ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ : ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ

ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ : ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ

ਮਨਜੀਤ ਸਿੰਘ ਕਲਕੱਤਾ (ਮੋਬਾਈਲ:98140-50679)

ਸਰਬੰਸਦਾਨੀ ਗੁਰੁ ਗੋਬਿੰਦ ਸਿੰਘ ਭਗਤੀ-ਸ਼ਕਤੀ, ਰਾਜ-ਯੋਗ, ਦੀਨ-ਦੁਨੀ ਅਤੇ ਮੀਰੀ ਪੀਰੀ ਦਾ ਸੁਮੇਲ ਹਨ। ਪਾਤਸ਼ਾਹ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਉਹ ਬੜਾ ਤੇਜੱਸਵੀ,ਓਜ਼ ਭਰਪੂਰ ਤੇ ਜ਼ੁਮਲਾ ਫੈਜ਼ੇ (ਰੱਬੀ ਨੂਰ) ਹੈ। ਉਹ ਨੀਲੇ ਘੋੜੇ ਦੇ ਸ਼ਾਹ ਅਸਵਾਰ, ਚਿੱਟੇ ਬਾਜ਼ ਵਾਲੇ, ਕਲਗੀਆਂ ਵਾਲੇ ਅਰਥਾਤ ਸੂਰਮਾ ਸਰੂਪ ਹਨ।ਭਾਈ ਗੁਰਦਾਸ (ਦੂਜਾ) ਸਿੰਘ ਉਨ੍ਹਾਂ ਦੀ ਇਸ ਅਜ਼ੀਮ ਸ਼ਖਸ਼ੀਅਤ ਦਾ ਵਰਨਣ,‘ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ’ ਅਤੇ ਭਾਈ ਨੰਦ ਲਾਲ ਜੀ  ‘ਬਾਦਸ਼ਾਹ ਦਰਵੇਸ਼, ਸ਼ਾਹੇ ਸ਼ਹਿਨਸ਼ਾਹ’ ਕਰਦੇ ਹਨ। ਗੁਰੂ ਪਾਤਸ਼ਾਹ ਦੇ ਇਸ ਜੁਝਾਰੂ ਤੇ ਬੀਰ ਰਸੀ ਸਰੂਪ ਨੁੰ ਦੇਸ਼ ਦੇ ਕਥਿਤ ਅਧਿਆਤਮਵਾਦ ਨੇ ਸਵੀਕਾਰ ਨਹੀਂ ਕੀਤਾ। ਕਈ ਉਨ੍ਹਾਂ ਨੂੰ ਰਾਣਾ ਪ੍ਰਤਾਪ ਤੇ ਸ਼ਿਵਾਜੀ ਮਰਹੱਟਾ ਵਾਂਗ ਫੌਜੀ ਜਰਨੈਲ ਦੱਸਦੇ ਹਨ। ਮਹਾਤਮਾ ਗਾਂਧੀ ਨੂੰ ਦਸਮ ਪਾਤਸ਼ਾਹ ‘ਭੁਲੜ ਦੇਸ਼ ਭਗਤ” ਨਜਰ ਆਏ । ਸਰ ਜਾਦੂ ਨਾਥ ਸਰਕਾਰ, ਡਾ. ਇੰਦੂ ਭੂਸ਼ਨ ਬੈਨਰਜੀ, ਡਾ. ਗੋਕਲ ਚੰਦ ਨਾਰੰਗ ਵਰਗੇ ਇਤਿਹਾਸਕਾਰ, ਠਾਕੁਰ ਰਬਿੰਦਰ ਨਾਥ ਟੈਗੋਰ ਦੀ ਸੂਖਮ ਬੁੱਧੀ ਵੀ ਸਤਿਗੁਰੂ ਦੇ ਸ਼ੁੱਧ ਸਰੂਪ ਦਾ ਦੀਦਾਰ ਨਹੀਂ ਕਰ ਸਕੀ। ਫਰ ਇਹ ਸਭ ਟੱਪਲੇ ਉਨ੍ਹਾਂ ਨੂੰ ਲੱਗੇ ਜੋ ਗੁਰੂ ਦਸਮੇਸ਼ ਦੇ ਤੇਜੱਸਵੀ ਸਰੂਪ ਦੀ ਚਮਕ ਨਾਲ ਚਕਾਚੋਂਧ ਹੋ ਗਏ ਅਤੇ ਉਨ੍ਹਾਂ ਨੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਤੇ ਧਾਰਨਾਵਾਂ ਨੂੰ ਆਪਣੇ ਪੂਰਵ ਨਿਸਚਿਤ ਅਕੀਦਿਆਂ ਅਤੇ ਸਨਾਤਨੀ ਧਰਮ ਦੇ ਮਾਪਦੰਡਾਂ ਨਾਲ ਪਰਖਿਆ ।
ਦੁਨੀਆਂ ਸੂਰਮਾ ਜਾਂ ਬਹਾਦਰ ਉਸ ਨੂੰ ਤਸੱਵਰ ਕਰਦੀ ਹੈ ਜਿਸ ਵਿੱਚ ਸਰੀਰਕ, ਰਾਜਸੀ ਅਤੇ ਫ਼ੌਜੀ ਬੱਲ ਹੋਵੇ। ਗੁਰਮਤਿ ਅਨੂਸਾਰ ਸੰਤ ਭਗਤ ਦਾ ਸ਼ੁੱਧ ਸਰੂਪ ਅਤੇ ਸੂਰਮੇ ਜਾਂ ਸ਼ਹੀਦ ਦੇ ਸਰੂਪ ਵਿਸ ਕੋਈ ਫਰਕ ਨਹੀਂ। ਭਗਤ ਜਾਂ ਸੰਤ ਉਹ ਨਹੀਂ ਜਿਹੜਾ ਸਮਾਜਿਕ ਜਿੰਨੂੰ ਪਿਠ ਦੇ ਕੇ ਜੰਗਲਾਂ ਵਿਚ ਜਾਂ ਕਠਿਤ ਬਲਕਿ ਉਹ ਹੈ ਜੋ ਉਸ ਸਮੇਂ ਜਦੋ ਕੋਈ ਜ਼ਾਲਮ ਲਲਕਾਰ ਰਿਹਾ ਹੋਵੇ ਪਰਜਾ ਦਾ ਦਮਨ ਕਰ ਰਿਹਾ ਹੋਵੇ ਉਸ ਸਮੇਂ ਉਸ ਦੇ ਸਾਹਮਣੇ ਸੱਚ ਸੁਣਾਉਣ ਦੀ ਹਿੰਮਤ ਕਰਦਾ ਹੋਵੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਸਾਹਮਣੇ ਸੱਚ ਸੁਣਾਇਆ।
ਗੁਰੂ ਗੋਬਿੰਦ ਸਿੰਘ ਜੀ ਐਸੇ ਹੀ ਨਿਰਭਉ ਗਰੀਬ ਨਿਵਾਜ਼ ਯੋਧੇ ਹਨ ਜੋ ਗਿਆਨ ਦੀ ਖੜਗ ਨਾਲ ਕਮਜ਼ੋਰੀ ਤੇ ਕਾਇਰਤਾ ਨੂੰ  ਸਮਾਜ ਵਿਚੋਂ  ਕੱਟਣ ਦਾ ਮਾਰਗ ਦਸਦੇ ਹਨ। ਜੇਕਰ ਗੁਰੂ ਨਾਨਕ ਦੇਵ ਜੀ ਜੋਤਿ ਰੂਪ ਹਰਿ ਆਪਿ ਹਨ ਤੇ ਆਪਣੇ ਆਪ ਨੂੰ ਉਸ ਦਾ ਮੁਲ ਖ੍ਰੀਦੀ ਲਾਲਾ ਗੋਲਾ (ਗੁਲਾਮ ), ਉਸ ਦਾ ਢਾਡੀ ਤੇ ਦੀਵਾਨਗੀ ਦੀ ਹੱਦ ਨੂੰ ਪਹੁੰਚਿਆ ਆਸ਼ਕ ਦੱਸ, ਧਰਤ ਲੋਕਾਈ ਨੂੰ ਸੋਧਣ ਦੇ ਰੱਬੀ ਹੁਕਮ ਦਾ ਕਾਰਜ ਆਰੰਭ ਕਰਦੇ ਹਨ ਤਾਂ ਗੁਰੁ ਨਾਨਕ ਦੀ ਦਸਵੀਂ ਜੋਤ ਦਸਮੇਸ਼ ਪਾਤਸ਼ਾਹ ‘ਭਗਵੰਤ ਰੂਪ’ ਹਨ ਜੋ ਪਾ੍ਰਬ੍ਰਹਮ ਪਰਮੇਸ਼ਰ ਵਿਚ ਲਿਵਲੀਨਤਾ ਅਤੇ ਅਭੇਦਤਾ ਦੀ ਬਖਸ਼ਿਸ਼ ਪ੍ਰਾਪਤ ਕਰ ਉਸ ਦੇ ਹੁਕਮ ਅਨੁਸਾਰ ‘ਪੰਥ ਪ੍ਰਚੁਰ’ ਧਰਮ ਚਲਾਵਣ’ ‘ਦੁਸਟ ਸੰਘਾਰਨ’ ਦੀ ਪੂਰਤੀ ਲਈ ਸੰਸਾਰ ਵਿਚ ਪਠਾਏ ਗਏ, ਧਰਮ ਤੇ ਵੈਰਾਗ ਦੀ ਮੂਰਤ ਗੁਰੁ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਅਤੇ ਮਾਤਾ ਗੁਜਰੀ ਜੀ ਦੀ ਕੁਖੋਂ ਜਿਸ ਵਕਤ ਦਸਮ ਪਿਤਾ ਦਾ ਸੰਸਾਰ ਆਗਮਨ ਹੋਇਆ ਉਸ ਵੇਲੇ ਨੋਵੇਂ ਗੁਰਦੇਵ, ਸਮੇਂ ਦੇ ਹਾਕਮਾਂ ਦੇ ਡਰ ਭੈਅ ਕਾਰਨ ਬਲਹੀਨ ਤੇ ਕਾਇਰ ਹੋ ਚੁੱਕੇ ਲੋਕਾਂ ਨੂੰ ਇਕ ਨਿਰਭਉ ਦੇ ਲੜ ਲਾਵਣ ਅਤੇ ਭੈਅ ਰਹਿਤ ਹੋਣ ਦਾ ਉਪਦੇਸ਼ ਦੇਣ ਹਿੱਤ ਢਾਕਾ, ਕਲਕੱਤਾ, ਗੁਹਾਟੀ ਅਤੇ ਦੇਸ਼ ਦੇ ਪੂਰਬ ਦੀ ਆਖਰੀ ਹੱਦ ਤੀਕ ਦੇ ਪ੍ਰਚਾਰ ਦੌਰੇ ‘ਤੇ ਸਨ। ਪਟਨਾ ਸਾਹਿਬ ਵਿਖੇ ਬਾਲ ਗੋਬਿੰਦ ਛੋਟੇ ਛੋਟੇ ਬੱਚਿਆਂ ਵਿਚੋਂ ਡਰ ਕੱਢਣ ਅਤੇ ਸੂਰਬੀਰਤਾ ਭਰਨ ਲਈ ਨਕਲੀ ਸ਼ਸ਼ਤਰਾਂ ਤੇ ਗੁਲੇਲਾਂ ਨਾਲ ਲੈਸ ਹੋ ਨਕਲੀ ਯੁਧ ਕਰਨ ਦਾ ਅਭਿਆਸ ਕਰਾਉਂਦੇ, ਨਵਾਬ ਦੀ ਆਉਂਦੀ ਜਾਂਦੀ ਸਵਾਰੀ ਨੂੰ ਅਦਾਬ ਕਰਨ ਦੀ ਬਜਾਏ ਦੰਦੀਆਂ ਚਿੜਾਉਂਦੇ। ਮਾਮਾ ਕ੍ਰਿਪਾਲ ਜੀ ਨੇ ਬਾਲ ਗੋਬਿੰਦ ਰਾਏ ਦੀਆਂ ਇਨ੍ਹਾਂ ਖਤਰਨਾਕ ਖੇਡਾਂ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਕ ਪੱਤਰ ਲਿਖ ਭੇਜਿਆ ਜਿਸ ਦੇ ਜਵਾਬ ਵਿਚ ਸਾਹਿਬਾਂ ਨੇ ਲਿਖਿਆ, ‘ਜੋ ਗੋਬਿੰਦ ਕੀਆ ਭਲਾ ਕੀਆ ਅਬਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ ਗਰ ਆ ਹੀ ਬੈਠੇ ਤੋ ਮੰਜੇ ਕੀ ਪੁਆਂਦੀ ਦੇਣੀ ਸਿਰਹਾਂਦੀ ਨਹੀ ਦੇਣੀ’।
ਆਪਣੀ ਆਤਮ ਕਥਾ ਜਿਸ ਦਾ ਨਾਮ ਦਸਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਲਿਖਿਆ ਹੈ, ਉਸ ਦਾ ਪਹਿਲਾ ਦ੍ਰਿਸ਼ ਹੀ ਅਤਿਅੰਤ ਦਰਦਨਾਕ ਹੈ ਤੇ ਦਸਮੇਸ਼ ਪਿਤਾ ਦੇ ਤਿਆਗ ਦਾ ਸਿਖਰ ਹੈ। ਇਸ ਤੋਂ ਵਧੇਰੇ ਸੰਸਾਰ ਵਿਚ ਬਚਿਤਰ ਕਥਾ ਹੋਰ ਕਿਹੜੀ ਹੋ ਸਕਦੀ ਹੈ ਕਿ ਕੋਈ ਸਪੁੱਤਰ 9 ਸਾਲ ਦੀ ਛੋਟੀ ਉਮਰ ਵਿਚ ਹੀ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਲਈ ਪ੍ਰੇਰਣਾ ਕਰੇ। ਸ਼ਹਾਦਤ ਦੇਣ ਲਈ ਗੁਰੂ ਤੇਗ ਬਹਾਦਰ ਸਾਹਿਬ ਆਪ ਦਿੱਲੀ ਰਵਾਨਾ ਹੋਏ ਅਤੇ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤੇ ਗਏ। ਭਾਈ ਜੈਤਾ ਜੀ ਰਾਤ ਦੇ ਅਨ੍ਹੇਰੀ ਦੇ ਗੁਬਾਰ ਵਿਚ ਸੀਸ ਲੈ ਕੇ ਆਨੰਦਪੁਰ ਸਾਹਿਬ ਲਈ ਰਵਾਨਾ ਹੋਏ, ਧੜ ਦਾ ਸਸਕਾਰ ਭਾਈ ਲਖੀ ਸ਼ਾਹ ਵਣਜਾਰਾ ਰਕਾਬਗੰਜ ਸਾਹਿਬ ਵਿਖੇ ਹੀ ਕਰ ਦਿੰਦੇ ਹਨ। ਇਸ ਤੋਂ ਵਧੇਰੇ ਬੱਚਿਤਰ ਕਥਾ ਕਿਧਰੇ ਵੀ ਨਹੀ ਹੈ। ਕਹਿਰ ਦੇ ਸਮੇਂ ਜਦੋਂ ਭਾਈ ਜੈਤਾ ਸੀਸ ਲੈ ਕੇ ਆਨੰਦਪੁਰ ਸਾਹਿਬ ਪੁੱਜੇ ਅਤੇ ਨੋਵੇਂ ਗੁਰਦੇਵ ਦੀ ਸ਼ਹਾਦਤ ਉਪਰੰਤ ਮੁਗਲ ਬਾਦਸ਼ਾਹ ਦੇ ਐਲਾਨ ਕਿ ਹੈ ਕੋਈ ਗੁਰੁ ਕਾ ਸਿਖ ਤਾਂ ਸਾਹਮਣੇ ਆਵੇ ਤੇ ਚਾਂਦਨੀ ਚੌਕ ਵਿਚ ਇਕੱਤਰ ਹੋਈ ਭੀੜ ‘ਚੋਂ ਕਿਸੇ ਨੇ ਜੁਰਅਤ ਨਾ ਵਿਖਾਈ ਦਾ ਜ਼ਿਕਰ ਕੀਤਾ ਤਾਂ ਦਸਮੇਸ਼ ਪਿਤਾ ਗਰਜਵੀਂ ਆਵਾਜ਼ ਵਿਚ ਐਲਾਨ ਕੀਤਾ, ‘ਇਸ ਬਿਧਿ ਕੋ ਅਬ ਪੰਥ ਬਨਾਇਓ੩੩੩੩’।
ਗੁਰੂ ਗੋਬਿੰਦ ਸਿੰਘ ਦੇ ਸ਼ੁਧ ਸਰੂਪ ਨੂੰ ਸਮਝਣ ਵਿਚ ਜ਼ਮਾਨਾ ਇਸ ਕਰਕੇ ਵੀ ਅਸਮਰਥ ਰਿਹਾ ਹੈ ਕਿਉਂਕਿ ਦੁਨਿਆਵੀ ਤਵਾਰੀਖ ਵਿਚ ਬਹਾਦਰ  ਚੰਗੇਜ਼ ਖਾਨ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਵਰਗੇ ਜਾਂ ਸਿਕੰਦਰ, ਨੈਪੋਲੀਅਨ, ਹਿਟਲਰ ਜਾਂ ਅਜੋਕੇ ਸਮੇਂ ਦੇ ਤਾਨਾਸ਼ਾਹ ਹਨ ਅਥਵਾ ਉਹ ਲੋਕ ਜਿਨ੍ਹਾਂ ਪਾਸ ਸਰੀਰਕ, ਰਾਜਸੀ, ਮਜਹਬੀ ਜਾਂ ਸਮਾਜਿਕ ਤਾਕਤ ਹੈ ਜਿਸ ਨਾਲ ਉਹ ਸਮਾਜ ਨੂੰ ਗੁਲਾਮੀ ਦੇ ਸੰਗਲਾਂ ਵਿਚ ਜਕੜ ਸਕਦੇ ਹਨ। ਇਸੇ ਤਰਾ੍ਹ ਸੰਸਾਰ ਸੰਤ ਭਗਤ ਉਸ ਨੂੰ ਮੰਨਦਾ ਹੈ ਜੋ ਅੰਨ ਪਾਣੀ, ਗ੍ਰਹਿਸਥ, ਦੁਨਿਆਵੀ ਜ਼ਿੰਮੇਵਾਰੀਆਂ ਦਾ ਤਿਆਗ ਕਰ, ਹਿਮਾਲਿਆ ਦੀਆਂ ਕੰਦਰਾਂ ਵਿਚ, ਜੰਗਲ ਬੀਆਬਾਨ ਵਰਗੇ ਏਕਾਂਤ ਥਾਂ ‘ਤੇ ਡੇਰਾ ਲਾਉਂਦਾ ਹੈ ਜਾਂ ਕਰਨੀ ਤੋਂ ਰਹਿਤ ਦੁਨੀਆ ਨੂੰ ਸ਼ਾਸ਼ਤਰਾਂ ਦੀਆਂ ਕਥਾ ਕਹਾਣੀਆਂ ਸੁਣਾਉਣ ਲਈ ਮੱਠਾਂ ਜਾਂ ਪਾਠਸ਼ਾਲਾਵਾਂ, ਮਦਰੱਸਿਆਂ ਅਤੇ ਦੀਨੀ ਸ਼ਰਾ ਲਈ ਅਜੋਕੇ ਸਮੇਂ ਦੇ ਕਥਿਤ ਡੇਰਿਆਂ, ਅਖਾੜਿਆਂ ਅੰਦਰ ਬੈਠ ਜੁਬਾਨੀ ਧਰਮ ਜਾਂ ਮਜ਼੍ਹਬ ਪੜ੍ਹਾਉਂਦਾ ਹੈ। ਸਿੱਖੀ ਇਨ੍ਹਾਂ ਦੋਵਾਂ ਪਰਿਭਾਸ਼ਾਵਾਂ ਨੂੰ ਰੱਦ ਕਰਦੀ ਹੋਈ ਸੱਚੇ ਭਗਤ, ਗਿਆਨੀ, ਸੰਤ, ਸੂਰਬੀਰ ਜਾਂ ਨਿਰਭੈਅ ਯੋਧੇ ਵਿਚ ਕੋਈ ਫਰਕ ਨਹੀਂ ਸਮਝਦੀ, ਕਿਉਂਕਿ ਸੁਰਬੀਰ ਉਹ ਆਤਮ ਅਭਿਆਸੀ ਹੈ ਜੋ ਗਰੀਬਾਂ ਮਜ਼ਲੂਮਾਂ ਦੀ ਰਾਖੀ ਲਈ ਹਥਿਆਰ ਚੁੱਕਦਾ ਹੈ। ਉਸ ਦੇ ਲਈ ਸ਼ਾਸ਼ਤਰ ਤੇ ਸ਼ਸਤਰ ਇਕ ਹਨ। ਗੁਰੂ ਦਸ਼ਮੇਸ਼ ਐਸੇ ਹੀ ਸੰਤ ਸਿਪਾਹੀ ਹਨ ਜਿਨ੍ਹਾਂ ਨੇ ਸ਼ਸਤਰ ਧਾਰਨ ਕਰਕੇ ਸ਼ਸਤਰਾਂ ਦੀ ਵਰਤੋਂ ਹੀ ਨਹੀਂ ਕੀਤੀ ਬਲਕਿ ਮਾਣਿਆ ਵੀ। ਨਮੋ ਸ਼ਸਤ੍ਰ ਪਾਣੇ।।ਨਮੋ ਅਸਤ੍ਰ ਮਾਨੇ।।
ਗੁਰੂ ਪਾਤਸ਼ਾਹ ਦੇ ਸ਼ਸ਼ਤਰਾਂ ਦੇ ਜੌਹਰ ਬਾਰੇ ਤਾਂ ਦੁਨੀਆ ਜਾਣਦੀ ਹੈ ਪਰ ਉਹ ਕਲਮ ਦੇ ਵੀ ਅਜ਼ੀਮ ਧਨੀ ਹਨ ਕਿ ਉਨ੍ਹਾਂ ਦੀ ਬਾਣੀ ਵਿਚ ਕਵਿਤਾ ਦੀ ਹਰ ਵੰਨਗੀ  ਮਿਲਦੀ ਹੈ। ਕਲਮ ਦੀ ਕਰਾਮਾਤ ਉਸ ਜ਼ਫਰਨਾਮੇ ਵਿਚ ਹੈ ਜੋ ਉਨ੍ਹਾਂ ਬੇਸਰੋ ਸਮਾਨਗੀ ਦੀ ਹਾਲਤ ਵਿਚ ਦੀਨਾ ਕਾਂਗੜ ਬੈਠ ਜ਼ਾਲਿਮ ਔਰੰਗਜ਼ੇਬ ਬਦਸ਼ਾਹ ਨੂੰ ਲਿਖ ਭੇਜਿਆ। ਪਾਉਂਟਾ ਸਾਹਿਬ ਵਿਖੇ ਰਚੇ ਗ੍ਰੰਥ ਦਾ ਉਦੇਸ਼ ਵੀ ਪਾਤਸ਼ਾਹ ਆਪ ਹੀ ਸਪਸ਼ਟ ਕਰਦੇ ਹਨ;
ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਇ ।।
ਅਵਰ ਬਾਸਨਾ ਨਾਹਿ ਪ੍ਰਭ, ਧਰਮ ਜੁਧ ਕੈ ਚਾਇ।।।
ਦੁਨੀਆਵੀ ਜੰਗਾਂ ਤੇ ਯੁੱਧ ਜ਼ਰ, ਜ਼ੋਰੂ ਅਤੇ ਜ਼ਮੀਨ ਅਰਥਾਤ ਧਨ, ਜਾਇਦਾਦ, ਇਸਤਰੀ ਅਤੇ ਧਰਤੀ ‘ਤੇ ਰਾਜ ਕਾਇਮ ਕਰਨ ਲਈ ਤੇ ਕਬਜ਼ਾ ਕਰਨ ਕਰਕੇ ਹੀ ਹੋਈਆਂ ਹਨ ਪਰ ਮਰਦ ਅਗੰਮੜੇ ਨੇ ਚੌਦਾਂ ਜੰਗਾਂ ਲੜੀਆਂ, ਕਿਸੇ ‘ਤੇ ਹਮਲਾ ਨਹੀਂ ਕੀਤਾ ਬਲਕਿ ਆਪਣੇ ‘ਤੇ ਹੋਣ ਵਾਲੇ ਹਰ ਹਮਲੇ ਦੇ ਮੁਕਾਬਲੇ ਲਈ ਯੁੱਧ ਕੀਤਾ ਅਤੇ ਚੌਦਾਂ ਜੰਗਾਂ ਲੜਨ ਉਪ੍ਰੰਤ ਕਿਸੇ ਦੀ ਇਕ ਇੰਚ ਭਰ ਜ਼ਮੀਨ ‘ਤੇ ਕਬਜ਼ਾ ਕਰ ਦੁਨਿਆਵੀ ਬਾਦਸ਼ਾਹਤ ਕਾਇਮ ਨਹੀਂ ਕੀਤੀ। ਦੁਨਿਆਵੀ ਜੰਗਾਂ ਬਾਰੇ ਮਨੌਤ ਹੈ ਕਿ ਮੁਹੱਬਤ ਤੇ ਜੰਗ ਵਿੱਚ ਸਭ ਜਾਇਜ਼ ਹੈ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਉਸ ਅਕਾਲ ਪੁਰਖ ਦੇ ਉਪਜੇ ਮਨੁੱਖ ਦੇ ਪਿਆਰ ਅਤੇ ਧਰਮ ਤੇ ਇਖ਼ਲਾਕ ਦੀਆਂ ਉੱਚ ਕਦਰਾਂ-ਕੀਮਤਾਂ ਬਰਕਰਾਰ ਰੱਖਦੇ ਹੋਏ ਯੁੱਧ ਕਰਦੇ ਹਨ। ਜੰਗਾਂ ਜਿੱਤਣ ਉਪ੍ਰੰਤ ਉਹ ਦੁਸ਼ਮਣ ਦੀ ਨਾਰੀ, ਇਸਤਰੀ ਨਾਲ ਵੀ ਇਖ਼ਲਾਕ ਦੀ ਸੀਮਾਂ ਟੱਪਣ ਦੀ ਆਗਿਆ ਨਹੀਂ ਦੇਂਦੇ। ਹੁਸ਼ਿਆਰਪੁਰ ਦੇ ਰੰਘੜਾਂ ਵਲੋਂ ਗੁਰੁ ਦਸ਼ਨਾਂ ਨੂੰ ਆਉਂਦੀ ਸੰਗਤ ਨੂੰ ਲੁੱਟ ਲਿਆ ਗਿਆ। ਮਾਲ ਅਸਬਾਬ ਲੁਟਾ ਕੇ ਸਿੰਘਣੀਆਂ ਦੇ ਬੰਦੀ ਬਣਾ ਲਏ ਜਾਣ ‘ਤੇ ਗੁਰੁ ਪਾਤਸਾਹ ਨੂੰ ਸਾਰੀ ਵਿਥਿਆ ਸੁਣਾਈ। ਰੰਘੜਾਂ ਨੂੰ ਸੋਧਣ ਲਈ ਭੇਜਿਆ ਗਿਆ ਸਿੰਘਾਂ ਦਾ ਜਥਾ, ਆਪਣੀਆਂ ਸਿੰਘਣੀਆਂ, ਮਾਲ ਅਸਬਾਬ ਤੇ ਰੰਘੜਾਂ ਦੀਆਂ ਬੇਗਮਾਂ ਵੀ ਚੁੱਕ ਲਿਆਇਆ। ਪਤਾ ਲੱਗਣ ‘ਤੇ ਗੁਰੂ ਸਾਹਿਬ ਨੇ ਉਸੇ ਵੇਲੇ ਸਿੰਘਾਂ ਨੂੰ ਤਾੜਨਾ ਕਰਦਿਆਂ ਹੁਕਮ ਕੀਤਾ ਕਿ ਹੁਣੇ ਇਨਾਂ੍ਹ ਨੂੰ ਬਾ-ਇੱਜ਼ਤ ਇਨ੍ਹਾਂ ਦੇ ਘਰੀਂ ਪਹੁੰਚਾ ਕੇ ਆਉ, ਇਸ ਸਬੰਧੀ ਬੜਾ ਰੌਚਕ ਸੰਵਾਦ ਹੈ-
‘ਪੁਨਿ ਸਿੰਘਨ ਪੂਛੇ ਗੁਨ ਖਾਨੀ
ਸਗਲ ਤੁਰਕ ਭੁਗਵੈ ਹਿੰਦਵਾਨੀ
ਸਿੱਖ ਬਦਲਾ ਲੇ ਭਲਾ ਜਨਾਵੈਂ
ਗੁਰ ਸਾਸ਼ਤ੍ਰ ਕ<ੋਂ ਵਰਜ ਹਟਾਵੈ’
(ਸਿੱਖ ਐਸੇ ਜ਼ਾਲਮ ਹੁਕਮਰਾਨਾਂ ਤੋ ਬਦਲਾ ਲੈਣਾ ਚਾਹੁੰਦੇ ਹਨ ਤਾਂ ਗੁਰੂ ਪਾਤਸ਼ਾਹ ਧਰਮ ਤੇ ਇਖ਼ਲਾਕ ਦੀ ਗੱਲ ਕਹਿ ਕੇ ਸਾਨੂੰ ਕਿਉਂ ਵਰਜਦੇ ਹਨ?) ਗੁਰੂ ਸਾਹਿਬ ਨੇ ਜੋ ਉੱਤਰ ਦਿੱਤਾ, ਉਹ ਅਧਿਆਤਮਕਤਾ ਅਤੇ ਇਖਲਾਕ ਦੀ ਸਿਖਰ ਹੈ ਜੋ ਕਿਸੇ ਦੁਨਿਆਵੀ ਜੰਗ ਜਿਤਣ ਵਾਲੇ ਨੇ ਨਹੀ ਵਿਖਾਈ ;
‘ਪੁਨਿ ਸਤਿਗੁਰ ਬੋਲੇ ਤਿਸ ਬੇਰੇ। ਹਮ ਲੇ ਜਾਨੋ ਪੰਥ ਉਚੇਰੇ।
ਕੋਈ ਭਗਵੰਤ ਰੂਪ ਹੀ ਐਸਾ ਹੋ ਸਕਦਾ ਜੋ ਜੰਗ ਵਿਚ ਆਪਣੇ ਤੀਰਾਂ ਦੀ ਬੁਛਾੜ ਨਾਲ ਜ਼ਖ਼ਮੀ ਹੋਣ ਵਾਲੇ ਦੇ ਇਲਾਜ ਅਤੇ ਮਾਰੇ ਜਾਣ ਵਾਲੇ ਦੇ ਅੰਤਮ ਕਿਰਿਆ ਕਰਮ ਲਈ ਸਵਾ ਸਵਾ ਤੋਲਾ ਸੋਨਾ ਲਗਾਉਂਦਾ ਹੋਵੇ। ਬ੍ਰਹਮ ਗਿਆਨਤਾ ਨੂੰ ਪ੍ਰਾਪਤ ਗੁਰੁ ਪਾਤਸ਼ਾਹ ਦਾ ਇਕ ਸਿੱਖ, ਭਾਈ ਘਨੱਈਆ ਮੈਦਾਨੇ ਜੰਗ ਵਿਚ ਦੁਸ਼ਮਣਾਂ ਨੂੰ ਜਲ ਛਕਾਉਂਦਾ ਹੈ। ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਦਾ ਉੱਤਰ ‘ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ’, ਸੁਣ ਪਾਤਸ਼ਾਹ ਨੇ ਮਰਹੱਮ ਪੱਟੀ ਦੀ ਬਖਸਿਸ਼ ਕਰ ਆਦੇਸ਼ ਦਿੱਤਾ, ਹੁਣ ਤੁਸੀਂ ਜਲ ਦੇ ਨਾਲ ਨਾਲ ਮਰਹੱਮ ਪੱਟੀ ਵੀ ਕਰਨੀ ਹੈ। ਰੈੱਡ-ਕਰਾਸ ਸੰਸਥਾ ਤਾਂ ਕਾਫੀ ਬਾਅਦ ਵਿੱਚ ਬਣੀ ਲੇਕਿਨ ਉਹ ਵੀ ਐਸਾ ਆਚਰਣ ਪੈਦਾ ਨਹੀਂ ਕਰ ਸਕੀ ਕਿ ਲੜਨ ਵਾਲੀ ਇਕ ਧਿਰ ਜੰਗ ਦੇ ਮੈਦਾਨ ਵਿੱਚ ਮਿੱਤਰ ਤੇ ਦੁਸ਼ਮਣਾਂ ਨੂੰ ਸਮ ਕਰਕੇ ਜਾਣੇ।
ਜਿਸ ਸਚਿਆਰ ਮਨੁੱਖ ਦਾ ਸੰਕਲਪ ਅਤੇ ਗੁਰਸਿੱਖ ਲੱਭ ਕੇ ਸੰਗਤ ਦੀ ਸਥਾਪਨਾ ਗੁਰੁ ਨਾਨਕ ਸਾਹਿਬ ਨੇ ਪਹਿਲੇ ਜਾਮੇ ਵਿਚ ਕੀਤੀ, ਦਸਵੀਂ ਜੋਤ ਵਿਚ ਉਸੇ ਨੂੰ ਸੰਨ 1699 ਵਿਚ ਖਾਲਸੇ ਦੇ ਰੂਪ ਵਿਚ ਪ੍ਰਗਟ ਕੀਤਾ। ਇਮਤਿਹਾਨ ਪਾਸ ਕਰਨ ਦੀ ਸ਼ਰਤ ਉਹੀ ਸੀ, ‘ਪਹਿਲਾ ਮਰਣੁ ਕਬੂਲ’
ਕੁੱਲ ਆਲਮ ਵਿਚ ਐਸਾ ਕੋਈ ਪੀਰ, ਪੈਗੰਬਰ, ਔਲੀਆ, ਸੰਤ, ਭਗਤ ਨਹੀਂ ਹੋਇਆ, ਜਿਸ ਦਾ ਰੱਬ ਨਾਲ ਇਸ਼ਕ ਐਸਾ ਸਾਦਿਕ ਹੋਇਆ ਹੋਵੇ ਜੈਸਾ 42 ਸਾਲ ਦੀ ਹਯਾਤੀ ਵਿਚ ਗੁਰੁ ਗੋਬਿੰਦ ਸਿੰਘ ਨੇ ਨਿਭਾਇਆ। ਪਰਮ ਪੁਰਖ ਦੇ ਦਾਸ ਵਜੋਂ ਇਹ ਜਗਤ ਤਮਾਸ਼ਾ ਵੇਖਿਆ, ਮਾਣਿਆ, ਧਰਮ ਚਲਾਵਣ, ਦੁਸ਼ਟ ਉਪਾਰਣ ਅਤੇ ਪੰਥ ਪ੍ਰਚੁਰ ਕਰਨ ਦੇ ਅਕਾਲ ਪੁਰਖ ਵਾਹਿਗੁਰੂ ਦੇ ਆਦੇਸ਼ ਨੂੰ ਨਿਭਾਉਣ ਵਿਚ ਸਰਬੰਸ ਵਾਰ ਦਿੱਤਾ। ਦੀਨਾ ਕਾਂਗੜ ਪਹੁੰਚ ਔਰੰਗਜ਼ੇਬ ਨੁੰ ਜਿੱਤ ਦਾ ਇੱਕ ਖ਼ਤ ਅਰਥਾਤ ‘ਜ਼ਫ਼ਰਨਾਮਾ’ ਲਿਖ ਭੇਜਿਆ। ਉਸ ਦੇ ਕੀਤੇ ਜ਼ੁਲਮਾਂ ਦੀ ਤਸਵੀਰ ਦਿਖਾਈ ਅਤੇ ਉਸ ਨੂੰ ਦਿੱਲੀ ਤਖ਼ਤ ਦੇ ਅਯੋਗ ਕਰਾਰ ਦੇ ਕੇ ਚੁਣੌਤੀ ਵੀ ਦਿੱਤੀ ‘ਕੀ ਹੋਇਆ, ਜੇ ਤੂੰ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਅਜੇ ਤਾਂ ਫਨੀਅਰ ਨਾਗ ਦੇ ਰੂਪ ਵਿੱਚ ਮੈਂ ਤੇਰੇ ਜ਼ੁਲਮਾਂ ਦੀ ਸਜ਼ਾ ਦੇਣ ਲਈ ਮੌਜੂਦ ਹਾਂ।
ਆਪਣੀ ਜੀਵਨ ਹਯਾਤੀ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਤੋਂ ਹਜ਼ੂਰ ਸਾਹਿਬ ਤੀਕ ਦਾ ਬਿਖਮ ਮਾਰਗ ਤੈਅ ਕੀਤਾ। ਉਪਰੰਤ ਜੀਵਨ ਦੇ ਸਿਖਰ ਵਿਚ ਸਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੁ ਪਾਤਸ਼ਾਹ ਆਪਣੀ ਜੋਤ ਗੁਰੁ ਸ਼ਬਦ ਵਿਚ ਰੱਖ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਅਤੇ ਉਸ ਦੀ ਹਾਜ਼ਰ ਹਜੂਰੀ ਵਿਚ ਗੁਰੁ ਪੰਥ ਨੂੰ ਬਖਸ਼ ਦਿੱਤੀ;
‘ਆਗਯਾ ਭਈ ਅਕਾਲ ਕੀ ਤਬੈ ਚਲਾਇਓ ਪੰਥ
ਸਭਿ ਸਿਖਨ ਕੋ ਹੁਕਮੁ ਹੈ ਗੁਰੁ ਮਾਨਿਓ ਗ੍ਰੰਥ’।
ਅੱਜ ਦੇ ਬਿਖਮ ਸਮੇਂ ਜਦੋਂ ਅਸੀਂ ਦਸ਼ਮੇਸ਼ ਦੇ ਪੁੱਤਰ ਕਹਾਉਣ ਵਾਲੇ ਸਿੱਖ, ਦੁਨਿਆਵੀ ਪਦਾਰਥਾਂ ਦੇ ਰੰਗ ਵਿਚ ਰੰਗੇ ਨਿਜਪ੍ਰਸਤ ਤੇ ਪਰਿਵਾਰ ਪ੍ਰਸਤ ਹੋ ਕੇ ਗੁਰੁ ਦੀ ਸਿੱਖੀ ਨੂੰ ਵਿਸਾਰ ਰਹੇ ਹਾਂ, ਗੁਰੁ ਦੀ ਨਿਸ਼ਾਨੀ ਕੇਸ ਤਂੋ ਕਿਨਾਰਾ ਕਰ ਰਹੇ ਹਾਂ, ਗੁਰੂਆਂ ਦੀ ਧਰਤੀ ‘ਤੇ ਹੀ ਗੁਰੁ ਨੂੰ ਪਿੱਠ ਦੇ ਰਹੇ ਹਾਂ। ਜਿਥੇ ਸਿੱਖ ਸੰਸਥਾਵਾਂ ਨੂੰ ਇਸ ਪਾਸੇ ਵਿਸ਼ੇਸ਼ ਉਪਰਾਲੇ ਕਰਨ ਲਈ ਬੇਨਤੀ ਹੈ, ਉਥੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿਚ ਇਹੀ ਅਰਦਾਸ ਬੇਨਤੀ ਹੈ ਕਿ ਪਾਤਸ਼ਾਹ ਤੁਸਾਂ ਹੀ ਬਚਨ ਕੀਤਾ ਸੀ ;
‘ਪੰਥ ਖਾਲਸਾ ਖੇਤੀ ਮੇਰੀ ਸਦਾ ਸੰਭਾਲ ਕਰੋਂ ਤਿਸ ਕੇਰੀ’
ਆਪਣੇ ਪੰਥ ਦੀ ਆਪ ਬਹੁੜੀ ਕਰੋ ।।