‘ਆਪ’ ਵਿਧਾਇਕ ਅਮਾਨਤੁੱਲਾ ਨੇ ਕੁਮਾਰ ਵਿਸ਼ਵਾਸ ਨੂੰ ਦੱਸਿਆ ਭਾਜਪਾ ਦਾ ਏਜੰਟ

‘ਆਪ’ ਵਿਧਾਇਕ ਅਮਾਨਤੁੱਲਾ ਨੇ ਕੁਮਾਰ ਵਿਸ਼ਵਾਸ ਨੂੰ ਦੱਸਿਆ ਭਾਜਪਾ ਦਾ ਏਜੰਟ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਨਿਗਮ ਚੋਣਾਂ ਵਿਚ ‘ਆਪ’ ਦੀ ਹੋਈ ਹਾਰ ਤੋਂ ਬਾਅਦ ਕੁਮਾਰ ਵਿਸ਼ਵਾਸ ਵੱਲੋਂ ਸਵਾਲ ਉਠਾਉਣ ‘ਤੇ ਆਮ ਆਦਮੀ ਪਾਰਟੀ ਆਪਸ ਵਿਚ ਵੰਡੀ ਹੋਈ ਨਜ਼ਰ ਆ ਰਹੀ ਹੈ, ਜਿਥੇ ਕੇਜਰੀਵਾਲ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ, ਕੁਮਾਰ ਵਿਸ਼ਵਾਸ ਦੇ ਸਮਰਥਨ ਵਿਚ ਖੜ੍ਹੇ ਦਿੱਸ ਰਹੇ ਹਨ, ਉਥੇ ਜਾਮਿਆਨਗਰ ਤੋਂ ‘ਆਪ’ ਦੇ ਵਿਧਾਇਕ ਅਮਾਨਤੁੱਲਾ ਖਾਨ ਨੇ ਉਸ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਮਾਨਤੁੱਲਾ ਨੇ ਕੁਮਾਰ ਵਿਸ਼ਵਾਸ ‘ਤੇ ਭਾਜਪਾ ਦਾ ਏਜੰਟ ਹੋਣ ਇਲਜ਼ਾਮ ਲਗਾਉਂਦਿਆ ਕਿਹਾ ਹੈ ਕਿ ਕੁਮਾਰ ਵਿਸ਼ਵਾਸ ਪਾਰਟੀ ਨੂੰ ਤੋੜਨਾ ਚਾਹੁੰਦੇ ਹਨ ਤੇ ਵਿਧਾਇਕਾਂ ਨੂੰ ਆਪਣੇ ਘਰ ਬੁਲਾ ਕੇ ਖੁਦ ਨੂੰ ਕਨਵੀਨਰ ਬਣਾਉਣ ਜਾਂ ਭਾਜਪਾ ਵਿਚ ਸ਼ਾਮਲ ਹੋਣ ਲਈ ਉਕਸਾ ਰਹੇ ਹਨ ਤੇ ਕਿਹਾ ਕਿ ਭਾਜਪਾ ਹਰੇਕ ਵਿਧਾਇਕ ਨੂੰ 30 ਕਰੋੜ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਯੋਗੇਂਦਰ ਯਾਦਵ ਵੀ ਕੁਮਾਰ ਵਿਸ਼ਵਾਸ ਵਾਂਗ ਹੀ ਪਾਰਟੀ ਖ਼ਿਲਾਫ ਸਾਜਿਸ਼ ਰਚਦੇ ਸਨ।
ਕੇਜਰੀਵਾਲ ਬੋਲੇ-ਕੁਮਾਰ ਵਿਸ਼ਵਾਸ ਮੇਰਾ ‘ਛੋਟਾ ਭਰਾ’ :
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੀਨੀਅਰ ਪਾਰਟੀ ਨੇਤਾ ਕਵੀ ਤੇ ਗੀਤਕਾਰ ਕੁਮਾਰ ਵਿਸ਼ਵਾਸ ਨੂੰ ਆਪਣਾ ਛੋਟਾ ਭਰਾ ਦੱਸਿਆ ਹੈ। ਕੁਮਾਰ ਵਿਸ਼ਵਾਸ ਵੱਲੋਂ ਅਪਣਾਏ ਹਮਲਾਵਰ ਰੁਖ ਦਾ ਟਵਿੱਟਰ ‘ਤੇ ਜਵਾਬ ਦਿੰਦਿਆ ਕੇਜਰੀਵਾਲ ਨੇ ਵਿਸ਼ਵਾਸ ਨੂੰ ਆਪਣਾ ਛੋਟਾ ਭਰਾ ਦੱਸਦਿਆਂ ਕਿਹਾ ਹੈ ਕਿ ਕੁਝ ਪਾਰਟੀ ਵਿਰੋਧੀ ਦੁਸ਼ਮਣ ਲੋਕ ਉਨ੍ਹਾਂ ਦੋਹਾਂ ਵਿਚ ਦੂਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਲੋਕ ਆਪਣੇ ਮਕਸਦ ਵਿਚ ਸਫ਼ਲ ਨਹੀਂ ਹੋ ਸਕਣਗੇ ਤੇ ਸਾਨੂੰ ਕੋਈ ਵੱਖ ਨਹੀਂ ਕਰ ਸਕਦਾ।