ਬਾਣੀ ਗੁਰੂ ਤੇਗ ਬਹਾਦਰ ਵਿਚ ਮਿਥਿਹਾਸਕ ਸੰਕੇਤ

ਬਾਣੀ ਗੁਰੂ ਤੇਗ ਬਹਾਦਰ ਵਿਚ ਮਿਥਿਹਾਸਕ ਸੰਕੇਤ

ਧਰਮ ਤੇ ਵਿਰਸਾ

ਗੁਰਬਾਣੀ ਸਰਬ ਸਾਂਝੀ ਹੈ, ਇਸ ਲਈ ਇਸ ਵਿਚਲਾ ਮਿਥਿਹਾਸ ਵੀ ਸਰਬ ਸਾਂਝਾ ਹੈ, ਬੇਸ਼ੱਕ ਬਹੁਲਤਾ ਭਾਰਤੀ ਮਿਥਿਹਾਸ ਦੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਵੀ ਭਾਰਤੀ ਮਿਥਿਹਾਸ ਦੀ ਸੰਕੇਤਾਂ ਦੇ ਰੂਪ ਵਿਚ ਵਰਤੋਂ ਰਹੀ ਹੈ, ਜਿਸ ਦੇ ਮੋਟੇ ਤੌਰ 'ਤੇ ਤਿੰਨ ਧਰਾਤਲ ਜਾਂ ਪ੍ਰਯੋਜਨ ਬਣਦੇ ਹਨ : ਸੰਚਾਰ ਵਿਚ ਸੁਗਮਤਾ, ਨਕਾਰਨ ਤੇ ਸਮਰਥਨ।ਸੰਚਾਰ ਵਿਚ ਆਸਾਨੀ ਪੈਦਾ ਕਰਨਾ ਇਸ ਦਾ ਪਹਿਲਾ ਪ੍ਰਯੋਜਨ ਹੈ। ਸਾਧਾਰਨ ਢੰਗ ਨਾਲ ਕੀਤੀ ਹੋਈ ਗੱਲ, ਕਈ ਵਾਰੀ ਬਹੁਤੀ ਪ੍ਰਭਾਵਸ਼ਾਲੀ ਭਾਵੇਂ ਨਾ ਲੱਗੇ ਪਰ ਜਦ ਉਹੀ ਗੱਲ ਸੰਕੇਤਾਂ ਰਾਹੀਂ ਕਲਾਤਮਿਕ ਬਣਾ ਕੇ ਪੇਸ਼ ਕੀਤੀ ਜਾਵੇ ਤਾਂ ਸਮਝਣ ਵਿਚ ਆਸਾਨੀ ਹੋ ਜਾਂਦੀ ਹੈ। ਮਿਥਿਹਾਸ ਰੂਪਕਾਂ, ਪ੍ਰਤੀਕਾਂ ਅਤੇ ਚਿੰਨ੍ਹਾਂ ਆਦਿ ਦੇ ਰੂਪ ਵਿਚ ਮਿਲਦਾ ਹੈ। ਬਾਣੀ ਸ੍ਰੀ ਗੁਰੂ ਤੇਗ਼ ਬਹਾਦਰ ਵਿਚਲੇ ਮਿਥਿਹਾਸਕ ਸੰਕੇਤਾਂ ਦਾ ਇਕ ਪ੍ਰਯੋਜਨ ਇਹ ਵੀ ਹੈ। ਇਸ ਬਾਣੀ ਵਿਚ ਜਿਸ ਮਿਥਿਹਾਸਕ ਸੰਕੇਤ ਦੀ ਸਭ ਤੋਂ ਵੱਧ ਵਰਤੋਂ ਹੋਈ ਹੈ, ਉਨ੍ਹਾਂ ਵਿਚ 'ਰਾਮ' ਹੈ। ਉਦਾਹਰਨਾਂ ਤਾਂ ਕਈ ਹਨ ਪਰ ਅਸੀਂ ਕੇਵਲ ਚੋਣਵੀਆਂ ਉਦਾਹਰਨਾਂ ਹੀ ਦਰਜ ਕਰਦੇ ਹਾਂ:

ਰੇ ਮਨ ਰਾਮ ਸਿਉ ਕਰ ਪ੍ਰੀਤਿ

ਸਾਧੋ ਰਚਨਾ ਰਾਮ ਬਨਾਈ

ਕਹੁ ਨਾਨਕ ਸੋਈ ਨਰੁ ਸੁਖੀਆ,

ਰਾਮ ਨਾਮ ਗੁਨ ਗਾਵੈ

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ,

ਨਰ ਸੁਧ ਰਾਮ ਭਜਨ ਕੀ।

ਗੁਰਬਾਣੀ ਦੀਆਂ ਇਨ੍ਹਾਂ ਤੁੱਕਾਂ ਵਿਚ ਸੰਚਾਰ ਤੋਂ ਇਲਾਵਾ ਨਕਾਰਨ ਦੀ ਗੱਲ ਵੀ ਛੁਪੀ ਹੋਈ ਹੈ। ਗੁਰਬਾਣੀ ਦੇ ਅਭਿਆਸੀਆਂ ਅਤੇ ਸਮਝ ਰੱਖਣ ਵਾਲਿਆਂ ਨੂੰ ਸ਼ਾਇਦ ਕੋਈ ਸ਼ੰਕਾ ਨਾ ਲੱਗੇ ਪਰ ਜੋ ਅਭਿਆਸੀ ਨਹੀਂ ਹਨ ਜਾਂ ਅੰਤਰੀਵ ਭਾਵ ਤੋਂ ਅਣਜਾਣ ਹਨ, ਉਨ੍ਹਾਂ ਨੂੰ ਇਸ ਦੇ ਅਰਥ ਸਮਝਣ ਵਿਚ ਟਪਲਾ ਲੱਗ ਸਕਦਾ ਹੈ। ਦੂਜਾ ਸ਼ਬਦ ਰਘੂਨਾਥ ਵੀ ਇਧਰ ਇਸ਼ਾਰਾ ਕਰ ਰਿਹਾ ਹੈ। ਇਹ ਦੋਵੇਂ ਸ਼ਬਦ ਇਕ ਅਵਤਾਰ ਸਮਝੇ ਜਾਂਦੇ ਵਿਅਕਤੀ ਦੇ ਨਾਂਅ ਹਨ ਜੋ ਅਯੁੱਧਿਆ ਨਰੇਸ਼ ਮਹਾਰਾਜਾ ਦਸ਼ਰਥ ਦਾ ਪੁੱਤਰ ਸੀ। ਰਾਮਾਇਣ ਦੀ ਸਾਰੀ ਕਹਾਣੀ ਇਸ ਕੇਂਦਰੀ ਪਾਤਰ ਦੁਆਲੇ ਹੀ ਘੁੰਮਦੀ ਹੈ। ਅਵਤਾਰਾਂ ਪ੍ਰਤੀ ਆਸਥਾ ਰੱਖਣ ਵਾਲੇ ਸ਼ਾਇਦ ਇਹ ਸਮਝ ਸਕਦੇ ਹਨ ਕਿ ਇਹ ਹਵਾਲੇ ਉਸ ਅਵਤਾਰ ਵੱਲ ਸੇਧਿਤ ਹਨ ਪਰ ਗੁਰਬਾਣੀ ਤਾਂ ਅਵਤਾਰਵਾਦ ਦਾ ਸਮਰਥਨ ਨਹੀਂ ਕਰਦੀ। ਗੁਰਬਾਣੀ ਵਿਚ ਅਵਤਾਰਾਂ ਨੂੰ ਨਿਰੰਕੁਸ਼ ਨਹੀਂ ਮੰਨਿਆ ਗਿਆ ਕਿਉਂਕਿ ਉਨ੍ਹਾਂ ਉੱਪਰ ਵੀ ਇਕ ਸ਼ਕਤੀ ਹੈ ਜਿਸ ਨੂੰ ਈਸ਼ਵਰ  ਕਿਹਾ ਗਿਆ ਹੈ। ਨਿਰੰਕੁਸ਼ ਕੇਵਲ ਰਬ ਹੈ।

 ਗੁਰੂ ਤੇਗ਼ ਬਹਾਦਰ ਜੀ ਤਾਂ ਗੁਰਬਾਣੀ ਵਿਚਲੇ ਅਵਤਾਰਾਂ ਦੇ ਸੰਕਲਪ ਨੂੰ ਹੋਰ ਵੀ ਸਪੱਸ਼ਟ ਕਰਦੇ ਹਨ ਜਦ ਗੁਰੂ ਸਾਹਿਬ ਰਾਮ ਅਤੇ ਰਾਵਣ ਨੂੰ ਇਕੋ ਸੂਤਰ ਵਿਚ ਰੱਖ ਕੇ ਦੋਵਾਂ ਦੀ ਸੀਮਾ ਅਤੇ ਮਜਬੂਰੀ ਨੂੰ ਵੀ ਇਕੋ ਜਿਹੀ ਹੀ ਦਰਸਾਉਂਦੇ ਹਨ। ਗੁਰਬਾਣੀ ਇਸ ਸੰਸਾਰ ਨੂੰ ਨਾਸ਼ਮਾਨ ਮੰਨਦੀ ਹੈ, ਅਬਿਨਾਸੀ ਕੇਵਲ ਪਰਮਾਤਮਾ ਹੈ। ਇਸੇ ਲਈ ਜੇ ਬਲਸ਼ਾਲੀ (ਰਾਮ ਅਤੇ ਰਾਵਣ) ਲੋਕ ਹੋਣੀ ਜਾਂ ਕਾਲ ਦਾ ਸ਼ਿਕਾਰ ਹੋ ਗਏ ਤਾਂ ਸਾਧਾਰਨ ਮਨੁੱਖ ਦੀ ਕੀ ਔਕਾਤ ਹੈ?

ਰਾਮੁ ਗਇਓ ਰਾਵਨੁ ਗਇਓ

ਜਾ ਕਉ ਬਹੁ ਪਰਵਾਰੁ

ਕਹੁ ਨਾਨਕ ਥਿਰੁ ਕਛੁ ਨਹੀ

ਸੁਪਨੇ ਜਿਉ ਸੰਸਾਰੁ

ਇੰਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚਲੇ ਸੰਕੇਤ 'ਰਾਮ' ਦਾ ਇਕ ਅਰਥ ਦਸ਼ਰਥ-ਪੁੱਤਰ ਰਾਮ ਹੈ ਜੋ ਅਬਿਨਾਸੀ ਨਹੀਂ ਅਤੇ ਦੂਜਾ ਅਰਥ ਜੋ ਆਰੰਭਲੀਆਂ ਪੰਕਤੀਆਂ ਵਿਚ ਆਇਆ ਹੈ, ਉਹ ਸਰਬ ਕਲਾ ਸੰਪੰਨ ਰਬ ਹੈ ਜੋ ਆਵਾਗੌਣ ਤੋਂ ਰਹਿਤ ਹੈ। ਰਾਮ ਸ਼ਬਦ ਦਾ ਭਾਵ ਰਮਿਆ ਹੋਇਆ ਜਾਂ ਪਸਰਿਆ ਹੋਇਆ ਹੈ ਜੋ ਕਣ-ਕਣ ਵਿਚ ਸਮਾਇਆ ਹੋਇਆ ਹੈ ਭਾਵ ਸਰਬ ਵਿਆਪਕ ਹੈ। ਅਜਿਹਾ ਹੀ ਇਕ ਹੋਰ ਸੰਕੇਤ ਕਨ੍ਹਈਆ (ਕਨਾਈ) ਅਤੇ ਮੁਰਾਰਿ ਦਾ ਹੈ। ਇਹ ਦੋਵੇਂ ਸ਼ਬਦ ਸ੍ਰੀ ਕ੍ਰਿਸ਼ਨ ਦੇ ਅਨੇਕ ਨਾਵਾਂ ਵਿਚੋਂ ਹਨ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚ ਇਹ ਪੰਕਤੀਆਂ ਹਨ:

ਸਗਲ ਜਨਮੁ ਬਿਖਿਆਨ ਸਿਉ ਖੋਇਆ

ਸਿਮਰਿਓ ਨਾਹਿ ਕਨਾਈ

ਅਜਹੂ ਸਮਝਿ ਕਛੁ ਸਿਮਰਿਓ ਨਾਹਿਨਿ

ਭਜਿ ਲੇ ਨਾਮ ਮੁਰਾਰਿ

ਇਥੇ ਵੀ ਕਨਾਈ ਅਤੇ ਮੁਰਾਰਿ ਦੇ ਅਰਥ ਮਹਾਭਾਰਤ ਵਾਲੇ ਸ੍ਰੀ ਕ੍ਰਿਸ਼ਨ ਦੇ ਨਹੀਂ ਪਰਮਾਤਮਾ ਦੇ ਹੀ ਸੂਚਕ ਹਨ ਕਿਉਂਕਿ ਮਨੁੱਖ ਦੀ ਗਤੀ ਉਸ ਦਾ ਨਾਮ ਜਪਣ ਨਾਲ ਹੀ ਹੋਣੀ ਹੈ। ਮਹਾਭਾਰਤ ਦੀ ਕਹਾਣੀ ਵਿਚੋਂ ਹੀ ਇਕ ਹੋਰ ਮਿਥਿਹਾਸਕ ਸੰਕੇਤ ਦ੍ਰੋਪਦੀ ਜਾਂ ਪੰਚਾਲੀ ਦਾ ਹੈ। ਜਦ ਪਾਂਡਵ ਜੂਏ ਵਿਚ ਦ੍ਰੋਪਦੀ ਨੂੰ ਹਾਰ ਗਏ ਤਾਂ ਦੁਸ਼ਾਸਨ ਉਸ ਨੂੰ ਬੇਪਤ ਕਰਨ ਲਈ ਵਾਲਾਂ ਤੋਂ ਘਸੀਟਦਾ ਹੋਇਆ ਰਾਜ ਸਭਾ ਵਿਚ ਲੈ ਆਇਆ। ਇਸ ਸੰਕਟ ਦੀ ਘੜੀ ਵਿਚ ਆਪਣੀ ਲਾਜ ਬਚਾਉਣ ਲਈ ਉਸ ਨੂੰ ਰਾਮ ਨਾਮ ਦਾ ਆਸਰਾ ਲੈਣਾ ਪਿਆ:

ਪੰਚਾਲੀ ਕਉ ਰਾਜ ਸਭਾ ਮਹਿ,

ਰਾਮ ਨਾਮ ਸੁਧਿ ਆਈ

ਤਾ ਕੋ ਦੁਖੁ ਹਰਿਓ ਕਰੁਣਾ ਮੈ

ਅਪਨੀ ਪੈਜ ਬਢਾਈ

ਅਜਾਮਲਿ, ਗਨਿਕਾ, ਧਰੂਅ ਭਗਤ ਅਤੇ ਗਜ ਗ੍ਰਾਹ ਦੇ ਹਵਾਲੇ ਵੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚ ਇਕ ਤੋਂ ਵੱਧ ਵਾਰ ਆਏ ਹਨ। ਅਸੀਂ ਕੇਵਲ ਰਾਗ ਸੋਰਠਿ ਵਿਚਲਾ ਗੁਰੂ ਸਾਹਿਬ ਦਾ ਇਕ ਸ਼ਬਦ ਹੀ ਅੰਕਿਤ ਕਰਨਾ ਚਾਹਾਂਗੇ ਜਿਸ ਵਿਚ ਸਾਰੇ ਮਿਥਿਹਾਸਕ ਸੰਕੇਤ ਇਕੋ ਥਾਂ ਆਏ ਹਨ ਅਤੇ ਇਨ੍ਹਾਂ ਦੀ ਵਰਤੋਂ ਦੇ ਪ੍ਰਯੋਜਨ ਵਿਚ ਇਕ ਸਾਂਝ ਵੀ ਹੈ:

ਮਨ ਰੇ ਪ੍ਰਭ ਕੀ ਸਰਨਿ ਬਿਚਾਰੋ

ਜਿਹ ਸਿਮਰਤ ਗਨਕਾ ਸੀ ਉਧਰੀ,

ਤਾ ਕੋ ਜਸੁ ਉਰ ਧਾਰ ਰਹਾਓ

ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ,

ਅਰੁ ਨਿਰਭੈ ਪਦੁ ਪਾਇਆ

ਦੁਖ ਹਰਤਾ ਇਹ ਬਿਧਿ ਕੋ ਸੁਆਮੀ

ਤੈ ਕਾਹੇ ਬਿਸਰਾਇਆ੧

ਜਬ ਹੀ ਸਰਨਿ ਗਹੀ ਕਿਰਪਾ ਨਿਧਿ,

ਗਜ ਗਰਾਹ ਤੇ ਛੂਟਾ

ਮਹਮਾ ਨਾਮ ਕਹਾ ਲਉ ਬਰਨਉ,

ਰਾਮ ਕਹਤ ਬੰਧਨ ਤਿਹ ਤੂਟਾ੨

ਅਜਾਮਲੁ ਪਾਪੀ ਜਗੁ ਜਾਨੇ

ਨਿਮਖ ਮਾਹਿ ਨਿਸਤਾਰਾ,

ਨਾਨਕ ਕਹਤ ਚੇਤ ਚਿੰਤਾਮਨਿ,

ਤੈ ਭੀ ਉਤਰਹਿ ਪਾਰਾ੩

ਅਜਾਮਲਿ ਇਕ ਰਾਜਾ ਸੀ ਜੋ ਗਨਿਕਾ ਨਾਮਿਕ ਵੇਸਵਾ ਦੇ ਸੁੰਦਰ ਸਰੂਪ ਉੱਪਰ ਮੋਹਿਤ ਹੋ ਕੇ ਸਭ ਕੁਝ ਛੱਡ ਬੈਠਾ। ਇਸ ਨੇ ਆਪਣੇ ਪੁੱਤਰਾਂ ਵਿਚੋਂ ਇਕ ਦਾ ਨਾਂਅ ਨਾਰਾਇਣ ਰੱਖਿਆ, ਜਿਸ ਪ੍ਰਤੀ ਇਸ ਦਾ ਖ਼ਾਸ ਸਨੇਹ ਸੀ। ਇਕ ਵਾਰ ਜਦੋਂ ਜਮਦੂਤ ਅਜਾਮਲਿ ਦੇ ਪ੍ਰਾਣ ਲੈਣ ਆਏ ਤਾਂ ਉਸ ਨੇ ਘਬਰਾ ਕੇ ਨਾਰਾਇਣ ਨੂੰ ਆਵਾਜ਼ ਦਿੱਤੀ। ਨਾਰਾਇਣ, ਵਿਸ਼ਨੂੰ ਦੇ ਨਾਵਾਂ ਵਿਚੋਂ ਇਕ ਹੈ, ਇਹ ਸ਼ਬਦ ਸੁਣ ਕੇ ਵਿਸ਼ਨੂੰ ਨੇ ਆਪਣੇ ਸੇਵਕ ਭੇਜ ਕੇ ਅਜਾਮਲਿ ਨੂੰ ਜਮਦੂਤਾਂ ਕੋਲੋਂ ਛੁਡਵਾਇਆ।ਗਨਿਕਾ ਇਕ ਵੇਸਵਾ ਸੀ ਜੋ ਲੋਕਾਂ ਦੀ ਕਾਮ ਪੂਰਤੀ ਕਰਕੇ ਆਪਣਾ ਨਿਰਬਾਹ ਕਰਦੀ ਸੀ। ਇਕ ਦਿਨ ਉਸ ਦੇ ਦੁਆਰੇ ਉੱਪਰ ਇਕ ਸਾਧੂ ਨੇ ਆਣ ਦਸਤਕ ਦਿੱਤੀ। ਸਾਧੂ ਨੂੰ ਆਪਣਾ ਗਾਹਕ ਸਮਝ ਕੇ ਹਾਵ-ਭਾਵ ਦਿਖਾਏ ਤਾਂ ਜੋ ਉਸ ਨੂੰ ਆਪਣੇ ਮੋਹ ਜਾਲ ਵਿਚ ਫਸਾ ਸਕੇ ਪਰ ਸਾਧੂ ਉੱਪਰ ਇਨ੍ਹਾਂ ਦਾ ਕੋਈ ਅਸਰ ਨਾ ਹੋਇਆ। ਗਨਿਕਾ ਦਾ ਉਧਾਰ ਕਰਨ ਆਏ ਸਾਧੂ ਨੇ ਉਸ ਨੂੰ ਇਕ ਤੋਤਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਉਹ ਉਸ ਨੂੰ ਰਾਮ ਨਾਮ ਜਪਣ ਦਾ ਅਭਿਆਸ ਕਰਵਾਏ। ਅਜਿਹਾ ਕਰਨ ਨਾਲ ਵੇਸਵਾ ਦੇ ਜੀਵਨ ਵਿਚ ਬਹੁਤ ਹੀ ਤਬਦੀਲੀ ਆ ਗਈ। ਧਰੂਅ ਨੂੰ ਵੀ ਨਾਮਵਰ ਭਗਤਾਂ ਵਿਚ ਗਿਣਿਆ ਗਿਆ ਹੈ। ਅਗਲਾ ਸੰਕੇਤ ਗਜ ਅਤੇ ਗ੍ਰਾਹ ਵੀ ਅਜਿਹੇ ਅਰਥਾਂ ਦਾ ਸੰਚਾਰ ਕਰਦਾ ਹੈ।

ਗਜ ਦਾ ਅਰਥ ਹਾਥੀ ਹੈ। ਇਕ ਕਥਾ ਅਨੁਸਾਰ ਇਕ ਰਾਜਾ ਆਪਣਾ ਰਾਜ ਭਾਗ ਛੱਡ ਕੇ ਤਿਆਗੀ ਬਣ ਜੰਗਲਾਂ 'ਚ ਤਪ ਕਰਨ ਚਲਾ ਗਿਆ। ਜਦੋਂ ਉਹ ਕਿਸੇ ਸਮੇਂ ਤਪੱਸਿਆ ਵਿਚ ਲੀਨ ਸੀ ਤਾਂ ਉਥੇ ਅਗਸਤ ਰਿਖੀ ਆਣ ਪਹੁੰਚਿਆ। ਬੰਦਗੀ ਵਿਚ ਲੀਨ ਰਾਜਾ ਉਸ ਵੱਲ ਧਿਆਨ ਨਾ ਦੇ ਸਕਿਆ ਤਾਂ ਅਗਸਤ ਰਿਖੀ ਨੇ ਉਸ ਨੂੰ ਹਾਥੀ ਬਣ ਜਾਣ ਦਾ ਸਰਾਪ ਦੇ ਦਿੱਤਾ ਪਰ ਰਾਜਾ ਹਾਥੀ ਦੇ ਰੂਪ ਵਿਚ ਵੀ ਬੰਦਗੀ ਕਰਦਾ ਰਿਹਾ। ਇਕ ਦਿਨ ਹਾਥੀ ਪਾਣੀ ਪੀਣ ਲਈ ਇਕ ਸਰੋਵਰ ਵਿਚ ਉਤਰਿਆ ਤਾਂ ਇਕ ਤੇਂਦੂਏ ਨੇ ਉਸ ਨੂੰ ਲੱਤ ਤੋਂ ਫੜ ਲਿਆ। ਲੱਖ ਯਤਨਾਂ ਦੇ ਬਾਵਜੂਦ ਹਾਥੀ ਸਾਲ ਭਰ ਤੇਂਦੂਏ ਦੀ ਜਕੜ ਵਿਚ ਜਕੜਿਆ ਰਿਹਾ। ਜਦ ਉਹ ਹਾਰ ਕੇ ਨਿਢਾਲ ਹੋ ਗਿਆ ਤਾਂ ਉਸ ਨੇ ਰਬ ਦਾ ਧਿਆਨ ਕੀਤਾ। ਰਬ ਨੇ ਬਹੁੜੀ ਕਰ ਕੇ ਹਾਥੀ ਨੂੰ ਤੇਂਦੂਏ ਕੋਲੋਂ ਛੁਡਵਾ ਦਿੱਤਾ।

ਸਾਰੰਸ਼ ਇਹ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚਲੇ ਮਿਥਿਹਾਸਕ ਸੰਕੇਤ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਹਰ ਤਰ੍ਹਾਂ ਨਾਲ ਪ੍ਰਮਾਣਿਤ ਜਾਂ ਸਥਾਪਿਤ ਕਰਦੇ ਹਨ। ਅਵਤਾਰਵਾਦ ਦਾ ਖੰਡਨ ਭਗਤੀ ਅਤੇ ਭਗਤਾਂ ਦੀ ਮਹਿਮਾ, ਸੰਸਾਰ ਦੀ ਨਾਸ਼ਮਾਨਤਾ, ਪਰਮਾਤਮਾ ਦੀ ਉੱਚਤਾ ਅਤੇ ਮਨੁੱਖ ਦੀ ਤੁੱਛਤਾ ਅਜਿਹੇ ਹੀ ਕੁਝ ਗੁਰਮਤਿ ਵਿਚਾਰ ਹਨ। ਇਹ ਸੰਦੇਸ਼ ਜਿਥੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਵਧੇਰੇ ਸਪੱਸ਼ਟ ਕਰਦੇ ਹਨ, ਉਥੇ ਭਾਰਤੀ ਵਿਰਸੇ ਨਾਲ ਵੀ ਜੋੜਦੇ ਹਨ।

ਡਾਕਟਰ ਧਰਮ ਸਿੰਘ

-