ਪੰਜਾਬ ਨਵੇਂ ਵਿਧਾਇਕਾਂ ਨੂੰ ਦੋ ਰੋਜ਼ਾ ਵਰਕਸ਼ਾਪ ‘ਚ ਸਿਖਾਏ ਜਾਣਗੇ ਕੰਮ ਕਾਜ ਦੇ ਗੁਰ-ਮੰਤਰ

ਪੰਜਾਬ ਨਵੇਂ ਵਿਧਾਇਕਾਂ ਨੂੰ ਦੋ ਰੋਜ਼ਾ ਵਰਕਸ਼ਾਪ ‘ਚ ਸਿਖਾਏ ਜਾਣਗੇ ਕੰਮ ਕਾਜ ਦੇ ਗੁਰ-ਮੰਤਰ

ਚੰਡੀਗੜ੍ਹ/ਬਿਊਰੋ ਨਿਊਜ਼
ਪੰਦਰਵੀਂ ਪੰਜਾਬ ਵਿਧਾਨ ਸਭਾ ਦੇ 43 ਫੀਸਦੀ ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਵਿੱਚ ਆਏ ਹਨ। ਅਗਲੇ ਇਜਲਾਸ ਤੋਂ ਪਹਿਲਾਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਨਿਯਮਾਂ ਅਤੇ ਕੰਮਕਾਜ ਦੀ ਮੁੱਢਲੀ ਜਾਣਕਾਰੀ ਦੇਣ ਲਈ ਦੋ ਦਿਨਾਂ ਵਰਕਸ਼ਾਪ ਲਾਉਣ ਦੀ ਤਿਆਰੀ ਹੈ। ਸੰਸਦੀ ਮਾਮਲਿਆਂ ਬਾਰੇ ਵਿਭਾਗ ਅਤੇ ਵਿਧਾਨ ਸਭਾ ਸਕੱਤਰੇਤ ਨੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇਸਟੀਚਿਊਟ ਆਫ ਐਡਮਨਿਸਟਰੇਸ਼ਨ ਵਿੱਚ 20 ਨਵੰਬਰ ਤੋਂ ਦੋ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਹੈ। ਵਰਕਸ਼ਾਪ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾਣ ਦੀ ਉਮੀਦ ਹੈ। ਵਰਕਸ਼ਾਪ ਵਿੱਚ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਸਦਨ ਵਿੱਚ ਉਨ੍ਹਾਂ ਦੇ ਅਧਿਕਾਰ ਤੇ ਜ਼ਿੰਮੇਵਾਰੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦਾ ਮੁੱਖ ਮੰਤਵ ਸਦਨ ਵਿੱਚ ਵਿਹਾਰ ਅਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਬਾਰੇ ਜਾਗਰੂਕ ਕਰਨਾ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਦਨ ਵਿੱਚ ਵੱਡੀ ਗਿਣਤੀ ਵਿਧਾਇਕ ਨਵੇਂ ਹੋਣ ਕਰਕੇ ਉਹ ਸਦਨ ਦੇ ਨਿਯਮਾਂ ਤੋਂ ਅਣਜਾਣ ਹਨ। ਉਂਜ ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਰਾਜ ਨਾਲ ਸਬੰਧਤ ਵਿਧਾਇਕਾਂ ਦੀ ਦੋ ਰੋਜ਼ਾ ਵਰਕਸ਼ਾਪ ਲਾ ਚੁੱਕੇ ਹਨ। ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਕੁਝ ਸੀਨੀਅਰ ਵਿਧਾਇਕਾਂ ਨੂੰ ਇਸ ਵਰਕਸ਼ਾਪ ਵਿੱਚ ਭਾਸ਼ਣ ਦੇਣ ਲਈ ਸੱਦਿਆ ਗਿਆ ਸੀ। ਯਾਦ ਰਹੇ ਕਿ ਕਾਫੀ ਵਿਧਾਇਕ ਨਵੇਂ ਹੋਣ ਕਰਕੇ ਨਿਯਮਾਂ ਤੋਂ ਜਾਣੂ ਨਹੀਂ ਹਨ ਤੇ ਇਸ ਕਰਕੇ ਉਹ ਪਿਛਲੇ ਬਜਟ ਸੈਸ਼ਨ ਵਿੱਚ ਵਾਕਆਊਟ ਕਰਦੇ ਸਮੇਂ ਸਰਕਾਰੀ ਧਿਰ ਦੇ ਬੈਂਚਾਂ ਵਲ ਨੂੰ ਵਧ ਜਾਂਦੇ ਸਨ। ਪਹਿਲੀ ਵਾਰ ਬਣੇ 50 ਵਿਧਾਇਕਾਂ ਵਿੱਚੋਂ ਕਾਂਗਰਸ ਦੇ 25, ਆਮ ਆਦਮੀ ਪਾਰਟੀ ਦੇ 19 ਤੇ ਅਕਾਲੀ-ਭਾਜਪਾ ਦੇ ਛੇ ਹਨ।