ਨਵਜੋਤ ਸਿੱਧੂ ਨੇ ਭਗਤ ਸਿੰਘ ਦੇ ਜੱਦੀ ਘਰ ਦਾ ਬਿਜਲੀ ਬਿੱਲ ਤਾਰਿਆ

ਨਵਜੋਤ ਸਿੱਧੂ ਨੇ ਭਗਤ ਸਿੰਘ ਦੇ ਜੱਦੀ ਘਰ ਦਾ ਬਿਜਲੀ ਬਿੱਲ ਤਾਰਿਆ

ਕੈਪਸ਼ਨ-ਸ਼ਹੀਦ ਭਗਤ ਸਿੰਘ ਦੀ ਯਾਦਗਾਰ ‘ਤੇ ਸਿਜਦਾ ਕਰਦੇ ਹੋਏ ਨਵਜੋਤ ਸਿੰਘ ਸਿੱਧੂ।
ਬੰਗਾ/ਬਿਊਰੋ ਨਿਊਜ਼ :
ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਅਤੇ ਪਾਰਕ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ ਬਾਰੇ ਪਤਾ ਲੱਗਣ ‘ਤੇ ਪਿੰਡ ਖਟਕੜ ਕਲਾਂ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੌਕੇ ‘ਤੇ ਆਪਣੀ ਜੇਬ ਵਿਚੋਂ ਪਾਵਰਕੌਮ ਦੇ ਨਾਂ ਢਾਈ ਲੱਖ ਦਾ ਚੈੱਕ ਕੱਟ ਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਸੌਂਪ ਦਿੱਤਾ। ਉਹ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੇ ਮਿਊਜ਼ੀਅਮ ਦੇ ਉਸਾਰੀ ਕਾਰਜ ਦਾ ਜਾਇਜ਼ਾ ਲੈਣ ਆਏ ਸਨ। ਇਸ ਕਾਰਜ ਦੇ ਪਿਛਲੇ ਅੱਠ ਸਾਲਾਂ ਤੋਂ ਲਟਕਣ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੇ ਇਸ ਬਾਰੇ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਨਾਲ ਗੱਲ ਕਰਕੇ ਭਰੋਸਾ ਦਿੱਤਾ ਕਿ ਇਸ ਪ੍ਰਾਜੈਕਟ ਨੂੰ 23 ਮਾਰਚ, 2018 ਤਕ ਮੁਕੰਮਲ ਕਰ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਟੂਰਿਸਟ ਸਰਕਟਾਂ ਤਹਿਤ ਸੂਬੇ ਭਰ ਵਿਚ ਸ਼ਹੀਦਾਂ ਨਾਲ ਸਬੰਧਤ ਥਾਵਾਂ ਨੂੰ ਜੋੜਿਆ ਜਾਵੇਗਾ, ਜਿਸ ਨਾਲ ਸੈਲਾਨੀਆਂ ਨੂੰ ਸਹੂਲਤ ਹੋਵੇਗੀ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਤੋਂ ਇਲਾਵਾ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਦੇ ਸਮਾਰਕ ‘ਤੇ ਫੁੱਲ ਮਾਲਾਵਾਂ ਰੱਖ ਕੇ ਸਿਜਦਾ ਕੀਤਾ। ਇਸ ਬਾਅਦ ਪੁਰਾਣੇ ਮਿਊਜ਼ੀਅਮ ਤੇ ਨਵੇਂ ਬਣ ਰਹੇ ਮਿਊਜ਼ੀਅਮ ਤੇ ਯਾਦਗਾਰ ਦਾ ਦੌਰਾ ਕੀਤਾ। ਉਨ੍ਹਾਂ ਨੇ ਭਗਤ ਸਿੰਘ ਦੇ ਜੱਦੀ ਘਰ ਵਿੱਚ ਸ਼ਹੀਦ ਨਾਲ ਸਬੰਧਤ ਵਸਤਾਂ ਨੀਝ ਨਾਲ ਵੇਖੀਆਂ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਮੌਜੂਦ ਸਨ।