ਬਹਿਬਲ ਕਲਾਂ ਗੋਲੀਕਾਂਡ : ਪੀੜਤ ਸਿੱਖ ਪਰਿਵਾਰਾਂ ਨੂੰ ਮੁਆਵਜ਼ਾ

ਬਹਿਬਲ ਕਲਾਂ ਗੋਲੀਕਾਂਡ :  ਪੀੜਤ ਸਿੱਖ ਪਰਿਵਾਰਾਂ ਨੂੰ ਮੁਆਵਜ਼ਾ

ਚੰਡੀਗੜ੍ਹ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਈ ਦੋ ਸਿੰਘਾਂ ਦੇ ਪਰਵਾਰਾਂ ਨੂੰ ਅਤੇ ਜ਼ਖਮੀ ਹੋਏ ਸਿੱਖਾਂ ਨੂੰ 2.90 ਕਰੋੜ ਰੁਪਏ ਦੀ ਐਲਾਨੀ ਵਿੱਤੀ ਮਦਦ ਤਕਸੀਮ ਕੀਤੀ। ਇਹ ਮਦਦ ਦੇਣ ਬਾਰੇ ਐਲਾਨ ਮੁੱਖ ਮੰਤਰੀ ਨੇ 30 ਜੁਲਾਈ ਦੀ ਪੱਤਰਕਾਰ ਮਿਲਣੀ ਦੌਰਾਨ ਕੀਤਾ ਸੀ।

ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸ਼ਹੀਦਾਂ ਦੇ ਵਾਰਸਾਂ ਨੂੰ 75 ਲੱਖ ਰੁਪਏ ਅਤੇ ਨੌਕਰੀ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਇਹ ਚੈੱਕ ਦੇਣ ਵੇਲੇ ਕੈਪਟਨ ਅਮਰਿੰਦਰ ਸਿੰਘ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਹਰਮਿੰਦਰ ਸਿੰਘ ਗਿੱਲ ਵੀ ਨਾਲ ਸਨ।
ਮੁੱਖ ਮੰਤਰੀ ਦਫ਼ਤਰ, ਪੰਜਾਬ ਵੱਲੋ ਜਾਰੀ ਲਿਖਤੀ ਬਿਆਨ ਵਿੱਚ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਗੁਰਜੀਤ ਸਿੰਘ ਪਿੰਡ ਸਰਾਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਪਿੰਡ ਬਹਿਬਲ ਖੁਰਦ ਦੇ ਪਰਿਵਾਰਾਂ ਲਈ ਪਹਿਲਾਂ ਜਾਰੀ ਮਾਇਆ ਵਿਚ ਦੋਵਾਂ ਪਰਿਵਾਰਾਂ ਲਈ 90-90 ਲੱਖ ਰੁਪਏ ਦਾ ਵਾਧਾ ਕੀਤਾ ਸੀ। ਜ਼ਿਕਰਯੋਗ ਹੈ ਕਿ ਜਿਸ ਵੇਲੇ ਇਹ ਘਟਨਾਂ ਵਾਪਰੀ ਸੀ, ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਨੇ ਸ਼ਹੀਦ ਪਰਿਵਾਰਾਂ ਨੂੰ ਸਿਰਫ਼ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਸੀ।

ਇਸ ਤੋਂ ਇਲਾਵਾ ਜ਼ਿਲਾ ਬਠਿੰਡਾ ਦੇ ਪਿੰਡ ਨਾਥਪੁਰਾ ਦੇ ਅਜੀਤ ਸਿੰਘ, ਜੋ ਉਸ ਵੇਲੇ ਗੰਭੀਰ ਜ਼ਖਮੀ ਹੋ ਗਿਆ ਸੀ, ਨੂੰ 60 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਦੇ ਨਾਲ ਹੀ ਉਸਦੇ ਇਲਾਜ ਉੱਤੇ ਹੋਇਆ ਮੁਕੰਮਲ ਖਰਚ ਵੀ ਅਦਾ ਕਰਨ ਦਾ ਐਲਾਨ ਕਰਦਿਆਂ ਉਸ ਦੀ ਦੇਖਭਾਲ ਲਈ 15,000 ਰੁਪਏ ਪ੍ਰਤੀ ਮਹੀਨਾ ‘ਤੇ ਸਾਂਭ-ਸੰਭਾਲ ਕਰਨ ਵਾਲਾ ਵਿਅਕਤੀ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ।
ਇਸੇ ਤਰਾਂ ਬੇਅੰਤ ਸਿੰਘ ਪਿੰਡ ਬਹਿਬਲ ਖੁਰਦ, ਜੋ ਕਿ ਉਸ ਸਮੇਂ ਜ਼ਖਮੀ ਹੋਇਆ ਸੀ, ਨੂੰ 50 ਲੱਖ ਰੁਪਏ ਅਤੇ ਇਲਾਜ ‘ਤੇ ਖਰਚ ਹੋਏ 2.60 ਲੱਖ ਰੁਪਏ ਦੀ ਅਦਾਇਗੀ ਵੀ ਸਰਕਾਰ ਕਰ ਚੁੱਕੀ ਹੈ।

ਇਹ ਚੈੱਕ ਲੈਣ ਲਈ ਬੇਅੰਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ‘ਚੋਂ ਮਹਿੰਦਰ ਸਿੰਘ ਅਤੇ ਸੁਖਰਾਜ ਕਰਨ ਸਿੰਘ, ਅਜੀਤ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰ ‘ਚੋਂ ਸਾਧੂ ਸਿੰਘ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਸਿੱਖ ਧਿਰਾਂ ਵਲੋਂ ਇਹਨਾਂ ਘਟਨਾਵਾਂ ਦੀ ਜਾਂਚ ਲਈ ਬਣਾਏ ਗਏ ਜੱਜ ਮਾਰਕੰਡੇ ਕਾਟਜੂ ਕਮਿਸ਼ਨ ਨੇ ਵੀ ਆਪਣੀ ਜਾਂਚ ਰਿਪੋਰਟ ਵਿਚ ਪੀੜਤਾਂ ਨੂੰ 1 ਕਰੋੜ ਰੁਪਇਆ ਮੁਆਵਜ਼ਾ ਅਤੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਲਈ ਕਿਹਾ ਸੀ।