ਕੈਨੇਡਾ ‘ਚ ਕੱਟੜ ਹਿੰਦੂ ਜਥੇਬੰਦੀਆਂ ਦੀ ਆਵਾਜ਼ ਉੱਚੀ ਹੋਣ ਲੱਗੀ : ਰਚਨਾ ਸਿੰਘ

ਕੈਨੇਡਾ ‘ਚ ਕੱਟੜ ਹਿੰਦੂ ਜਥੇਬੰਦੀਆਂ ਦੀ ਆਵਾਜ਼ ਉੱਚੀ ਹੋਣ ਲੱਗੀ : ਰਚਨਾ ਸਿੰਘ

ਕੈਪਸ਼ਨ-ਸਮਾਗਮ ਦੌਰਾਨ ਸੰਬੋਧਨ ਕਰਦੀ ਹੋਈ ਵਿਧਾਇਕਾ ਰਚਨਾ ਸਿੰਘ।
ਚੰਡੀਗੜ੍ਹ/ਬਿਊਰੋ ਨਿਊਜ਼ :
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ) ਦੇ ਹਲਕੇ ਸਰੀ ਗਰੀਨ ਟਿੰਬਰ ਦੀ ਵਿਧਾਇਕਾ ਰਚਨਾ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਹਿੰਦੂ ਧਰਮ ਦੀਆਂ ਕੱਟੜ ਜਥੇਬੰਦੀਆਂ ਕੈਨੇਡਾ ਵਿੱਚ ਵੀ ਸਰਗਰਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਆਰਐਸਐਸ ਵਰਗੀ ਕਿਸੇ ਸੰਸਥਾ ਦਾ ਵਜੂਦ ਤਾਂ ਨਹੀਂ ਹੈ, ਪਰ ਆਰਐਸਐਸ ਨਾਲ ਮਿਲਦੀਆਂ-ਜੁਲਦੀਆਂ ਕਈ ਜਥੇਬੰਦੀਆਂ ਉੱਥੋਂ ਦੇ ਮੰਦਰਾਂ ਵਿਚ ਟੋਟਿਆਂ ਦੇ ਰੂਪ ਵਿੱਚ ਚਿਰਾਂ ਤੋਂ ਵੱਸੀਆਂ ਹੋਈਆਂ ਹਨ। ਵਿਧਾਇਕਾ ਨੇ ਕਿਹਾ ਕਿ ਪਹਿਲਾਂ ਇਹ ਜਥੇਬੰਦੀਆਂ ਦੱਬਵੀਂ ਆਵਾਜ਼ ਵਿੱਚ ਸਰਗਰਮ ਸਨ ਤੇ ਮੋਦੀ ਸਰਕਾਰ ਬਣਨ ਤੋਂ ਬਾਅਦ ਇਹ ਖੁੱਲ੍ਹ ਕੇ ਸਾਹਮਣੇ ਆਈਆਂ ਹਨ।
ਇੱਥੇ ਆਲ ਇੰਡੀਆ ਪੀਸ ਐਂਡ ਸੌਲੀਡੈਰਿਟੀ ਆਰਗੇਨਾਈਜੇਸ਼ਨ ਵੱਲੋਂ ਵਿਧਾਇਕ ਰਚਨਾ ਸਿੰਘ ਦਾ ਸਨਮਾਨ ਕਰਨ ਲਈ ਸਮਾਗਮ ਕਰਾਇਆ ਗਿਆ ਸੀ। ਸਮਾਗਮ ਦੀ ਪ੍ਰਧਾਨਗੀ ਗੁਲਜ਼ਾਰ ਸਿੰਘ ਸੰਧੂ ਨੇ ਕੀਤੀ ਤੇ ਸ਼ੁਰੂਆਤ ਵਿੱਚ ਆਰ ਐੱਲ ਮੋਦਗਿਲ ਨੇ ਰਚਨਾ ਸਿੰਘ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰਚੰਦ ਸਿੰਘ ਬਾਠ ਨੇ ਸਰੋਤਿਆਂ ਨਾਲ ਵਿਧਾਇਕਾ ਦੀ ਜਾਣ-ਪਛਾਣ ਕਰਵਾਈ। ਸਮਾਗਮ ਨੂੰ ਸੰਬੋਧਨ ਕਰਦਿਆਂ ਰਚਨਾ ਸਿੰਘ ਨੇ ਕਿਹਾ ਕਿ ਨਸਲੀ ਭੇਦਭਾਵ ਦਾ ਅੰਸ਼ ਅੱਜ ਵੀ ਕੈਨੇਡਾ ਵਿੱਚ ਮੌਜੂਦ ਹੈ ਪਰ ਇਹ ਭੇਦਭਾਵ ਵੱਡੇ ਪੱਧਰ ‘ਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਵੱਸਦੇ ਪੰਜਾਬੀ ਨੌਜਵਾਨ ਅਤੇ ਬੱਚੇ ਚੰਡੀਗੜ੍ਹ ਵਿਚ ਰਹਿੰਦੇ ਨੌਜਵਾਨਾਂ ਅਤੇ ਬੱਚਿਆਂ ਨਾਲੋਂ ਵਧੀਆ ਪੰਜਾਬੀ ਬੋਲਦੇ ਹਨ। ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਲਗਾਤਾਰ ਹੁਲਾਰਾ ਮਿਲ ਰਿਹਾ ਹੈ।