ਹਾਈ ਕੋਰਟ ਨੇ ਹੁਣ ਵਿਆਹਾਂ ਮੌਕੇ ਵੀ ਪਟਾਕੇ ਚਲਾਉਣ ਉੱਤੇ ਲਾਈ ਰੋਕ

ਹਾਈ ਕੋਰਟ ਨੇ ਹੁਣ ਵਿਆਹਾਂ ਮੌਕੇ ਵੀ ਪਟਾਕੇ ਚਲਾਉਣ ਉੱਤੇ ਲਾਈ ਰੋਕ

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਵਿਆਹਾਂ ਤੇ ਖ਼ੁਸ਼ੀ ਦੇ ਹੋਰਨਾਂ ਮੌਕਿਆਂ ‘ਤੇ ਪਟਾਕੇ ਚਲਾਉਣ ‘ਤੇ ਰੋਕ ਲਾ ਦਿੱਤੀ ਹੈ। ਅਦਾਲਤੀ ਹੁਕਮ ਕੇਸ ਦੀ ਅਗਲੀ ਸੁਣਵਾਈ 11 ਜਨਵਰੀ 2018 ਤਕ ਲਾਗੂ ਰਹਿਣਗੇ। ਉਂਜ ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਨਾਲ ਪਟਾਕੇ ਚਲਾ ਕੇ ਨਵੇਂ ਸਾਲ ਦੇ ਜਸ਼ਨ ਮਨਾਉਣ ਵਾਲਿਆਂ ਦੇ ਅਰਮਾਣ ਜ਼ਰੂਰ ਠੰਡੇ ਪੈ ਗਏ ਹਨ। ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਨੂੰ ਆਪਣੇ ਸੱਜਰੇ ਹੁਕਮਾਂ ਦੇ ਅਧਿਕਾਰ ਖੇਤਰ ‘ਚੋਂ ਬਾਹਰ ਰੱਖਿਆ ਹੈ।
ਜਸਟਿਸ ਅਜੈ ਕੁਮਾਰ ਮਿੱਤਲ ਤੇ ਜਸਟਿਸ ਅਮਿਤ ਰਾਵਲ ਦੇ ਬੈਂਚ ਨੇ ੳੁਪਰੋਕਤ ਹੁਕਮ ਅਦਾਲਤੀ ਮਿੱਤਰ ਅਨੁਪਮ ਗੁਪਤਾ ਵੱਲੋਂ ਦਾਇਰ ਹਲਫ਼ਨਾਮੇ ‘ਤੇ ਸੁਣਾਏ ਹਨ। ਗੁਪਤਾ ਨੇ ਕਿਹਾ ਸੀ ਕਿ ਵਿਆਹਾਂ ਮੌਕੇ ਚਲਾਏ ਜਾਣ ਵਾਲੇ ਪਟਾਕੇ ਅਜੇ ਵੀ ਜਸ਼ਨਾਂ ਦਾ ਹਿੱਸਾ ਹਨ। ਬੈਂਚ ਨੇ ਦੋਵਾਂ ਰਾਜਾਂ ਤੇ ਯੂਟੀ ਪ੍ਰਸ਼ਾਸਨ ਦੇ ਵਕੀਲਾਂ ਨੂੰ ਸਾਫ਼ ਕਰ ਦਿੱਤਾ ਹੈ ਕਿ ਉਹ ਪਾਬੰਦੀ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਦਿੱਲੀ ਦੇ ਫ਼ਿਰੋਜ਼ਸਾਹ ਕੋਟਲਾ ਮੈਦਾਨ ‘ਤੇ ਖੇਡੇ ਤੀਜੇ ਟੈਸਟ ਮੈਚ ਦੌਰਾਨ ਸ੍ਰੀਲੰਕਾਈ ਖਿਡਾਰੀਆਂ ਵੱਲੋਂ ਮੈਦਾਨ ‘ਤੇ ਪ੍ਰਦੂਸ਼ਣ ਤੋਂ ਬਚਣ ਲਈ ਪਾਏ ਮਾਸਕ ਦਾ  ਹਵਾਲਾ ਦਿੰਦਿਆਂ ਬੈਂਚ ਨੇ ਕਿਹਾ ਕਿ ਉਹ ਮੁਸ਼ਕਲ ਸਾਹਮਣੇ ਵੇਖ ਕੇ ਮਹਿਜ਼ ਅੱਖਾਂ ਬੰਦ ਕਰਕੇ ਨਹੀਂ ਸਾਰ ਸਕਦੇ। ਕਾਬਿਲੇਗੌਰ ਹੈ ਕਿ ਜਸਟਿਸ ਰਾਵਲ ਨੇ ੲਿਸ ਤੋਂ ਪਹਿਲਾਂ ਦੀਵਾਲੀ ਮੌਕੇ ਪਟਾਕਿਆਂ ਕਰਕੇ ਹੋਏ ਪ੍ਰਦੂਸ਼ਣ ਦਾ ਵੀ ਖੁਦ ਨੋਟਿਸ ਲਿਆ ਸੀ। ਉਨ੍ਹਾਂ ਖ਼ਤਰਨਾਕ ਪੱਧਰ ‘ਤੇ ਪੁੱਜੇ ਪ੍ਰਦੂਸ਼ਣ ਤੇ ਇਸ ਦੇ ਮਨੁੱਖਾਂ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਫ਼ਿਕਰਮੰਦੀ ਜ਼ਾਹਿਰ ਕੀਤੀ ਸੀ।