ਪੰਜਾਬ ਸ਼੍ਰੋਮਣੀ ਕਮੇਟੀ ਗਿਆਨੀ ਗੁਰਮੁਖ ਸਿੰਘ ‘ਤੇ ਹੋਈ ਸਖ਼ਤ

ਪੰਜਾਬ ਸ਼੍ਰੋਮਣੀ ਕਮੇਟੀ ਗਿਆਨੀ ਗੁਰਮੁਖ ਸਿੰਘ ‘ਤੇ ਹੋਈ ਸਖ਼ਤ
ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸਥਿਤ ਮਕਾਨ ਦੀ ਕੱਟੀ ਬਿਜਲੀ ਸਪਲਾਈ ਬਾਰੇ ਦੱਸਦੇ ਹੋਏ ਗਿਆਨੀ ਗੁਰਮੁਖ ਸਿੰਘ ਦੇ ਪਿਤਾ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਤੋਂ ਸਿਆਸੀ ਦਬਾਅ ਹੇਠ ਮੁਆਫ਼ੀ ਦਿੱਤੇ ਜਾਣ ਦਾ ਦਾਅਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਮੱਥਾ ਲਾਉਣ ਵਾਲੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਮਕਾਨ ਖਾਲੀ ਕਰਨ ਦਾ ਆਦੇਸ਼ ਦਿੱਤੇ ਜਾਣ ਮਗਰੋਂ ਅੱਜ ਉਨ੍ਹਾਂ ਦੇ ਘਰ ਦਾ ਬਿਜਲੀ-ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ, ਜੋ ਦੇਰ ਸ਼ਾਮ ਨੂੰ ਬਹਾਲ ਕਰ ਦਿੱਤਾ।
ਸਾਬਕਾ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਕਾਨ ਖਾਲੀ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਸੀ। ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਪਰਿਕਰਮਾ ਵਿਚ ਬਣੇ ਕੁਆਰਟਰਾਂ ਵਿਚੋਂ ਇਕ ਕੁਆਰਟਰ ਗਿਆਨੀ ਗੁਰਮੁਖ ਸਿੰਘ ਕੋਲ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਤਬਾਦਲਾ ਹਰਿਆਣਾ ਦੇ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਕੀਤਾ ਹੈ ਪਰ ਉਨ੍ਹਾਂ ਦਾ ਪਰਿਵਾਰ ਇਥੇ ਹੀ ਰਹਿ ਰਿਹਾ ਹੈ।
ਉਨ੍ਹਾਂ ਦੀ ਪਤਨੀ ਸੁਖਰਾਜ ਕੌਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦਾ ਮੈਨੇਜਰ ਉਨ੍ਹਾਂ ਦੇ ਘਰ ਆਇਆ ਸੀ ਅਤੇ ਘਰ ਖਾਲੀ ਕਰਨ ਵਾਸਤੇ ਆਖਿਆ ਸੀ। ਇਸ ਸਬੰਧੀ ਉਨ੍ਹਾਂ ਦੀ ਗਿਆਨੀ ਗੁਰਮੁਖ ਸਿੰਘ ਨਾਲ ਗੱਲ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਦੋ ਦਿਨ ਬੀਤਣ ਮਗਰੋਂ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਇਥੇ ਮਕਾਨ ਵਿਚ ਸਾਬਕਾ ਜਥੇਦਾਰ ਦੇ ਬਜ਼ੁਰਗ ਮਾਪੇ, ਪਤਨੀ ਅਤੇ ਬੇਟਾ ਰਹਿ ਰਿਹਾ ਹੈ। ਉਨ੍ਹਾਂ ਦੇ ਪਿਤਾ ਦਿਲ ਦੇ ਮਰੀਜ਼ ਹਨ ਅਤੇ ਬੀਤੇ ਸਾਲ ਸਟੈਂਟ ਪਿਆ ਸੀ। ਮਾਤਾ ਵੀ ਬਿਮਾਰ ਹਨ ਅਤੇ ਬੇਟਾ 12ਵੀਂ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਇਸ ਵਤੀਰੇ ਕਾਰਨ ਬਜ਼ੁਰਗ ਮਾਂ-ਪਿਓ ਨੂੰ ਮੁਸ਼ਕਲ ਆਈ ਹੈ। ਉਨ੍ਹਾਂ ਕਿਹਾ ਕਿ ਬੇਟੇ ਦੀ ਪ੍ਰੀਖਿਆ ਤਕ ਮਕਾਨ ਖਾਲੀ ਕਰਕੇ ਜਾਣਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੂੰ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਬਾਰੇ ਸੱਚ ਦਾ ਖੁਲਾਸਾ ਕਰਨ ਲਈ ਇਹ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੇ ਤਣਾਅ ਵਾਲੇ ਮਾਹੌਲ ਵਿਚ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜ਼ਿੰਮੇਵਾਰ ਹੋਣਗੇ।
ਦੱਸਣਯੋਗ ਹੈ ਕਿ ਸਤੰਬਰ 2015 ਨੂੰ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਇਕ ਪੱਤਰ ਦੇ ਆਧਾਰ ‘ਤੇ ਮੁਆਫੀ ਦੇਣ ਦਾ ਫੈਸਲਾ ਕੀਤਾ ਸੀ, ਜਿਸ ਦਾ ਸੰਗਤ ਵੱਲੋਂ ਭਾਰੀ ਵਿਰੋਧ ਹੋਣ ਮਗਰੋਂ 16 ਅਕਤੂਬਰ ਨੂੰ ਇਹ ਫੈਸਲਾ ਵਾਪਸ ਲੈ ਲਿਆ ਗਿਆ। ਇਸ ਫੈਸਲੇ  ਸਮੇਂ ਗਿਆਨੀ ਗੁਰਮੁਖ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ  ਪੰਜ ਸਿੰਘ ਸਾਹਿਬਾਨ ‘ਚ ਸ਼ਾਮਲ ਸਨ। ਮਗਰੋਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਡੇਰਾ ਮੁਖੀ ਨੂੰ ਮੁਆਫੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਵੱਲੋਂ ਦਬਾਅ ਪਾਇਆ ਗਿਆ ਸੀ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਦਾ ਲਗਪਗ ਛੇ ਮਹੀਨੇ ਪਹਿਲਾਂ ਹਰਿਆਣਾ ਦੇ ਗੁਰਦੁਆਰੇ ‘ਚ ਤਬਾਦਲਾ ਕੀਤਾ ਸੀ। ਨਿਯਮਾਂ ਮੁਤਾਬਕ ਤਬਾਦਲੇ ਮਗਰੋਂ ਉਨ੍ਹਾਂ ਨੂੰ ਕੁਆਰਟਰ ਖਾਲੀ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਕਈ ਵਾਰ ਭੇਜੇ ਨੋਟਿਸ ਅਣਡਿੱਠ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਕੁਆਰਟਰ ਕਿਸੇ ਹੋਰ ਮੁਲਾਜ਼ਮ ਨੂੰ ਅਲਾਟ ਕੀਤਾ ਗਿਆ ਹੈ ਅਤੇ ਖਾਲੀ ਕਰਾਉਣਾ ਜ਼ਰੂਰੀ ਹੈ। ਇਕ ਮੁਲਾਜ਼ਮ ਨੂੰ ਦੋ ਥਾਵਾਂ ‘ਤੇ ਕੁਆਰਟਰ ਨਹੀਂ ਮਿਲ ਸਕਦਾ।
ਸ਼੍ਰੋਮਣੀ ਕਮੇਟੀ ਦੀ ਕਾਰਵਾਈ ਦਾ ਸਰਨਾ ਵੱਲੋਂ ਵਿਰੋਧ
ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਕੁਆਰਟਰ ਦਾ ਬਿਜਲੀ-ਪਾਣੀ ਕੁਨੈਕਸ਼ਨ ਕੱਟੇ ਜਾਣ ਦੀ ਕਾਰਵਾਈ ਨੂੰ ਸ਼੍ਰੋਮਣੀ ਕਮੇਟੀ ਦਾ ਨਾਦਰਸ਼ਾਹੀ ਫ਼ਰਮਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਪਿਛਲੇ ਸੱਚ ਨੂੰ ਉਜਾਗਰ ਕਰਕੇ ਕੋਈ ਗੁਨਾਹ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਬਾਅਦ ਹੁਣ ਇਨ੍ਹਾਂ ਕੁਆਰਟਰਾਂ ਦਾ ਬਿਜਲੀ ਪਾਣੀ ਕੱਟਿਆ ਗਿਆ ਹੈ।