ਸੁਪਰੀਮ ਦੇ ਜੱਜਾਂ ਵਿਚਲੇ ਸੰਕਟ ਦਾ ਸੇਕ ਠੰਢਾ ਪਿਆ

ਸੁਪਰੀਮ ਦੇ ਜੱਜਾਂ ਵਿਚਲੇ ਸੰਕਟ ਦਾ ਸੇਕ ਠੰਢਾ ਪਿਆ

ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਚੀਫ ਜਸਟਿਸ ਖ਼ਿਲਾਫ਼ ‘ਬਗ਼ਾਵਤ’ ਦਾ ਝੰਡਾ ਚੁੱਕਣ ਵਾਲੇ ਚਾਰ ਸੀਨੀਅਰ ਜੱਜਾਂ ਦੇ ਅੱਜ ਕੰਮ ਉਤੇ ਪਰਤਣ ਨਾਲ ਸੁਪਰੀਮ ਕੋਰਟ ‘ਚ ਤਰਥੱਲੀ ਮਚਾਉਣ ਵਾਲਾ ਸੰਕਟ ਸ਼ਾਂਤ ਹੋ ਗਿਆ ਜਾਪਦਾ ਹੈ। ਬਾਰ ਕੌਂਸਲ ਆਫ ਇੰਡੀਆ (ਬੀਸੀਆਈ) ਨੇ ਕਿਹਾ, ‘ਹੁਣ ਕਹਾਣੀ ਖ਼ਤਮ ਹੋ ਗਈ ਹੈ।’ ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਜੇ ਚੇਲਾਮੇਸ਼ਵਰ, ਰੰਜਨ ਗੋਗੋਈ, ਮਦਨ ਬੀ ਲੋਕੁਰ ਅਤੇ ਕੁਰੀਅਨ ਜੋਜ਼ੇਫ ਵੱਲੋਂ 12 ਜਨਵਰੀ ਨੂੰ ਸ਼ਿਕਵੇ ਜ਼ਾਹਿਰ ਕਰਦਿਆਂ ਜਨਤਕ ਤੌਰ ‘ਤੇ ਚੀਫ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਦੋਸ਼ ਲਾਏ ਜਾਣ ਬਾਅਦ ਇਹ ਸੰਕਟ ਖੜ੍ਹਾ ਹੋਇਆ ਸੀ।
ਜਮਹੂਰੀਅਤ ਦੇ ਖ਼ਤਰੇ ਵਿੱਚ ਹੋਣ ਦੀ ਚਿਤਾਵਨੀ ਦਿੰਦਿਆਂ ਇਨ੍ਹਾਂ ਜੱਜਾਂ ਨੇ ਜਸਟਿਸ ਮਿਸ਼ਰਾ ਦੇ ਖਾਸ ਨਿਆਂਇਕ ਹੁਕਮਾਂ ਅਤੇ ‘ਚੋਣਵੇਂ’ ਕੇਸਾਂ ਦੀ ਅਲਾਟਮੈਂਟ ਉਤੇ ਸਵਾਲ ਉਠਾ ਕੇ ਨਿਆਂਇਕ ਤੇ ਰਾਜਸੀ ਹਲਕਿਆਂ ਵਿੱਚ ਸਨਸਨੀ ਫੈਲਾਅ ਦਿੱਤੀ ਸੀ। ਬੀਸੀਆਈ ਨੇ ਕਿਹਾ ਕਿ ਉਸ ਦੇ ਮੈਂਬਰ ਕੱਲ੍ਹ ਸੁਪਰੀਮ ਕੋਰਟ ਦੇ 15 ਜੱਜਾਂ ਨੂੰ ਮਿਲੇ ਸਨ, ਜਿਨ੍ਹਾਂ ਨੇ ਇਹ ਮਸਲਾ ਹੱਲ ਹੋਣ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਜੱਜਾਂ ਵਿੱਚ ਤਿੰਨ ਨਾਰਾਜ਼ ਜੱਜ ਵੀ ਸ਼ਾਮਲ ਸਨ ਜਦੋਂਕਿ ਜਸਟਿਸ ਗੋਗੋਈ ਕੱਲ੍ਹ ਰਾਜਧਾਨੀ ਵਿੱਚ ਨਹੀਂ ਸਨ। ਸਰਬਉੱਚ ਅਦਾਲਤ ਵਿੱਚ ਇਸ ਸਮੇਂ ਚੀਫ ਜਸਟਿਸ ਸਮੇਤ 25 ਜੱਜ ਹਨ। ਬੀਸੀਆਈ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਇਹ ਕਹਾਣੀ ਖ਼ਤਮ ਹੋ ਗਈ ਹੈ।’ ਉਨ੍ਹਾਂ ਕਿਹਾ ਕਿ ਰਾਜਨੀਤਕ ਦਲਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਚਾਰ ਜੱਜਾਂ ਵੱਲੋਂ ਲਾਏ ਦੋਸ਼ਾਂ ਦਾ ਰਾਜਸੀ ਲਾਹਾ ਲੈਣ ਦਾ ਯਤਨ ਨਹੀਂ ਕਰਨਾ ਚਾਹੀਦਾ। ਚੀਫ ਜਸਟਿਸ ਦੀ ਆਲੋਚਨਾ ਲਈ ਇਨ੍ਹਾਂ ਚਾਰ ਜੱਜਾਂ ਖ਼ਿਲਾਫ਼ ਕੋਈ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਅਤੇ ਉਹ ‘ਸਾਰੇ ਇਮਾਨਦਾਰ ਅਤੇ ਦਿਆਨਤਦਾਰ ਸ਼ਖ਼ਸ ਹਨ’।
ਵਕੀਲ ਆਰ ਪੀ ਲੂਥਰਾ ਨੇ ਚੀਫ ਜਸਟਿਸ ਅੱਗੇ ਚਾਰ ਜੱਜਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੇ ਜਾਣ ਦਾ ਮੁੱਦਾ ਉਠਾਉਂਦਿਆਂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਬੇਨਤੀ ਕੀਤੀ। ਇਹ ਅਰਜ਼ੀ ਰੱਦ ਕਰਦਿਆਂ ਚੀਫ ਜਸਟਿਸ ਨੇ ਕਿਹਾ, ‘ਨਹੀਂ, ਨਹੀਂ।’ ਇਸ ਬਾਅਦ ਚੀਫ ਜਸਟਿਸ ਦੀ ਅਗਵਾਈ ਵਾਲੇ ਜਸਟਿਸ ਏ ਐਮ ਖਾਨਵਿਲਕਰ ਅਤੇ ਡੀ ਵਾਈ ਚੰਦਰਚੂੜ ਦੇ ਬੈਂਚ ਨੇ ਜ਼ਰੂਰੀ ਕੇਸਾਂ ਅਤੇ 56 ਸੂਚੀਬੱਧ ਕੇਸਾਂ ‘ਤੇ ਸੁਣਵਾਈ ਸ਼ੁਰੂ ਕਰ ਦਿੱਤੀ।

ਹੁਣ ਸਭ ਕੁੱਝ ਠੀਕ ਠਾਕ: ਵੇਣੂਗੋਪਾਲ
ਇਸ ਸੰਕਟ ਨੂੰ ‘ਚਾਹ ਦੇ ਪਿਆਲੇ ਦਾ ਉਬਾਲ’ ਕਰਾਰ ਦਿੰਦਿਆਂ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਕਿਹਾ ਕਿ ਇਹ ਮਸਲਾ ਹੱਲ ਹੋ ਗਿਆ ਹੈ। ਉਨ੍ਹਾਂ ਨੇ ਐਨਡੀਟੀਵੀ ਨੂੰ ਕਿਹਾ, ‘ਹੁਣ ਸਾਰਾ ਕੁੱਝ ਠੀਕ ਹੋ ਗਿਆ ਹੈ ਅਤੇ ਸੁਪਰੀਮ ਕੋਰਟ ਵਿੱਚ ਆਮ ਵਾਂਗ ਕੰਮ-ਕਾਜ ਚੱਲ ਰਿਹਾ ਹੈ।’ ਦੱਸਣਯੋਗ ਹੈ ਕਿ ਕੱਲ੍ਹ ਚੀਫ ਜਸਟਿਸ ਨੇ ਬੀਸੀਆਈ ਦੇ ਸੱਤ ਮੈਂਬਰੀ ਵਫ਼ਤ ਤੋਂ ਇਲਾਵਾ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨਾਲ ਆਪਣੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ। ਇਸ ਬੈਠਕ ਬਾਅਦ ਉਨ੍ਹਾਂ ਦੱਸਿਆ ਸੀ ਕਿ ਚੀਫ ਜਸਟਿਸ ਨੇ ਭਰੋਸਾ ਦਿੱਤਾ ਹੈ ਕਿ ਇਹ ਸੰਕਟ ਜਲਦੀ ਹੱਲ ਕਰ ਲਿਆ ਜਾਵੇਗਾ।

ਸੰਵਿਧਾਨਕ ਬੈਂਚ ‘ਚ ‘ਬਾਗੀ’ ਜੱਜਾਂ ਨੂੰ ਨਹੀਂ ਕੀਤਾ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼:
ਅਹਿਮ ਕੇਸ ਸੌਂਪਣ ਤੋਂ ‘ਬਗਾਵਤ’ ਦੌਰਾਨ ਸੁਪਰੀਮ ਕੋਰਟ ਨੇ ਚੀਫ ਜਸਟਿਸ ਦੀ ਪ੍ਰਧਾਨਗੀ ਵਿੱਚ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਦਾ ਐਲਾਨ ਕੀਤਾ ਹੈ, ਜਿਸ ਵਿੱਚ ਜਨਤਕ ਤੌਰ ‘ਤੇ ਨਾਰਾਜ਼ਗੀ ਜ਼ਾਹਿਰ ਕਰਨ ਵਾਲੇ ਚਾਰ ਜੱਜਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਅਧਿਕਾਰਤ ਸੂਚਨਾ ਮੁਤਾਬਕ ਪੰਜ ਜੱਜਾਂ ਦੇ ਬੈਂਚ ਵਿੱਚ ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਕੇ ਸੀਕਰੀ, ਜਸਟਿਸ ਏ ਐਮ ਖਾਨਵਿਲਕਰ, ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਅਸ਼ੋਕ ਭੂਸ਼ਨ ਸ਼ਾਮਲ ਹਨ। ਇਸ ਬੈਂਚ ਵੱਲੋਂ ਆਧਾਰ ਕਾਨੂੰਨ ਦੀ ਸੰਵਿਧਾਨਕ ਵੈਧਤਾ ਅਤੇ ਹਮ-ਜਿਨਸੀ ਨੂੰ ਗ਼ੈਰ-ਅਪਰਾਧਕ ਬਣਾਉਣ ਵਾਲੇ 2013 ਦੇ ਫ਼ੈਸਲੇ ਨੂੰ ਚੁਣੌਤੀ ਵਰਗੇ ਅਹਿਮ ਕੇਸਾਂ ਉਤੇ ਸੁਣਵਾਈ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਅੱਜ ਚੀਫ ਜਸਟਿਸ ਵੱਲੋਂ ਦੋਸ਼ ਲਾਉਣ ਵਾਲੇ ਜੱਜਾਂ ਨਾਲ ਮੁਲਾਕਾਤ ਕੀਤੇ ਜਾਣ ਬਾਰੇ ਪੁਸ਼ਟੀ ਨਹੀਂ ਹੋਈ ਹੈ।