ਜੀਐਸਟੀ ਤੋਂ ਛੋਟ ਦੀ ਅਪੀਲ ‘ਤੇ ਸ਼੍ਰੋਮਣੀ ਕਮੇਟੀ ਨੂੰ ਨਾ ਮਿਲਿਆ ਹੁੰਗਾਰਾ

ਜੀਐਸਟੀ ਤੋਂ ਛੋਟ ਦੀ ਅਪੀਲ ‘ਤੇ ਸ਼੍ਰੋਮਣੀ ਕਮੇਟੀ ਨੂੰ ਨਾ ਮਿਲਿਆ ਹੁੰਗਾਰਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਿਆਂ ਦੇ ਲੰਗਰ ਵਾਸਤੇ ਲੋੜੀਂਦੀ ਰਸਦ ਅਤੇ ਭਲਾਈ ਕਾਰਜਾਂ ‘ਤੇ ਜੀਐਸਟੀ ਤੋਂ ਛੋਟ ਦੇਣ ਦੀ ਅਪੀਲ ਬਾਰੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਾ ਮਿਲਣ ਕਾਰਨ ਕਮੇਟੀ ਨੂੰ ਨਿਰਾਸ਼ਾ ਹੋਈ ਹੈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਪੱਤਰ ਭੇਜੇ ਗਏ ਹਨ ਅਤੇ ਛੇਤੀ ਹੀ ਸਾਰੇ ਰਾਜਾਂ ਦੇ ਵਿੱਤ ਮੰਤਰੀਆਂ ਨੂੰ ਇਸ ਸਬੰਧੀ ਪੱਤਰ ਭੇਜਣ ਦੀ ਯੋਜਨਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਜੀਐਸਟੀ ਨੰਬਰ ਲੈਣ ਦੇ ਮਾਮਲੇ ਵਿੱਚ ਵੀ ਪੈਰ ਪਿੱਛੇ ਖਿੱਚ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਜੀਐਸਟੀ ਤੋਂ ਛੋਟ ਲਈ ਕੇਂਦਰੀ ਵਿੱਤ ਮੰਤਰੀ, ਜੀਐਸਟੀ ਕੌਂਸਲ ਤੇ ਸੂਬਾ ਪੱਧਰ ‘ਤੇ ਮੁੱਖ ਮੰਤਰੀ ਨੂੰ ਪੱਤਰ ਭੇਜੇ ਗਏ ਸਨ ਪਰ ਕੋਈ ਹੁੰਗਾਰਾ ਨਹੀਂ ਮਿਲਿਆ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਜੀਐਸਟੀ ਨੰਬਰ ਲੈਣ ਦੇ ਮਾਮਲੇ ਵਿੱਚ ਪੈਰ ਪਿੱਛੇ ਖਿੱਚ ਲਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਇਹ ਨੰਬਰ ਲੈਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਸ ਸਬੰਧੀ ਛਪ ਰਹੀਆਂ ਖ਼ਬਰਾਂ ਨੂੰ ਬੇਬੁਨਿਆਦ ਆਖਿਆ ਹੈ, ਜਦੋਂਕਿ ਕੁਝ ਦਿਨ ਪਹਿਲਾਂ ਕ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਸਿੱਖ ਸੰਸਥਾ ਨੂੰ ਖ਼ਰੀਦੋ-ਫਰੋਖ਼ਤ ਲਈ ਇਸ ਨੰਬਰ ਦੀ ਲੋੜ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਲੰਗਰ ਦਾ ਸਮਾਂ ਘਟਾਉਣ ਸਬੰਧੀ ਛਪੀ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰੋ. ਬਡੂੰਗਰ ਵੱਲੋਂ ਲੰਗਰ ਦਾ ਸਮਾਂ ਘੱਟ ਕਰਨ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ।