ਬੇਰੁਜ਼ਗਾਰੀ ਕਾਰਨ ਸੱਤਾ ‘ਚ ਆਏ ਮੋਦੀ ਤੇ ਟਰੰਪ : ਰਾਹੁਲ ਗਾਂਧੀ

ਬੇਰੁਜ਼ਗਾਰੀ ਕਾਰਨ ਸੱਤਾ ‘ਚ ਆਏ ਮੋਦੀ ਤੇ ਟਰੰਪ : ਰਾਹੁਲ ਗਾਂਧੀ

ਕੈਪਸ਼ਨ-ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਿਊ ਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ। 

ਪ੍ਰਿੰਸਟਨ/ਬਿਊਰੋ ਨਿਊਜ਼ :
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਲੋਕ ਬੇਰੁਜ਼ਗਾਰੀ ਕਾਰਨ ਉਪਜੀ ਨਿਰਾਸ਼ਾ ਕਰ ਕੇ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਵਰਗੇ ਆਗੂਆਂ ਦੀ ਚੋਣ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਭਾਰਤ ਵਿੱਚ ਉਨ੍ਹਾਂ ਦੀ ਪਾਰਟੀ 2014 ਦੀਆਂ ਲੋਕ ਸਭਾ ਚੋਣਾਂ ਲੋੜੀਂਦੇ ਰੁਜ਼ਗਾਰ ਪੈਦਾ ਕਰਨ ਵਿੱਚ ਆਪਣੀ ਨਾਕਾਮੀ ਕਾਰਨ ਹੀ ਹਾਰੀ ਹੈ। ਅਮਰੀਕਾ ਦੇ ਆਪਣੇ ਦੋ ਹਫ਼ਤਿਆਂ ਦੇ ਦੌਰੇ ਦੌਰਾਨ ਸ੍ਰੀ ਗਾਂਧੀ (47) ਇਥੇ ਵੱਕਾਰੀ ਪ੍ਰਿੰਸਟਨ ਯੂਨੀਵਰਸਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤੀਆਂ ਦੇ ਸ਼ਕਤੀਕਰਨ, ਆਤਮਨਿਰਭਰਤਾ ਅਤੇ ਉਨ੍ਹਾਂ ਨੂੰ ਕੌਮ ਦੀ ਉਸਾਰੀ ਵਿੱਚ ਲਾਉਣ ਲਈ ਰੁਜ਼ਗਾਰ ਵੱਡਾ ਵਸੀਲਾ ਹੈ। ਉਨ੍ਹਾਂ ਕਿਹਾ, ”ਮੇਰੇ ਖ਼ਿਆਲ ਵਿੱਚ, ਮੋਦੀ ਦੇ ਉਭਾਰ ਅਤੇ ਕਿਸੇ ਹੱਦ ਤੱਕ ਟਰੰਪ ਦੀ ਆਮਦ ਦਾ ਕੇਂਦਰੀ ਕਾਰਨ ਭਾਰਤ ਤੇ ਅਮਰੀਕਾ ਵਿੱਚ ਨੌਕਰੀਆਂ ਦਾ ਸਵਾਲ ਹੈ। ਸਾਡੀ ਆਬਾਦੀ ਦਾ ਵੱਡਾ ਹਿੱਸਾ ਅਜਿਹਾ ਹੈ, ਜਿਸ ਕੋਲ ਨੌਕਰੀਆਂ ਨਹੀਂ ਹਨ ਤੇ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਜਾਪਦਾ ਹੈ। ਅਤੇ ਉਨ੍ਹਾਂ ਨੇ ਹੀ ਅਜਿਹੇ ਲੋਕਾਂ ਦੀ ਹਮਾਇਤ ਕੀਤੀ ਹੈ।”
ਅਸਹਿਣਸ਼ੀਲਤਾ ਨੇ ਭਾਰਤੀ ਅਕਸ ਨੂੰ ਕੀਤਾ ਖ਼ਰਾਬ :
ਰਾਹੁਲ ਨੇ ਹਿੰਸਕ ਘਟਨਾਵਾਂ ਤੇ ਅਸਹਿਣਸ਼ੀਲਤਾ ਨੂੰ ਲੈ ਕੇ ਦੁਨੀਆ ਵਿਚ ਭਾਰਤ ਦੇ ਅਕਸ ਨੂੰ ਵਿਗਾੜਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤ ਹਜ਼ਾਰਾਂ ਸਾਲਾਂ ਤੋਂ ਏਕਤਾ ਤੇ ਸ਼ਾਂਤੀ ਨਾਲ ਰਹਿਣ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ ਪਰ ਇਸ ਅਕਸ ਨੂੰ ਵਿਗਾੜਿਆ ਜਾ ਰਿਹਾ ਹੈ। ਦੇਸ਼ ਵਿਚ ਕੁੱਝ ਅਜਿਹੀਆਂ ਤਾਕਤਾਂ ਹਨ, ਜੋ ਭਾਰਤ ਨੂੰ ਵੰਡ ਰਹੀਆ ਹਨ।
ਭਾਰਤ ਤੇ ਚੀਨ ਦੇਣਗੇ ਦੁਨੀਆ ਨੂੰ ਨਵਾਂ ਰੂਪ :
ਰਾਹੁਲ ਗਾਂਧੀ ਨੇ ਕਿਹਾ ਕਿ ਦੋ ਵੱਡੇ ਏਸ਼ਿਆਈ ਅਰਥਚਾਰੇ ਭਾਰਤ ਤੇ ਚੀਨ ਹੀ ਆਪਣੇ ਵਿਕਾਸ ਦੇ ਵੱਖੋ-ਵੱਖਰੇ ਰਾਹਾਂ ਦੇ ਬਾਵਜੂਦ ਬੁਨਿਆਦੀ ਤੌਰ ‘ਤੇ ਦੁਨੀਆ ਨੂੰ ਨਵਾਂ ਰੂਪ ਦੇਣਗੇ। ਉਨ੍ਹਾਂ ਕਿਹਾ ਕਿ ਸੰਸਾਰ ਦੇ ਇਨ੍ਹਾਂ ਦੋਵਾਂ ਸਭ ਤੋਂ ਵੱਧ ਆਬਾਦੀ ਵਾਲੇ ਮੁਲਕਾਂ ਵਿੱਚ ‘ਸਹਿਯੋਗ ਤੇ ਮੁਕਾਬਲਾ’ ਸਭ ਤੋਂ ਵੱਡਾ ਸਾਂਝਾ ਗੁਣ ਹੈ।