ਨਿਊਜ਼ੀਲੈਂਡ : ਭਾਰਤੀ ਬਿਨੈਕਾਰਾਂ ਦੀਆਂ ਵੱਡੀ ਗਿਣਤੀ ਵੀਜ਼ਾ ਅਰਜ਼ੀਆਂ ਰੱਦ

ਨਿਊਜ਼ੀਲੈਂਡ : ਭਾਰਤੀ ਬਿਨੈਕਾਰਾਂ ਦੀਆਂ ਵੱਡੀ ਗਿਣਤੀ ਵੀਜ਼ਾ ਅਰਜ਼ੀਆਂ ਰੱਦ

ਆਕਲੈਂਡ/ਬਿਊਰੋ ਨਿਊਜ਼ :
ਨਿਊਜ਼ੀਲੈਂਡ  ਵਿੱਚ ਇਮੀਗ੍ਰੇਸ਼ਨ ਸਲਾਹਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਬਿਨੈਕਾਰਾਂ ਦੀਆਂ ਵੱਡੀ ਗਿਣਤੀ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਇਹ ਕਿਹਾ ਜਾਣਾ ਕਿ ਉਹ ਭਾਰਤੀਆਂ ਨੂੰ ਨਿਸ਼ਾਨੇ ‘ਤੇ ਨਹੀਂ ਰੱਖਦੀ, ਸਰਾਸਰ ਗਲਤ ਹੈ। ਅੰਕੜਿਆਂ ਅਨੁਸਾਰ ਮਾਲਕਾਂ ਦੀ ਮੱਦਦ ਨਾਲ ਮਿਲਣ ਵਾਲੇ  ਵਰਕ ਵੀਜ਼ਾ ਦੀ ਸ਼੍ਰੇਣੀ ਵਿੱਚ  ਰੱਦ ਕੀਤੀਆਂ ਅਰਜ਼ੀਆਂ ਵਿੱਚ 14 ਫੀਸਦੀ ਭਾਰਤੀ  ਮੂਲ ਦੇ ਬਿਨੈਕਾਰਾਂ ਦੀਆਂ  ਅਰਜ਼ੀਆਂ ਹਨ ਜਦਕਿ ਚੀਨੀ ਮੂਲ ਦੇ ਵਿਅਕਤੀਆਂ ਦੀਆਂ ਅਰਜ਼ੀਆਂ ਦੀ ਗਿਣਤੀ ਸਿਰਫ ਚਾਰ ਫ਼ੀਸਦੀ ਹੈ।
ਇੱਕ ਹੋਰ ਇਮੀਗ੍ਰੇਸ਼ਨ ਵਕੀਲ ਦਾ ਇਹ ਵੀ ਦਾਅਵਾ ਹੈ ਕਿ ਇਮੀਗ੍ਰੇਸ਼ਨ ਦੀ ਇਸ ਗਲਤ ਨੀਤੀ ਕਾਰਨ ਇਸ ਸ਼੍ਰੇਣੀ ਵਿੱਚ ਅਰਜ਼ੀਆਂ ਲਾਉਣ ਵਾਲੇ ਭਾਰਤੀਆਂ ਨੂੰ ਕਾਫੀ ਔਖ ਵਿੱਚੋਂ ਨਿਕਲਣਾ ਪੈ ਰਿਹਾ ਹੈ ਕਿਉਂਕਿ ਬਿਨਾਂ ਕਿਸੇ ਕਾਰਨ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਅਸੈਂਸ਼ੀਅਲ ਸਕਿੱਲਡ ਵਰਕ ਵੀਜ਼ਾ ਸ਼੍ਰੇਣੀ ਤਹਿਤ ਰੱਦ ਹੋਣ ਵਾਲੀਆਂ ਅਰਜ਼ੀਆਂ ਵਿੱਚ 19 ਫੀਸਦੀ ਭਾਰਤੀ ਉਮੀਦਵਾਰ ਸ਼ਾਮਲ ਸਨ। ਇਸ ਵਰਗ ਵਿਚ 2541 ਭਾਰਤੀ ਅਰਜ਼ੀਆਂ ਵਿੱਚੋਂ ਸਿਰਫ 922 ਅਰਜ਼ੀਆਂ ਪਾਸ ਕੀਤੀਆਂ ਗਈਆਂ ਸਨ। ਦੂਜੇ ਪਾਸੇ ਚੀਨੀ ਮੂਲ ਦੇ ਲੋਕਾਂ ਦੀਆਂ 1232 ਅਰਜ਼ੀਆਂ ਵਿੱਚੋਂ 828 ਨੂੰ ਪਾਸ ਕੀਤਾ ਗਿਆ ਸੀ ਅਤੇ ਤੀਸਰੇ ਨੰਬਰ ‘ਤੇ ਬ੍ਰਿਟਿਸ਼ ਮੂਲ ਦੇ 310 ਵਿੱਚੋਂ 239 ਲੋਕਾਂ ਦੀਆਂ ਅਰਜ਼ੀਆਂ ਪਾਸ ਕੀਤੀਆਂ ਗਈਆਂ ਸਨ।