ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਸਾਬਕਾ ਫ਼ੌਜੀਆਂ ਨੂੰ ਖਦੇੜਿਆ

ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਸਾਬਕਾ ਫ਼ੌਜੀਆਂ ਨੂੰ ਖਦੇੜਿਆ
ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ‘ਤੇ ਰੋਸ ਮੁਜ਼ਾਹਰਾ ਕਰ ਰਹੇ ਸਾਬਕਾ ਫੌਜੀਆਂ ਨੂੰ ਫੜ ਕੇ ਲਿਜਾਂਦੀ ਹੋਈ ਪੁਲੀਸ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਅਤੇ ਲਾਊਡ ਸਪੀਕਰ ਵਜਾਉਣ ‘ਤੇ ਲਾਈ ਰੋਕ ਨੂੰ ਲਾਗੂ ਕਰਨ ਲਈ ਦਿੱਲੀ ਪੁਲੀਸ ਨੇ ਸਖ਼ਤੀ ਦਿਖਾਈ। ਪੁਲੀਸ ਨੇ ਜੰਤਰ-ਮੰਤਰ ਰੋਡ ‘ਤੇ ਲੱਗੇ ਆਰਜ਼ੀ ਤੰਬੂ ਉਖਾੜ ਸੁੱਟੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ। ਪਰ ਪੁਲੀਸ ਅਧਿਕਾਰੀਆਂ ਨੇ ਕਾਰਵਾਈ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਐਨਜੀਟੀ ਦੇ ਹੁਕਮਾਂ ਬਾਰੇ ਦੱਸ ਦਿੱਤਾ ਸੀ। ਪੁਲੀਸ ਨੇ ਪਿਛਲੇ ਦਿਨੀਂ ਐਨਜੀਟੀ ਦੇ ਹੁਕਮਾਂ ਬਾਬਤ ਸੜਕ ਕੰਢੇ ਬੋਰਡ ਵੀ ਲਗਾ ਦਿੱਤਾ ਸੀ।
ਪੁਲੀਸ ਨੇ ਤਕਰੀਬਨ 2 ਸਾਲਾਂ ਤੋਂ ‘ਇੱਕ ਰੈਂਕ ਇੱਕ ਪੈਨਸ਼ਨ’ ਦੀ ਮੰਗ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਾਬਕਾ ਫ਼ੌਜੀਆਂ ਦਾ ਆਰਜ਼ੀ ਤੰਬੂ ਵੀ ਪੁੱਟ ਦਿੱਤਾ। ਸਾਬਕਾ ਫ਼ੌਜੀਆਂ ਦੇ ਆਗੂ ਸੇਵਾਮੁਕਤ ਮੇਜਰ ਜਨਰਲ ਸਤਬੀਰ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਸਾਬਕਾ ਫ਼ੌਜੀਆਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਦਿੱਲੀ ਪੁਲੀਸ ਤੇ ਦਿੱਲੀ ਨਗਰ ਨਿਗਮ ਨੇ ਉਨ੍ਹਾਂ ਦਾ ਤੰਬੂ ਪੁੱਟ ਦਿੱਤਾ ਹੈ ਜਦੋਂ ਕਿ ਉਸ ਸਮੇਂ ਇੱਕ ਸਾਬਕਾ ਫ਼ੌਜੀ ਦੀ ਪਤਨੀ ਤੰਬੂ ਅੰਦਰ ਸੀ। ਉਨ੍ਹਾਂ ਕਿਹਾ ਕਿ ਪੁਲੀਸ ਦੀ ਕਾਰਵਾਈ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਸਤਬੀਰ ਸਿੰਘ ਨੇ ਦੱਸਿਆ ਕਿ ਐਮਸੀਡੀ ਉਨ੍ਹਾਂ ਦਾ ਸਾਮਾਨ ਵੀ ਲੈ ਗਈ ਹੈ ਅਤੇ ਇਹ ਧੱਕਾ ਹੈ।
ਦਿੱਲੀ ਪੁਲੀਸ, ਦਿੱਲੀ ਸਰਕਾਰ, ਐਨਡੀਐਮਸੀ ਤੇ ਹੋਰ ਸਬੰਧਤ ਏਜੰਸੀਆਂ ਨੇ ਹੁਕਮਾਂ ਦੀ ਤਾਮੀਲ ਕਰਕੇ ਐਨਜੀਟੀ ਨੂੰ ਰਿਪੋਰਟ ਦੇਣੀ ਹੈ ਇਸ ਲਈ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਇਕ ਸਥਾਨਕ ਵਿਅਕਤੀ ਨੇ ਐਨਜੀਟੀ ਨੂੰ ਅਪੀਲ ਕੀਤੀ ਸੀ ਕਿ ਜੰਤਰ-ਮੰਤਰ ‘ਤੇ ਰੋਜ਼ਾਨਾ ਹੁੰਦੇ ਧਰਨੇ, ਪ੍ਰਦਰਸ਼ਨਾਂ ਨੂੰ ਰੋਕਿਆ ਜਾਵੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਸ਼ਾਂਤ ਜੀਵਨ ਬਤੀਤ ਕਰਨ ਦੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ।