ਸਰੀ : ਸੈਲੂਲਰ ਜੇਲ੍ਹ ਦਾ ਨਾਂ ‘ਗ਼ਦਰੀਆਂ’ ਦੇ ਨਾਂ ‘ਤੇ ਰੱਖਣ ਦੀ ਮੰਗ ਉਠੀ

ਸਰੀ  : ਸੈਲੂਲਰ ਜੇਲ੍ਹ ਦਾ ਨਾਂ ‘ਗ਼ਦਰੀਆਂ’ ਦੇ ਨਾਂ ‘ਤੇ ਰੱਖਣ ਦੀ ਮੰਗ ਉਠੀ

ਕੈਪਸ਼ਨ- ਮੇਲੇ ਵਿੱਚ ਬਾਹਵਾਂ ਖੜ੍ਹੀਆਂ ਕਰ ਕੇ ਮਤੇ ਨੂੰ ਹਮਾਇਤ ਦਿੰਦੇ ਹੋਏ ਲੋਕ।  
ਸਰੀ/ਬਿਊਰੋ ਨਿਊਜ਼ :
ਸਰੀ (ਕੈਨੇਡਾ) ਵਿੱਚ ਸਾਲਾਨਾ ਗ਼ਦਰੀ ਯਾਦਗਾਰੀ ਮੇਲੇ ਵਿੱਚ ਹਜ਼ਾਰਾਂ ਲੋਕਾਂ ਨੇ ਬਾਹਵਾਂ ਖੜ੍ਹੀਆਂ ਕਰ ਕੇ ਭਾਰਤ ਦੇ ਅੰਡੇਮਾਨ ਨਿਕੋਬਾਰ ਟਾਪੂਆਂ ਵਿਚਲੀ ਸੈਲੂਲਰ ਜੇਲ੍ਹ ਦਾ ਨਾਂ ਗ਼ਦਰੀਆਂ ਦੇ ਨਾਂ ‘ਤੇ ਰੱਖਣ ਦੀ ਮੰਗ ਕਰਦੇ ਮਤੇ ਨੂੰ ਪ੍ਰਵਾਨਗੀ ਦਿੱਤੀ।
ਸਮਾਗਮ ਦੌਰਾਨ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਆਗੂ ਸਾਹਿਬ ਥਿੰਦ ਨੇ ਪੰਜ ਮਤੇ ਪੇਸ਼ ਕੀਤੇ, ਜਿਨ੍ਹਾਂ ਵਿੱਚ ਸੈਲੂਲਰ ਜੇਲ੍ਹ ਦਾ ਨਾਂ ਬਦਲਣ ਦੀ ਮੰਗ ਕਰਦਾ ਮਤਾ ਵੀ ਸ਼ਾਮਲ ਸੀ। ਇਨ੍ਹਾਂ ਮਤਿਆਂ ਨੂੰ ਸਮਾਗਮ ਵਿੱਚ ਸ਼ਾਮਲ ਲੋਕਾਂ ਨੇ ਹਮਾਇਤ ਦਿੱਤੀ। ਕੈਨੇਡਾ ਸਰਕਾਰ ਨੇ ਪਿਛਲੇ ਸਾਲ ਕੌਮਾਗਾਟਾ ਮਾਰੂ ਜਹਾਜ਼ ਕਾਂਡ ਲਈ ਮੁਆਫ਼ੀ ਮੰਗੀ ਸੀ ਤੇ ਇਸ ਸਬੰਧੀ ਪਟੀਸ਼ਨ ਦਾਇਰ ਕਰਨ ਵਿੱਚ ਮੁੱਖ ਭੂਮਿਕਾ ਸ੍ਰੀ ਥਿੰਦ ਨੇ ਹੀ ਨਿਭਾਈ ਸੀ। ਹੁਣ ਉਨ੍ਹਾਂ ਨੇ ਭਾਰਤ ਵਿਚਲੀ ਜੇਲ੍ਹ ਦਾ ਨਾਂ ਤਰਦੀਲ ਕਰਵਾਉਣ ਲਈ ਮੁਹਿੰਮ ਵਿੱਢੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਜ਼ਾਦੀ ਦੇ ਘੋਲ ਦੇ ਅਸਲ ਨਾਇਕਾਂ ਨੂੰ ਮਾਣ-ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਨਾ ਕਿ ਸਾਵਰਕਰ ਵਰਗੇ ਲੋਕਾਂ ਨੂੰ, ਜਿਨ੍ਹਾਂ ਨੇ ਨਾ ਸਿਰਫ਼ ਫਿਰਕੂ ਪਹੁੰਚ ਅਪਣਾਈ ਸਗੋਂ ਬਰਤਾਨਵੀ ਸਰਕਾਰ ਤੋਂ ਮੁਆਫ਼ੀ ਵੀ ਮੰਗੀ। ਸ੍ਰੀ ਥਿੰਦ ਦਾ ਕਹਿਣਾ ਹੈ ਕਿ ਸਾਵਰਕਰ ਹਿੰਦੂਤਵ ਦੇ ਰੰਗ ਵਿੱਚ ਰੰਗਿਆ ਸਿਧਾਂਤਕਾਰ ਸੀ ਤੇ ਉਹ ਕਥਿਤ ਤੌਰ ‘ਤੇ ਮਹਾਤਮਾ ਗਾਂਧੀ ਦੇ ਕਤਲ ਵਿੱਚ ਵੀ ਸ਼ਾਮਲ ਸੀ।
ਸ੍ਰੀ ਥਿੰਦ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਪੋਰਟ ਬਲੇਅਰ ਹਵਾਈ ਅੱਡੇ ਦਾ ਨਾਂ ਸਾਵਰਕਰ ਦੇ ਨਾਂ ‘ਤੇ ਰੱਖੇ ਜਾਣ ਦਾ ਵਿਰੋਧ ਕੀਤਾ ਸੀ ਤੇ ਇਸ ਹਵਾਈ ਅੱਡੇ ਦਾ ਨਾਂ ਗ਼ਦਰ ਲਹਿਰ ਦੇ ਆਧਾਰ ‘ਤੇ ਰੱਖਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦੀ ਸੰਸਥਾ ਇਸ ਸਬੰਧੀ ਭਾਰਤ ਸਰਕਾਰ ਨੂੰ ਲਿਖਤੀ ਅਪੀਲ ਕਰੇਗੀ ਤੇ ਭਾਰਤੀ ਸਫ਼ਾਰਤਖ਼ਾਨੇ ਜ਼ਰੀਏ ਚਿੱਠੀ ਵੀ ਘੱਲੇਗੀ। ਉਪਰੋਕਤ ਮਤਿਆਂ ਤੋਂ ਇਲਾਵਾ ਕੈਨੇਡਾ ਦੇ ਸਰਕਾਰੀ ਰਿਕਾਰਡ ਵਿੱਚ ਭਾਈ ਮੇਵਾ ਸਿੰਘ ਬਾਰੇ ‘ਟਿਪਣੀ’ ਸਬੰਧੀ ਸੋਧ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ। ਮੇਵਾ ਸਿੰਘ ਪਹਿਲਾ ਭਾਰਤੀ ਜੁਝਾਰੂ ਸੀ, ਜਿਸ ਨੂੰ ਕੈਨੇਡਾ ਵਿੱਚ ਫਾਹੇ ਲਾਇਆ ਗਿਆ ਸੀ। ਉਸ ਨੂੰ ਹਾਲੇ ਵੀ ਵਿਵਾਦਤ ਪਰਵਾਸ ਅਧਿਕਾਰੀ ਵਿਲੀਅਮ ਹੋਪਕਿਨਸਨ ਦੇ ਕਾਤਲ ਵਜੋਂ ਹੀ ਦੇਖਿਆ ਜਾਂਦਾ ਹੈ। ਇਸ ਮੌਕੇ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ। ਉਨ੍ਹਾਂ ਦਾ 100ਵਾਂ ਸ਼ਹੀਦੀ ਦਿਹਾੜਾ ਇਸ ਸਾਲ ਹੀ ਮਨਾਇਆ ਗਿਆ ਹੈ। ਹੋਰਨਾਂ ਮਤਿਆਂ ਤਹਿਤ ਮੰਗ ਕੀਤੀ ਗਈ ਕਿ ਗ਼ਦਰ ਲਹਿਰ ਦਾ ਇਤਿਹਾਸ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਾਇਆ ਜਾਵੇ ਨਾਲੇ ਬਜ-ਬਜ ਘਾਟ( ਕੌਮਾਗਾਟਾ ਮਾਰੂ) ‘ਤੇ ਬਰਤਾਨਵੀ ਸਰਕਾਰ ਦੇ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਨੂੰ ਕੌਮੀ ਸ਼ਹੀਦ ਐਲਾਨਿਆ ਜਾਵੇ।