ਵੋਟਿੰਗ ਮਸ਼ੀਨਾਂ ਦਾ ਮਾਮਲਾ ਰਾਜ ਸਭਾ ਵਿਚ ਵੀ ਗੂੰਜਿਆ

ਵੋਟਿੰਗ ਮਸ਼ੀਨਾਂ ਦਾ ਮਾਮਲਾ ਰਾਜ ਸਭਾ ਵਿਚ ਵੀ ਗੂੰਜਿਆ
ਕੈਪਸ਼ਨ-ਰਾਜ ਸਭਾ ਵਿੱਚ ਬੁੱਧਵਾਰ ਨੂੰ ਬਜਟ ਸੈਸ਼ਨ ਦੌਰਾਨ ਸਭਾਪਤੀ ਦੇ ਆਸਣ ਅੱਗੇ ਰੌਲਾ-ਰੱਪਾ ਪਾਉਂਦੇ ਹੋਏ ਵਿਰੋਧੀ ਧਿਰ ਦੇ ਮੈਂਬਰ। 

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਜਪਾ ਦੇ ਹੱਕ ਵਿੱਚ ਵੋਟਾਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਨਾਲ ਛੇੜਛਾੜ ਦੇ ਮਸਲੇ ਉਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਬੁੱਦਵਾਰ ਨੂੰ ਕੁੱਝ ਸਮੇਂ ਲਈ ਰੋਕਣੀ ਪਈ। ਸੰਸਦ ਦੇ ਉਪਰਲੇ ਸਦਨ ਵਿਚ ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਸਪਾ ਦੇ ਮੈਂਬਰ ਸਰਕਾਰ ਨੂੰ ‘ਬੇਈਮਾਨ’ ਕਰਾਰ ਦਿੰਦੇ ਹੋਏ ਸਭਾਪਤੀ ਦੇ ਆਸਣ ਅੱਗੇ ਚਲੇ ਗਏ, ਜਿਸ ਕਾਰਨ ਉਪ ਸਭਾਪਤੀ ਪੀਜੇ ਕੁਰੀਅਨ ਨੇ ਸਾਢੇ ਗਿਆਰਾਂ ਵਜੇ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ। ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਸਮੱਸਿਆ ਹੈ ਤਾਂ ਉਹ ਚੋਣ ਕਮਿਸ਼ਨ ਕੋਲ ਜਾ ਸਕਦੇ ਹਨ ਕਿਉਂਕਿ ਸੰਸਦ ਰੋਸ ਪ੍ਰਦਰਸ਼ਨ ਵਾਲਾ ਮੰਚ ਨਹੀਂ ਹੈ। ਲੋਕ ਸਭਾ ਵਿੱਚ ਕੇਂਦਰੀ ਕਾਨੂੰਨ ਰਾਜ ਮੰਤਰੀ ਪੀਪੀ ਚੌਧਰੀ ਨੇ ਲਿਖਤੀ ਤੌਰ ‘ਤੇ ਦੱਸਿਆ ਕਿ ਹਾਲੀਆ ਚੋਣਾਂ ਵਿੱਚ ਈਵੀਐਮਜ਼ ਨਾਲ ਛੇੜਛਾੜ, ਚੋਣ ਜ਼ਾਬਤੇ ਦੀ ਉਲੰਘਣਾ ਅਤੇ ਉਮੀਦਵਾਰਾਂ ਵੱਲੋਂ ਖਰਚੇ ਫੰਡਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਅਤੇ ਇਹ ਸਦਨ ਵਿੱਚ ਪੇਸ਼ ਕੀਤੀ ਜਾਵੇਗੀ।
ਰਾਜ ਸਭਾ ਵਿਚ ਕਾਂਗਰਸ ਤੇ ਐਸਪੀ ਮੈਂਬਰਾਂ ਨੇ ਇਸ ਮਸਲੇ ‘ਤੇ ਚਰਚਾ ਲਈ ਸਦਨ ਦੀ ਕਾਰਵਾਈ ਰੋਕਣ ਵਾਸਤੇ ਨਿਯਮ 267 ਤਹਿਤ ਚਾਰ ਨੋਟਿਸ ਦਿੱਤੇ। ਬਸਪਾ ਸੁਪਰੀਮੋ ਮਾਇਆਵਤੀ ਨੇ ਸੱਤਾਧਾਰੀ ਪਾਰਟੀ ਨੂੰ ‘ਬੇਈਮਾਨ’ ਦੱਸਦਿਆਂ ਕੀਤੀ ਟਿੱਪਣੀ ਬਾਅਦ ਸਦਨ ਵਿੱਚ ਹੰਗਾਮਾ ਹੋ ਗਿਆ। ਉਨ੍ਹਾਂ ਕਿਹਾ ਕਿ ਈਵੀਐਮਜ਼ ਦੀ ਵਰਤੋਂ ਖ਼ਿਲਾਫ਼ ਬਸਪਾ ਨੇ ਅਦਾਲਤ ਵਿਚ ਪਹੁੰਚ ਕੀਤੀ ਹੈ।
ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਬਸਪਾ ਸੁਪਰੀਮੋ ਨੇ ‘ਦੇਸ਼ ਦੇ ਲੋਕਾਂ ਅਤੇ ਜਮਹੂਰੀਅਤ ਦਾ ਅਪਮਾਨ’ ਕੀਤਾ ਹੈ। ਇਸ ਦੌਰਾਨ ਸ੍ਰੀ ਨਕਵੀ ਅਤੇ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਵਿਚਾਲੇ ਤਿੱਖੀ ਨੋਕ-ਝੋਕ ਹੋਈ। ਸ੍ਰੀ ਨਕਵੀ ਨੇ ਕਿਹਾ ਕਿ 2004 ਤੇ 2009 ਦੀਆਂ ਲੋਕ ਸਭਾ ਚੋਣਾਂ ਅਤੇ ਬਿਹਾਰ, ਪੰਜਾਬ ਤੇ ਦਿੱਲੀ ਦੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਹਾਰੀ ਹੈ, ਇਹ ਸਾਰੀਆਂ ਚੋਣਾਂ ਵੀ ਈਵੀਐਮਜ਼ ਰਾਹੀਂ ਹੋਈਆਂ ਹਨ ਅਤੇ ਕਾਂਗਰਸ ਨੂੰ ਉਦੋਂ ਤਾਂ ਕੋਈ ਇਤਰਾਜ਼ ਨਹੀਂ ਹੋਇਆ ਸੀ। ਇਸ ‘ਤੇ ਸ੍ਰੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਈਵੀਐਮਜ਼ ਨਾਲ ਛੇੜਛਾੜ ਨਹੀਂ ਕੀਤੀ ਜਾਂਦੀ ਸੀ ਅਤੇ ਇਸ ਤਰ੍ਹਾਂ ਦੇ ਹੱਥਕੰਡੇ ਕੇਵਲ ਹੁਣ ਹੀ ਵਰਤੇ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਚੋਰ’ ਸਾਰੇ ਘਰ ਵਿੱਚ ਚੋਰੀ ਨਹੀਂ ਕਰਦਾ ਬਲਕਿ ਕੁੱਝ ਕੇਵਲ ਥਾਵਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ ਜੋ ਉਹ ਫੜਿਆ ਨਾ ਜਾਵੇ। ਇਸ ਮਾਮਲੇ ਵਿੱਚ ਈਵੀਐਮਜ਼ ਨਾਲ ਸਭ ਤੋਂ ਵੱਡੇ ਰਾਜ ਯੂਪੀ ਵਿੱਚ ਹੀ ਛੇੜ-ਛਾੜ ਕੀਤੀ ਗਈ ਹੈ।
ਉਨ੍ਹਾਂ ਮੰਗ ਕੀਤੀ ਕਿ ਮੱਧ ਪ੍ਰਦੇਸ਼ ਉਪ ਚੋਣਾਂ ਅਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬੈਲੇਟ ਪੇਪਰ ਨਾਲ ਕਰਾਈਆਂ ਜਾਣੀਆਂ ਚਾਹੀਦੀਆਂ ਹਨ। ਉਪ ਸਭਾਪਤੀ ਨੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਕਿਹਾ, ‘ਇਹ ਮਾਮਲਾ ਚੋਣ ਕਮਿਸ਼ਨ ਕੋਲ ਉਠਾਉਣ ਚਾਹੀਦਾ ਹੈ। ਈਵੀਐਮਮਜ਼ ਸਹੀ ਕੰਮ ਕਰਦੀਆਂ ਹਨ ਜਾਂ ਨਹੀਂ ਇਸ ਦੀ ਪੜਤਾਲ ਚੋਣ ਕਮਿਸ਼ਨ ਕਰੇਗਾ। ਸਭਾਪਤੀ ਕੁੱਝ ਨਹੀਂ ਕਰ ਸਕਦਾ।’