ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਜਬਰ-ਜਨਾਹ ਤੇ ਧੋਖਾਧੜੀ ਦਾ ਕੇਸ ਦਰਜ

ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਜਬਰ-ਜਨਾਹ ਤੇ ਧੋਖਾਧੜੀ ਦਾ ਕੇਸ ਦਰਜ

ਲੰਗਾਹ ਵਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ, ਸ਼੍ਰੋਮਣੀ ਕਮੇਟੀ ਦੀ ਮੈਂਬਰੀ ਵੀ ਛੱਡੀ
ਸੁਖਬੀਰ ਬਾਦਲ ਵਲੋਂ ਅਸਤੀਫ਼ਾ ਪ੍ਰਵਾਨ
ਗੁਰਦਾਸਪੁਰ/ਬਿਊਰੋ ਨਿਊਜ਼:
ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਥਾਣਾ ਸਿਟੀ (ਗੁਰਦਾਸਪੁਰ) ਵਿੱਚ ਜਬਰਜਨਾਹ ਅਤੇ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਸੁਰੱਖਿਆ ਹੇਠ ਪੀੜਤ ਦਾ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਹੋਇਆ। ਪੀੜਤ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਨਾਲ ਵੀਡੀਓ ਕਲਿੱਪ ਵੀ ਦਿੱਤੀ, ਜਿਸ ਦੇ ਆਧਾਰ ਉੱਤੇ ਪੁਲੀਸ ਨੇ ਜਾਂਚ ਮਗਰੋਂ ਕਾਰਵਾਈ ਕੀਤੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ ਫ਼ੌਰੀ ਮਨਜ਼ੂਰ ਕਰ ਲਏ ਹਨ। ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਲੰਗਾਹ ਦਾ ਸੁਨੇਹਾ ਮਿਲਿਆ ਹੈ ਕਿ ਉਹ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਖੁਦ ਨੂੰ ਕਾਨੂੰਨੀ ਪ੍ਰਕਿਰਿਆ ਅੱਗੇ ਪੇਸ਼ ਕਰਨਾ ਚਾਹੁੰਦੇ ਹਨ। ਲੰਗਾਹ ਨੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।
ਥਾਣਾ ਸਿਟੀ ਵਿੱਚ ਸਾਬਕਾ ਅਕਾਲੀ ਮੰਤਰੀ ਖ਼ਿਲਾਫ਼ ਦਰਜ ਚਾਰ ਪੰਨਿਆਂ ਦੀ ਐਫਆਈਆਰ ਵਿੱਚ ਪੀੜਤ ਨੇ ਕਈ ਖੁਲਾਸੇ ਕੀਤੇ ਹਨ। ਉਸ ਨੇ ਉੱਚ ਅਧਿਕਾਰੀਆਂ ਨੂੰ ਇਨਸਾਫ਼ ਦੀ ਅਪੀਲ ਕਰਦਿਆਂ ਖ਼ੁਦ ਅਤੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਪੀੜਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋਣ ਕਾਰਨ 2 ਬੱਚਿਆਂ ਦੀ ਜ਼ਿੰਮੇਵਾਰੀ ਉਸ ਦੇ ਸਿਰ ਹੋਣ ਕਾਰਨ ਨੌਕਰੀ ਦੀ ਸਖ਼ਤ ਲੋੜ ਸੀ। ਇਸ ਕਾਰਨ ਪਹਿਲੀ ਵਾਰ 2009 ਵਿੱਚ ਪਰਿਵਾਰ ਸਮੇਤ ਸੁੱਚਾ ਸਿੰਘ ਲੰਗਾਹ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਚ ਮਿਲੀ। ਇਸ ਤੋਂ ਬਾਅਦ ਦੋ-ਤਿੰਨ ਵਾਰ ਜਦੋਂ ਇਕੱਲੀ ਮਿਲੀ ਤਾਂ ਡਰਾ ਧਮਕਾ ਕੇ ਅਤੇ ਨੌਕਰੀ ਦਿਵਾਉਣ ਦਾ ਆਖ ਕੇ ਸੁੱਚਾ ਸਿੰਘ ਲੰਗਾਹ ਨੇ ਉਸ ਦਾ ਸਰੀਰਿਕ ਸ਼ੋਸ਼ਣ ਕੀਤਾ। ਪੀੜਤ ਨੂੰ ਪਤੀ ਦੀ ਥਾਂ ਤਰਸ ਦੇ ਆਧਾਰ ਉੱਤੇ ਨੌਕਰੀ ਮਿਲਣ ਤੋਂ ਬਾਅਦ ਵੀ ਬਲੈਕਮੇਲ ਕਰ ਕੇ ਸਰੀਰਿਕ ਸ਼ੋਸ਼ਣ ਕੀਤਾ ਜਾਂਦਾ ਰਿਹਾ। ਉਸ ਨੇ ਲੰਗਾਹ ਉਤੇ ਹੋਰ ਔਰਤਾਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਨਾਲ ਨਾਲ ਉਸ ਦੀ ਜ਼ਮੀਨ ਅਤੇ ਮਕਾਨ ਵਿਕਵਾਉਣ ਤੋਂ ਇਲਾਵਾ ਧਮਕਾਉਣ ਦੇ ਕਈ ਗੰਭੀਰ ਦੋਸ਼ ਲਾਏ। ਇਸ ਸ਼ਿਕਾਇਤ ਦੇ ਆਧਾਰ ਉੱਤੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਸਿਫ਼ਾਰਸ਼ ਉੱਤੇ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਆਈਪੀਸੀ ਦੀ ਧਾਰਾ 376, 384, 420 ਅਤੇ 506 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੌਰਤਲਬ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਸਾਬਕਾ ਅਕਾਲੀ ਵਜ਼ੀਰ ਖ਼ਿਲਾਫ਼ ਕੇਸ ਦਰਜ ਹੋਣਾ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਲਈ ਨੁਕਸਾਨ ਦਾ ਸਬੱਬ ਬਣ ਸਕਦਾ ਹੈ। ਸ੍ਰੀ ਲੰਗਾਹ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਹਨ, ਜਿਸ ਕਾਰਨ ਸਲਾਰੀਆ ਦੀ ਚੋਣ ਮੁਹਿੰਮ ਦੀ ਕਮਾਂਡ ਉਨ੍ਹਾਂ ਕੋਲ ਹੈ।
ਸਾਬਕਾ ਅਕਾਲੀ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਆਪਣੇ ਉੱਪਰ ਦਰਜ ਹੋਏ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਉਪਰ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਡੀ.ਜੀ.ਪੀ. ਪੰਜਾਬ ਨੂੰ 7 ਐਸ.ਐਚ.ਓ. ਖ਼ਿਲਾਫ਼ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ਨੇ 200 ਤੋਂ ਵੱਧ ਅਕਾਲੀ ਵਰਕਰਾਂ ਉੱਪਰ ਝੂਠੇ ਮਾਮਲੇ ਦਰਜ ਕੀਤੇ ਸੀ ਤਾਂ ਜੋ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੇ ਪ੍ਰਚਾਰ ਤੋਂ ਉਨ੍ਹਾਂ ਨੂੰ ਦੂਰ ਰੱਖਿਆ ਜਾ ਸਕੇ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਉਨ੍ਹਾਂ ਕਿਹਾ ਕਿ ਜਿਸ ਔਰਤ ਨੇ ਉਨ੍ਹਾਂ ਉੱਪਰ ਦੋਸ਼ ਲਗਾਏ ਹਨ, ਉਹ ਪੁਲਿਸ ਦੀ ਮੁਲਾਜ਼ਮ ਹੈ, ਜਿਸ ਕਾਰਨ ਪੁਲਿਸ ਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਨਾਲ ਪੂਰੀ ਤਰ੍ਹਾਂ ਸੋਚ ਸਮਝ ਕੇ ਮੇਰੇ ‘ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਹੀ ਦਿਨ ਵਿਚ ਪੁਲਿਸ ਨੂੰ ਸ਼ਿਕਾਇਤ ਆਉਂਦੀ ਹੈ, ਇਕ ਹੀ ਦਿਨ ਵਿਚ ਤਫਤੀਸ਼ ਹੁੰਦੀ ਹੈ, ਇਕ ਹੀ ਦਿਨ ਵਿਚ ਰਿਪੋਰਟ ਉਚ-ਅਧਿਕਾਰੀਆਂ ਨੂੰ ਜਾਂਦੀ ਹੈ ਤੇ ਉਸੇ ਹੀ ਦਿਨ ਐਫ.ਆਈ.ਆਰ. ਦਰਜ ਹੋ ਜਾਂਦੀ ਹੈ। ਇਹ ਨਾਟਕ ਵਿਰੋਧੀ ਪਾਰਟੀਆਂ ਸਿਰਫ ਸਿਆਸੀ ਲਾਹਾ ਲੈਣ ਲਈ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਕ ਜ਼ਿੰਮੇਵਾਰ ਨਾਗਰਿਕ ਹਨ, ਇਸ ਲਈ ਉਹ ਉਦੋਂ ਤੱਕ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੰਦੇ ਹਨ, ਜਦੋਂ ਤੱਕ ਇਹ ਮਸਲਾ ਸੁਲਝ ਨਹੀਂ ਜਾਂਦਾ ਤੇ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਉਪਰ ਪੂਰਾ ਭਰੋਸਾ ਹੈ।