਂ ਜਾਂਦੀਆਂ ਹਨ, ਜੋ ਕਿ ਇਕ ਤਰ੍ਹਾਂ ਨਾਲ ਇਸ਼ਤਿਹਾਰ ਰੂਪੀ ਖ਼ਬਰ ਹੀ ਹੁੰਦੀ ਹੈ। ਇਸ ਬਾਰੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਜਿਹੜੀ ਸੰਸਥਾ ਅਖ਼ਬਾਰ ਨੂੰ ਇਸ਼ਤਿਹਾਰ ਨਹੀਂ ਦੇਵੇਗੀ, ਉਨ੍ਹਾਂ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਵਿਚ ਪ੍ਰਕਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਇਕ ਹੋਰ ਮਤੇ ਰਾਹੀਂ ਪੰਜਾਬੀ ਵੀਕਲੀ ਅਖ਼ਬਾਰਾਂ ਲਈ ਇਸ਼ਤਿਹਾਰਾਂ ਦੇ ਰੇਟ ਵੀ ਨਿਰਧਾਰਤ ਕੀਤੇ ਗਏ ਹਨ। ਜਿਹੜਾ ਅਖ਼ਬਾਰ ਮਾਲਕ ਮਿੱਥੇ ਰੇਟ ਤੋਂ ਘੱਟ ਚਾਰਜ ਕਰੇਗਾ, ਉਸ ਨੂੰ 500 ਡਾਲਰ ਪ੍ਰਤੀ ਇਸ਼ਤਿਹਾਰ ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿਚ ਇਹ ਅਖ਼ਬਾਰਾਂ ਕੁਝ ਚੋਣਵੇਂ ਸਟੋਰਾਂ ਵਿਚ ਹੀ ਰੱਖੀਆਂ ਜਾਣਗੀਆਂ, ਜਿਸ ਬਾਰੇ ਅੰਤਿਮ ਫੈਸਲਾ ਅਗਲੀ ਮੀਟਿੰਗ ਵਿਚ ਲਿਆ ਜਾਵੇਗਾ। ਸੰਪਾਦਕਾਂ ਦੀ ਇਸ ਮੀਟਿੰਗ ਵਿਚ ਹੋਰ ਵੀ ਬਹੁਤ ਸਾਰੇ ਅਹਿਮ ਅਤੇ ਗੰਭੀਰ ਮਸਲੇ ਵਿਚਾਰੇ ਗਏ।
ਇਸ ਦੌਰਾਨ ਵੀਕਲੀ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ ਵੱਲੋਂ ਆਪਣੇ ਸਾਥੀ ਗੁਰਜਤਿੰਦਰ ਸਿੰਘ ਰੰਧਾਵਾ ਵੱਲੋਂ ਅਸੈਂਬਲੀ ਹਲਕਾ-9 ਤੋਂ ਡੈਮੋਕ੍ਰੇਟ ਦੇ ਡੈਲੀਗੇਟ ਦੀ ਚੋਣ ਲਈ ਹਮਾਇਤ ਕੀਤੀ ਗਈ ਅਤੇ ਸਮੁੱਚੇ ਪਾਠਕਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਜਾਵੇ, ਤਾਂ ਕਿ ਅਮਰੀਕੀ ਰਾਜਨੀਤੀ ਵਿਚ ਸਿੱਖਾਂ ਦੀ ਪਛਾਣ ਨੂੰ ਹੋਰ ਵੀ ਉਭਾਰਿਆ ਜਾ ਸਕੇ।