ਸਿੰਧੂ ਬਣੀ ਇੰਡੀਆ ਓਪਨ ਬੈਡਮਿੰਟਨ ਚੈਂਪੀਅਨ

ਸਿੰਧੂ ਬਣੀ ਇੰਡੀਆ ਓਪਨ ਬੈਡਮਿੰਟਨ ਚੈਂਪੀਅਨ
ਕੈਪਸ਼ਨ-ਇੰਡੀਆ ਓਪਨ ਦੇ ਫਾਈਨਲ ਮਗਰੋਂ ਆਪਣੇ ਤਗ਼ਮਿਆਂ ਨਾਲ ਪੀਵੀ ਸਿੰਧੂ ਤੇ ਕੈਰੋਲੀਨਾ ਮਾਰਿਨ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਓਲੰਪਿਕ ਵਿਚ ਚਾਂਦੀ ਤਗ਼ਮਾ ਜੇਤੂ ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਸਪੇਨ ਦੀ ਕੈਰੋਲੀਨਾ ਮਾਰਿਨ ਨੂੰ ਇੱਥੇ 21-19, 21-16 ਨਾਲ ਹਰਾ ਕੇ ਬੀਡਬਲਿਊਐਫ ਮੈਟਲਾਈਫ ਯੋਨੈਕਸ ਸਨਰਾਈਜ਼ ਸੁਪਰ ਸੀਰੀਜ਼ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਪਹਿਲੀ ਵਾਰ ਜਿੱਤ ਲਿਆ ਹੈ। ਇਸ ਤਰ੍ਹਾਂ ਸਿੰਧੂ ਰੀਓ ਓਲੰਪਿਕ  ਦੇ ਸੋਨ ਤਗ਼ਮੇ ਲਈ ਮੁਕਾਬਲੇ  ਵਿਚ ਮਿਲੀ ਦਾ ਬਦਲਾ ਵੀ ਮਾਰਿਨ ਤੋਂ ਲੈ ਲਿਆ ਹੈ।
ਸਿੰਧੂ ਨੇ ਪਹਿਲੀ ਵਾਰ ਇੰਡੀਆ ਓਪਨ ਦਾ ਖ਼ਿਤਾਬ ਜਿੱਤਿਆ ਹੈ ਅਤੇ ਇਸ ਦੇ ਨਾਲ ਹੀ ਉਹ ਭਾਰਤੀ ਬੈਡਮਿੰਟਨ ਦੀ ਕੁਈਨ ਬਣ ਗਈ ਹੈ। ਤੀਜਾ ਦਰਜਾ ਸਿੰਧੂ ਨੇ ਸਿਖਰਲਾ ਸਥਾਨ ਹਾਸਲ ਅਤੇ ਵਿਸ਼ਵ ਤੇ ਓਲੰਪਿਕ ਚੈਂਪੀਅਨ ਮਾਰਿਨ ਤੋਂ ਖ਼ਿਤਾਬੀ ਮੁਕਾਬਲਾ 46 ਮਿੰਟ ਵਿਚ ਆਪਣੇ ਨਾਂ ਕਰਕੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਸਿੰਧੂ ਦਾ ਮੁਕਾਬਲਾ ਦੇਖਣ ਲਈ ਸੀਰੀਫੋਰਟ ਸਟੇਡੀਅਮ ਦਰਸ਼ਕਾਂ ਨਾਲ ਨੱਕੋ-ਨੱਕ ਭਰਿਆ ਹੋਇਆ ਸੀ ਅਤੇ ਭਾਰਤੀ ਸਟਾਰ ਨੇ ਪੂਰੇ ਮੈਚ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੇਂਦਰੀ ਖੇਡ ਮੰਤਰੀ ਵਿਜੈ ਗੋਇਲ ਵੀ ਇਸ ਇਤਿਹਾਸਕ ਮੌਕੇ ਦੇ ਗਵਾਹ ਬਣੇ। ਸ੍ਰੀ ਗੋਇਲ ਮੈਚ ਦੀ ਦੂਜੀ ਗੇਮ ਦੌਰਾਨ ਸਟੇਡੀਅਮ ਪਹੁੰਚੇ।
ਇੰਡੀਆ ਓਪਨ ਦੇ ਇਤਿਹਾਸ ਵਿੱਚ ਇਹ ਚੌਥਾ ਮੌਕਾ ਹੈ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ। ਸਾਇਨਾ ਨੇਹਵਾਲ ਨੇ 2010 ਤੇ 2015 ਅਤੇ ਕਿਦਾਂਬੀ ਸ੍ਰੀਕਾਂਤ ਨੇ 2015 ਵਿਚ ਇੰਡੀਆ ਓਪਨ ਖ਼ਿਤਾਬ ਜਿੱਤੇ ਸੀ। ਸਿੰਧੂ ਨੂੰ ਰੀਓ ਓਲੰਪਿਕ ਵਿਚ ਸੋਨ ਤਗ਼ਮਾ ਜੇਤੂ ਮਾਰਿਨ ਨੇ 19-21, 21-12 ਤੇ 21-15 ਨਾਲ ਮਾਤ ਦਿੱਤੀ ਸੀ, ਪਰ ਸਿੰਧੂ ਨੇ ਹੁਣ ਉਸ ਹਾਰ ਦਾ ਬਦਲਾ ਲੈ ਲਿਆ ਹੈ। ਸਿੰਧੂ ਨੇ ਬੀਤੇ ਸਾਲ ਅਖੀਰ ਵਿਚ ਦੁਬਈ ਵਰਲਡ ਸੁਪਰ ਸੀਰੀਜ਼ ਫਾਈਨਲਜ਼ ਦੇ ਗਰੁੱਪ ਮੈਚ ਵਿਚ ਮਾਰਿਨ ਨੂੰ ਹਰਾਇਆ ਸੀ, ਜਦਕਿ ਮਾਰਿਨ ਨੇ ਇਸ ਸਾਲ ਜਨਵਰੀ ‘ਚ ਇਸੇ ਕੋਰਟ ‘ਤੇ ਸਿੰਧੂ ਨੂੰ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐੱਲ) ‘ਚ ਮਾਤ ਦਿੱਤੀ ਸੀ। ਦੋਵਾਂ ਖਿਡਾਰੀਆਂ ਵਿਚਾਲੇ ਕਰੀਅਰ ਦਾ ਇਹ 10ਵਾਂ ਮੁਕਾਬਲਾ ਸੀ ਤੇ ਇਸ ਜਿੱਤ ਨਾਲ ਸਿੰਧੂ ਨੇ ਮਾਰਿਨ ਖ਼ਿਲਾਫ਼ ਆਪਣਾ ਰਿਕਾਰਡ 5-5 ਕਰ ਲਿਆ ਹੈ।