ਸਿਆਸੀ ਬਾਜ਼ੀਗਰਾਂ ਦਾ ਹਾਸਾ, ਜਮਹੂਰੀਅਤ ਦਾ ਤਮਾਸ਼ਾ

ਸਿਆਸੀ ਬਾਜ਼ੀਗਰਾਂ ਦਾ ਹਾਸਾ, ਜਮਹੂਰੀਅਤ ਦਾ ਤਮਾਸ਼ਾ

ਬਿਹਾਰ ‘ਚ ਨਿਤੀਸ਼ ਕੁਮਾਰ ਨੇ ਲਾਲੂ ਪਰਿਵਾਰ ਦੇ ‘ਭ੍ਰਿਸ਼ਟਾਚਾਰ’ ਤੋਂ ‘ਦੁਖੀ’ ਹੋ ਕੇ ਭਾਜਪਾ ਨਾਲ ਹੱਥ ਮਿਲਾਏ
ਨਿਤੀਸ਼ ਕੁਮਾਰ ਦੀ ਨਵੀਂ ਕੈਬਨਿਟ ਦੇ 29 ‘ਚੋਂ 22 ਮੰਤਰੀ ਭਾਵ 76% ਮੰਤਰੀਆਂ ‘ਤੇ ਅਪਰਾਧਿਕ ਮਾਮਲੇ
ਗੁਜਰਾਤ ‘ਚ ‘ਤਾਕਤ’ ਬਚਾਈ ਰੱਖਣ ਲਈ ਕਾਂਗਰਸ ਨੇ ਆਪਣੇ 42 ਵਿਧਾਇਕਾਂ ਨੂੰ ਰਿਜ਼ਾਰਟ ‘ਚ ‘ਬੰਦੀ’ ਬਣਾਇਆ
ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤ ਦੇ ਦੋ ਅਹਿਮ ਸੂਬੇ ਬਿਹਾਰ ਤੇ ਗੁਜਰਾਤ ਇਨ੍ਹੀਂ ਦਿਨੀਂ ਸਿਆਸੀ ਅਖਾੜਿਆਂ ਦੀ ‘ਰੌਣਕ’ ਬਣੇ ਹੋਏ ਹਨ। ਸਿਆਸੀ ਬਾਜ਼ੀਗਰਾਂ ਦੀਆਂ ਕਲਾਬਾਜ਼ੀਆਂ ਨੇ ਜਮਹੂਰੀਅਤ ਦਾ ਤਮਾਸ਼ਾ ਬਣਾ ਧਰਿਆ ਹੈ। ਬਿਹਾਰ ਵਿਚ ਜਿੱਥੇ ਮਹਾਂਗਠਜੋੜ ਤੋਂ ਵੱਖ ਹੋ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਜੱਫੀ ਪਾ ਲਈ ਤੇ ਮੁੜ ਸੂਬੇ ਦੇ ਮੁੱਖ ਮੰਤਰੀ ਬਣ ਗਏ ਹਨ, ਤਾਂ ਗੁਜਰਾਤ ਵਿਚ ਰਾਜ ਸਭਾ ਚੋਣਾਂ ਦੀ ਵੋਟਿੰਗ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਨੂੰ ਜਿੱਤ ਦਿਵਾਉਣ ਲਈ ਬੰਗਲੁਰੂ ਵਿਚ ਮੀਡੀਆ ਸਾਹਮਣੇ 42 ਵਿਧਾਇਕਾਂ ਦੀ ਪਰੇਡ ਮਗਰੋਂ ਵੀ ਕਾਂਗਰਸ ਪਾਰਟੀ ਦੀ ਸਥਿਤੀ ਡਿਕ-ਡੋਲੇ ਖਾ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ੰਕਰ ਸਿੰਘ ਵਘੇਲਾ ਦੇ ਪਾਰਟੀ ਤੋਂ ਵੱਖ ਹੋਣ ਮਗਰੋਂ ਭਾਜਪਾ ਦਾ ਮੁਕਾਬਲਾ ਕਰਨ ਲਈ ਕਾਂਗਰਸ ਠੋਸ ਤਾਕਤ ਨਾਲ ਸਾਹਮਣੇ ਆਈ ਹੈ। ਵਘੇਲਾ ਦੇ ਪਾਰਟੀ ਛੱਡਣ ਤੋਂ ਤੁਰੰਤ ਬਾਅਦ ਹੀ ਕਾਂਗਰਸ ਦੇ 6 ਹੋਰ ਵਿਧਾਇਕਾਂ ਨੇ ਵੀ ਅਸਤੀਫਾ ਸੌਂਪ ਦਿੱਤੇ। ਪਾਰਟੀ ਨੂੰ ਹੋਰ ਟੁੱਟ ਤੋਂ ਬਚਾਉਣ ਲਈ 40 ਵਿਧਾਇਕਾਂ ਨੂੰ ਜਹਾਜ਼ ਰਾਹੀਂ ਬੰਗਲੁਰੂ ਭੇਜ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਨੂੰ ਇਕ ਰਿਜ਼ਾਰਟ ਵਿਚ ਰਾਜ ਸਭਾ ਚੋਣ ਤੋਂ ਪਹਿਲਾਂ ਤਕ ਰੱਖਿਆ ਜਾਵੇਗਾ। ਉਧਰ ਕਰਨਾਟਕ ਦੇ ਉਰਜਾ ਮੰਤਰੀ ਡੀ.ਕੇ. ਸ਼ਿਵਕੁਮਰ ਦੇ ਘਰ ਅਤੇ ਉਨ੍ਹਾਂ ਦੇ ਇਸੇ ਰਿਜ਼ਾਰਟ ‘ਤੇ ਆਮਦਨ ਕਰ ਵਿਭਾਗ ਨੇ ਬੁੱਧਵਾਰ ਸਵੇਰੇ ਛਾਪੇ ਮਾਰੇ।
ਬਿਹਾਰ ਵਿਚ ਜਿਸ ਤਰ੍ਹਾਂ ਨਿਤੀਸ਼ ਕੁਮਾਰ ਨੇ ਲਾਲੂ ਪਰਿਵਾਰ ‘ਤੇ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਤੋਂ ‘ਦੁਖੀ’ ਹੋ ਕੇ ਭਾਜਪਾ ਦੀ ਭਾਈਵਾਲੀ ਨਾਲ ਨਵੀਂ ਕੈਬਨਿਟ ਬਣਾਈ ਹੈ, ਉਸ ਦੇ ਮੰਤਰੀਆਂ ਦੇ ਕਾਰਨਾਮਿਆਂ ਨੂੰ ਦੇਖ ਕੇ ਨਹੀਂ ਲਗਦਾ ਕਿ ਨਿਤੀਸ਼ ਦਾ ਮਹਾਂਗਠਜੋੜ ਤੋਂ ਵੱਖ ਹੋਣ ਦਾ ਕਾਰਨ ਸਿਰਫ਼ ਲਾਲੂ ਪਰਿਵਾਰ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਨਿਤੀਸ਼ ਕੁਮਾਰ ਦੀ ਨਵੀਂ ਕੈਬਨਿਟ ਦੀ ਦਿਖ ਵੀ ਸਾਫ਼-ਸੁਥਰੀ ਨਹੀਂ ਹੈ। ਚੋਣ ਵਾਚਡਾਗ ਸੰਸਥਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਨਿਤੀਸ਼ ਕੁਮਾਰ ਦੀ ਕੈਬਨਿਟ ਵਿਚ 76% ਮੰਤਰੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਏ.ਡੀ.ਆਰ. ਰਿਪੋਰਟ ਮੁਤਾਬਕ ਨਿਤੀਸ਼ ਕੁਮਾਰ ਦੀ ਨਵੀਂ ਕੈਬਨਿਟ ਦੇ 29 ਵਿਚੋਂ 22 ਮੰਤਰੀ ਭਾਵ 76% ਮੰਤਰੀ ਅਪਰਾਧਿਕ ਮਾਮਲਿਆਂ ਦੇ ਦੋਸ਼ੀ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਨਿਤੀਸ਼ ਕੁਮਾਰ ਦੀ ਲਾਲੂ ਯਾਦਵ ਨਾਲ ਮਹਾਂਗਠਜੋੜ ਵਾਲੀ ਕੈਬਨਿਟ ਵਿਚ 19 ਮੰਤਰੀ ਭਾਵ 68% ਮੰਤਰੀ ਹੀ ਦੋਸ਼ੀ ਸਨ। ਨਿਤੀਸ਼ ਕੁਮਾਰ ਦੇ ਇਸ ਨਵੀਂ ਕੈਬਨਿਟ ਦੇ 22 ਦਾਗ਼ੀ ਮੰਤਰੀਆਂ ਵਿਚੋਂ 9 ਮੰਤਰੀਆਂ ਨੇ ਆਪਣੇ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲਿਆਂ ਦਾ ਜ਼ਿਕਰ ਕੀਤਾ ਹੈ। ਏਨਾ ਹੀ ਨਹੀਂ ਜੇ.ਡੀ.ਯੂ. ਤੋਂ ਨਿਤੀਸ਼ ਕੈਬਨਿਟ ਦੇ ਦੋ ਮੰਤਰੀਆਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਵਿਚ ਧਾਰਾ 307 ਤਹਿਤ ਮਾਮਲੇ ਦਰਜ ਹਨ। ਕਈ ਮੰਤਰੀਆਂ ਖ਼ਿਲਾਫ਼ ਡਕੈਤੀ, ਚੋਰੀ, ਧੋਖਾਧੜੀ ਤੇ ਔਰਤਾਂ ਖ਼ਿਲਾਫ਼ ਹਿੰਸਾ ਵਰਗੇ ਗੰਭੀਰ ਮਾਮਲੇ ਦਰਜ ਹਨ। ਨਿਤੀਸ਼ ਦੀ ਕੈਬਨਿਟ ਵਿਚ 21 ਮੰਤਰੀ ਲਗਭਗ 72% ਮੰਤਰੀ ਕਰੋੜਪਤੀ ਹਨ ਜਦਕਿ ਪਿਛਲੀ ਸਰਕਾਰ ਵਿਚ 22 ਭਾਵ 79 ਫ਼ੀਸਦੀ ਮੰਤਰੀ ਕਰੋੜਪਤੀ ਸਨ। ਚੋਣ ਕਮਿਸ਼ਨ ਵਿਚ ਦਾਖ਼ਲ ਕੀਤੇ ਗਏ ਹਲਫਨਾਮੇ ਮੁਤਾਬਕ ਨਿਤੀਸ਼ ਕੁਮਾਰ ਦੇ ਕੁੱਲ ਮੰਤਰੀਆਂ ਦੀ ਔਸਤ ਸੰਪਤੀ ਲਗਭਗ 2.46 ਕਰੋੜ ਹੈ। ‘ਸੰਘ ਮੁਕਤ ਭਾਰਤ’ ਬਣਾਉਣ ਅਤੇ ‘ਮਿੱਟੀ ਵਿਚ ਮਿਲ ਜਾਣ ਪਰ ਭਾਜਪਾ ਨਾਲ ਹੱਥ ਨਾ ਮਿਲਾਉਣ’ ਦੀਆਂ ਗੱਲਾਂ ਕਰਦੇ ਰਹੇ ਨਿਤੀਸ਼ ਕੁਮਾਰ ਨੇ ਜਦੋਂ 27 ਜੁਲਾਈ ਨੂੰ ਮਹਾਂਗਠਜੋੜ ਨਾਲੋਂ ਤੋੜ-ਵਿਛੋੜਾ ਕਰਕੇ ਰਾਜਪਾਲ ਨੂੰ ਅਸਤੀਫ਼ਾ ਸੌਂਪਿਆ ਤਾਂ ਲੋਕਾਂ ਨੂੰ ਲੱਗਾ ਕਿ ਸਿਆਸਤ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਨਿਤੀਸ਼ ਕੁਮਾਰ ਨੇ ਵੱਡਾ ਸਾਹਸੀ ਕਦਮ ਚੁੱਕਿਆ ਹੈ। ਹਾਲਾਂਕਿ ਨਿਤੀਸ਼ ਕੁਮਾਰ ਨੇ ਤੇਜਸਵੀ ਯਾਦਵ ਦੇ ਅਸਤੀਫ਼ੇ ਦੀ ਖੁੱਲ੍ਹੀ ਮੰਗ ਨਹੀਂ ਕੀਤੀ ਸੀ ਪਰ ਇਹ ਕਹਿ ਕੇ ਦਬਾਅ ਬਣਾਇਆ ਕਿ ਉਨ੍ਹਾਂ ਦੀ ਸਰਕਾਰ ਵਿਚ ਭ੍ਰਿਸ਼ਟਾਚਾਰ ਦਾ ਕੋਈ ਦੋਸ਼ੀ ਕਿਵੇਂ ਰਹਿ ਸਕਦਾ ਹੈ। ਨਿਤੀਸ਼ ਦੇ ਅਸਤੀਫ਼ਾ ਦੇ ਕੇ ਰਾਜਭਵਨ ਤੋਂ ਬਾਹਰ ਆਉਂਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਕੁਝ ਹੀ ਘੰਟਿਆਂ ਵਿਚ ਨਿਤੀਸ਼ ਕੁਮਾਰ ਨੂੰ ਨਾ ਸਿਰਫ਼ ਐਨ.ਡੀ.ਏ. ਦਾ ਸਮਰਥਨ ਮਿਲ ਗਿਆ ਬਲਕਿ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਐਲਾਨ ਨਾਲ ਹੀ ਉਨ੍ਹਾਂ ਦੀ ‘ਸਾਹਸੀ ਕਦਮ’ ਦੀ ਹਵਾ ਨਿਕਲ ਗਈ। ਨਿਤੀਸ਼ ਕੁਮਾਰ ਭਾਜਪਾ ਦੀ ਹਮਾਇਤ ਨਾਲ ਮੁੜ ਮੁੱਖ ਮੰਤਰੀ ਬਣ ਗਏ ਤੇ ਲਾਲੂ ਪਰਿਵਾਰ ‘ਤੇ ਕਰੀਬ ਇਕ ਮਹੀਨੇ ਤੋਂ ਪਿਛੇ ਸੁਸ਼ੀਲ ਮੋਦੀ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ। ਹੋਰ ਤਾਂ ਹੋਰ ਰਾਜਪਾਲ ਨੇ ਰਾਸ਼ਟਰੀ ਜਨਤਾ ਦਲ ਨੂੰ ਬਹੁਮਤ ਸਿੱਧ ਕਰਨ ਦਾ ਮੌਕਾ ਤੱਕ ਨਾ ਦਿੱਤਾ ਤੇ ਨਿਤੀਸ਼ ਨੂੰ ਸਹੁੰ ਵੀ ਚੁਕਾ ਦਿੱਤੀ।