ਓ! ਗੁਰੂ ਹੁਣ ਹੋ ਜਾ ਸ਼ੁਰੂ!!!

ਓ! ਗੁਰੂ ਹੁਣ ਹੋ ਜਾ ਸ਼ੁਰੂ!!!

ਕਮਲ ਦੁਸਾਂਝ

ਓ! ਗੁਰੂ ਹੁਣ ਹੋ ਜਾ ਸ਼ੁਰੂ!!!
ਬੱਸ ਕਾਕਾ…ਬਣ ਗਈ…ਬਣ ਗਈ। ਹੁਣ ‘ਆਵਾਜ਼-ਏ-ਪੰਜਾਬ’ ਫਰੰਟ ਤਾਂ ਬਣਾ ਦਿੱਤੈ…ਪਾਰਟੀ ਵੀ ਬਣ ਹੀ ਜਾਓ…।
ਪਰਗਟ : ਗੁਰੂ ਜੀ ਹੁਣ ਬਹੁਤ ਹੋ ਗਿਐ…ਲੋਕਾਂ ਨੇ ਪੁਛ-ਪੁਛ ਨੱਕ ‘ਚ ਦਮ ਕੱਢ ਤਾ…ਅਸੀਂ ਨਾ ਇਧਰ ਦੇ ਰਹੇ ਨਾ ਉਧਰ ਦੇ…ਥੋਡੇ ਮਗਰ ਮਗਰ ਤੁਰੀਂ ਆਉਣੇ ਆਂ ਕਿ ਚੱਲੋ ਹੁਣ ਨਵੀਂ ਪਾਰਟੀ ਬਣੀ ਕਿ ਬਣੀ। ਓ! ਗੁਰੂ ਹੁਣ ਤਾਂ ਸ਼ੁਰੂ ਹੋ ਜਾ!!! ਆ ‘ਆਪ’ ਆਲਿਆਂ ਦੀ ਘੁੱਗੀ ਫੱਟੇ ਚੁੱਕੀ ਜਾਂਦੀ ਐ…ਆਪਣੇ ਕੋਲ ਤਾਂ ਖੰਭ ਵੀ ਹੈ ਨੀਂਂ…ਕਿਸੇ ਦੇਪਿੰਜਰੇ ‘ਚ ਤਾਂ ਠਾਹਰ ਲੈਣੀ ਹੀ ਪੈਣੀ ਐ।
ਬੈਂਸ ਭਰਾ : ਓ! ਗੁਰੂ ਜੀ, ਆ ਜਗਮੀਤ ਬਰਾੜ ਹੀ ਸਿਆਣਾ ਨਿਕਲਿਆ…’ਆਪ’ ਦਾ ਝਾੜੂ ਫੜ ਲਿਆ…ਆਪਣੇ ਕੋਲ ਨਾ ਤਾਂ ਹੱਥ ਐ ਨਾ ਝਾੜੂ। ਕੁਝ ਤਾਂ ਕਰੋ।
ਨਵਜੋਤ ਸਿੱਧੂ : ਯਾਰ ਕੇਰਾਂ ਚੁੱਪ ਤਾਂ ਕਰੋ…ਸਾਰੀਆਂ ਚਾਲਾਂ ਪੁੱਠੀਆਂ ਪੈ ਗਈਆਂ…ਕੋਈ ਹੀਲਾ-ਵਸੀਲਾ ਤਾਂ ਕਰਨ ਦਿਓ…। ਓ ਗੁਰੂ ਜਿਹਦੀ ਝੋਲੀ ਦਾਣੇ, ਉਹਦੇ ਕਮਲੇ ਵੀ ਸਿਆਣੇ…। ਆਪਾਂ ਤਾਂ ਖ਼ਾਲੀ ਬੈਠੇ ਆਂ…ਲੜਾਉਣੈ ਕੋਈ ਜੁਗਤ…ਨੱਪਦਾਂ ਕਿੱਲੀ…ਚਲਾਉਣਾ ਮੰਤਰ…। ਨਵਜੋਤ ਕੂਰੇ ਆ ਜ਼ਰਾ ਪੰਡਤ ਜੀ ਨੂੰ ਸੱਦ ਲੈ…ਦੋ-ਚਾਰ ਹਵਨ ਹੀ ਕਰ ਜਾਣ। ਆਹ ਮੇਰੀ ਕੁੰਡਲੀ ‘ਚ ਕਿਧਰੇ ਸ਼ਨੀ ਆ ਕੇ ਬਹਿ ਗਿਐ…ਜਲਦੀ ਕਰ ਕੋਈ ਉਪਾਅ।
ਨਵਜੋਤ ਕੌਰ : ਸਰਦਾਰ ਜੀ! ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਸੋਚ-ਸਮਝ ਕੇ ਕਦਮ ਚੁੱਕਿਓ…ਪਰ ਤੁਸੀਂ ਤਾਂ ਮੈਨੂੰ ਕਹਿ ਦਿੱਤਾ ਕਿ ਆਹ ਸਾਰੇ ਲੀਡਰਾਂ ਦੇ ਫੱਟੇ ਚੱਕਦੇ…ਮੈਂ ਆਪਣਾ ਕੰਮ ਕਰ’ਤਾ…ਪੰਡਤ ਜੀ ਦੀ ਤੁਸੀਂ ਚਿੰਤਾ ਨਾ ਕਰੋ…ਉਹ ਮੈਂ ਪਹਿਲਾਂ ਹੀ ਸੱਦ ਲਿਆ ਸੀ…ਆਹ ਪੰਡਤ ਜੀ ਨੇ ਤਵੀਤ ਦਿੱਤੈ…ਕਹਿੰਦੇ ਜਲਦੀ ਬੰਨ੍ਹ ਲਓ…ਹੁਣ ਤਾਂ ਕਾਂਗਰਸ ਆਲੇ ‘ਵਾਜਾਂ ਮਾਰਦੇ ਨੇ…ਫੇਰ ਉਨ੍ਹਾਂ ਨੇ ਵੀ ਨਹੀਂ ਪੁੱਛਣਾ।

ਸੁਥਰਿਆ ਤੂੰ ਤਾਂ ਪਤਾਸੇ ਘੋਲ ਘੋਲ ਪੀ…
”ਜਗਰਾਉਂ ਦੇ ਇਕ ਪਾਰਕ ਵਿਚ ਪਰਿਵਾਰ ਸੈਰ ਕਰ ਰਿਹਾ ਸੀ। ਪਰਿਵਾਰ ਦਾ ਮੁਖੀਆ ਅੱਗੇ ਅੱਗੇ ਤੇ ਮਾਵਾਂ-ਧੀਆਂ ਪਿੱਛੇ। ਸਾਹਮਣੇ ਖੜ੍ਹੀ ਮੁੰਡੀਰ ਸ਼ਰਤ ਲਾ ਕੇ ਸ਼ਰੇਆਮ ਔਰਤ ਦੇ ਕੱਪੜੇ ਲਾਹ ਦਿੰਦੀ ਹੈ ਤੇ ਬਾਕੀ ਖੜ੍ਹੇ ਤਾੜੀਆਂ ਤੇ ਸੀਟੀਆਂ ਮਾਰ ਰਹੇ ਹਨ। ਜਿੰਨੇ ਦੇਰ ਨੂੰ ਮੁਖੀਆ ਕੋਲ ਆਉਂਦਾ ਹੈ, ਮੁੰਡੀਰ ਦੌੜ ਲਾ ਕੇ ਫਰਾਰ ਹੋ ਜਾਂਦੀ ਹੈ।”
ਬਾਦਲ ਸਾਹਿਬ ਆ ਮੈਂ ਕੀ ਖ਼ਬਰ ਪੜ੍ਹ ਰਿਹਾਂ। ਤੌਬਾ ਤੌਬਾ!! ਆਹ ਪੰਜਾਬ ਨੂੰ ਕੀ ਹੁੰਦਾ ਜਾ ਰਿਹੈ…ਏਨੀ ਹਨੇਰਗਰਦੀ…ਇਹ ਤਾਂ ਬਿਹਾਰ ਨੂੰ ਵੀ ਮਾਤ ਪਾਈ ਜਾ ਰਿਹੈ…ਇਹ ਮੁੰਡੀਰ ਤਾਂ ਪੰਜਾਬ ਦੀ ਈ ਐ।
ਜਾ ਵੇ ਸੁਥਰਿਆ, ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ‘ਤੇ ਲੱਗੇ ਆਂ ਤੇ ਤੂੰ ਨਿੱਕੀਆਂ-ਮੋਟੀਆਂ ਗੱਲਾਂ ਲੈ ਕੇ ਬਹਿ ਜਾਣੈ…। ਵੱਡਾ ਹੋ ਵੱਡਾ। ਨਾਲੇ ਜਦੋਂ ਅਸੀਂ ਕੈਲੀਫੋਰਨੀਆ ਪੰਜਾਬ ਤਕ ਲੈ ਕੇ ਆਉਣੈ ਤਾਂ ਬਾਹਰ ਦਾ ਮਾੜਾ-ਮੋਟਾ ‘ਸਭਿਆਚਾਰ’ ਵੀ ਤਾਂ ਨਾਲ ਈ ਆਊ। ਸੁਥਰਿਆ ਹੁਣ ਤੂੰ ਬਹੁਤਾ ਪੜ੍ਹਿਆ-ਲਿਖਿਆ ਤਾਂ ਹੈ ਨੀਂ…ਚਾਰ ਜਮਾਤਾਂ ਹੋਰ ਪੜ੍ਹ ਜਾਂਦਾ ਤਾਂ ਪਤਾ ਲਗਦਾ ਕਿ ਇਹੋ ਜਿਹੀਆਂ ਗੱਲਾਂ ਤਾਂ ਬਾਹਰਲੇ ਮੁਲਕਾਂ ਵਿਚ ਆਮ ਈ ਐ….। ਨਾ ਆਪਣੇ ਪੰਜਾਬ ਵਿਚ ਕੋਈ ਜੱਗੋ ਤੇਰ੍ਹਵੀਂ ਥੋੜ੍ਹੀ ਨਾ ਹੋਈ ਐ। ਭਲਿਆ ਲੋਕਾ ਤੂੰ ਕਾਹਦਾ ਫ਼ਿਕਰ ਕਰਦੈ…ਤੇਰੀ ਭਰਜਾਈ…ਆ ਆਪਣੇ ਸੁੱਖੇ ਦੀ ਘਰਆਲੀ…ਹਰਸਿਮਰਤ ਕੇਂਦਰੀ ਮੰਤਰੀ ਐ…ਓਹਨੇ ਇਕ ਨੰਨ੍ਹੀ ਛਾਂ ਦਾ ਇਕ ਬੂਟਾ ਹੋਰ ਲਾ ਛੱਡਣੈ…ਪੀੜਤ ਦਾ ਦੁੱਖ ਆਪੇ ਕੱਜਿਆ ਜਾਊ…। ਤੂੰ ਤਾਂ ਬਹਿ ਕੇ ਪਤਾਸੇ ਘੋਲ ਘੋਲ ਪੀ…ਪਤਾਸੇ ਮੈਂ ਦਿਉਂ ਤੂੰ ਜ਼ਰਾ ਵੋਟ ਆਲਾ ਬਟਨ ਤੱਕੜੀ ‘ਤੇ ਨੱਪ ਦਈਂ…ਬਾਕੀ ਸਭ ਖ਼ੈਰ ਐ।

ਵਾਧੂ ਜੁੱਤੀ ਤਾਂ ਚਾਹੀਦੀ ਈ ਐ…
ਭਾਰਤ-ਪਾਕਿ ਸਰਰਹੱਦ ‘ਤੇ ਤਣਾਅ ਬਣਿਆ ਹੋਇਐ। ਦੋਵੇਂ ਮੁਲਕ ਇਕ-ਦੂਜੇ ਵੱਲ ਬੰਦੂਕਾਂ ਤਾਣੀ ਖੜ੍ਹੇ ਹਨ। ਦੋਹਾਂ ਪਾਸਿਆਂ ਦੇ ਆਗੂਆਂ ਵਲੋਂ ਤੱਤੇ ਤੱਤੇ ਬਿਆਨ ਜਾਰੀ ਹੋ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਆਏ ਦਿਨ ਮਸਾਲੇਦਾਰ ਜੁਮਲੇ ਛੱਡ ਰਹੇ ਹਨ-ਕਸ਼ਮੀਰ ਸਾਡਾ, ਕਸ਼ਮੀਰੀ ਨੌਜਵਾਨਾਂ ਦੇ ਸੰਘਰਸ਼ ਨੇ ਸਾਡਾ ਕੰਮ ਸੁਖਾਲਾ ਕੀਤਾ…ਬਲਦੀ ‘ਤੇ ਤੇਲ ਪਾਉਣ ਵਿਚ ਕੋਈ ਢਿਲ ਨਹੀਂ ਵਰਤੀ ਜਾ ਰਹੀ। ਕੌਮਾਂਤਰੀ ਪੱਧਰ ‘ਤੇ ਨਵਾਜ਼ ਚਾਰੋਂ ਪਾਸਿਓਂ ਘਿਰੇ ਦਿਖਾਈ ਦੇ ਰਹੇ ਹਨ। ਪਰ ਸਰਹੱਦਾਂ ਤੇ ਆਵਾਮ ਦੀ ਚਿੰਤਾ ਛੱਡ ਜਨਾਬ ਸ਼ਰੀਫ਼ ਲੰਡਨ ਵਿਚ ਸ਼ਾਪਿੰਗ ਕਰ ਰਹੇ ਹਨ। ਬਰਾਂਡਡ ਦੁਕਾਨ ‘ਤੇ ਜੁੱਤੇ ਖ਼ਰੀਦਿਆਂ ਨੂੰ ਇਕ ਔਰਤ ਨੇ ਦੇਖ ਲਿਆ ਤੇ ਚਾਅ ਚਾਅ ਵਿਚ ਲੱਗੀ ਫ਼ੋਟੋ ਲੈਣ…ਉਹਨੂੰ ਭਲੀ ਨੂੰ ਕੀ ਪਤਾ…ਇਹ ਵਿਦੇਸ਼ੀ ਮੁਲਕ ਹੈ ਪਰ ਫ਼ੋਟੋ ਤਾਂ ਪਾਕਿਸਤਾਨ ਦੇ ਵਜ਼ੀਰ ਦੀ ਐ। ਨਵਾਜ਼ ਦੇ ਸੁਰੱਖਿਆ ਗਾਰਦਾਂ ਨੇ ਨਾਲੇ ਤਾਂ ਔਰਤ ਨੂੰ ਦੁਕਾਨ ਵਿਚ ਕਿਸੇ ਮਰਦ ਤੋਂ ਬਿਨਾਂ ਆਉਣ ਲਈ ਝਾੜ ਪਾਈ, ਫੇਰ ਪਾਕਿਸਤਾਨ ਅੰਬੈਸੀ ਲੈ ਗਏ ਤੇ ਉਹਦਾ ਮੋਬਾਈਲ ਵੀ ਖੋਹ ਲਿਆ। ਚੱਲੋ…ਇਹ ਤਾਂ ਉਸ ਔਰਤ ਨੂੰ ਸੋਚਣਾ ਚਾਹੀਦਾ ਸੀ ਕਿ ਸ਼ੇਰ ਦੇ ਮੂੰਹ ਵਿਚ ਹੱਥ ਕਿਉਂ ਪਾ ਰਹੀ ਹੈਂ…ਪਰ ਭਲਾ ਜਨਾਬ ਨਵਾਜ਼ ਸ਼ਰੀਫ਼ ਜੁੱਤੇ ਕਾਹਦੇ ਲਈ ਖ਼ਰੀਦਣ ਗਏ ਸੀ…ਉਹ ਵੀ ਇਸ ਕੁਸੈਲੇ ਮਾਹੌਲ ਵਿਚ। ਲਗਦੈ ਹੈ ਜਾਂ ਤਾਂ ਉਨ੍ਹਾਂ ਨੂੰ ਡਰ ਹੋਣੈ ਕਿ ਕਿਤੇ ਜੁੱਤੇ ਛੱਡ ਕੇ ਨਾ ਭੱਜਣਾ ਪਵੇ, ਇਸ ਲਈ ਪਹਿਲਾਂ ਹੀ ਵਾਧੂ ਜੋੜੀ ਖ਼ਰੀਦ ਕੇ ਟਿਕਾਣੇ ਪਹੁੰਚਾ ਦਿੱਤੀ ਜਾਵੇ ਜਾਂ ਅੱਜ ਕੱਲ੍ਹ ਜੁੱਤੀਆਂ ਸੁੱਟਣ ਦਾ ਰਿਵਾਜ਼ ਐ…ਖ਼ਬਰੈ ਕਿਤੇ ਜੁੱਤੀ ਹੀ ਚਲਾਉਣੀ ਪੈ ਜਾਵੇ…ਫੇਰ ਨੰਗੇ ਪੈਰ ਥੋੜ੍ਹਾ ਨਾ ਘਰ ਜਾਇਆ ਜਾਊ…ਵਾਧੂ ਜੁੱਤੀ ਤਾਂ ਚਾਹੀਦੀ ਐ।

ਲਪੇਟੀ ਜਾਓ…
ਲੁਧਿਆਣਾ ਦੇ ਲਾਡੋਵਾਲ ਵਿਚ ਬਾਦਲ ਜੋੜੀ (ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ) ਨੇ 118 ਕਰੋੜ ਰੁਪਏ ਨਾਲ 100 ਏਕੜ ਵਿਚ ਬਣਨ ਵਾਲੇ ‘ਗੁਰੂ ਕਿਰਪਾ ਮੈਗਾ ਫ਼ੂਡ ਪਾਰਕ’ ਦਾ ਨੀਂਹ ਪੱਥਰ ਰੱਖਿਆ। ਵੱਡੀਆਂ ਵੱਡੀਆਂ ਗੱਲਾਂ ਸੁੱਟੀਆਂ ਗਈਆਂ ਪਰ ਲਪੇਟਣ ਲਈ ਵੀ ਲੋਕ ਨਾ ਰਹੇ। ਬੀਬੀ ਨੇ ਕਿਸਾਨਾਂ ਨੂੰ ਮੁਨਾਫ਼ੇ ਦਾ ਚੋਗਾ ਪਾਉਂਦਿਆਂ ਚੱਲੋ ਇਹ ਤਾਂ ਮੰਨਿਆ ਕਿ ਹਰ ਸਾਲ 40 ਫ਼ੀਸਦੀ ਫ਼ਸਲ ਮੀਂਹ ਨਾਲ ਬਰਬਾਦ ਹੁੰਦੀ ਹੈ ਜਾਂ ਬਿਮਾਰੀ ਨਾਲ ਖ਼ਰਾਬ ਹੁੰਦੀ ਐ, ਪਿਛਲੇ ਸਾਲ ਤਾਂ ਇਕ ਲੱਖ ਕਰੋੜ ਦੀ ਫ਼ਸਲ ਬਰਬਾਦ ਹੋ ਗਈ…ਆਓ ਕਿਸਾਨੋ ਹੁਣ ਤੁਹਾਨੂੰ ਫੂਡ ਪਾਰਕ ਖੋਲ੍ਹ ਦੇਣੈ ਆਪਾਂ…ਚਿੰਤਾ ਦੀ ਲੋੜ ਨਹੀਂ…ਆਪਣੀ ਫ਼ਸਲ ਏਥੇ ਜਮ੍ਹਾ ਕਰਨਾ। ਪਰ ਬੀਬੀ ਜੇ ਫ਼ਸਲ ਬਚੂ ਤਾਂ ਹੀ ਕਲੋਡ ਸਟੋਰਾਂ ਤੇ ਥੋਡੇ ਪਾਰਕ ਤੱਕ ਪਹੁੰਚੂ। ਨਾਲੇ ਪਤਾ ਨਹੀਂ ਕੁਝ ਮਹੀਨਿਆਂ ਬਾਅਦ ਥੋਡੀ ਸਰਕਾਰ ਰਹਿਣੀ ਆ ਜਾਂ ਨਹੀਂ…ਜੇ ਨਾ ਰਹੀ ਤਾਂ ਫ਼ੂਡ ਪਾਰਕ ਅਗਲੀ ਸਰਕਾਰ ਖਾ ਜਾਉ। ਜੇ ਤੁਸੀਂ ਕਿਸਾਨਾਂ ਨੂੰ ਕਰੋੜਾਂ ਦੀਆਂ ਸਬਸਿਡੀਆਂ ਦੇਣੀਆਂ ਨੇ ਤਾਂ ਪਹਿਲਾਂ ਉਨ੍ਹਾਂ ਦਾ ਮੁਆਵਜ਼ਾ ਤਾਂ ਦੇ ਦਿਓ। ਹੁਣ ਭਲਾ ਸੁਣੇ ਕੌਣ? ਜਦੋਂ ਬਾਦਲ ਸਾਹਿਬ ਆਪਣੀਆਂ ਸੁੱਟਣ ਲੱਗੇ ਤਾਂ ਪੰਡਾਲ ਖ਼ਾਲੀ ਦਾ ਖ਼ਾਲੀ। ਜਿੰਨੇ ਲੋਕ ਪੰਡਾਲ ਵਿਚ ਰਹਿ ਗਏ, ਉਹ ਵੀ ਸਕਿਊਰਟੀ ਗਾਰਡ, ਓਦੂੰ ਵੱਧ ਤਾਂ ਸਟੇਜ ‘ਤੇ ਬੈਠੇ ਸੀ…। ਭਲੀਓ ਲੋਕੋ…ਕੰਧ ‘ਤੇ ਲਿਖਿਆ ਤਾਂ ਪੜ੍ਹ ਲਓ…ਜਦ ਪਤੈ ਬਈ ਕੋਈ ਥੋਨੂੰ ਸੁਣਨ ਨਹੀਂ ਆਉਂਦਾ ਤਾਂ ਅਖ਼ਬਾਰਾਂ, ਟੈਲੀਵਿਜ਼ਨਾਂ ‘ਤੇ ਇਸ਼ਤਿਹਾਰ ਦੇ ਛੱਡੋ…। ਨਾਲੇ ਪ੍ਰੋਗਰਾਮਾਂ ਦਾ ਖ਼ਰਚਾ ਬਚੂ, ਨਾਲੇ ਅਫ਼ਸਰਾਂ ਦੀ ਜਾਨ ਸੁਖਾਲੀ ਹੋਊ। ਭਲਾ ਕਿਥੋਂ ਭੀੜ ਲਿਆਉਣ? ਲੋਕੀਂ ਕਹਿਣ, ‘ਅਖੇ ਸਵੇਰੇ ਗਿਆਰ੍ਹਾਂ ਵਜੇ ਦਾ ਏਥੇ ਬਿਠਾ ਰੱਖਿਐ…ਸ਼ਾਮ ਦੇ ਚਾਰ ਵੱਜ ਗਏ…ਏਨਾ ਇੰਤਜ਼ਾਰ ਕੌਣ ਕਰੇ। ਬਾਦਲ ਸਾਹਿਬ ਠੀਕ ਤਾਂ ਹੈ…ਅੱਜ ਤੁਸੀਂ ਇੰਤਜ਼ਾਰ ਕਰਵਾ ਰਹੇ ਹੋ ਜੇ ਲੋਕ ਆਪਣੀ ਆਈ ਤੇ ਆ ਗਏ ਤਾਂ ਥੋਨੂੰ ਪਤਾ ਨਹੀਂ…ਸੱਤਾ ਵਿਚ ਆਉਣ ਲਈ ਕਿੰਨਾ ਇੰਤਜ਼ਾਰ ਕਰਨਾ ਪਏ। ਚੱਲੋ…ਕੋਈ ਨਾ…ਹੁਣ ਕਿਸੇ ਹੋਰ ਦੀ ਵਾਰੀ ਵੀ ਤਾਂ ਆਉਣੀ ਐ…!!!

ਮੋਦੀ ਜੀ ਤੋ ਉਦਯੋਗਪਤੀਓਂ ਕੇ ਹੈਂ…
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਅੱਜ ਕੱਲ੍ਹ ਕਿਸਾਨਾਂ ਨਾਲ ਬੜਾ ਮੋਹ ਜਾਗ ਗਿਆ ਹੈ। ਦੇਸ਼ ਭਰ ਵਿਚ ਪੈਦਲ ਹੀ ਨਿਕਲ ਪਏ ਨੇ…। ਲਗਦੈ ਕਿਸਾਨਾਂ ਦੇ ਸਾਰੇ ਦੁੱਖ ਹਰ ਲੈਣਗੇ। ਦੱਸ ਸਾਲ ਜਦੋਂ ਕੇਂਦਰ ਵਿਚ ਕਾਂਗਰਸ ਸੀ ਤਾਂ ਰਾਹੁਲ ਜੀ ਕਿੱਥੇ ਚਲੇ ਗਏ ਸਨ? ਉਹ!! ਸ਼ਾਇਦ ਚੇਤਾ ਭੁੱਲ ਗਿਆ ਹੋਣੈ ਕਿ ਇਸ ਧਰਤੀ ‘ਤੇ ਕਿਸਾਨ ਵੀ ਰਹਿੰਦੇ ਆ। ਪੋਲ਼ਾ ਪੋਲ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਟਕੋਰਾਂ’ ਕਰ ਰਹੇ ਹਨ-ਮੋਦੀ ਜੀ ਤੋ ਉਦਯੋਗਪਤੀਓਂ ਕੇ ਪ੍ਰਧਾਨ ਮੰਤਰੀ ਹੈ…ਯੇ ਉਨ੍ਹੀਂ ਕੇ ਲੀਏ ਕਾਮ ਕਰ ਰਹੇ ਹੈਂ।’ ਰਾਹੁਲ ਜੀ ਕਾਂਗਰਸ ਸਰਕਾਰ ਵੀ ਤਾਂ ਇਨ੍ਹਾਂ ‘ਗ਼ਰੀਬਾਂ’ ਨੂੰ ਹੀ ਖੈਰਾਤਾਂ ਦੇ ਰਹੀ ਸੀ। ਕੋਈ ਇਕ ਉਦਾਹਰਣ ਹੋਵੇ ਤਾਂ ਦੱਸੇ…ਆ ਜਿੰਨੇ ਉਦਯੋਗਪਤੀ ਅੱਜ ਮੋਦੀ ਮੋਦੀ ਕਰ ਰਹੇ ਹਨ, ਪਹਿਲਾਂ ਮਨਮੋਹਨ-ਸੋਨੀਆ ਦੇ ਗੁਣ ਗਾ ਰਹੇ ਸਨ। ਲੋਕਾਂ ਦੀ ਸਰਕਾਰ ਦਾ ਨਾਅਰਾ ਛੱਡ ਕੇ ‘ਅੰਬਾਨੀਆਂ-ਅਡਾਨੀਆਂ ਦੀ ਸਰਕਾਰ’ ਕਹਿਣਾ ਚਾਹੀਦੈ। ‘ਭਾਜਪਾ-ਕਾਂਗਰਸ-ਅੰਬਾਨੀ-ਅਡਾਨੀ ਸਭ ਭਾਈ ਭਾਈ। ਚੱਲੋ ਖ਼ੈਰ ਤੁਰੀ ਜਾਓ…ਕਦੇ ਤਾਂ ਕੁਰਸੀ ਤੱਕ ਪਹੁੰਚ ਹੀ ਜਾਵੋਗੇ। ਵੈਸੇ ਰਾਹੁਲ ਬੋਲਦੇ ਤਾਂ ਇੰਜ ਲੱਗ ਰਹੇ ਹਨ ਜਿਵੇਂ ਰੋ ਰਹੇ ਹੋਣ-‘ਕੁਆਰੇ’ ਮੋਦੀ ਜੀ ਨੂੰ ਤਾਂ ਏਨੇ ਪਤੀ ਮਿਲ ਗਏ…ਮੈਨੂੰ ਤਾਂ ਕੋਈ ਪਤਨੀ ਵੀ ਨੀਂ ਮਿਲੀ। ਕੀ ਗੱਲ ਤੁਹਾਨੂੰ ਨਹੀਂ ਲੱਗਿਆ???