ਕੈਨੇਡਾ ਦੀ ਲਿਬਰਲ ਸਰਕਾਰ ਨੇ ਨਾਗਰਿਕਤਾ ਬਾਰੇ ਸ਼ਰਤਾਂ ਕੀਤੀਆਂ ਨਰਮ

ਕੈਨੇਡਾ ਦੀ ਲਿਬਰਲ ਸਰਕਾਰ ਨੇ ਨਾਗਰਿਕਤਾ ਬਾਰੇ ਸ਼ਰਤਾਂ ਕੀਤੀਆਂ ਨਰਮ

ਅੰਗਰੇਜ਼ੀ ਭਾਸ਼ਾ ਅਤੇ ਕੈਨੇਡਾ ਬਾਰੇ ਜਨਰਲ ਜਾਣਕਾਰੀ ਦੇ ਟੈਸਟ ਤੋਂ ਛੋਟ
ਬਰੈਂਪਟਨ/ਬਿਊਰੋ ਨਿਊਜ਼ :
ਕੈਨੇਡਾ ਦੀ ਲਿਬਰਲ ਸਰਕਾਰ ਨੇ ਇਮੀਗਰੇਸ਼ਨ ਕਾਨੂੰਨ ਵਿੱਚ ਸੋਧ ਕਰਕੇ ਮੁਲਕ ਦੀ ਨਾਗਰਿਕਤਾ ਲੈਣ ਦਾ ਸਮਾਂ ਚਾਰ ਸਾਲ ਤੋਂ ਘਟਾ ਕੇ ਤਿੰਨ ਸਾਲ ਕਰ ਦਿੱਤਾ ਹੈ। ਇਸ ਦੇ ਨਾਲ ਹੀ 55 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਉਮੀਦਵਾਰਾਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਕੈਨੇਡਾ ਬਾਰੇ ਜਨਰਲ ਜਾਣਕਾਰੀ ਦੇ ਟੈਸਟ ਤੋਂ ਛੋਟ ਦਿੱਤੀ ਗਈ ਹੈ। ਫੈਡਰਲ ਸਰਕਾਰ ਦੇ ਇਮੀਗਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਮੀਡੀਆ ਕਰਮੀਆਂ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫ਼ੈਸਲਾ 11 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਮਾਨੈਂਟ ਰੈਜ਼ੀਡੈਂਟ ਜਾਂ ਪੀਆਰ ਵਾਲਾ ਪਰਵਾਸੀ ਜਿਹੜਾ ਪੰਜ ਸਾਲ ਵਿੱਚੋਂ ਤਿੰਨ ਸਾਲ ਕੈਨੇਡਾ ਵਿੱਚ ਰਿਹਾ ਹੋਵੇ, ਉਹ ਮੁਲਕ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ  ਹਾਰਪਰ ਸਰਕਾਰ ਨੇ 6 ਸਾਲ ਵਿੱਚ ਚਾਰ ਸਾਲ ਕੈਨੇਡਾ ਵਿੱਚ ਰਹਿੰਦੇ ਹੋਣ ਦੀ ਸ਼ਰਤ ਰੱਖੀ ਹੋਈ ਸੀ  ਅਤੇ 14 ਸਾਲ ਤੋਂ 64 ਸਾਲ ਦੀ ਉਮਰ ਤਕ ਅੰਗਰੇਜ਼ੀ ਭਾਸ਼ਾ ਅਤੇ ਕੈਨੇਡਾ ਸਬੰਧੀ ਜਾਣਕਾਰੀ ਬਾਰੇ ਟੈਸਟ ਦੇਣਾ ਲਾਜ਼ਮੀ ਸੀ।
ਸ੍ਰੀ ਹੁਸੈਨ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਅਰਜ਼ੀਕਾਰ ਲਿਬਰਲ ਸਰਕਾਰ ਵੱਲੋਂ ਇਸ ਸਬੰਧੀ ਲਿਆਂਦੇ ਗਏੇ ਬਿਲ ਦੇ ਪਾਸ ਹੋਣ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਮੀਗਰੇਸ਼ਨ ਦੀ ਇਕ ਹੋਰ ਸੋਧ ਅਨੁਸਾਰ  ਇੰਟਰਨੈਸ਼ਨਲ ਸਟੂਡੈਂਟਸ, ਪਰਵਾਸੀ ਕਾਮਿਆਂ ਅਤੇ   ਰਿਫੂਜੀਆਂ ਨੂੰ ਇਕ ਸਾਲ ਦਾ ਵਾਧੂ ਲਾਭ ਦਿੱਤਾ ਗਿਆ ਹੈ ਤਾਂ ਜੋ ਉਹ ਪਰਮਾਨੈਂਟ ਰੈਜ਼ੀਡੈਂਸੀ ਲੈਣ ਲਈ ਇਕ ਸਾਲ ਦਾ ਸਮਾਂ ਬਚਾ ਸਕਣ। ਉਨ੍ਹਾਂ ਮੁਤਾਬਕ ਨਾਗਰਿਕਤਾ ਲੈਣ ਲਈ ਫੀਸਾਂ ਵਿੱਚ ਨਵਾਂ ਵਾਧਾ ਨਹੀਂ ਕੀਤਾ ਗਿਆ ਹੈ।