ਕੌਮੀ ਘੱਟ ਗਿਣਤੀ ਕਮਿਸ਼ਨ ਸ਼ਿਲਾਂਗ ਦੇ ਸਿੱਖਾਂ ਦੇ ਹੱਕ ‘ਚ ਨਿੱਤਰਿਆ

ਕੌਮੀ ਘੱਟ ਗਿਣਤੀ ਕਮਿਸ਼ਨ ਸ਼ਿਲਾਂਗ ਦੇ ਸਿੱਖਾਂ ਦੇ ਹੱਕ ‘ਚ ਨਿੱਤਰਿਆ

ਖੰਨਾ/ਬਿਊਰੋ ਨਿਊਜ਼ :

ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸ਼ਿਲਾਂਗ ਦੀ ਪੰਜਾਬੀ ਕਾਲੋਨੀ ‘ਚ ਵਸਦੇ ਸਿੱਖਾਂ ਅਤੇ ਹਿੰਦੂਆਂ ਨੂੰ ਉਜਾੜ ਕੇ ਕਿਤੇ ਹੋਰ ਭੇਜੇ ਜਾਣ ਦੇ ਮਾਮਲੇ ‘ਤੇ ਸਖ਼ਤ ਸਟੈਂਡ ਲੈਂਦਿਆਂ ਮੇਘਾਲਿਆ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਪੰਜਾਬੀ ਕਾਲੋਨੀ ਬਾਰੇ ਕੋਈ ਫ਼ੈਸਲਾ ਹੋਣ ਤਕ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ੰਿਸੰਘ ਰਾਏ ਨੇ ਇਸ ਸਥਿਤੀ ਬਾਰੇ ਆਪਣੇ-ਆਪ ਕਾਰਵਾਈ ਕਰਦੇ ਹੋਏ ਸ਼ਿਲਾਂਗ ‘ਚ ਸਥਿਤੀ ਵਿਗੜਨ ਮੌਕੇ ਖ਼ੁਦ ਸ਼ਿਲਾਂਗ ਜਾ ਕੇ ਮੌਕੇ ‘ਤੇ ਹਾਲਾਤ ਦਾ ਜਾਇਜ਼ਾ ਲਿਆ ਸੀ। ਬੀਤੇ ਦਿਨ ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਇਸ ਮਾਮਲੇ ‘ਚ ਮੇਘਾਲਿਆ ਦੇ ਮੁੱਖ ਸਕੱਤਰ ਯੇਸ਼ੀ ਤਸੇਰਿੰਗ ਆਈਏਐੱਸ., ਮੇਘਾਲਿਆ ਦੇ ਸ਼ਹਿਰੀ ਵਿਕਾਸ ਸਕੱਤਰ ਡੋਨਾਲਡ ਫਿਲਿਪਸ, ਮੇਘਾਲਿਆ ਦੇ ਐਡਵੋਕੇਟ ਜਨਰਲ ਅਮਿਤ ਕੁਮਾਰ ਅਤੇ ਸ਼ਿਲਾਂਗ ਦੀ ਗੁਰਦੁਆਰਾ ਬੜਾ ਬਾਜ਼ਾਰ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਨੂੰ ਸੰਮਨ ਕਰ ਕੇ ਦਿੱਲੀ ਬੁਲਾਇਆ ਸੀ ਅਤੇ ਮਾਮਲੇ ਦੀ ਦੀ ਸੁਣਵਾਈ ਕਰਨ ਤੋਂ ਬਾਅਦ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਵਲੋਂ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਗਏ। ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਮਾਮਲੇ ‘ਤੇ ਅਗਲੀ ਸੁਣਵਾਈ 9 ਅਗਸਤ ਨੂੰ ਹੋਵੇਗੀ।