ਗੈਂਸਗਟਰ ਦਿਲਪ੍ਰੀਤ ਬਾਬਾ ਦੇ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਗੈਂਸਗਟਰ ਦਿਲਪ੍ਰੀਤ ਬਾਬਾ ਦੇ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਲੁਧਿਆਣਾ/ਬਿਊਰੋ ਨਿਊਜ਼ :
ਪੰਜਾਬ ਦੇ ਲੋੜੀਂਦੇ ਗੈਂਗਸਟਰਾਂ ਵਿੱਚ ਸ਼ਾਮਲ ਦਿਲਪ੍ਰੀਤ ਉਰਫ਼ ਬਾਬਾ ਗੈਂਗ ਦੇ ਦੋ ਮੈਂਬਰਾਂ ਨੂੰ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦਿਲਪ੍ਰੀਤ ਸਿੰਘ ਤੇ ਗੈਂਗ ਸਰਗਨਾ ਹਰਿੰਦਰ ਸਿੰਘ ਰਿੰਦਾ ਦੀ ਭਾਲ ਜਾਰੀ ਹੈ। ਪੁਲੀਸ ਨੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਇੱਕ ਹੋਰ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਕਾਬੂ ਆਏ ਗੈਂਗਸਟਰਾਂ ਦੀ ਪਛਾਣ ਹਨੀ ਕੁਮਾਰ ਉਰਫ਼ ਕੱਟੀ ਵਾਸੀ ਪਿੰਡ ਰਾਮਪੁਰ ਹੁਸ਼ਿਆਰਪੁਰ ਤੇ ਸਿਕੰਦਰ ਸਿੰਘ ਸਾਂਹਸੀ ਵਾਸੀ ਗੁਰੂ ਕਾ ਖ਼ੂਹ ਤਰਨ ਤਾਰਨ ਜਦਕਿ ਤੀਜੇ ਮੁਲਜ਼ਮ ਦੀ ਮਨਦੀਪ ਸਿੰਘ ਉਰਫ਼ ਨਗੀਨਾ ਵਾਸੀ ਮਿਹਰਬਾਨ ਵਜੋਂ ਹੋਈ ਹੈ।  ਪੁਲੀਸ ਨੇ ਤਿੰਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਦੀ ਸਵਿਫ਼ਟ ਕਾਰ, 315 ਬੋਰ ਦੀਆਂ ਦੋ ਪਿਸਤੌਲਾਂ, ਇੱਕ ਪਿਸਤੌਲ 32 ਬੋਰ ਦੀ ਅਤੇ 6 ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਬਾਬਾ ਅਤੇ ਰਿੰਦਾ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਆਰ.ਐਨ ਢੋਕੇ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ  ਸੀ ਕਿ ਇਹ ਤਿੰਨੇ ਮੁਲਜ਼ਮ ਸ਼ਹਿਰ ਵਿੱਚ ਹਨ। ਪੁਲੀਸ ਨੇ ਵੱਖ-ਵੱਖ ਟੀਮਾਂ ਬਣਾ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕਤਲ ਸਮੇਤ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਸਨ। ਗੈਂਗਸਟਰ ਬਾਬਾ ਦਾ ਨਜ਼ਦੀਕੀ ਸਾਥੀ ਹੋਣ ਕਾਰਨ ਹਨੀ ਵੀ ਵਾਰਦਾਤਾਂ ਕਰਨ ਵਿਚ ਪਿੱਛੇ ਨਹੀਂ ਸੀ। ਹਨੀ ਨੇ ਪਿਛਲੇ ਸਾਲ ਮਈ ਵਿੱਚ ਆਪਣੇ ਸਾਥੀਆਂ ਨਾਮ ਮਿਲ ਕੇ ਹੁਸ਼ਿਆਰਪੁਰ ਵਿੱਚ ਏਐਸਆਈ ਦੇ ਲੜਕੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਚੱਲ ਰਿਹਾ ਸੀ। ਇਸ ਤੋਂ ਇਲਾਵਾ ਹਨੀ ਖ਼ਿਲਾਫ਼ ਨਸ਼ਾ ਤਸਕਰੀ ਤੇ ਸ਼ਰਾਬ ਤਸਕਰੀ ਦੇ ਕਈ ਕੇਸ ਦਰਜ ਹਨ। ਮੁਲਜ਼ਮ ਸਿਕੰਦਰ ਸਿੰਘ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਨਸ਼ਾ ਤਸਕਰੀ, ਸ਼ਰਾਬ ਤਸਕਰੀ, ਲੁੱਟ ਖੋਹ ਤੇ ਕਤਲ ਦੀ ਕੋਸ਼ਿਸ਼ ਸਮੇਤ ਹੋਰ ਮਾਮਲਿਆਂ ਵਿਚ ਲੋੜੀਂਦਾ ਸੀ। ਮੁਲਜ਼ਮ ਨਗੀਨਾ ਖਿਲਾਫ਼ ਵੀ ਤਸਕਰੀ ਦੇ ਕੇਸ ਦਰਜ ਹਨ।