ਮੋਹਾਲੀ ਹਵਾਈ ਅੱਡੇ ਤੋਂ ਹੋਣਗੀਆਂ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਨੂੰ ਸਿੱਧੀਆਂ ਉਡਾਣਾਂ

ਮੋਹਾਲੀ ਹਵਾਈ ਅੱਡੇ ਤੋਂ ਹੋਣਗੀਆਂ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਨੂੰ ਸਿੱਧੀਆਂ ਉਡਾਣਾਂ

ਚੰਡੀਗੜ੍ਹ/ਬਿਊਰੋ ਨਿਊਜ਼ :
ਹਵਾਈ ਪੱਟੀ ਦੀ ਮੁਰੰਮਤ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ/ਮੋਹਾਲੀ ਦਾ ਹਵਾਈ ਅੱਡਾ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ। ਪੰਜਾਬੀਆਂ ਲਈ ਖਾਸ ਗੱਲ ਇਹ ਹੈ ਕਿ ਅਗਲੇ ਸਾਲ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਨੂੰ ਵੀ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ। 20 ਦਿਨ ਬਾਅਦ ਸ਼ੁਰੂ ਹੋਏ ਚੰਡੀਗੜ੍ਹ ਹਵਾਈ ਅੱਡੇ ਤੋਂ ਇੱਕੀਵੇਂ ਦਿਨ 31 ਉਡਾਣਾਂ ਉੱਡੀਆਂ।
ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ 37 ਘਰੇਲੂ ਤੇ ਤਿੰਨ ਕੌਮਾਂਤਰੀ ਫਲਾਈਟਾਂ ਚੰਡੀਗੜ੍ਹ ਦੇ ਏਅਰਪੋਰਟ ਤੋਂ ਉਡਾਣ ਭਰਨਗੀਆਂ। ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਫਿਲਹਾਲ ਹਵਾਈ ਅੱਡੇ ਦਾ ਕੰਮ ਬਾਕੀ ਹੈ, ਜਿਸ ਕਰਕੇ ਹਰ ਐਤਵਾਰ ਏਅਰਪੋਰਟ ਬੰਦ ਰਿਹਾ ਕਰੇਗਾ। ਹਵਾਈ ਅੱਡੇ ਦਾ ਸਾਰਾ ਕੰਮ ਅਗਲੇ ਸਾਲ ਮਾਰਚ ਤਕ ਪੂਰਾ ਹੋਣ ਦੀ ਆਸ ਹੈ।
ਏਅਰਪੋਰਟ ਦੇ ਸੀਈਓ ਸੰਜੀਵ ਦੱਤ ਨੇ ਕਿਹਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਅਮਰੀਕਾ, ਕੈਨੇਡਾ, ਆਸਟਰੇਲੀਆ ਇੰਗਲੈਂਡ ਤੇ ਹੋਰ ਕਈ ਦੇਸ਼ਾਂ ਵਿੱਚ ਡਾਇਰੈਕਟ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਸ਼ਿਮਲਾ ਤਕ ਹੈਲੀ-ਟੈਕਸੀ ਸਰਵਿਸ ਵੀ ਸ਼ੁਰੂ ਕੀਤੀ ਗਈ ਹੈ। ਇਹ ਹੈਲੀਕਾਪਟਰ ਆਪਣੀ ਪਹਿਲੀ ਉਡਾਨ ਚਾਰ ਜੂਨ ਨੂੰ ਭਰੇਗਾ ਜਿਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ।