ਕਸ਼ਮੀਰ ਵਿੱਚ ਵਿਦਿਆਰਥੀਆਂ ਦਾ ਹੁਣ ਤਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ

ਕਸ਼ਮੀਰ ਵਿੱਚ ਵਿਦਿਆਰਥੀਆਂ ਦਾ ਹੁਣ ਤਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ

ਸ੍ਰੀਨਗਰ/ਬਿਊਰੋ ਨਿਊਜ਼ :
ਕਸ਼ਮੀਰ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚ ਹੁਣ ਕਾਲਜ ਤੇ ਯੂਨੀਵਰਸਿਟੀ ਦੇ ਮੁੰਡੇ-ਕੁੜੀਆਂ ਵੀ ਸ਼ਾਮਲ ਹੋ ਰਹੇ ਹਨ। ਸੋਮਵਾਰ ਨੂੰ  ਵਾਦੀ ਵਿਚ ਸਾਰੇ 10 ਜ਼ਿਲ੍ਹਿਆਂ ਵਿਚ ਡਿਗਰੀ ਕਾਲਜ ਤੇ ਸ੍ਰੀਨਗਰ ਯੂਨੀਵਰਸਿਟੀ ਦੇ ਵਿਦਿਆਰਥੀ ਸੜਕਾਂ ‘ਤੇ ਉਤਰ ਆਏ। ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਥਰਾ ਕਰਨ ਲੱਗੇ। ਇਸ ਵਿਚ ਕੋਠੀਬਾਗ ਥਾਣੇ ਦੇ ਮੁਖੀ, ਦੋ ਦਰਜਨ ਪੁਲੀਸ ਮੁਲਾਜ਼ਮ ਤੇ 3 ਦਰਜਨ ਵਿਦਿਆਰਥੀਆਂ ਸਮੇਤ 60 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਵਿਦਿਆਰਥੀਆਂ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਵਿਰੋਧ-ਪ੍ਰਦਰਸ਼ਨ ਹੈ। ਦੱਖਣੀ ਕਸ਼ਮੀਰ ਦੇ ਪੁਲਵਾਮਾ ਖੇਤਰ ਦੇ ਕਾਲਜ ਵਿੱਚ ਸੁਰੱਖਿਆ ਬਲਾਂ ਵੱਲੋਂ ਬੀਤੇ ਦਿਨੀਂ ਕੀਤੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਵਿਰੋਧ ਪ੍ਰਗਟਾ ਰਹੇ ਵਿਦਿਆਰਥੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਵਾਦੀ ਵਿੱਚ ਕਈ ਥਾਵਾਂ ‘ਤੇ ਝੜਪਾਂ ਹੋਈਆਂ। ਵਿਦਿਆਰਥੀਆਂ ਨੇ ਵਿਰੋਧ ਵਜੋਂ ਕਲਾਸਾਂ ਦਾ ਬਾਈਕਾਟ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਦੀ ਦੇ ਡਿਗਰੀ ਕਾਲਜਾਂ ਅਤੇ ਕੁਝ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਰੈਲੀਆਂ ਕੱਢਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲੀਸ ਨੇ ਰੋਕ ਦਿੱਤਾ ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋਈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕਾਰਨ ਲਾਲ ਚੌਕ ਸਮੇਤ ਕੁਝ ਇਲਾਕਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਰਿਹਾ। ਜ਼ਿਕਰਯੋਗ ਹੈ ਕਿ ਕਈ ਵਿਦਿਆਰਥੀ ਧੜਿਆਂ ਨੇ ਸੁਰੱਖਿਆ ਬਲਾਂ ਦੀ ਕਾਲਜ ਵਿਦਿਆਰਥੀਆਂ ‘ਤੇ ਕੀਤੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਇਕ ਧੜਾ ਲਾਲ ਚੌਕ ਨੇੜੇ ਮੌਲਾਨਾ ਆਜ਼ਾਦ ਮਾਰਗ ‘ਤੇ ਸ੍ਰੀ ਪ੍ਰਤਾਪ ਕਾਲਜ ਨੇੜੇ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਉਥੋਂ ਹਟਣ ਲਈ ਕਿਹਾ ਪਰ ਉਹ ਉਥੇ ਹੀ ਡਟੇ ਰਹੇ ਅਤੇ ਉਨ੍ਹਾਂ ਨੇ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਦੋਵਾਂ ਧੜਿਆਂ ਵਿੱਚ ਝੜਪ ਹੋ ਗਈ। ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ। ਅੰਤਿਮ ਖ਼ਬਰਾਂ ਆਉਣ ਤੱਕ ਗੰਦਰਬਲ, ਬਾਰਾਮੁੱਲਾ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਜਾਰੀ ਸੀ। ਇਨ੍ਹਾਂ ਝੜਪਾਂ ਵਿੱਚ ਸੁਰੱਖਿਆ ਬਲ ਦੇ ਜਵਾਨਾਂ ਸਮੇਤ ਕਈ ਜ਼ਖ਼ਮੀ  ਹੋਏ ਹਨ।
ਇਸੇ ਦੌਰਾਨ ਪੁਲੀਸ ਨੇ ਵਾਦੀ ਵਿਚਲੀਆਂ ਟੈਲੀਕਾਮ ਕੰਪਨੀਆਂ ਨੂੰ 3ਜੀ ਅਤੇ 4ਜੀ ਸੇਵਾਵਾਂ ਬੰਦ ਕਰਨ ਲਈ ਕਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਨ ਲਾਈਨ ਵੀਡੀਓਜ਼ ਰਾਹੀਂ ਸੁਰੱਖਿਆ ਬਲਾਂ ਦੀ ਸਾਖ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ।
ਪਲਾਸਟਿਕ ਗੋਲੀਆਂ ਦੀ ਹੋਵੇਗੀ ਵਰਤੋਂ :
ਨਵੀਂ ਦਿੱਲੀ: ਜੰਮੂ ਕਸ਼ਮੀਰ ਵਿੱਚ ਭੀੜ ਅਤੇ ਪੱਥਰਬਾਜ਼ਾਂ ਨੂੰ ਕਾਬੂ ਕਰਨ ਲਈ ਹੁਣ ਪਲਾਸਟਿਕ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਪਲਾਸਟਿਕ ਦੀਆਂ ਗੋਲੀਆਂ ਬਣਾ ਕੇ ਵਾਦੀ ਵਿੱਚ ਪੁਲੀਸ ਤੇ ਹੋਰ ਬਲਾਂ ਨੂੰ ਭੇਜੀਆਂ ਗਈਆਂ ਹਨ। ਇਨ੍ਹਾਂ ਨਾਲ ਵਧੇਰੇ ਨੁਕਸਾਨ ਨਹੀਂ ਹੁੰਦਾ। ਇਸ ਤੋਂ ਪਹਿਲਾਂ ਮੁਜ਼ਾਹਰਾਕਾਰੀਆਂ ਅਤੇ ਪੱਥਰਬਾਜ਼ਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਬਲ ਅਸਾਲਟ ਰਾਈਫਲ ਦੀ ਵਰਤੋਂ ਕਰਨ ਤੋਂ ਪਹਿਲਾਂ ਅੱਥਰੂ ਗੈਸ ਦੇ ਗੋਲੇ ਅਤੇ ਪੈਲੇਟ ਗਨ ਦੀ ਵਰਤੋਂ ਕਰਦੇ ਸਨ।
ਸਰਹੱਦ ‘ਤੇ ਗੋਲੀਬਾਰੀ ਦੌਰਾਨ 5 ਪਾਕਿ ਫ਼ੌਜੀ ਹਲਾਕ :
ਜੰਮੂ: ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਨਾਲ ਲੱਗਦੀ ਕੰਟਰੋਲ ਰੇਖਾ ‘ਤੇ  ਨੌਸ਼ਿਹਰਾ ਖਿੱਤੇ ਵਿਚ ਪਾਕਿਸਤਾਨੀ ਤੇ ਭਾਰਤੀ ਸੈਨਾ ਵਿਚਕਾਰ ਹੋਈ ਗੋਲੀਬਾਰੀ ਵਿੱਚ 5 ਤੋਂ ਜ਼ਿਆਦਾ ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਫੌਜ ਵੱਲੋਂ ਸਵੈਚਾਲਿਤ ਹਥਿਆਰਾਂ ਤੇ ਮੋਰਟਾਰ ਗੋਲੇ ਦਾਗ ਕੇ ਗੋਲੀਬੰਦੀ ਦੀ ਉਲੰਘਣਾ ਕੀਤੀ। ਇਸ ਮਹੀਨੇ ਗੋਲੀਬੰਦੀ ਦੀ ਉਲੰਘਣਾ ਦੀ ਇਹ ਛੇਵੀਂ ਘਟਨਾ ਹੈ। ਪਾਕਿਸਤਾਨੀ ਫੌਜ ਨੇ ਛੋਟੇ ਅਤੇ ਆਟੋਮੈਟਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਤੇ ਤੋਪਖਾਨੇ ਦਾ ਇਸਤੇਮਾਲ ਕੀਤਾ। ਫੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਨੌਸ਼ਿਹਰਾ ਇਲਾਕੇ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਕਿਹਾ ਗਿਆ ਹੈ।
ਜੀਪ ਕਾਂਡ: ਪੁਲੀਸ ਵੱਲੋਂ ਫੌਜ ਖ਼ਿਲਾਫ਼ ਕੇਸ ਦਰਜ
ਪੁਲੀਸ ਨੇ ਇਕ ਨਾਗਰਿਕ ਨੂੰ ਜੀਪ ‘ਤੇ ਬੰਨ੍ਹ ਕੇ ਮਨੁੱਖੀ ਢਾਲ ਬਣਾਉਣ ਦੇ ਮਾਮਲੇ ਵਿੱਚ ਅਣਪਛਾਤੇ ਸੁਰੱਖਿਆ ਬਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਰਵਾਹ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲੀਸ ਨੇ ਗੋਲੀ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿੱਚ ਵੀ ਬੀਐਸਐਫ ਦੇ ਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।