ਚਿੱਟੇ ਕਾਰਨ ਹੋ ਰਹੀ ਨੌਜਵਾਨੀ ਖ਼ਤਮ
ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।
ਨਸ਼ਾ ਘੁਣ ਵਾਂਗ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਕੋਈ ਵਿਰਲਾ ਹੀ ਦਿਨ ਅਜਿਹਾ ਹੋਣਾ ਜਦੋਂ ਅਖ਼ਬਾਰ ਵਿਚ ਖ਼ਬਰ ਨਾ ਛਪੀ ਹੋਵੇ ਕਿ ਫ਼ਲਾਣੇ ਪਿੰਡ ਦਾ ਨੌਜਵਾਨ ਅੱਜ ਚਿੱਟੇ ਦੀ ਭੇਂਟ ਚੜ੍ਹਿਆ। ਹਰ ਰੋਜ਼ 2 ਜਾਂ 4 ਮੌਤਾਂ ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਹਨ। ਰੋਜ਼ਾਨਾ ਚਿੱਟੇ ਦੀ ਬਰਾਮਦਗੀ ਹੋ ਰਹੀ ਹੈ। ਹੈਰੋਇਨ ਦੀ ਤਸਕਰੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ। ਨਸ਼ਿਆਂ ਦੀਆਂ ਵੱਡੀਆਂ ਵੱਡੀਆਂ ਖੇਪਾਂ ਲਗਾਤਾਰ ਬਰਾਮਦ ਹੋ ਰਹੀਆਂ ਹਨ। ਸਰਕਾਰ ਨੇ ਕੁਝ ਹੱਦ ਤੱਕ ਨਸ਼ਾ ਸਮਗਲਰਾਂ ਨੂੰ ਨਕੇਲ ਤਾਂ ਕਸੀ ਹੈ, ਪਰ ਪੂਰੀ ਤਰ ਨਸ਼ਾਂ ਖਤਮ ਨਹੀਂ ਹੋਇਆ ਹੈ। ਹੁਣ ਤਾਂ ਕੁੜੀਆਂ ਵੀ ਇਸ ਦੀ ਆਦੀ ਹੋ ਗਈਆਂ ਹਨ। ਕੁੱਝ ਦਿਨ ਪਹਿਲਾਂ ਖਬਰ ਪੜ੍ਹਨ ਨੂੰ ਮਿਲੀ ਕਿ ਇੱਕ ਕੁੜੀ ਆਪਣਾ ਕਰੀਅਰ ਬਣਾਉਣ ਚੰਡੀਗੜ੍ਹ ਆਉਂਦੀ ਹੈ, ਕਰੀਅਰ ਤਾਂ ਉਸ ਕੁੜੀ ਨੇ ਕੀ ਬਣਾਉਣਾ ਸੀ ਉਹ ਚਿੱਟੇ ਦੀ ਆਦੀ ਹੋ ਗਈ। ਫਿਰ ਉਸ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਕਰਵਾਇਆ ਗਿਆ। ਇਕ ਹੋਰ ਖਬਰ ਪੜ੍ਹਨ ਨੂੰ ਮਿਲੀ ਕਿ ਇੱਕ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਆਪਣੇ ਘਰ ਦਾ ਸਮਾਨ ਤੱਕ ਵੇਚ ਦਿੱਤਾ। ਨੌਜਵਾਨ ਨੇ ਮਾਂ-ਬਾਪ ਨੂੰ ਤਸੀਹੇ ਦੇ ਦੇ ਕੇ ਆਪਣੇ ਨਾਂ ਜਮੀਨ ਤੇ ਘਰ ਕਰਵਾ ਲਿਆ। ਫ਼ਿਰ ਆਪਣੇ ਘਰ ਦੀ ਰਜਿਸਟਰੀ ਬੈਂਕ ਕੋਲ ਗਹਿਣੇ ਰੱਖ ਦਿੱਤੀ। ਨਸ਼ਿਆ ਕਾਰਨ ਘਰ ਦੇ ਘਰ ਤਬਾਹ ਹੋ ਚੁੱਕੇ ਹਨ। ਬੀੜੀ ਸਿਗਰਟ ,ਤੰਬਾਕੂ ,ਅਫੀਮ ,ਭੁੱਕੀ ਹੋਰ ਤਰ੍ਹਾਂ ਦੇ ਛੋਟੇ-ਮੋਟੇ ਨਸ਼ੇ ਕਰਨ ਤੋਂ ਬਾਅਦ ਅਜਿਹੇ ਨੌਜਵਾਨ ਚਿੱਟੇ ਵੱਲ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੰਦੇ ਹਨ। ਫ਼ਿਰ ਪੈਸੇ ਖਾਤਰ ਤਰ੍ਹਾਂ-ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਮਾਂ ਬਾਪ ਨੂੰ ਜਦੋਂ ਬੱਚੇ ਛੋਟੇ ਹੁੰਦੇ ਹਨ, ਤਾਂ ਪੂਰੀ ਸਖਤੀ ਵਰਤਣੀ ਚਾਹੀਦੀ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਸੰਗਤ ਕੋਈ ਮਾੜੇ ਬੱਚੇ ਨਾਲ ਤਾਂ ਨਹੀਂ ਹੈ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ, ਸ਼ਹਿਰਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ। ਕਸਬਿਆਂ ਵਿੱਚ ਸੈਮੀਨਾਰ ਲਗਾਉਣੇ ਚਾਹੀਦੇ ਹਨ। ਤਾਂ ਜੋ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।
ਸੰਜੀਵ ਸਿੰਘ ਸੈਣੀ, ਮੋਹਾਲੀ
Comments (0)