ਪੰਜਾਬ ‘ਚ ਨਸ਼ੇੜੀ ਔਰਤਾਂ ਦੀ ਵੀ ਵੱਡੀ ਗਿਣਤੀ

ਪੰਜਾਬ ‘ਚ ਨਸ਼ੇੜੀ ਔਰਤਾਂ ਦੀ ਵੀ ਵੱਡੀ ਗਿਣਤੀ

ਬਠਿੰਡਾ/ਬਿਊਰੋ ਨਿਊਜ਼ :

ਪੰਜਾਬ ਵਿਚ ਜਿੱਥੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਹਨ, ਉਥੇ ਔਰਤਾਂ ਵੀ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਨਸ਼ਾ ਛੁਡਾਊ ਕੇਂਦਰਾਂ ਵਿਚ ਹੁਣ ਔਰਤਾਂ ਦੀ ਗਿਣਤੀ ਵਧ ਰਹੀ ਹੈ। ਤਖ਼ਤ ਦਮਦਮਾ ਸਾਹਿਬ ਵਿਖੇ ਚਲਦੇ ਨਸ਼ਾ ਛੁਡਾਊ ਕੇਂਦਰ ਵਿਚ ਬਾਕੀ ਕੇਂਦਰਾਂ ਦੇ ਮੁਕਾਬਲੇ ਜ਼ਿਆਦਾ ਔਰਤਾਂ ਜਾਂ ਲੜਕੀਆਂ ਹੁਣ ਤਕ ਨਸ਼ਾ ਛੱਡਣ ਲਈ ਆਈਆਂ ਹਨ।
ਆਰਟੀਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਸੰਨ 2012-13 ਤੋਂ ਸੰਨ 2017-18 ਤੱਕ ਨਸ਼ਾ ਛੁਡਾਊ ਕੇਂਦਰ ਦੀ ਓਪੀਡੀ ਵਿਚ 6674 ਔਰਤਾਂ ਆਈਆਂ। ਇਨ੍ਹਾਂ ਛੇ ਵਰ੍ਹਿਆਂ ਵਿਚ ਨਸ਼ਾ ਛੱਡਣ ਲਈ 198 ਔਰਤਾਂ ਦਾਖ਼ਲ ਹੋਈਆਂ। ਤਲਵੰਡੀ ਸਾਬੋ ਦੇ ਇਸ ਕੇਂਦਰ ਵਿਚ ਸੰਨ 2012-13 ਵਿਚ 2761 ਅਤੇ ਸੰਨ 2014-15 ਵਿੱਚ 2274 ਔਰਤਾਂ ਓਪੀਡੀ ਵਿਚ ਆਈਆਂ, ਜਦੋਂਕਿ ਇਨ੍ਹਾਂ ਦੋਵਾਂ ਵਰ੍ਹਿਆਂ ਵਿਚ 67 ਔਰਤਾਂ ਨਸ਼ਾ ਛੱਡਣ ਲਈ ਦਾਖ਼ਲ ਹੋਈਆਂ। ਸਰਕਾਰੀ ਤੱਥ ਹਨ ਕਿ ਬਠਿੰਡਾ ਦੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਲੰਘੇ ਢਾਈ ਵਰ੍ਹਿਆਂ ਵਿਚ 190 ਔਰਤਾਂ ਨਸ਼ਾ ਛੱਡਣ ਵਾਸਤੇ ਓਪੀਡੀ ਵਿਚ ਪੁੱਜੀਆਂ, ਜਦੋਂਕਿ 37 ਔਰਤਾਂ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਹੋਈਆਂ। ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਪ੍ਰਤੀ ਮਹੀਨਾ ਅੱਠ ਕੁ ਔਰਤਾਂ ਨਸ਼ਾ ਛੱਡਣ ਵਾਸਤੇ ਪੁੱਜ ਰਹੀਆਂ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਇਕ ਪਿੰਡ ਦੀ 20 ਵਰ੍ਹਿਆਂ ਦੀ ਲੜਕੀ ਆਪਣੇ ਦੋਸਤ ਲੜਕੇ ਦੀ ਸੰਗਤ ਵਿਚ ਚਿੱਟਾ ਲੈਣ ਲੱਗ ਪਈ ਸੀ।   ਮਾਪਿਆਂ ਨੇ ਲੜਕੀ ਨੂੰ ਬੇਦਖ਼ਲ ਕਰ ਦਿੱਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਲੜਕਾ ਫ਼ਰਾਰ ਹੋ ਗਿਆ ਤੇ ਪੁਲੀਸ ਨੇ ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ।
ਇੱਕ ਪਤੀ-ਪਤਨੀ ਵੀ ‘ਚਿੱਟਾ’ ਛੱਡਣ ਲਈ ਹਸਪਤਾਲ ਆਏ ਹਨ। ਦੋ ਦਿਨ ਪਹਿਲਾਂ ਬਠਿੰਡਾ ਸ਼ਹਿਰ ਦੀਆਂ ਤਿੰਨ ਕੁੜੀਆਂ ਨੇ ‘ਚਿੱਟਾ’ ਛੱਡਣ ਲਈ ਹਸਪਤਾਲ ਤੱਕ ਪਹੁੰਚ ਕੀਤੀ ਹੈ। ਬਠਿੰਡਾ ਦੇ ਮੁਲਤਾਨੀਆ ਰੋਡ ਦੀ ਇੱਕ ਚੰਗੇ ਘਰ ਦੀ ਲੜਕੀ ਨੂੰ ਉਸ ਦੇ ਦੋਸਤ ਨੇ ‘ਚਿੱਟੇ’ ਦੀ ਲਤ ਲਾ ਦਿੱਤੀ। ਜਲੰਧਰ ਪੜ੍ਹ ਕੇ ਆਈ ਬਠਿੰਡਾ ਦੀ ਇੱਕ ਲੜਕੀ ਵੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਾ ਰਹੀ ਹੈ। ਫ਼ਾਜ਼ਿਲਕਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਸਾਲ 2017 ਵਿਚ ਤਿੰਨ ਔਰਤਾਂ ਨੇ ਭਰਤੀ ਹੋ ਕੇ ਅਤੇ ਤਿੰਨ ਔਰਤਾਂ ਨੇ ਰੈਗੂਲਰ ਦਵਾਈ ਲੈ ਕੇ ਨਸ਼ਾ ਛੱਡਿਆ।
ਫ਼ਾਜ਼ਿਲਕਾ ਦੇ ਨਵੇਂ ਸਰਕਾਰੀ ਕਲੀਨਿਕ ‘ਤੇ ਦੋ ਔਰਤਾਂ ਨਸ਼ਾ ਛੱਡਣ ਦੀ ਦਵਾਈ ਲੈ ਰਹੀਆਂ ਹਨ। ਬਰਨਾਲਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਲੰਘੇ ਚਾਰ ਵਰ੍ਹਿਆਂ ਵਿੱਚ 61246 ਮਰੀਜ਼ ਨਸ਼ਾ ਛੱਡਣ ਲਈ ਪੁੱਜੇ ਹਨ। ਲੰਘੇ ਇਕ ਵਰ੍ਹੇ ਦੌਰਾਨ ਦੋ ਔਰਤਾਂ ਵੀ ਪੁੱਜੀਆਂ ਹਨ। ਡਾ. ਪ੍ਰਵੇਸ਼ ਨੇ ਦੱਸਿਆ ਕਿ ਸੌ ਮਰੀਜ਼ਾਂ ਪਿੱਛੇ ਇੱਕ ਔਰਤ ਨਸ਼ਾ ਛੱਡਣ ਵਾਸਤੇ ਆ ਰਹੀ ਹੈ। ਫ਼ਤਿਹਗੜ੍ਹ ਸਾਹਿਬ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਚਾਰ ਵਰ੍ਹਿਆਂ ਵਿੱਚ ਇਲਾਜ ਲਈ ਚਾਰ ਔਰਤਾਂ ਭਰਤੀ ਹੋਈਆਂ, ਜਦੋਂਕਿ ਚਾਰ ਨੇ ਓਪੀਡੀ ਵਿੱਚ ਦਵਾਈ ਲਈ। ਡਾਕਟਰ ਦੱਸਦੇ ਹਨ ਕਿ ਆਰਕੈਸਟਰਾ ਵਾਲੀਆਂ ਲੜਕੀਆਂ ਸਭ ਤੋਂ ਵੱਧ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਡਾ. ਨਿਧੀ ਗੁਪਤਾ ਬਠਿੰਡਾ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਵਿਚ ਔਰਤਾਂ ਪਛਾਣ ਜਨਤਕ ਹੋਣ ਡਰੋਂ ਹਸਪਤਾਲਾਂ ਵਿਚ ਪੁੱਜਦੀਆਂ ਹੀ ਨਹੀਂ ਹਨ। ਹੁਸ਼ਿਆਰਪੁਰ ਦੇ ਕੇਂਦਰ ਵਿਚ ਇਸ ਵੇਲੇ ਪੰਜ ਲੜਕੀਆਂ ਨਸ਼ਾ ਛੱਡਣ ਲਈ ਜੂਝ ਰਹੀਆਂ ਹਨ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਇਕ ਗਰਭਵਤੀ ਮਹਿਲਾ ਦਾ ਵੀ ਇਲਾਜ ਚੱਲ ਰਿਹਾ ਸੀ। ਗੁਰਦਾਸਪੁਰ ਦੇ ਕੇਂਦਰ ਵਿੱਚ ਚਾਰ ਔਰਤਾਂ ਨਸ਼ਾ ਛੱਡਣ ਵਾਸਤੇ ਆਈਆਂ ਸਨ।    ਡਾ. ਵਰਿੰਦਰ ਮੋਹਨ ਨੇ ਦੱਸਿਆ ਕਿ ਨਵੇਂ ਓ.ਓ.ਏ.ਟੀ ਸੈਂਟਰ ਵਿਚ ਰੋਜ਼ਾਨਾ 200 ਮਰੀਜ਼ ਆ ਰਹੇ ਹਨ। ਇੱਥੇ ਦੋ ਔਰਤਾਂ ਸ਼ਰਾਬ ਛੱਡਣ ਵਾਸਤੇ ਪੁੱਜੀਆਂ ਸਨ।
ਇਸ ਦੌਰਾਨ ਸਿਟੀਜ਼ਨ ਫਾਰ ਪੀਸ ਐਂਡ ਜਸਟਿਸ ਦੀ ਆਗੂ ਡਾ. ਨੀਤੂ ਅਰੋੜਾ ਦਾ ਪ੍ਰਤੀਕਰਮ ਸੀ ਕਿ ਪੂੰਜੀਵਾਦ ਹੀ ਇਹ ਰੰਗ ਦਿਖਾ ਰਿਹਾ ਹੈ, ਜੋ ਮਹਿਲਾ ਨੂੰ ਆਜ਼ਾਦੀ ਤਾਂ ਦਿੰਦਾ ਹੈ, ਪਰ ਚੇਤੰਨ ਪੱਧਰ ‘ਤੇ ਵਿਕਾਸ ਤੋਂ ਊਣਾ ਰੱਖਦਾ ਹੈ। ਸਮਾਜ ਵਿਚ ਵਧ ਰਿਹਾ ਤਣਾਅ ਅਤੇ ਨਸ਼ਿਆਂ ਦਾ ਪਸਾਰਾ ਵੀ ਔਰਤਾਂ ਨੂੰ ਬਰਾਬਰ ਸੱਟ ਮਾਰ ਰਿਹਾ ਹੈ।
ਡੀਐਸਪੀ ਤੋਂ ਬਾਅਦ ਥਾਣੇਦਾਰ ਤੇ ਰੀਡਰ ਵੀ ਨਸ਼ੇ ਲਗਵਾਉਣ ਦੇ ਦੋਸ਼ਾਂ ‘ਚ ਘਿਰੇ : ਜਲੰਧਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਕ ਹੋਰ ਲੜਕੀ ਨੇ ਪੰਜਾਬ ਪੁਲੀਸ ਦੇ ਥਾਣੇਦਾਰ ਬਲਵੀਰ ਸਿੰਘ ਅਤੇ ਰੀਡਰ ਇੰਦਰਜੀਤ ਸਿੰਘ ਉੱਤੇ ਉਸ ਨੂੰ ਨਸ਼ਿਆਂ ਵਿਚ ਗ਼ਲਤਾਨ ਕਰਨ ਦਾ ਦੋਸ਼ ਲਾਇਆ ਹੈ।
ਪੀੜਤਾ ਨੇ ਇਸ ਬਾਰੇ ਇਕ ਵੀਡੀਓ ਵੀ ਵਾਇਰਲ ਕੀਤੀ ਹੈ, ਜਿਹੜੀ ਵੱਖ-ਵੱਖ ਟੀਵੀ ਚੈਨਲਾਂ ‘ਤੇ ਵੀ ਚੱਲ ਰਹੀ ਹੈ। ਇਸ ਵੀਡੀਓ ਵਿਚ ਇੰਦਰਜੀਤ ਨੂੰ ਲੜਕੀ ਦੇ ਨਾਲ ਨਸ਼ਾ ਕਰਦਾ ਦਿਖਾਇਆ ਗਿਆ ਹੈ। ਇਹ ਵੀਡੀਓ ਐਨੀ ਤੇਜ਼ੀ ਨਾਲ ਵਾਇਰਲ ਹੋਈ ਕਿ ਕਮਿਸ਼ਨਰੇਟ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਮਗਰੋਂ ਪੁਲੀਸ ਨੂੰ ਆਪਣਾ ਪੱਖ ਰੱਖਣਾ ਪਿਆ। ਪੁਲੀਸ ਕਮਿਸ਼ਨਰ ਪੀਕੇ ਸਿਨਹਾ ਦਾ ਕਹਿਣਾ ਹੈ ਕਿ ਇਸ ਲੜਕੀ ਦੇ ਰੀਡਰ ਇੰਦਰਜੀਤ ਨਾਲ ਪੁਰਾਣੇ ਸਬੰਧ ਸਨ। ਹਾਲਾਂਕਿ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਿਹੜੀ ਵੀਡੀਓ ਉਨ੍ਹਾਂ ਨੇ ਦੇਖੀ ਹੈ ਉਸ ਵਿੱਚ ਇੰਦਰਜੀਤ ਹੀ ਨਸ਼ਾ ਲੈ ਰਿਹਾ ਹੈ।  ਸ੍ਰੀ ਸਿਨਹਾ ਨੇ ਦੱਸਿਆ ਕਿ ਇੰਦਰਜੀਤ ਪਹਿਲਾਂ ਹੀ ਇਸ ਸਬੰਧੀ ਇਕ ਮਾਮਲੇ ਵਿਚ ਮੁਅੱਤਲ ਹੈ ਤੇ ਹੁਣ ਜਿਹੜਾ ਮਾਮਲਾ ਨਸ਼ੇ ਲੈਣ ਬਾਰੇ ਸਾਹਮਣੇ ਆਇਆ ਹੈ, ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੀਡੀਓ ਦੇ ਆਧਾਰ ‘ਤੇ ਕਾਰਵਾਈ ਨਹੀਂ ਕੀਤੀ ਜਾਵੇਗੀ ਸਗੋਂ ਦੁਬਾਰਾ ਲੜਕੀ ਦੇ ਨਵੇਂ ਸਿਰੇ ਤੋਂ ਬਿਆਨ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕਾਨੂੰਨੀ ਮਾਹਿਰਾਂ ਤੋਂ ਵੀ ਸਲਾਹ ਲਈ ਜਾਵੇਗੀ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਲੜਕੀ ਨੇ ਪਹਿਲਾਂ ਦੋਸ਼ ਲਾਏ ਸਨ ਕਿ ਇੰਦਰਜੀਤ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਲੰਮੇ ਸਮਾਂ ਜਬਰ-ਜਨਾਹ ਕਰਦਾ ਰਿਹਾ ਪਰ ਕਈ ਵਾਰ ਲੜਕੀ ਨੇ ਇਹ ਹਲਫ਼ੀਆ ਬਿਆਨ ਤੇ ਦਰਖ਼ਾਸਤਾਂ ਵੀ ਦਿੱਤੀਆਂ ਸਨ ਕਿ ਉਨ੍ਹਾਂ ਦੋਹਾਂ ਵਿਚ ਜਿਹੜੀਆਂ ਗਲਤਫਹਿਮੀਆਂ ਪੈਦਾ ਹੋਈਆਂ ਸਨ, ਹੁਣ ਉਸ ਦੀ ਦਰਖ਼ਾਸਤ ‘ਤੇ ਕੋਈ ਕਾਰਵਾਈ ਨਾ ਕੀਤੀ ਜਾਵੇ। ਨਵੀਂ ਬਾਰਾਂਦਰੀ ‘ਚ ਤਾਇਨਾਤ ਐੱਸਐਚਓ ਬਲਵੀਰ ਸਿੰਘ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਲੜਕੀ ਨਾਲ ਕੋਈ ਸਬੰਧ ਨਹੀਂ ਸੀ।