ਇੰਦਰਜੀਤ ਸਿੰਘ ਬੁਲਾਰੀਆ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ

ਇੰਦਰਜੀਤ ਸਿੰਘ ਬੁਲਾਰੀਆ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਅੰਮ੍ਰਿਤਸਰ ਦੇ ਦੱਖਣੀ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਬੁਲਾਰੀਆ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਹੈ। ਉਨ੍ਹਾਂ ਅਸਤੀਫ਼ੇ ਵਿਚ ਕਿਹਾ ਕਿ ਇਸ ਪਿੱਛੇ ਉਨ੍ਹਾਂ ਦਾ ਕੋਈ ਨਿੱਜੀ ਫ਼ਾਇਦਾ ਨਹੀਂ ਜੁੜਿਆ ਹੋਇਆ ਹੈ, ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਅਕਾਲੀ-ਭਾਜਪਾ ਗਠਜੋੜ ਸਰਕਾਰ ਜਿਵੇਂ ਕੰਮ ਕਰ ਰਹੀ ਹੈ, ਉਹ ਉਸ ਮਾਹੌਲ ਵਿਚ ਘੁੱਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਹੌਲ ਪੂਰੀ ਤਰ੍ਹਾਂ ਡਗਮਗਾ ਗਿਆ ਹੈ ਅਤੇ ਇਨਸਾਨੀ ਕਦਰਾਂ-ਕੀਮਤਾਂ ਦੀ ਦੂਰ ਦੀ ਗੱਲ ਇਹ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ-ਸੰਭਾਲ ਵਿਚ ਵੀ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਪੰਥਕ ਅਖਵਾਉਣ ਵਾਲੀ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰਨਾਂ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਹੋਈ ਹੈ, ਜੋ ਕਿ ਸਹਿਣਯੋਗ ਨਹੀਂ ਹੈ। ਸਰਕਾਰ ਅਮਨ-ਕਾਨੂੰਨੀ ਦੀ ਸਥਿਤੀ ਬਣਾਉਣ ਵਿਚ ਪੂਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਆਪਣੇ ਅਸਤੀਫ਼ੇ ਵਿਚ ਭਗਤਾਂ ਵਾਲਾ ਡੰਪ ਨੇੜੇ ਸਥਾਪਤ ਹੋਣ ਵਾਲੇ ਸਾਲਿਡ ਵੇਸਟ ਪਲਾਂਟ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕਿਧਰੇ ਹੋਰ ਤਬਦੀਲ ਹੋਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਬੁਲਾਰੀਆ ਪਰਿਵਾਰ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਦਾ ਦੱਖਣੀ ਵਿਧਾਨ ਸਭਾ ਹਲਕਾ ਅਕਾਲੀਆਂ ਦਾ ਗੜ੍ਹ ਬਣ ਗਿਆ ਸੀ ਅਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਤੋਂ ਬਾਅਦ ਇੱਥੇ ਕੋਈ ਕਾਂਗਰਸੀ ਜਿੱਤ ਨਹੀਂ ਸਕਿਆ ਸੀ ਪਰ ਹੁਣ ਬੁਲਾਰੀਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਇੱਕ ਵਾਰ ਫਿਰ ਅਕਾਲੀਆਂ ਦੇ ਗੜ੍ਹ ਕਹੇ ਜਾਣ ਵਾਲੇ ਇਸ ਹਲਕੇ ਵਿਚ ਕਾਂਗਰਸ ਨੇ ਵੱਡੀ ਘੁਸਪੈਠ ਕੀਤੀ ਹੈ। ਬੁਲਾਰੀਆ ਦੇ ਕਾਂਗਰਸ ਵਿਚ ਆਉਣ ਨਾਲ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਦੀ ਟਿਕਟ ਕੱਟੇ ਜਾਣ ਦੇ ਆਸਾਰ ਹਨ। ਦੂਸਰੇ ਪਾਸੇ ਕਈ ਕਾਂਗਰਸੀ ਆਗੂ ਬੁਲਾਰੀਆ ਦੀ ਕਾਂਗਰਸ ਵਿਚ ਆਮਦ ਦਾ ਵਿਰੋਧ ਕਰ ਰਹੇ ਹਨ। ਦੱਖਣੀ ਵਿਧਾਨ ਸਭਾ ਹਲਕੇ ਵਿਚ ਜੇਕਰ ਅਕਾਲੀ ਆਗੂਆਂ ਦੀ ਗੱਲ ਕਰੀਏ ਤਾਂ ਇੱਥੋਂ ਟਿਕਟ ਦੀ ਦਾਅਵੇਦਾਰੀ ਕਾਂਗਰਸ ਛੱਡ ਅਕਾਲੀ ਦਲ ਵਿਚ ਸ਼ਾਮਲ ਹੋਏ ਨਵਦੀਪ ਸਿੰਘ ਗੋਲਡੀ ਅਤੇ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਜਤਾ ਰਹੇ ਹਨ ਪਰ ਬੁਲਾਰੀਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਗੋਲਡੀ ਅਤੇ ਟਿੱਕਾ ਵਾਸਤੇ ਇੱਕ ਵੱਡੀ ਚੁਣੌਤੀ ਪੈਦਾ ਹੋ ਗਈ ਹੈ।