ਬਾਬਾ ਹਰਭਜਨ ਸਿੰਘ ਨਾਨਕਸਰ ਕਲੇਰਾਂ ਦਾ ਦਿਹਾਂਤ

ਬਾਬਾ ਹਰਭਜਨ ਸਿੰਘ ਨਾਨਕਸਰ ਕਲੇਰਾਂ ਦਾ ਦਿਹਾਂਤ

ਜਗਰਾਉਂ/ਬਿਊਰੋ ਨਿਊਜ਼ :
ਨਾਨਕਸਰ ਸੰਪਰਦਾਇ ਦੇ ਬਾਬਾ ਹਰਭਜਨ ਸਿੰਘ ਨਾਨਕਸਰ ਵਾਲੇ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ। ਆਖਰੀ ਸੁਆਸ ਉਨ੍ਹਾਂ ਨੇ ਸਿੰਘਾਪੁਰ ਦੇ ਇਕ ਹਸਪਤਾਲ ਵਿਖੇ 8 ਜੂਨ, 2018 ਨੂੰ ਸਵੇਰੇ 5 ਵਜੇ ਲਏ। ਬਾਬਾ ਹਰਭਜਨ ਸਿੰਘ ਨਾਨਕਸਰ ਵਾਲਿਆਂ ਨਮਿਤ ਪਾਠ ਦੇ ਭੋਗ 17 ਜੂਨ ਦਿਨ ਐਤਵਾਰ ਨੂੰ ਮੁੱਖ ਅਸਥਾਨ ਨਾਨਕਸਰ ਕਲੇਰਾਂ, ਜਗਰਾਉਂ ਵਿਖੇ ਪੈਣਗੇ
ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਹੋਰ ਸੰਸਥਾਵਾਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਇਸ ਮੌਕੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਬਾ ਹਰਭਜਨ ਸਿੰਘ ਨਾਨਕਸਰ ਵਾਲਿਆਂ ਵਲੋਂ ਸਿੱਖੀ ਦੇ ਪ੍ਰਚਾਰ ਤੇ ਪਾਸਾਰ ‘ਚ ਪਾਏ ਵਡਮੁੱਲੇ ਯੋਗਦਾਨ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ। ਸਿੱਖੀ ਦੇ ਪ੍ਰਚਾਰ ਲਈ ਵਿਦੇਸ਼ਾਂ ‘ਚ ਗਏ ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਲੱਖਾ ਸਿੰਘ ਨਾਨਕਸਰ ਤੇ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਟੈਲੀਫ਼ੋਨ ‘ਤੇ ਬਾਬਾ ਗੁਰਮੇਲ ਸਿੰਘ ਨਾਨਕਸਰ ਵਾਲਿਆਂ ਨਾਲ ਦੁੱਖ ਸਾਂਝਾ ਕੀਤਾ ਤੇ ਗੁਰੂ ਦਾ ਭਾਣਾ ਮੰਨਣ ਲਈ ਆਖਿਆ।
ਇਸ ਸਮੇਂ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ, ਬਾਬਾ ਧੰਨਾ ਸਿੰਘ ਬੜੂੰਦੀ, ਬਾਬਾ ਜ਼ੋਰਾ ਸਿੰਘ ਬੱਧਨੀ, ਬਾਬਾ ਜਗਰੂਪ ਸਿੰਘ ਬੇਗ਼ਮਪੁਰਾ ਸਾਹਿਬ, ਬਾਬਾ ਬਲਜੀਤ ਸਿੰਘ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਬਲਜੀਤ ਸਿੰਘ ਪਾਤੜਾਂ, ਬਾਬਾ ਗੇਜਾ ਸਿੰਘ ਨਾਨਕਸਰ, ਬਾਬਾ ਜੋਗਿੰਦਰ ਸਿੰਘ ਭੋਰਾ ਸਾਹਿਬ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸੀਸ ਮਹਿਲ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਕਾਰਜ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਡਾ: ਜੀ.ਐਸ. ਧਾਲੀਵਾਲ, ਮਨਜੀਤ ਸਿੰਘ ਵਾਲੀਆ, ਪ੍ਰਮਜੀਤ ਸਿੰਘ ਧਰਮ ਸਿੰਘਵਾਲਾ, ਭਾਈ ਹਰੀ ਸਿੰਘ, ਭਾਈ ਲਖਵੀਰ ਸਿੰਘ ਭੈਣੀ, ਭਾਈ ਗੁਰਜੀਤ ਸਿੰਘ ਤੇ ਨੰਬਰਦਾਰ ਹਰਚਰਨ ਸਿੰਘ ਤੂਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
ਭਾਈ ਤੇਜਿੰਦਰ ਸਿੰਘ ਨਾਨਕਸਰ ਨੇ ਦੱਸਿਆ ਕਿ ਬਾਬਾ ਹਰਭਜਨ ਸਿੰਘ ਨਾਨਕਸਰ ਵਾਲਿਆਂ ਦੀ ਪਵਿੱਤਰ ਦੇਹ ਸਿੰਘਾਪੁਰ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਵਿਖੇ ਲਿਆਉਣ ਉਪਰੰਤ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਲਿਆਂਦੀ ਜਾਵੇਗੀ। ਉਪਰੰਤ ਸੰਗਤਾਂ ਨੂੰ ਪਵਿੱਤਰ ਦੇਹ ਦੇ ਦਰਸ਼ਨ ਕਰਵਾਏ ਜਾਣਗੇ ਤੇ ਬਾਗ਼ ਬਾਬਾ ਕੁੰਦਨ ਸਿੰਘ ਨਾਨਕਸਰ ਵਿਖੇ ਗੁਰਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬਾਬਾ ਹਰਭਜਨ ਸਿੰਘ ਨਾਨਕਸਰ ਵਾਲਿਆਂ ਦੀਆਂ ਅੰਤਿਮ ਰਸਮਾਂ ਬਾਬਾ ਗੁਰਮੇਲ ਸਿੰਘ ਨਾਨਕਸਰ, ਬਾਬਾ ਸੁਖਦੇਵ ਸਿੰਘ ਭੁੱਚੋ ਵਾਲੇ ਤੇ ਬਾਬਾ ਗੁਰਚਰਨ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਹੋਣਗੀਆਂ।
ਜ਼ਿਕਰਯੋਗ ਹੈ ਕਿ ਬਾਬਾ ਹਰਭਜਨ ਸਿੰਘ ਨਾਨਕਸਰ ਵਾਲਿਆਂ ਦਾ ਜਨਮ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੇ ਜੱਦੀ ਪਿੰਡ ਸ਼ੇਰਪੁਰ ਕਲਾਂ ਵਿਖੇ 10 ਮਾਰਚ, 1953 ਨੂੰ ਹੋਇਆ ਸੀ। ਉਹ 1965 ਵਿਚ ਨਾਨਕਸਰ ਵਿਖੇ ਮੁੱਖ ਕੀਰਤਨੀਏ ਬਾਬਾ ਕੇਹਰ ਸਿੰਘ ਨਾਨਕਸਰ ਰਾਹੀਂ ਬਾਬਾ ਕੁੰਦਨ ਸਿੰਘ ਨਾਨਕਸਰ ਵਾਲਿਆਂ ਕੋਲ ਆਏ ਤੇ ਬਾਅਦ ਵਿਚ ਵਾਪਸ ਆਪਣੇ ਪਿੰਡ ਨਹੀਂ ਗਏ। 2002 ਵਿਚ ਬਾਬਾ ਭਜਨ ਸਿੰਘ ਨਾਨਕਸਰ (ਵੱਡਿਆਂ) ਦੇ ਚੋਲਾ ਛੱਡਣ ਉਪਰੰਤ ਆਪ ਨੂੰ ਸੇਵਾ ਮਿਲੀ, ਜਿਸ ਨੂੰ ਆਪ ਨੇ ਬਿਨਾਂ ਕੋਈ ਨਾਗਾ ਪਾਇਆਂ ਮਈ 2018 ਤੱਕ ਨਿਭਾਇਆ।