ਪੰਜਾਬ ਦੀ ਰਾਜਨੀਤੀ ‘ਚ ਨਸ਼ਿਆਂ ਦੇ ਮੁੱਦੇ ‘ਤੇ ”ਡੋਪ ਟੈਸਟ ਮੈਚ” ਸ਼ੁਰੂ

ਪੰਜਾਬ ਦੀ ਰਾਜਨੀਤੀ ‘ਚ ਨਸ਼ਿਆਂ ਦੇ ਮੁੱਦੇ ‘ਤੇ ”ਡੋਪ ਟੈਸਟ ਮੈਚ” ਸ਼ੁਰੂ

ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਡੋਪ ਟੈਸਟ ਲਈ ਪਹੁੰਚੇ ‘ਆਪ’ ਵਿਧਾਇਕ ਅਮਨ ਅਰੋੜਾ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ।

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਡੋਪ ਟੈਸਟ ਦੀ ਉਠ ਰਹੀ ਮੰਗ ਦੇ ਮੱਦੇਨਜ਼ਰ ਕਿਹਾ ਕਿ ਉਹ ਆਪਣਾ ਡੋਪ ਟੈਸਟ ਕਰਾਉਣ ਲਈ ਤਿਆਰ ਹਨ ਪਰ ਉਹ ਹੋਰਨਾਂ ਚੁਣੇ ਹੋਏ ਨੁਮਾਇੰਦਿਆਂ ‘ਤੇ ਇਸ ਲਈ ਜ਼ੋਰ ਨਹੀਂ ਦੇਣਗੇ ਤੇ ਇਹ ਉਨ੍ਹਾਂ ਦੀ ਮਰਜ਼ੀ ‘ਤੇ ਨਿਰਭਰ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਕੁਝ ਸਾਥੀ ਮੰਤਰੀਆਂ ਸਮੇਤ ਕੁਝ ਸਿਆਸਤਦਾਨ ਪਹਿਲਾਂ ਹੀ ਆਪਣੇ ਤੌਰ ‘ਤੇ ਡੋਪ ਟੈਸਟ ਕਰਾਉਣ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ। ਇਕ ਬਿਆਨ ਵਿਚ ਉਨ੍ਹਾਂ ਕਿਹਾ, ”ਮੈਨੂੰ ਡੋਪ ਟੈਸਟ ਕਰਾਉਣ ‘ਚ ਕੋਈ ਸਮੱਸਿਆ ਨਹੀਂ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ‘ਚ ਬੇਲੋੜੀ ਸਿਆਸਤ ਨਹੀਂ ਹੋਣੀ ਚਾਹੀਦੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ‘ਡੋਪ (ਨਸ਼ਾਖ਼ੋਰੀ ਦਾ) ਟੈਸਟ’  ਲਾਜ਼ਮੀ ਕਰਨ ਤੋਂ ਬਾਅਦ ਸੂਬੇ ਦੇ ਤਿੰਨ ਵਿਧਾਇਕ ਆਪੋ-ਆਪਣੇ ਡੋਪ ਟੈਸਟ ਕਰਾਉਣ ਹਸਪਤਾਲਾਂ ਵਿਚ ਪੁੱਜੇ, ਜਿਨ੍ਹਾਂ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹਨ। ਮੁਹਾਲੀ ਦੇ ਸਿਵਲ ਹਸਪਤਾਲ ਪੁੱਜੇ ਸ੍ਰੀ ਬਾਜਵਾ ਦੇ ਬਿਮਾਰ ਤੇ ਦਵਾਈਆਂ ਖਾਂਦੇ ਹੋਣ ਕਾਰਨ ਟੈਸਟ ਨਾ ਹੋ ਸਕਿਆ ਪਰ ਮੁਹਾਲੀ ਹਸਪਤਾਲ ਵਿਚ ਹੀ ‘ਆਪ’ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਟੈਸਟ ਕਰਵਾਇਆ। ਪਠਾਨਕੋਟ ਜ਼ਿਲ੍ਹੇ ਦੇ ਭੋਆ ਹਲਕੇ ਦੇ ਕਾਂਗਰਸੀ ਵਿਧਾਇਕ ਜੁਗਿੰਦਰਪਾਲ ਨੇ ਵੀ ਆਪਣਾ ਡੋਪ ਟੈਸਟ ਕਰਵਾਇਆ।
‘ਆਪ’ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪਹਿਲਕਦਮੀ ਕਰਦਿਆਂ ਮੋਹਾਲੀ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਆ। ਸ੍ਰੀ ਅਰੋੜਾ ਸਵੇਰੇ ਹੀ ਹਸਪਤਾਲ ਪਹੁੰਚ ਗਏ ਅਤੇ ਟੈਸਟ ਲਈ ਆਪਣੇ ਖੂਨ ਦੇ ਨਮੂਨੇ ਦਿੱਤੇ। ਇਸੇ ਦੌਰਾਨ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਡੋਪ ਟੈਸਟ ਕਰਵਾਉਣ ਹਸਪਤਾਲ ਪਹੁੰਚੇ ਪਰ ਬਿਮਾਰ ਹੋਣ ਕਾਰਨ ਉਨ੍ਹਾਂ ਦੇ ਨਮੂਨੇ ਨਹੀਂ ਲਏ ਗਏ। ਮੰਤਰੀ ਨੂੰ ਟੈਸਟ ਲਈ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ।
ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ‘ਆਪ’ ਦੇ ਸ੍ਰੀ ਅਰੋੜਾ ਦੇ ਡੋਪ ਟੈਸਟ ਲਈ ਖੂਨ ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਮੰਤਰੀ ਸ੍ਰੀ ਬਾਜਵਾ ਬਿਮਾਰੀ ਕਾਰਨ ਲਗਾਤਾਰ ਦਵਾਈ ਖਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਟੈਸਟ ਨਹੀਂ ਹੋ ਸਕਿਆ। ਜੇ ਨਮੂਨੇ ਲੈ ਵੀ ਲੈਂਦੇ ਤਾਂ ਵੀ ਦਵਾਈ ਦੇ ਅਸਰ ਕਾਰਨ ਰਿਪੋਰਟ ਤਸੱਲੀਬਖ਼ਸ਼ ਨਹੀਂ ਸੀ ਆਉਣੀ।
ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਅਰੋੜਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਹਰ ਸਹੀ ਕਦਮ ਦਾ ‘ਆਪ’ ਸਾਥ ਦੇਵੇਗੀ ਪਰ ਚੰਗਾ ਹੁੰਦਾ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਡੋਪ ਟੈਸਟ’ ਦੀ ਸ਼ੁਰੂਆਤ ਆਪਣੇ ਤੋਂ ਕਰਦੇ ਅਤੇ ਆਪਣੇ ਕੈਬਨਿਟ ਸਾਥੀਆਂ ਤੇ ਕਾਂਗਰਸੀ ਵਿਧਾਇਕਾਂ ਦੇ ਟੈਸਟ ਕਰਾਉਂਦੇ। ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮਨਾਕ  ਗੱਲ ਹੈ ਕਿ ਅੱਜ ਸੂਬੇ ਦੀ ਅਫ਼ਸਰਸ਼ਾਹੀ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ‘ਡੋਪ ਟੈਸਟ’ ਵਰਗੀਆਂ ਨੈਤਿਕ ਚੁਣੌਤੀਆਂ ‘ਚੋਂ ਲੰਘਣਾ ਪੈ ਰਿਹਾ ਹੈ। ਸਿਆਸੀ ਆਗੂਆਂ ਤੇ ਪੁਲੀਸ ਅਧਿਕਾਰੀਆਂ ਆਦਿ ਦੇ ਇਕ ਹਿੱਸੇ ਦੀ ਡਰੱਗ ਮਾਫ਼ੀਆ ਨਾਲ ਮਿਲੀਭੁਗਤ ਕਾਰਨ ਨਸ਼ਾਖ਼ੋਰੀ ਕਰ ਕੇ ਨੌਜਵਾਨ ਅਜਾਈਂ ਮੌਤ ਮਰ ਰਹੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਨ ਤੋਂ ਬਾਅਦ ਵਾਅਦੇ ਮੁਤਾਬਕ ਨਸ਼ਿਆਂ ਦੇ ਖ਼ਾਤਮੇ ਲਈ ਕੋਈ ਕਦਮ ਨਹੀਂ ਚੁੱਕਿਆ। ਹੁਣ ਵੱਡੀ ਗਿਣਤੀ ਨੌਜਵਾਨਾਂ ਦੀਆਂ ਜਾਨਾਂ ਜਾਣ ਪਿੱਛੋਂ ਸਰਕਾਰ ਦੀ ਨੀਂਦ ਖੁੱਲ੍ਹੀ ਹੈ।
ਪੰਚਾਇਤ ਮੰਤਰੀ ਸ੍ਰੀ ਬਾਜਵਾ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਗਿਆਰਾਂ ਕੁ ਵਜੇ ਅਚਨਚੇਤੀ ਸਿਵਲ ਹਸਪਤਾਲ ਪਹੁੰਚ ਗਏ, ਜਿਸ ਕਾਰਨ ਹਸਪਤਾਲ ਦੇ ਅਮਲੇ ਵਿੱਚ ਭੱਜ-ਦੌੜ ਮੱਚ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਪੁਲੀਸ ਫੋਰਸ ਲਈ ਡੋਪ ਟੈਸਟ ਦੀ ਮੰਗ ਕੀਤੀ ਸੀ, ਜਿਸ ਕਾਰਨ ਇਖ਼ਲਾਕੀ ਜ਼ਿੰਮੇਵਾਰੀ ਸਮਝਦਿਆਂ ਉਹ ਆਪਣਾ ਟੈਸਟ ਕਰਾਉਣ ਪੁੱਜੇ ਹਨ। ‘ਆਪ’ ਆਗੂ ਅਮਨ ਅਰੋੜਾ ਵੱਲੋਂ ਮੁੱਖ ਮੰਤਰੀ ਦੇ ਡੋਪ ਟੈਸਟ ਦੀ ਮੰਗ ਉੱਤੇ ਉਨ੍ਹਾਂ ਕਿਹਾ ਕਿ ਸ੍ਰੀ ਅਰੋੜਾ ਪਹਿਲਾਂ ਆਪਣੀ ਪਾਰਟੀ ਦੇ ਸੁਖਪਾਲ ਖਹਿਰਾ ਦਾ ਡੋਪ ਟੈਸਟ ਕਰਾਉਣ। ਅਕਾਲੀਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਕਾਰਨ ਡੋਪ ਟੈਸਟ ਕਰਾਉਣ ਨਹੀਂ ਆਉਂਦੇ, ਕਿਉਂਕਿ ਨਸ਼ਿਆਂ ਦੀ ਇਸ ਬਿਮਾਰੀ ਲਈ ਉਹ ਖੁਦ ਜ਼ਿੰਮੇਵਾਰ ਹਨ।
ਪਠਾਨਕੋਟ ਵਿਚ ਭੋਆ ਹਲਕੇ ਦੇ ਵਿਧਾਇਕ ਜੁਗਿੰਦਰ ਪਾਲ ਨੇ ਵੀ ਅਨੋਖੀ ਪਹਿਲ ਕਰਦਿਆਂ ਆਪਣਾ ਡੋਪ ਟੈਸਟ ਕਰਵਾ ਕੇ ਸਿਆਸੀ ਮਿਸਾਲ ਕਾਇਮ ਕੀਤੀ ਹੈ। ਵਿਧਾਇਕ ਨੇ ਇਥੇ ਸਿਵਲ ਹਸਪਤਾਲ ਵਿੱਚ ਆ ਕੇ ਡੋਪ ਟੈਸਟ ਕਰਵਾਇਆ ਅਤੇ ਹਸਪਤਾਲ ਪ੍ਰਬੰਧਨ ਐਸਐਮਓ ਡਾ. ਭੁਪਿੰਦਰ ਸਿੰਘ ਤੋਂ ਕਲੀਨ ਚਿੱਟ ਦਾ ਸਰਟੀਫਿਕੇਟ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਅਤੇ ਤਰੱਕੀ ਵਿੱਚ ਡੋਪ ਟੈਸਟ ਜ਼ਰੂਰੀ ਕਰਕੇ ਇਕ ਤਰ੍ਹਾਂ ਨਸ਼ਿਆਂ ਖ਼ਿਲਾਫ਼ ‘ਦੂਜੀ ਸਰਜੀਕਲ ਸਟਰਾਈਕ’ ਵਰਗਾ ਕੰਮ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿਹਾ ਫੈਸਲਾ ਕੇਂਦਰ ਸਰਕਾਰ ਨੂੰ ਵੀ ਲੈਣਾ ਚਾਹੀਂਦਾ ਹੈ।
ਉਨ੍ਹਾਂ ਕਿਹਾ ਕਿ ਉਂਜ ਸਿੰਥੈਟਿਕ ਨਸ਼ਿਆਂ ਖ਼ਾਸਕਰ ਚਿੱਟੇ ਦੇ ਗੜ੍ਹ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਅਧੀਨ ਆਉਂਦੇ ਪਿੰਡ ਭਦਰੋਆ ਅਤੇ ਛੰਨੀ ਬੇਲੀ ਹਨ ਤੇ ਇਸ ਮਾਮਲੇ ਵਿਚ ਦੋਵੇਂ ਸੂਬਿਆਂ ਨੂੰ ਸਾਂਝੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਅਸਲਾ ਲਾਈਸੈਂਸ ਦਿੰਦੇ ਸਮੇਂ ਉਸ ਦਾ ਵੀ ਡੋਪ ਟੈਸਟ ਕਰਨਾ ਚਾਹੀਦਾ ਹੈ। ਇਸ ਮੌਕੇ ਬੌਬੀ ਸੈਣੀ, ਗੋਲਡੀ ਸਰਨਾ, ਰਾਜ ਕੁਮਾਰ ਸਿਹੋੜਾ, ਜੁਗਰਾਜ ਸਿੰਘ, ਮਨੀਸ਼ ਖਜੂਰੀਆ ਆਦਿ ਵੀ ਹਾਜ਼ਰ ਸਨ।
ਡਾਕਟਰ ਦੀ ਪਰਚੀ ਤੋਂ ਬਿਨਾਂ ਸਰਿੰਜਾਂ ਵੇਚਣ ਉੱਤੇ ਪਾਬੰਦੀ : ਪੰਜਾਬ ਸਰਕਾਰ ਨੇ ਸੂਬੇ ਵਿਚ ਨਸ਼ਿਆਂ ਨਾਲ ਹੋ ਰਹੀਆਂ ਧੜਾਧੜ ਮੌਤਾਂ ਤੋਂ ਬਾਅਦ ਡਾਕਟਰ ਦੀ ਸਿਫਾਰਸ਼ ਤੋਂ ਬਿਨਾਂ ਸਰਿੰਜਾਂ ਵੇਚਣ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਪਿਛਲੇ ਦਿਨਾਂ ਵਿੱੱਚ ਪੰਜਾਬ ਵਿੱਚ 30 ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਆਪਣੀ ਜਾਨ ਤੋਂ ਹੱਥ ਧੋਅ ਬੈਠੇ ਹਨ ਤੇ ਪੰਜਾਬ ਸਰਕਾਰ ਨੇ ਨਸ਼ਾਖੋਰੀ ਰੋਕਣ ਲਈ ਅਤੇ ਤਸਕਰਾਂ ਵਿਰੁੱਧ ਸਖਤ ਕਾਰਵਾਈ ਆਰੰਭੀ ਹੋਈ ਹੈ।