ਸਿੱਖ ਕੌਮ ਦਾ ਆਰ ਐਸ ਐੱਸ ਨੂੰ ਸਪੱਸ਼ਟ ਸੁਨੇਹਾ

ਸਿੱਖ ਕੌਮ ਦਾ ਆਰ ਐਸ ਐੱਸ ਨੂੰ ਸਪੱਸ਼ਟ ਸੁਨੇਹਾ

‘ਸਿੱਖ ਹਸਤੀ ਵਿਰੁਧ ਅਪਣੀਆਂ ਸਾਜ਼ਿਸਾਂ ਬੰਦ ਕਰੇ ਰਾਸ਼ਟਰੀ ਸਿੱਖ ਸੰਗਤ’
ਸੰਗਤਾਂ ਦੇ ਰੋਹ ਨੂੰ ਵੇਖਦਿਆਂ ਗਿਆਨੀ ਗੁਰਬਚਨ ਸਿੰਘ ਨੂੰ ਦੇਣਾ ਪਿਆ ਬਾਈਕਾਟ ਦਾ ਆਦੇਸ਼
ਅੰਮ੍ਰਿਤਸਰ/ਬਿਊਰੋ ਨਿਊਜ਼ :
ਖਾਲਸਾ ਪੰਥ ਦੀ ਨਿਆਰੀ ਪਛਾਣ ਅਤੇ ਅਪਣੇ ਵਜੂਦ ਦੀ ਵਿਲੱਖਣਤਾ ਲਈ ਜੂਝਦੀ ਆ ਰਹੀ ਸਿੱਖ ਕੌਮ ਦੀ ਹਸਤੀ ਨੂੰ ਸਿੱਧੇ ਤੇ ਅਸਿੱਧੇ ਢੰਗ ਨਾਲ ਢਾਹ ਲਾਉਣ ਲਈ ਯਤਨਸ਼ੀਲ ਹਿੰਦੂਤਵੀ ਜਥੇਬੰਦੀ ਆਰਐਸਐਸ ਨਾਲ ਸਬੰਧਤ ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕਰਵਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿਰੁਧ ਦੇਸ ਵਿਦੇਸ਼ ਵਿਚਲੇ ਸਿੱਖਾਂ ਵਲੋਂ ਪ੍ਰਗਟਾਏ ਸਖ਼ਤ ਰੋਹ ਨੇ ਸਮੁੱਚੀ ਸਿੱਖ ਕੌਮ ਨੂੰ ਵੱਡਾ ਹਲੂਣਾ ਦਿੱਤਾ ਹੈ। ‘ਸਿੱਖ ਹਸਤੀ ਵਿਰੁਧ ਅਪਣੀਆਂ ਸਾਜ਼ਿਸਾਂ ਬੰਦ ਕਰੇ ਰਾਸ਼ਟਰੀ ਸਿੱਖ ਸੰਗਤ’ ਵਾਲੇ ਸਿੱਖਾਂ ਦੇ ਇਸ ਸਾਂਝੇ ਸੱਦੇ ਤੇ ਸਪੱਸ਼ਟ ਸੁਨੇਹੇ ਸਦਕਾ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਸ ਸਮਾਗਮ ਵਿੱਚ ਸਿੱਖਾਂ ਦੇ ਸ਼ਾਮਲ ਹੋਣ ‘ਤੇ ਰੋਕ ਲਾਉਂਦਿਆਂ ਮਜਬੂਰਨ ਕਹਿਣਾ ਪਿਆ ਕਿ ਇਸ ਸਬੰਧੀ ਜੁਲਾਈ 2004 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ ਸੰਦੇਸ਼ ਅੱਜ ਵੀ ਜਿਉਂ ਦਾ ਤਿਉਂ ਕਾਇਮ ਹੈ ਅਤੇ ਸਿੱਖ ਕੌਮ ਇਸ ਉਪਰ ਪਹਿਰਾ ਦੇਵੇ।
ਜਥੇਦਾਰ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਇਸ ਸਬੰਧੀ ਜਾਰੀ ਕੀਤੇ ਬਿਆਨ ਮੁਤਾਬਕ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੁਲਾਈ 2004 ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ ਸੰਦੇਸ਼ ਅੱਜ ਵੀ ਬਰਕਰਾਰ ਹੈ। ਇਸ ਵਿਚ ਵਰਤੀ ਗਈ ਸ਼ਬਦਾਵਲੀ ਤੋਂ ਸਪੱਸ਼ਟ ਹੈ ਕਿ ਅਕਾਲ ਤਖ਼ਤ ਵੱਲੋਂ ਸ਼ੱਕੀ ਕਿਰਦਾਰ ਵਾਲੀਆਂ ਕਰਾਰ ਦਿੱਤੀਆਂ ਜਥੇਬੰਦੀਆਂ ਅਤੇ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਸਿੱਖ ਕੌਮ ਵੱਲੋਂ ਸਹਿਯੋਗ ਨਹੀਂ ਦਿੱਤਾ ਜਾ ਸਕਦਾ। ਗੁਰੂ ਸਾਹਿਬਾਨ ਨੇ ਸਾਰੀ ਲੋਕਾਈ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸਿੱਖ ਧਰਮ ਕਿਸੇ ਵੀ ਦੂਜੇ ਧਰਮ ਦੇ ਧਾਰਮਿਕ ਵਿਸ਼ਵਾਸ, ਮਰਿਆਦਾ ਤੇ ਇਤਿਹਾਸ ਵਿਚ ਦਖ਼ਲਅੰਦਾਜ਼ੀ ਨਹੀਂ ਕਰਦਾ ਅਤੇ ਨਾ ਹੀ ਕਿਸੇ ਧਰਮ ਦੀ ਸਿੱਖ ਧਰਮ ਵਿੱਚ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਕਰਦਾ ਹੈ। ਸਿੱਖ ਇਤਿਹਾਸ ਨੂੰ ਕਿਸੇ ਹੋਰ ਧਰਮ ਵਿੱਚ ਰਲਗੱਡ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਸਿੱਖ ਇਕ ਵੱਖਰੀ ਕੌਮ ਹੈ, ਜਿਸ ਦੀ ਵੱਖਰੀ ਪਛਾਣ ਹੈ ਤੇ ਇਸ ਦਾ ਵਿਲੱਖਣ ਇਤਿਹਾਸ ਹੈ।
ਰਾਸ਼ਟਰੀ ਸਿੱਖ ਸੰਗਤ ਦੇ ਇਸ ਸੰਮੇਲਨ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਨਾ ਤਾਂ ਇਸ ਸੰਮੇਲਨ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਨਾ ਹੀ ਉਨ੍ਹਾਂ ਦਾ ਇਸ ਨਾਲ ਕੋਈ ਵਾਸਤਾ ਹੈ। ਦੱਸਣਯੋਗ ਹੈ ਕਿ 2004 ਵਿੱਚ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਯਾਤਰਾ ਕਰਾਈ ਗਈ ਸੀ, ਜਿਸ ਦਾ ਸਿੱਖ ਕੌਮ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਪੰਜ ਸਿੰਘ ਸਾਹਿਬਾਨ ਵੱਲੋਂ ਰਾਸ਼ਟਰੀ ਸਿੱਖ ਸੰਗਤ ਨੂੰ ਸਹਿਯੋਗ ਨਾ ਦੇਣ ਦਾ ਆਦੇਸ਼ ਦਿੱਤਾ ਸੀ। ਇਹ ਆਦੇਸ਼ ਜਾਰੀ ਕਰਨ ਵਾਲੇ ਪੰਜ ਸਿੰਘ ਸਾਹਿਬਾਨ ਵਿੱਚ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸ਼ਾਮਲ ਸਨ। ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਨ। ਇਸ ਸੰਦੇਸ਼ ‘ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਵੀ ਦਸਤਖ਼ਤ ਕੀਤੇ ਗਏ ਸਨ।
ਰਾਸ਼ਟਰੀ ਸਿੱਖ ਸੰਗਤ ਵੱਲੋਂ ਪ੍ਰਕਾਸ਼ਤ ਸੱਦਾ ਪੱਤਰ ੁਲਚ ਦਰਜ ਹੈ ਕਿ 25 ਅਕਤੂਬਰ ਨੂੰ ਸ਼ਾਮ ਪੰਜ ਵਜੇ ਹੋਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਕਰਨਗੇ। ਸਮਾਗਮ ਦੇ ਮੁੱਖ ਵਕਤਾ ਆਰਐਸਐਸ ਦੇ ਮੁਖੀ ਡਾ. ਮੋਹਨ ਰਾਓ ਭਾਗਵਤ ਹੋਣਗੇ। ਮੁੱਖ ਮਹਿਮਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਨਿਰਮਲ ਅਖਾੜਾ ਹਰਿਦੁਆਰ ਦੇ  ਮਹੰਤ ਸੰਤ ਗਿਆਨ ਦੇਵ ਹੋਣਗੇ। ਇਸ ਤੋਂ ਇਲਾਵਾ ਕਈ ਉੱਘੀਆਂ ਸਿੱਖ ਸ਼ਖ਼ਸੀਅਤਾਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਭਾਜਪਾ ਦੇ ਕੌਮੀ ਸਕੱਤਰ ਆਰਪੀ ਸਿੰਘ ਆਦਿ ਸ਼ਾਮਲ ਹਨ। ਇਸ ਸਮਾਗਮ ਵਿੱਚ ਸਿੱਖਾਂ ਦੀ ਸ਼ਮੂਲੀਅਤ ‘ਤੇ ਰੋਕ ਲਾਏ ਜਾਣ ਕਾਰਨ ਹੁਣ ਇਸ ਵਿਚ ਹਿੱਸਾ ਲੈਣ ਵਾਲੇ ਸਿੱਖਾਂ ਖ਼ਿਲਾਫ਼ ਕਾਰਵਾਈ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਇਸ ਰੋਕ ਕਾਰਨ ਸਿੱਖ ਸ਼ਖ਼ਸੀਅਤਾਂ ਦੀ ਸ਼ਮੂਲੀਅਤ ‘ਤੇ ਪ੍ਰਸ਼ਨ ਚਿੰਨ ਲੱਗ ਗਿਆ ਹੈ।
ਦਲ ਖ਼ਾਲਸਾ ਤੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਸਮਾਗਮ ਦਾ ਵਿਰੋਧ :
ਅੰਮ੍ਰਿਤਸਰ/ਤਲਵੰਡੀ ਸਾਬੋ : ਦਲ ਖ਼ਾਲਸਾ ਨੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਸਮ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਸਮਾਗਮ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਵੱਲੋਂ ਸਿੱਖ ਧਰਮ ਵਿੱਚ ਘੁਸਪੈਠ ਕਰ ਕੇ ਇਸ ਦੀ ਨਿਆਰੀ ਪਛਾਣ ਖ਼ਾਤਮ ਕਰਨ ਦੇ ਮੰਤਵ ਨਾਲ ਰਾਸ਼ਟਰੀ ਸਿੱਖ ਸੰਗਤ ਨਾਮੀ ਜਥੇਬੰਦੀ ਬਣਾਈ ਗਈ ਸੀ।
ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸਿੱਖ ਮਾਮਲਿਆਂ ਵਿੱਚ ਦਖ਼ਲ ਦੇਵੇ ਅਤੇ ਸਿੱਖ ਕੌਮ ਇਸ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗੀ। ਸਿੱਖੀ ਸਿਧਾਂਤਾਂ ਅਨੁਸਾਰ ਸੰਗਤ ਕੇਵਲ ਗੁਰੂ ਦੀ ਹੁੰਦੀ ਹੈ ਨਾ ਕਿ ਕਿਸੇ ਰਾਸ਼ਟਰ ਦੀ। ਉਨ੍ਹਾਂ ਨੇ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਸਿੱਖ ਵਿਰੋਧੀ ਜਥੇਬੰਦੀ ਨੂੰ ਸਹਿਯੋਗ ਨਾ ਦੇਣ। ਸ੍ਰੀ ਚੀਮਾ ਨੇ ਸਪਸ਼ਟ ਕੀਤਾ ਕਿ ਅਕਾਲ ਤਖ਼ਤ ਤੋਂ ਜਾਰੀ ਆਰਐਸਐਸ ਖ਼ਿਲਾਫ਼ 2004 ਦਾ ਹੁਕਮਨਾਮਾ ਬਾਦਸਤੂਰ ਕਾਇਮ ਹੈ ਅਤੇ ਜਿਹੜੇ ਸਿੱਖ ਦਿੱਲੀ ਵਿੱਚ ਆਰਐਸਐਸ ਦੇ ਸਮਾਗਮ ਵਿੱਚ ਹਿੱਸਾ ਲੈਣਗੇ, ਉਹ ਪੰਥ ਦੇ ‘ਗ਼ੱਦਾਰ’ ਹੋਣਗੇ। ਉਨ੍ਹਾਂ ਕਿਹਾ ਕਿ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਇਕਬਾਲ ਸਿੰਘ ਨੂੰ ‘ਪੰਥ-ਦੋਖੀਆਂ’ ਨਾਲ ਸਾਂਝ ਪਾਉਣ ਅਤੇ ਸਟੇਜ ਸਾਂਝੀ ਕਰਨ ਤੋਂ ਰੋਕਣ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੋਸ਼ ਲਾਇਆ ਕਿ ਆਰਐਸਐਸ ਸਿੱਖ ਸਿਧਾਂਤਾਂ ਨੂੰ ‘ਤਹਿਸ-ਨਹਿਸ’ ਕਰਨ ਦਾ ਯਤਨ ਕਰ ਰਹੀ ਹੈ ਤੇ ਅਕਾਲੀ-ਭਾਜਪਾ ਗੱਠਜੋੜ ਆਸਰੇ ਆਰਐਸਐਸ ਨੇ ਪੰਜਾਬ ਵਿਚ ਆਪਣੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਹਨ।
ਉੱਧਰ ਮੁਤਵਾਜ਼ੀ ਜਥੇਦਾਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ ਕਿ ਕੋਈ ਵੀ ਸਿੱਖ ਉਕਤ ਸਮਾਗਮ ਵਿੱਚ ਸ਼ਮੂਲੀਅਤ ਨਾ ਕਰੇ।  ਆਰਐਸਐਸ ਲੰਮੇ ਸਮੇਂ ਤੋਂ ਸਿੱਖੀ ਨੂੰ ਬਿਪਰਵਾਦ ਵਿੱਚ ਮਿਲਾਉਣ ਲਈ ਯਤਨਸ਼ੀਲ ਹੈ ਤੇ ਹੁਣ ਨਰਿੰਦਰ ਮੋਦੀ ਦੇ ਰਾਜ ਵਿੱਚ ਖੁੱਲ੍ਹੇ ਰੂਪ ਵਿੱਚ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਆਰਐਸਐਸ ਨੂੰ ਸਿੱਖਾਂ ਨਾਲ ਕੋਈ ਹੇਜ ਹੁੰਦਾ ਤਾਂ ਮੋਦੀ ਦੇ ਰਾਜ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ (ਮੂਲ ਸਥਾਨ ਹਰਿ ਕੀ ਪਉੜੀ) ਹਰਿਦੁਆਰ ਸਿੱਖ ਪੰਥ ਦੇ ਹਵਾਲੇ ਕਰਦੀ ਤਾਂ ਜੋ ਉੱਥੇ ਗੁਰਦੁਆਰੇ ਦੀ ਉਸਾਰੀ ਹੋ ਸਕਦੀ। ਉਥੇ ਗੁਰੂ ਨਾਨਕ ਪਾਤਸ਼ਾਹ ਨੇ ਹਿੰਦੂ ਧਰਮ ਦੀਆਂ ਰੀਤਾਂ ਦੇ ਉਲਟ ਚੜ੍ਹਦੇ ਦੀ ਥਾਂ ਲਹਿੰਦੇ ਵੱਲ ਪਾਣੀ ਦੇ ਕੇ ਦੁਨੀਆ ਨੂੰ ਨਵੀਂ ਸੇਧ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਨਿਖੇਧੀਯੋਗ ਗੱਲ ਕਿਹੜੀ ਹੋ ਸਕਦੀ ਹੈ ਕਿ ਤਖ਼ਤ ਪਟਨਾ ਸਾਹਿਬ ਦਾ ਜਥੇਦਾਰ ਇਕਬਾਲ ਸਿੰਘ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਿਹਾ ਹੈ।
ਸੰਘ ਨੇ ਕਿਹਾ-ਸਿੱਖੀ ਵੱਖਰਾ ਧਰਮ :
ਜਲੰਧਰ : ਪੰਥਕ ਧਿਰਾਂ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਦੇ ਬਾਈਕਾਟ ਦਾ ਸੱਦਾ ਦਿੱਤੇ ਜਾਣ ਦੌਰਾਨ ਆਰਐਸਐਸ ਨੇ ਸਪਸ਼ਟ ਕੀਤਾ ਹੈ ਕਿ ਉਹ ਹਮੇਸ਼ਾ ਸਿੱਖਾਂ ਦੀ ਵੱਖਰੀ ਪਛਾਣ ਤੇ ਸਿੱਖੀ ਨੂੰ ਵੱਖਰੇ ਧਰਮ ਵਜੋਂ ਮੰਨਦੀ ਆ ਰਹੀ ਹੈ। ਸੰਘ ਦੇ ਪ੍ਰਚਾਰ ਪ੍ਰਮੁੱਖ ਰਾਮ ਗੋਪਾਲ ਵੱਲੋਂ ਜਾਰੀ ਪੰਜਾਬ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਬੇਦੀ ਦੇ ਬਿਆਨ ਮੁਤਾਬਕ ਸੰਘ ਦਾ ਦ੍ਰਿਸ਼ਟੀਕੋਣ ਸਿੱਖਾਂ ਬਾਰੇ ਬੜਾ ਸਪੱਸ਼ਟ ਹੈ। ਸੰਨ 2001 ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਤਤਕਾਲੀ ਉਪ ਚੇਅਰਮੈਨ ਤਰਲੋਚਨ ਸਿੰਘ ਅਤੇ ਸੰਘ ਦੇ ਤਤਕਾਲੀ ਬੁਲਾਰੇ ਮਾਧਵ ਗੋਬਿੰਦ ਵੈਦਯਾ ਦਰਮਿਆਨ ਮੀਟਿੰਗ ਹੋਈ ਸੀ, ਜਿਸ ਬਾਅਦ ਸੰਘ ਨੇ ਤਰਲੋਚਨ ਸਿੰਘ ਨੂੰ ਲਿਖਤੀ ਰੂਪ ਵਿੱਚ ਦਿੱਤਾ ਸੀ ਕਿ ਸਿੱਖ ਵੀ ਜੈਨ ਤੇ ਬੁੱਧ ਧਰਮ ਵਾਂਗ ਮਾਨਤਾਪ੍ਰਾਪਤ ਧਰਮ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਸੰਘ ਮੁੜ ਸਪਸ਼ਟ ਕਰ ਰਿਹਾ ਹੈ ਕਿ ਭਾਰਤ ਦੇ ਦੂਜੇ  ਧਰਮਾਂ ਵਾਂਗ ਸਿੱਖ ਮਾਨਤਾਪ੍ਰਾਪਤ ਧਰਮ ਹੈ ਅਤੇ ਸੰਘ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਪ੍ਰਤੀ ਪੂਰੀ ਸ਼ਰਧਾ ਤੇ ਵਿਸ਼ਵਾਸ ਹੈ। ਸੰਘ ਗੁਰਬਾਣੀ ਦੇ ਦੁਨੀਆਂ ਭਰ ਵਿੱਚ ਪ੍ਰਚਾਰ ਤੇ ਪਾਸਾਰ ਵਿੱਚ ਹਮੇਸ਼ਾ ਸਹਿਯੋਗੀ ਰਿਹਾ ਹੈ। ਇਸ ਲਈ ਸੰਘ ਸਿੱਖ ਗੁਰੂਆਂ ਦੇ ਪ੍ਰਕਾਸ਼ ਉਤਸਵ ਅਤੇ ਸਿੱਖ ਧਰਮ ਨਾਲ ਸਬੰਧਤ ਹੋਰ ਸਾਰੇ ਪੁਰਬ ਤੇ ਤਿਉਹਾਰ ਮਨਾਉਂਦਾ ਆ ਰਿਹਾ ਹੈ। ਗੁਰੂਆਂ ਦੀ ਕੁਰਬਾਨੀ ਅਤੇ ਸਿੱਖਾਂ ਨੇ ਦੇਸ਼, ਧਰਮ ਤੇ ਮਨੁੱਖਤਾ ਲਈ ਜੋ ਕੀਤਾ ਹੈ ਉਸ ਲਈ ਸੰਘ ਉਨ੍ਹਾਂ ਅੱਗੇ ਨਤਮਸਤਕ ਹੈ ਅਤੇ ਰਹੇਗਾ।
ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਰਾਸ਼ਟਰੀ ਸਿੱਖ ਸੰਗਤ ਵੱਲੋਂ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸੰਦੇਸ਼ ਭੇਜੇ ਹਨ। ਦੇਸ਼ ਦੇ ਦੋਹਾਂ ਵੱਡੇ ਆਗੂਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੇਸ਼ ਕੌਮ ਲਈ ਦਿੱਤੀਆਂ ਕੁਰਬਾਨੀਆਂ ਨੂੰ ਲਾਸਾਨੀ ਦਸਿਆ ਹੈ।