ਭਾਰਤੀ ਫ਼ੌਜ ਵਲੋਂ ਪਾਕਿਸਤਾਨ ਨੂੰ ‘ਮੂੰਹ ਤੋੜਵਾਂ ਜਵਾਬ’ ਦੇਣ ਦਾ ਐਲਾਨ

ਭਾਰਤੀ ਫ਼ੌਜ ਵਲੋਂ ਪਾਕਿਸਤਾਨ ਨੂੰ ‘ਮੂੰਹ ਤੋੜਵਾਂ ਜਵਾਬ’ ਦੇਣ ਦਾ ਐਲਾਨ

ਨਵੀਂ ਦਿੱਲੀ,ਜੰਮੂ/ਬਿਊਰੋ ਨਿਊਜ਼
ਭਾਰਤੀ ਫ਼ੌਜ ਨੇ ਸਾਫ਼ ਇਸ਼ਾਰਾ ਕੀਤਾ ਕਿ ਪਾਕਿਸਤਾਨੀ ਫ਼ੌਜ ਵੱਲੋਂ ਬੀਤੇ ਦਿਨ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਅਸਲ ਕੰਟਰੋਲ ਲਕੀਰ (ਐਲਓਸੀ) ਦੇ ਪਾਰੋਂ ਗੋਲਾਬਾਰੀ ਰਾਹੀਂ ਚਾਰ ਭਾਰਤੀ ਜਵਾਨਾਂ ਨੂੰ ਹਲਾਕ ਕੀਤੇ ਜਾਣ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਪਾਕਿਸਤਾਨੀ ਦਸਤਿਆਂ ਨੇ ਰਾਜੌਰੀ ਜ਼ਿਲ੍ਹੇ ਵਿੱਚ ਭਾਰਤੀ ਟਿਕਾਣਿਆਂ ‘ਤੇ ਫਾਇਰਿੰਗ ਜਾਰੀ ਰੱਖੀ, ਜਿਸ ਦੌਰਾਨ ਬੀਐਸਐਫ਼ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ।
ਥਲ ਸੈਨਾ ਦੇ ਉਪ ਮੁਖੀ ਲੈਫ਼ਟੀਨੈਂਟ ਜਨਰਲ ਸ਼ਰਤ ਚੰਦ ਨੇ ਕਿਹਾ ਕਿ ਪਾਕਿਸਤਾਨੀ ਫਾਇਰਿੰਗ ਦਾ ਫ਼ੌਜ ਵੱਲੋਂ ‘ਠੋਕਵਾਂ ਜਵਾਬ’ ਦਿੱਤਾ ਜਾ ਰਿਹਾ ਹੈ ਤੇ ਦਿੱਤਾ ਜਾਂਦਾ ਰਹੇਗਾ। ਉਹ ਬੀਤੇ ਦਿਨ ਦੀ ਘਟਨਾ ਸਬੰਧੀ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ”ਇਹ (ਜਵਾਬੀ ਕਾਰਵਾਈ) ਬਿਨਾਂ ਆਖਿਆਂ ਹੀ ਚੱਲਦੀ ਰਹਿੰਦੀ ਹੈ ਤੇ ਮੈਨੂੰ ਇਸ ਬਾਰੇ ਦੱਸਣ ਦੀ ਲੋੜ ਨਹੀਂ ਹੈ। ਸਾਡੀ ਕਾਰਵਾਈ ਖ਼ੁਦ ਬੋਲੇਗੀ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਬੀਤੇ ਦਿਨ ਕੀਤੀ ਗਈ ਫਾਇਰਿੰਗ ਵਿੱਚ ਚਾਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਦੱਸਿਆ, ”ਦੂਜੇ ਪਾਸੇ ਤੋਂ ਫਾਇਰਿੰਗ ਦੌਰਾਨ ਇਕ ਗੋਲਾ ਅਫ਼ਸਰ (ਕੈਪਟਨ) ਤੇ ਉਸ ਦੇ ਜਵਾਨਾਂ ਨੇੜੇ ਆਣ ਡਿੱਗਿਆ, ਜੋ ਮੌਤਾਂ ਦਾ ਕਾਰਨ ਬਣਿਆ।” ਉਨ੍ਹਾਂ ਪਾਕਿਸਤਾਨੀ ਫ਼ੌਜ ਉਤੇ ਭਾਰਤ ਵਿੱਚ ਦਹਿਸ਼ਤਗਰਦਾਂ ਦੀ ਘੁਸਪੈਠ ਲਈ ਮੱਦਦ ਕੀਤੇ ਜਾਣ ਦੇ ਦੋਸ਼ ਵੀ ਲਾਏ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ”ਭਾਰਤੀ ਲੋਕਾਂ ਨੂੰ ਭਾਰਤੀ ਫ਼ੌਜ ਦੀ ਬਹਾਦਰੀ ਉਤੇ ਪੂਰਾ ਭਰੋਸਾ ਹੈ।” ਉਹ ਬੀਤੇ ਦਿਨ ਪਾਕਿਸਤਾਨ ਵੱਲੋਂ ਕੀਤੀ ਮਾਰੂ ਫਾਇਰਿੰਗ ਖ਼ਿਲਾਫ਼ ਭਾਰਤ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਸਵਾਲ ਦਾ ਜਵਾਬ ਦੇ ਰਹੇ ਸਨ।ਪਾਕਿਸਤਾਨੀ ਫ਼ੌਜ ਨੇ ਬੀਤੀ ਰਾਤ ਵੀ ਰਾਜੌਰੀ ਜ਼ਿਲ੍ਹੇ ਵਿੱਚ ਭਾਰਤੀ ਟਿਕਾਣਿਆਂ  ਉਤੇ ਫਾਇਰਿੰਗ ਜਾਰੀ ਰੱਖੀ। ਇਸ ਦੌਰਾਨ ਬੀਐਸਐਫ਼ ਦਾ ਇਕ ਸਬ ਇੰਸਪੈਕਟਰ ਜ਼ਖ਼ਮੀ ਹੋ ਗਿਆ। ਰਾਜੌਰੀ ਜ਼ਿਲ੍ਹੇ ਦੇ ਡੀਸੀ ਡਾ. ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਰਾਤ ਭਰ ‘ਰੁਕ-ਰੁਕ ਕੇ’ ਫਾਇਰਿੰਗ ਕਰਦੀ ਰਹੀ। ਇਸ ਕਾਰਨ ਅੱਜ ਇਲਾਕੇ ਦੇ 84 ਪਿੰਡਾਂ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਤੇ ਲੋਕਾਂ ਲਈ ਕੈਂਪ ਚਾਲੂ ਕਰ ਦਿੱਤੇ ਗਏ ਹਨ।
ਪਾਕਿਸਤਾਨੀ ਗੋਲਾਬਾਰੀ ਦੇ ਮੁੱਦੇ ਉਤੇ ਅੱਜ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਵੀ ਜ਼ੋਰਦਾਰ ਹੰਗਾਮਾ ਹੋਇਆ। ਇਸ ਮੌਕੇ ਸੂਬੇ ਦੀ ਮਹਿਬੂਬਾ ਮੁਫ਼ਤੀ ਸਰਕਾਰ ਨੇ ਮੰਗ ਕੀਤੀ ਕਿ ਦੋਵਾਂ ਮੁਲਕਾਂ ਦਰਮਿਆਨ 2003 ਵਿੱਚ ਹੋਈ ਗੋਲੀਬੰਦੀ ਨੂੰ ਲਾਗੂ ਕੀਤਾ ਜਾਵੇ ਅਤੇ ‘ਅਮਨ ਤੇ ਸੁਲ੍ਹਾ ਦਾ ਅਮਲ’ ਬਹਾਲ ਕੀਤਾ ਜਾਵੇ। ਮੁੱਖ ਵਿਰੋਧੀ ਪਾਰਟੀ ਨੈਸ਼ਨਲ ਕਾਨਫਰੰਸ ਨੇ ਵੀ ਸਰਕਾਰ ਦੀ ਹਾਂ ਵਿੱਚ ਹਾਂ ਮਿਲਾਈ। ਇਸ ਤੋਂ ਪਹਿਲਾਂ ਸਰਕਾਰ ਵਿੱਚ ਪੀਡੀਪੀ ਦੀ ਭਾਈਵਾਲ ਭਾਜਪਾ ਦੇ ਇਕ ਵਿਧਾਇਕ ਨੇ ਜ਼ੋਰ ਪਾਇਆ ਕਿ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਖ਼ਿਲਾਫ਼ ਸਦਨ ਵੱਲੋਂ ਨਿੰਦਾ ਮਤਾ ਪਾਸ ਕੀਤਾ ਜਾਵੇ।
ਇਸ ਦੌਰਾਨ ਸਲਾਮਤੀ ਦਸਤਿਆਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਜੈਸ਼-ਏ-ਮੁਹੰਮਦ ਦੇ ਪੰਜ ਹਮਦਰਦਾਂ ਨੂੰ ਕਾਬੂ ਕਰ ਕੇ ਦਹਿਸ਼ਤੀ ਮਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਜੰਮੂ-ਕਸ਼ਮੀਰ ਪੁਲੀਸ ਮਤਾਬਕ ਇਸ ਨਾਲ ਕਈ ਅਤਿਵਾਦੀ ਹਮਲਿਆਂ ਦੇ ਮਾਮਲੇ ਹੱਲ ਹੋਏ ਹਨ।