ਵੋਟਾਂ ਆਈਆਂ ਨੇ ਵੋਟਾਂ!!

ਵੋਟਾਂ ਆਈਆਂ ਨੇ ਵੋਟਾਂ!!

ਕਮਲ ਦੁਸਾਂਝ

ਵੋਟਾਂ ਆਈਆਂ ਨੇ ਵੋਟਾਂ!!
ਅਤਰੋ- ਨੀਂ ਚਤਰੋ ਆਹ, ਅੱਜ ਕੈਂਪ ‘ਚ ਏਨੀ ਦਗੜ ਦਗੜ ਕਾਹਤੋਂ ਹੋਈ ਜਾਂਦੀ ਐ? ਕਿਤੇ ਅੱਤਵਾਦੀਆਂ ਨੇ ਏਥੇ ‘ਟੈਕ ਤਾਂ ਨੀਂ ਕਰਤਾ?
ਚਤਰੋ- ਲੈ, ਬਹਿ ਜਾ ਟਿਕ ਕੇ। ਇਥੇ ਅੱਤਵਾਦੀ ਕਿਵੇਂ ਆ ਜਾਣਗੇ। ਭਲਾ ਆਪਾਂ ਕਿਹੜਾ ਹੁਣ ਸਰਹੱਦ ਮੂਹਰੇ ਬੈਠੇ ਆਂ।
ਅਤਰੋ- ਨਾ ਫੇਰ ਆਹ ਸਿਪਾਹੀ ਧੂੜਾਂ ਜਿਹੀਆਂ ਕਿਉਂ ਪੁਟਦੇ ਫਿਰਦੇ ਆ?
ਚਤਰੋ- ਤੈਨੂੰ ਵੀ ਅਤਰੋ ਬੱਸ ਦੁਨੀਆਦਾਰੀ ਦਾ ਪਤਾ ਨਹੀਂ। ਇਹ ਤਾਂ ਆਪਣੇ ਮੁੱਖ ਮੰਤਰੀ ਪ੍ਰਕਾਸ਼ ਸੂੰਹ ਬਾਦਲ ਆਏ ਆ ਆਪਣਾ ਹਾਲ ਪੁਛਣ।
ਅਤਰੋ- ਲੈ, ਭਲਾ ਹੋ ਜੇ…ਫੇਰ ਆਪਾਂ ਵੀ ਚੱਲੀਏ…ਆਪਣੇ ਦੁਖੜੇ ਦੱਸ ਆਈਏ।
ਚਤਰੋ- ਨਾ ਤੈਨੂੰ ਕਾਹਦਾ ਦੁੱਖ, ਕੈਂਪ ‘ਚ ਬੈਠੀ ਐਂ…ਬੈਠੀ ਨੂੰ ਪੱਕੀ-ਪਕਾਈ ਰੋਟੀ ਮਿਲ ਰਹੀ ਐ!
ਅਤਰੋ- ਨਾ ਭਲਾ ਮੇਰੀ ਬੱਕਰੀ ਦਾ ਕੀ ਬਣੂ? ਉਹ ਵਿਚਾਰੀ ਲਈ ਕਿਹੜਾ ਕੈਂਪ ਆ। ਮੇਰਾ ਤਾਂ ਉਹੀ ਸਹਾਰਾ…ਜੇ ਉਹ ਨਾ ਬਚੀ ਮੈਂ ਕਿਥੋਂ ਖਾਉਂ।
ਚਤਰੋ- ਨੀਂ ਆਹੋ, ਗੱਲ ਤਾਂ ਤੇਰੀ ਠੀਕ ਆ। ਚੱਲ, ਫੇਰ ਆਪਾਂ ਵੀ ਫਰਿਆਦ ਲੈ ਚਲਦੇ ਆਂ।
ਸਿਪਾਹੀ- ਨੀਂ ਬੁੜ੍ਹੀਓ! ਕਿਧਰ ਨੂੰ ਮੂੰਹ ਚੁੱਕਿਐ? ਪਤਾ ਨਹੀਂ ਮੁੱਖ ਮੰਤਰੀ ਸਾਹਿਬ ਅੰਦਰ ਲੋਕਾਂ ਦੇ ਦੁੱਖ ਸੁਣ ਰਹੇ ਨੇ?
ਅਤਰੋ- ਨਾ, ਅਸੀਂ ਵੀ ਤਾਂ ਆਪਣੇ ਦੁੱਖ ਦੱਸਣ ਆਈਆਂ। ਅਸੀਂ ਵੀ ਤਾਂ ਉਜੜ ਕੇ ਕੈਂਪ ‘ਚ ਆਈਆਂ…ਫੇਰ ਆ ਮੁੱਖ ਮੰਤਰੀ ਸਾਹਿਬ ਸਾਨੂੰ ਕਾਹਤੋਂ ਨੀਂ ਮਿਲਦੇ…। ਕੀ ਇਹ ਖ਼ਾਸ ਖ਼ਾਸ ਲੋਕਾਂ ਨੂੰ ਮਿਲਦੇ ਆ?
ਸਿਪਾਹੀ- ਬੀਬੀ ਮੁੱਖ ਮੰਤਰੀ ਸਾਹਿਬ ਚਿਹਰਾ ਪੜ੍ਹ ਲੈਂਦੇ ਆ ਬਈ ਕਿਹਨੂੰ ਦੁੱਖ ਐ ਤੇ ਕਿਹਨੂੰ ਨਹੀਂ…ਤੁਸੀਂ ਜਾ ਕੇ ਪਾਠ-ਪੂਜਾ ਕਰੋ।
ਚਤਰੋ- ਨੀਂ ਰਹਿਣਦੇ, ਆ ਜਾ ਉਰੇ ਨੂੰ। ਐਵੇਂ ਨਾ ਹੱਡੀਆਂ ਤੁੜਾ ਬੈਠੀ ਸਰਕਾਰ ਦੇ ਦਰਬਾਰੀਆਂ ਕੋਲੋਂ। ਮਖਾਂ, ਆਹ ਮਾੜਾ ਜਾ ਟੈਂਟ ਤਾਂ ਚੁੱਕ ਕੇ ਦੇਖ, ਖੌਰੇ ਮੁੱਖ ਮੰਤਰੀ ਕੁਝ ਦੇ ਕੇ ਜਾਣ ਤੇ ਆਪਾਂ ਨੂੰ ਵੀ ਭੌਰੇ ਛਿਲੜ ਮਿਲ ਜਾਣ।
ਅਤਰੋ- ਲੈ…ਅੰਦਰ ਤਾਂ ਮੁੱਖ ਮੰਤਰੀ ਸਾਹਿਬ ਕੁਰਸੀ ‘ਤੇ ਬੈਠੇ ਨੇ। ਆਲੇ-ਦੁਆਲੇ ਪੁਲੀਸ ਈ ਪੁਲੀਸ ਐ…ਆਹ ਹੇਠ ਦੋ-ਚਾਰ ਬੁੜ੍ਹੇ-ਬੁੜ੍ਹੀਆਂ ਬੈਠੇ ਆ।
ਚਤਰੋ- ਕੀ ਕਹਿ ਰਹੇ ਨੇ…ਕੁਸ਼ ਦੇ ਰਹੇ ਨੇ?
ਅਤਰੋ- ਆਹੋ, ਬੜੇਵੇਂ ਦੇ ਰਹੇ ਨੇ।
ਚਤਰੋ- ਨਾ ਕੀ ਮਤਬਲ?
ਅਤਰੋ- ਆ ਭਲੇ ਲੋਕ ਤਾਂ ਕੁਝ ਬੋਲੇ ਨੀਂ…ਮੁੱਖ ਮੰਤਰੀ ਸਾਹਿਬ ਕਹਿੰਦੇ, ‘ਓ ਭਾਈ ਮੈਨੂੰ ਪਤੈ, ਤੁਸੀਂ ਬਹੁਤ ਔਖੇ ਓ… ਸਾਡੇ ਕੋਲੋਂ ਜੋ ਹੋਇਆ ਕਰਾਂਗੇ…ਪਰ ਤੁਸੀਂ ਹੌਸਲਾ ਰੱਖੋ…ਰੱਬ ਆਪੇ ਭਲੀ ਕਰੂ। ਚੰਗਾ ਹੁਣ ਮੇਰੀ ਸਿਹਤ ਠੀਕ ਨਹੀਂ…ਅਸੀਂ ਚਲਦੇ ਆਂ।
ਚਤਰੋ- ਨਾ ਭਲਾ ਆਹ ਕੀ ਹੋਇਆ? ਐਨੀ ਗੱਲ ਤਾਂ ਉਨ੍ਹਾਂ ਦਾ ਕੋਈ ਛੋਟਾ-ਮੋਟਾ ਅਫ਼ਸਰ ਕਹਿ ਦਿੰਦਾ, ਉਨ੍ਹਾਂ ਨੂੰ ਏਥੇ ਆਉਣ ਦੀ ਕੀ ਲੋੜ ਪਈ?
ਅਤਰੋ- ਲੈ ਦੱਸ, ਠੁੱਠਾ ਤਾਂ ਫੜਾ ਤਾ ਥੋਡੇ ਹੱਥਾਂ ‘ਚ, ਹੁਣ ਹੋਰ ਕੀ ਕਰਨ? ਨਾਲੇ ਜੇ ਉਹ ਨਾ ਆਉਂਦੇ ਤਾਂ ਕਹਿਣਾ ਸੀ, ਅਖੇ ਮੁੱਖ ਮੰਤਰੀ ਨੇ ਆਪ ਆ ਕੇ ਹਾਲ ਨੀਂ ਪੁਛਿਆ। ਆਹ ਪਿਛੇ ਜਿਹੇ ਬੁੜ੍ਹੀਆਂ ਨੇ ਘੱਟ ਕੀਤੀ ਸੀ ਉਨ੍ਹਾਂ ਨਾਲ…ਕਹਿੰਦੀਆਂ ਸਾਨੂੰ ਮਿਲੇ ਨਹੀਂ…ਅਸੀਂ ਨੀਂ ਵੋਟਾਂ ਪਾਉਂਦੀਆਂ। ਤਾਂਹੀਓਂ ਤਾਂ ਉਹ ਮਿਲਣ ਆਏ ਆ। ਚਾਰ ਵੋਟਾਂ ਤਾਂ ਪੈਣਗੀਆਂ ਈ। ਦੇਖ ਨਾਲੇ ਬਿਮਾਰ ਸੀ ਤਾਂ ਵੀ ਆ ਗਏ ਉਠ ਕੇ, ਤੂੰ ਤਾਂ ਐਵੇਂ ਘੁਣਤਰਾਂ ਕੱਢਦੀ ਰਹਿੰਣੀ ਐ…!!!
ਚਤਰੋ- ਅੱਛਾ…ਅੱਛਾ ਮੁੱਖ ਮੰਤਰੀ ਨਹੀਂ…ਵੋਟਾਂ ਆਈਆਂ ਨੇ ਵੋਟਾਂ!!

ਡਰਾਮੇਬਾਜ਼ਾਂ ਦੀ ਪਾਰਟੀ!!
ਡਰਾਮੇਬਾਜ਼ਾਂ ਦੀ ਪਾਰਟੀ!!! ਭਲਾ ਇਹ ਕਿਹੜੀ ਪਾਰਟੀ ਆ ਗਈ ਹੁਣ? ਮੇਰੇ ਵਾਂਗ ਤੁਸੀਂ ਵੀ ਹੈਰਾਨ ਹੋ ਰਹੇ ਹੋਵੋਗੇ। ਹੋਰ ਕੋਈ ਨਹੀਂ, ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਰਹੇ ਹਾਂ। ਕਿਵੇਂ?? ਉਹ ਇਸ ਤਰ੍ਹਾਂ ਕਿ ਜੇ ਤੁਸੀਂ ਪਾਰਟੀ ‘ਚ ਕੋਈ ਖ਼ਾਸ ਅਹੁਦਾ ਲੈਣੈ ਤਾਂ ਕਿਸੇ ਧਾਰਮਿਕ ਡਰਾਮੇ ਵਿਚ ‘ਦੇਵੀ-ਦੇਵਤੇ’ ਵਰਗਾ ਰੋਲ ਕਰ ਲਓ…ਤੁਹਾਡੀ ਸੀਟ ਪੱਕੀ। ਹਾਲੇ ਵੀ ਨਹੀਂ ਸਮਝੇ। ਮੁਕੇਸ਼ ਖੰਨਾ ਭੀਸ਼ਮ ਪਿਤਾਮਾ ਬਣਿਆ ਤਾਂ ਉਸ ਨੂੰ ਚੇਅਰਮੈਨੀ ਮਿਲੀ…ਮਹਾਂਭਾਰਤ ਵਿਚ ਯੁਧਿਸ਼ਟਰ, ਕ੍ਰਿਸ਼ਨ ਬਣਨ ਵਾਲੇ ਕਲਾਕਾਰਾਂ ਦੀ ਵੀ ਚਾਂਦੀ ਬਣ ਗਈ…ਸਭ ਤੋਂ ਜ਼ਿਆਦਾ ਖੱਟੀ ਸਮ੍ਰਿਤੀ ਇਰਾਨੀ ਨੇ ਜਿਹਨੇ ‘ਕਭੀ ਸਾਸ ਭੀ ਬਹੂ ਥੀ’ ਵਿਚ ਵੱਡੀ ਸਾਰੀ ਬਿੰਦੀ ਲਾ ਕੇ ਭਾਰਤੀ ਆਦਰਸ਼ਵਾਦੀ ਔਰਤ ਦਾ ਕਿਰਦਾਰ ਕੀਤਾ ਸੀ…ਕ੍ਰਿਕਟਰ ਤੋਂ ਕਾਮੇਡੀ ਸ਼ੋਅ ਵਿਚ ਆਏ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਲਈ ਚੰਗੀਆਂ ਵੋਟਾਂ ਬਟੋਰੀਆਂ ਤੇ ਉਹਦੇ ਜਾਣ ਮਗਰੋਂ ਹੁਣ ਰਾਜ ਸਭਾ ਦੀ ਮੈਂਬਰੀ ਰੂਪਾ ਗਾਂਗੂਲੀ ਨੂੰ ਦੇ ਦਿੱਤੀ। ਰੂਪਾ ਗਾਂਗੂਲੀ!! ਪਤਾ ਨਹੀਂ। ਇੰਜ ਨਹੀਂ ਯਾਦ ਆਉਣਾ…ਮਹਾਂਭਾਰਤ ਯਾਦ ਕਰੋ। ਹਾਂ ਜੀ, ਇਹ ਉਹੀ ਰੂਪਾ ਗਾਂਗੂਲੀ ਹੈ ਜਿਸ ਨੇ ਦਰਪੋਦੀ ਦਾ ਕਿਰਦਾਰ ਨਿਭਾਇਆ। ਤੁਸੀਂ ਕੀ ਸੋਚਦੇ ਹੋ!!! ਭਾਜਪਾ ‘ਚ ਕੋਈ ਅਹੁਦਾ ਲੈਣੈ…ਚਿੰਤਾ ਨਾ ਕਰੋ…ਇਕ-ਅੱਧ ਧਾਰਮਿਕ ਲੜੀਵਾਰ ਕਰ ਲਓ…। ਸੀਟ ਨਾ ਮਿਲੀ, ਲੋਕ ਮੱਥਾ ਤਾਂ ਟੇਕ ਹੀ ਦੇਣਗੇ।

ਮੈਂ ਘੁੱਗੀ ਨਈਂ ਆ…!!
ਉਂ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਪਿਛੇ ਨਹੀਂ…। ਲੋਕਾਂ ਨੂੰ ਆਕਰਸ਼ਤ ਕਰਨ ਲਈ ਚਰਚਿਤ ਚਿਹਰੇ, ਖ਼ਾਸ ਕਰ ਕਲਾਕਾਰਾਂ ਨੂੰ ਪਾਰਟੀਆਂ ਸ਼ਾਮਲ ਕਰਦੀਆਂ ਹੀ ਹਨ। ਭਗਵੰਤ ਮਾਨ ਨੂੰ ਹੀ ਦੇਖ ਲਓ…ਜਿੰਨਾ ਭੀੜ ਉਹ ‘ਕੱਠੀ ਕਰ ਲੈਂਦਾ ਹੈ, ਕਿਸੇ ਆਗੂ ਦੀ ਓਨੀ ਜੁਰੱਅਤ ਨਹੀਂ ਪੈਂਦੀ। ਲੀਡਰੀ-ਲੁਡਰੀ ਤਾਂ ਪਤਾ ਨਹੀਂ ਪਰ ਉਹਦੇ ਟੋਟਕੇ ਜ਼ਰੂਰ ਅਸਰ ਕਰ ਜਾਂਦੇ ਆ। ਪਿਛੇ ਜਹੇ ਜਦੋਂ ‘ਆਪ’ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਦਾ ਰਾਹ ਦਿਖਾਇਆ ਤਾਂ ਉਨ੍ਹਾਂ ਦੀ ਥਾਂ ਹੋਰ ਨੂੰ ਅਹੁਦਾ ਸੌਂਪਣ ਵਾਲਿਆਂ ਦੀ ਕਤਾਰ ਤਾਂ ਲੰਬੀ ਸੀ ਪਰ ਪਾਰਟੀ ਨੇ ਨਵੇਂ ਨਵੇਂ ਭਰਤੀ ਹੋਏ ਗੁਰਪ੍ਰੀਤ ਸਿੰਘ ਘੁੱਗੀ ਨੂੰ ਕਨਵੀਨਰ ਥਾਪ ਦਿੱਤਾ। ਉਹ ਨਹੀਂ ਨਹੀਂ…ਗੁਰਪ੍ਰੀਤ ਸਿੰਘ ਵੜੈਚ। ਕੌਣ ਵੜੈਚ?? ਉਹੀ ਆਪਣਾ ਘੁੱਗੀ।
ਇਹ ਵੜੈਚ ਕਦੋਂ ਤੋਂ ਹੋ ਗਿਆ…ਅੱਗੇ ਤਾਂ ਕਦੇ ਇਹ ਨਾ ਸੁਣਿਆ ਨਹੀਂ ਸੀ…। ਉਹ ਤਾਂ ਆਪ ਸਟੇਜਾਂ ਤੋਂ ਬੜੇ ਮਾਣ ਨਾਲ ਕਹਿੰਦਾ ਸੀ-ਮੈਂ ਘੁੱਗੀ ਆਂ, ਉਡ ਕੇ ਵਿਖਾਵਾਂ। ਹੁਣ ਜਦੋਂ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ-ਘੁੱਗੀ ਉਡ, ਉਡ ਘੁੱਗੀ ਉਡ…ਤੂੰ ਉਡਦੀ ਕਿਉਂ ਨਹੀਂ…। ਹੁਣ ਨੀਂ ਘੁੱਗੀ ਉੜਦੀ। ਵੜੈਚ ਸਾਹਿਬ ਨੇ ਵਿਚਾਰੀ ਆਪਣੀ ਘੁੱਗੀ ਨੂੰ ਫੈਵੀਕੌਲ ਦਾ ਪੱਕਾ ਜੋੜ ਲਾ ਕੇ ਕੁਰਸੀ ‘ਤੇ ਬਹਾਲ ‘ਤਾ। ਇਹ ਤਾਂ ਹੁਣ ਉਦੋਂ ਹੀ ਉਡੂ ਜਦੋਂ ਪਾਰਟੀ ਉਡੀ ਜਾਂ ਪਾਰਟੀ ਨੇ ਛੋਟੇਪੁਰ ਵਾਂਗ ਵੜੈਚ ਸਾਹਿਬ ਨੂੰ ਵੀ ਅੱਖਾਂ ਦਿਖਾਈਆਂ।
ਐਵੇਂ ਕਿਵੇਂ??? ਕਿਉਂ ਨਹੀਂ…ਇਹ ਸਿਆਸਤ ਐ ਬਈ…ਇਥੇ ਕਦੋਂ ਕੌਣ ਉਡ ਜਾਵੇ, ਕੁਝ ਪਤਾ ਨਹੀਂ ਚਲਦਾ। ਵੜੈਚ ਸਾਹਿਬ ਤਾਂ ਹੈ ਈ ਘੁੱਗੀ। ਉਂਜ ਗੁਰਪ੍ਰੀਤ ਸਿੰਘ ਜੀ ਘੁੱਗੀ ਨੇ ਹਮੇਸ਼ਾ ਤੁਹਾਡੇ ਨਾਲ ਰਹਿਣੈ…ਜੇ ਘੁੱਗੀ ਉਡ ਗਈ ਤਾਂ ਵੜੈਚ ਕਿਸੇ ਕੰਮ ਨੀਂ ਆਉਣਾ। ਘੁੱਗੀ ਨੇ ਹੀ ਦਾਣੇ ਚੁੱਗ ਕੇ ਲਿਆਉਣੇ ਆ। ਚੱਲੋ ਛੱਡੋ! ਇਕ ਵਾਰ ਉਡ ਕੇ ਤਾਂ ਦਿਖਾਓ…।

ਫੇਰ ਥੋਡਾ ਕੀ ਬਣੂ?!!
ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਦੇ ਨੌਜਵਾਨਾਂ ਦਾ ਬਾਹਲਾ ਈ ਹੇਜ ਆ ਰਿਹੈ। ਅਖੇ-ਨੌਜਵਾਨਾਂ ਦੀਆਂ ਜੇਬਾਂ ਖਾਲੀ ਹਨ ਤੇ ਉਹ ਅਪਰਾਧੀ ਬਣਦੇ ਜਾ ਰਹੇ ਹਨ।
ਬਾਈ ਜੀ! ਜੇਬਾਂ ਤਾਂ ਖਾਲੀ ਹੋਣੀਆਂ ਹੀ ਹੋਈਆਂ…ਨਾ ਤਾਂ ਉਹ ਕਿਸੇ ਸਿਆਸੀ ਲੀਡਰ ਦੇ ਧੀ-ਪੁੱਤ ਨੇ…ਨਾ ਕੋਈ ਸਿਆਸੀ ਚਾਚਾ-ਤਾਇਆ ਬੇਲੀ…ਨਾ ਕਿਸੇ ਕਾਰੋਬਾਰੀ ਦੇ ਪੁੱਤ। ਮਾਤੜ੍ਹ ਵਿਚਾਰੇ ਕਿੱਧਰ ਜਾਣ। ਆਹ ਸਾਰੇ ਨੌਜਵਾਨ ਥੋਡੇ ਵਰਗੀ ਕਿਸਮਤ ਲੈ ਕੇ ਥੋੜ੍ਹਾ ਜੰਮਦੇ ਆ, ਜਿਨ੍ਹਾਂ ਨੂੰ ਪੜ੍ਹਾਈ ਪੂਰੀ ਕਰਦਿਆਂ ਥਾਲੀ ‘ਚ ਪਰੋਸ ਕੇ ਲੀਡਰੀ ਮਿਲ ਜਾਵੇ…ਜਾਂ ਕੋਈ ਅਫ਼ਸਰੀ ਮਿਲ ਜਾਵੇ…। ਪੈਸੇ ਨੂੰ ਪੈਸਾ ਖਿੱਚਦੈ…ਲੀਡਰਾਂ ਨੂੰ ਲੀਡਰ ਤੇ ਗ਼ਰੀਬਾਂ ਨੂੰ ਗ਼ਰੀਬ ਖਿੱਚਦੀ ਨਹੀਂ…ਸਿੱਧੀ ਜੱਫ਼ਾ ਮਾਰ ਲੈਂਦੀ ਐ-ਬਈ ਹੁਣ ਤੂੰ ਉਠ ਕੇ ਤਾਂ ਦਿਖਾ…। ਬਿੱਟੂ ਜੀ ਜੇ ਇਨ੍ਹਾਂ ਨੌਜਵਾਨਾਂ ਦੀਆਂ ਜੇਬਾਂ ਭਰ ਜਾਣ ਤਾਂ ਤੁਸੀਂ ਕਿੱਥੇ ਜਾਓਗੇ…। ਦਿਹਾੜੀ ‘ਤੇ ਵੀ ਕਿਸੇ ਨੇ ਨਹੀਂ ਰੱਖਣਾ…। ਗੁੱਸਾ ਨਾ ਕਰੋ…ਤੁਸੀਂ ‘ਕੱਲੇ ਨੀਂ…ਸਿਆਸੀ ਆਗੂ ਸਭ ਭਾਈ ਭਾਈ…!!!