ਗਰੀਬ ਤੋਂ ਲੈ ਕੇ ਅਮੀਰ ਭਾਰਤੀ ਵੱਡੀ ਗਿਣਤੀ ਵਿੱਚ ਭਾਰਤ ਤੋਂ ਕਰ ਰਹੇ ਨੇ ਪ੍ਰਵਾਸ

ਗਰੀਬ ਤੋਂ ਲੈ ਕੇ  ਅਮੀਰ ਭਾਰਤੀ  ਵੱਡੀ ਗਿਣਤੀ ਵਿੱਚ ਭਾਰਤ ਤੋਂ ਕਰ ਰਹੇ ਨੇ ਪ੍ਰਵਾਸ

ਡੌਂਕੀ' ਰਾਹੀਂ ਪ੍ਰਵਾਸ ਰੋਕਣ ਵਿਚ ਮੋਦੀ ਸਰਕਾਰ ਅਸਫਲ

*ਹਰ ਰੋਜ਼ 2000 ਦੇ ਕਰੀਬ ਭਾਰਤੀ ਗ਼ੈਰ-ਕਾਨੂੰਨੀ ਤੌਰ 'ਤੇ ਚੜ੍ਹ ਰਹੇ ਨੇ ਜਹਾਜ਼

ਹਾਲ ਹੀ ਵਿੱਚ, ਜਦੋਂ 303 ਭਾਰਤੀਆਂ ਨੂੰ ਲੈਕੇ ਜਹਾਜ਼ ਨਿਕਾਰਗੁਆ ਜਾ ਰਿਹਾ ਸੀ ਤਾਂ ਫਰਾਂਸ ਤੋਂ ਵਾਪਸ ਭੇਜ ਦਿਤਾ ਗਿਆ ਸੀ।ਇਸ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਇਨ੍ਹਾਂ ਭਾਰਤੀਆਂ ਨੇ ਨਿਕਾਰਾਗੁਆ ਤੋਂ ਗੈਰ ਕਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਵਿੱਚ ਦਾਖਲ ਹੋਣਾ ਸੀ। ਇਹ ਸਭ ਚੰਗੇ ਰੁਜਗਾਰ ਦੀ ਤਲਾਸ਼ ਵਿਚ ਅਮਰੀਕਾ ਜਾਣਾ ਚਾਹੁੰਦੇ ਸਨ।

ਯਾਦ ਰਹੇ ਕਿ ਭਾਰਤ ਵਿਚੋਂ 'ਡੰਕੀ' ਜਾਂ 'ਡੌਂਕੀ' ਰਾਹੀਂ ਪ੍ਰਵਾਸ ਰੋਕਣ ਅਤੇ ਨੌਜਵਾਨਾਂ ਨੂੰ ਆਪਣੇ ਮੁਲਕ ਵਿਚ ਟਿਕੇ ਰਹਿਣ ਦੇ ਮੌਕੇ ਪ੍ਰਦਾਨ ਕਰਨ ਵਿਚ ਕੇਂਦਰ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਫਿੱਕੀ ਰਹੀ ਹੈ। ਭਾਰਤ ਸਰਕਾਰ ਨੇ 2022 ਤੱਕ 10 ਲੱਖ ਲੋਕਾਂ ਨੂੰ ਵਿਦੇਸ਼ ਭੇਜਣ ਦਾ ਟੀਚਾ ਮਿੱਥਿਆ ਸੀ ਤਾਂ ਜੋ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਨੱਥ ਪਾਈ ਜਾ ਸਕੇ। ਬਾਵਜੂਦ ਇਸ ਦੇ ਹਰ ਰੋਜ਼ 2000 ਦੇ ਕਰੀਬ ਭਾਰਤੀ ਗ਼ੈਰ-ਕਾਨੂੰਨੀ ਤੌਰ 'ਤੇ ਜਹਾਜ਼ ਚੜ੍ਹ ਰਹੇ ਹਨ।

ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫ਼ਾਰ ਮਾਈਗਰੇਸ਼ਨ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਹਰ ਸਾਲ 7 ਲੱਖ 25 ਹਜ਼ਾਰ ਭਾਰਤੀ ਗ਼ੈਰ-ਕਾਨੂੰਨੀ ਤੌਰ 'ਤੇ ਪ੍ਰਵਾਸ ਕਰਦੇ ਹਨ। ਇਨ੍ਹਾਂ ਵਿਚੋਂ ਵੱਡੀ ਗਿਣਤੀ ਭਾਰਤੀਆਂ ਦੀ ਪਹਿਲੀ ਪਸੰਦ ਅਮਰੀਕਾ ਹੈ। 

 ਅੰਕੜਿਆਂ ਅਨੁਸਾਰ ਸਾਲ 2014 ਤੋਂ ਲੈ ਕੇ ਪਿਛਲੇ ਸਾਲ ਦੇ ਅੰਤ ਤੱਕ ਗ਼ੈਰ-ਕਾਨੂੰਨੀ ਤੌਰ 'ਤੇ ਦੂਜੇ ਦੇਸ਼ਾਂ ਵਿਚ ਪ੍ਰਵੇਸ਼ ਕਰਦੇ 50 ਹਜ਼ਾਰ ਭਾਰਤੀ ਮਾਰੇ ਗਏ ਹਨ ਜਾਂ ਲਾਪਤਾ ਹੋਏ ਹਨ। ਅਮਰੀਕਾ ਪੁੱਜਣ ਲਈ ਭਾਰਤੀਆਂ ਨੂੰ ਕਈ ਦੇਸ਼ਾਂ ਵਿਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ। ਦਿੱਲੀ ਤੋਂ ਅਮਰੀਕਾ ਦੀ ਦੂਰੀ 14 ਹਜ਼ਾਰ ਕਿੱਲੋਮੀਟਰ ਦੱਸੀ ਗਈ ਹੈ। ਇਸ ਵਿਚ 'ਡੰਕੀ ਰੂਟ' ਦਾ 4600 ਕਿਲੋਮੀਟਰ ਰਸਤਾ ਵੀ ਸ਼ਾਮਿਲ ਹੈ।

ਰਿਪੋਰਟ ਅਨੁਸਾਰ ਅਮਰੀਕਾ ਵਿਚ ਦਾਖ਼ਲ ਹੋਣ ਦੇ ਇੱਛੁਕ ਭਾਰਤੀਆਂ ਨੂੰ ਸਭ ਤੋਂ ਪਹਿਲਾਂ ਲਾਤੀਨੀ ਅਮਰੀਕਾ ਦੇ ਦੇਸ਼ ਇਕਵਾਡੋਰ ਲਿਜਾਇਆ ਜਾਂਦਾ ਹੈ। ਉਥੋਂ ਦਾ ਵੀਜ਼ਾ ਏਅਰਪੋਰਟ 'ਤੇ ਮਿਲ ਜਾਂਦਾ ਹੈ, ਜਿਸ ਕਰਕੇ ਕੋਈ ਦਿੱਕਤ ਨਹੀਂ ਆਉਂਦੀ। ਇਕਵਾਡੋਰ ਤੋਂ ਬਾਅਦ ਸਭ ਤੋਂ ਪਹਿਲਾਂ ਕੋਲੰਬੀਆ ਪਹੁੰਚਣਾ ਹੁੰਦਾ ਹੈ, ਇਹ ਰਸਤਾ ਸਮੁੰਦਰ ਰਾਹੀਂ ਤੈਅ ਕਰਨ ਲਈ ਕਿਹਾ ਜਾਂਦਾ ਹੈ। ਕੋਲੰਬੀਆ ਤੋਂ ਅਗਲਾ ਸੁਰੱਖਿਅਤ ਪੜਾਅ ਪਨਾਮਾ ਹੁੰਦਾ ਹੈ, ਜਿੱਥੋਂ ਜੰਗਲ ਰਾਹੀਂ ਪੈਦਲ ਚੱਲ ਕੇ ਨਿਕਾਰਾਗੁਆ ਰਾਹੀਂ ਮੈਕਸੀਕੋ ਪੁੱਜਦੇ ਹਨ। ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ 3100 ਕਿੱਲੋਮੀਟਰ ਲੰਮੀ ਹੈ, ਉਥੋਂ ਦੇ ਵੱਡੇ ਹਿੱਸੇ ਵਿਚ ਕੰਧ ਬਣੀ ਹੋਈ ਹੈ। ਕੰਧ ਟੱਪ ਕੇ ਅਮਰੀਕਾ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ। ਜਿਹੜੇ ਕੰਧ ਪਾਰ ਨਹੀਂ ਕਰ ਸਕਦੇ ਉਹ ਰੀਓ ਨਦੀ ਦਾ ਰਸਤਾ ਚੁਣਦੇ ਹਨ।

ਅਮਰੀਕਾ ਪੁੱਜ ਕੇ ਜ਼ਿਆਦਾਤਰ ਲੋਕ ਸਿਆਸੀ ਸ਼ਰਨ ਲੈਂਦੇ ਹਨ। ਕਈ ਭਾਰਤੀ ਹਾਲੇ ਵੀ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿੰਦੇ ਹਨ, ਜਿਨ੍ਹਾਂ ਵਿਚੋਂ ਹਰ ਸਾਲ ਹਜ਼ਾਰਾਂ ਪੁਲਿਸ ਦੇ ਹੱਥ ਲੱਗ ਜਾਂਦੇ ਹਨ। ਅਮਰੀਕਾ ਦੀ ਪੁਲਿਸ ਨੇ ਸਾਲ 2018 ਦੌਰਾਨ 8029 ਅਤੇ 2019 ਦੌਰਾਨ 19837 ਭਾਰਤੀਆਂ ਨੂੰ ਭਾਰਤ ਵਾਪਸ ਭੇਜਿਆ (ਡਿਪੋਰਟ) ਕੀਤਾ ਸੀ। ਸਾਲ 2020 ਵਿਚ ਇਹ ਗਿਣਤੀ 30662 ਅਤੇ 2021 ਨੂੰ 63927 ਨੂੰ ਪੁੱਜ ਗਈ ਸੀ। ਸਾਲ 2022 ਦੌਰਾਨ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿੰਦੇ 96917 ਭਾਰਤੀਆਂ ਨੂੰ ਅਮਰੀਕਾ ਦੀ ਪੁਲਿਸ ਨੇ ਫੜ ਲਿਆ ਸੀ।

ਅਮਰੀਕਾ ਤੋਂ ਬਾਅਦ ਗ਼ੈਰ-ਕਾਨੂੰਨੀ ਤੌਰ 'ਤੇ ਇੰਗਲੈਂਡ ਅਤੇ ਕੈਨੇਡਾ ਲਈ 'ਡੰਕੀ' ਲਾਈ ਜਾਂਦੀ ਹੈ। 

ਪਿਛਲੇ ਕੁਝ ਸਾਲਾਂ ਵਿੱਚ, ਬਹੁਤ ਸਾਰੇ ਭਾਰਤੀ ਗੁਜਰਾਤ ਨੂੰ ਛੱਡਕੇ ਵਿਦੇਸ਼ ਵਲ ਪ੍ਰਵਾਸ ਕਰ ਗਏ ਪਰ 2020 ਦਾ ਦਹਾਕੇ ਦਾ ਭਾਰਤ ਗੁਜਰਾਤੀਆਂ ਨੂੰ ਨਿਰਾਸ਼ਾ ਤੇ ਬੇਰੁਜ਼ਗਾਰੀ ਕਾਰਣ ਦੇਸ਼ ਛੱਡਣ ਲਈ ਮਜਬੂਰ ਕਰ ਰਿਹਾ ਹੈ। 'ਦਾ ਹਿੰਦੂ' ਅਖਬਾਰ ਦੁਆਰਾ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਿਰਫ ਨਵੰਬਰ 2022 ਤੋਂ ਸਤੰਬਰ 2023 ਤੱਕ ਇਕੱਲੇ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ 96,917 ਭਾਰਤੀਆਂ ਨੂੰ ਗਿ੍ਫਤਾਰ ਕੀਤਾ ਗਿਆ। ਇਸ ਦੀ ਤੁਲਨਾ ਵਿਚ 2019-20 ਵਿਚ 19,883 ਭਾਰਤੀ ਗੈਰਕਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ। ਰਹੇ ਸਨ, ਜਦੋਂ ਕਿ 2021-22 ਵਿਚ 63,927 ਵਿਅਕਤੀ ਫੜੇ ਗਏ।

ਨਰਿੰਦਰਮੋਦੀਡਾਟਇਨ ਨਾਮ ਦੀ ਵੈਬਸਾਈਟ ਉਪਰ 2014 ਦਾ ਇਕ ਲੇਖ ਹੈ ਦਿ ਗੁਜਰਾਤ ਮਾਡਲ' । ਇਸ ਵਿਚ ਦਾਅਵਾ ਕੀਤਾ ਕਿ "ਗੁਜਰਾਤ ਦੇ ਵਿਕਾਸ ਯਾਤਰਾ ਨੂੰ ਭਾਰਤ ਅਤੇ ਵਿਸ਼ਵ ਵਿਚ ਪ੍ਰਸ਼ੰਸਾ ਮਿਲੀ ਹੈ।" 

ਅੱਜ, ਇਕ ਪਾਸੇ ਰੁਜ਼ਗਾਰ ਦੀ ਭਾਲ ਵਿਚ ਗੁਜਰਾਤੀ ਵਿਦੇਸ਼ਾਂ ਵਿਚ ਜਾਣ ਲਈ ਗੈਰ ਕਨੂੰਨੀ ਰਾਹ ਅਪਨਾ ਰਹੇ ਹਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਦੂਜੇ ਪਾਸੇ ਗੁਜਰਾਤ ਦੇ ਵਿਕਾਸ ਦੇ ਝੂਠੇ ਦਾਅਵੇ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਹਨ।

ਲੰਡਨ ਸਥਿਤ ਗਲੋਬਲ ਸਿਟੀਜ਼ਨਸ਼ਿਪ ਅਤੇ ਰਿਹਾਇਸ਼ੀ ਸਲਾਹਕਾਰ ਫਰਮ ਹੈਨਲੇ ਐਂਡ ਪਾਟਨਰਜ ਨੇ 2022 ਵਿੱਚ ਦਸਿਆ ਕਿ 7500 ਧੰਨਾ ਸੇਠਾਂ ਨੇ ਵਿਦੇਸ਼ਾਂ ਵਿੱਚ ਵੱਸਣ ਅਤੇ ਉਥੋਂ ਦੀ ਨਾਗਰਿਕਤਾ ਲੈਣ ਲਈ ਭਾਰਤ ਛਡ ਦਿਤਾ। ਵਿਸ਼ਵ ਨਿਵੇਸ਼ ਬੈਂਕ 'ਮੋਰਗਨ ਸਟੈਨਲੀ' ਨੇ ਅੰਦਾਜ਼ਾ ਲਗਾਇਆ ਕਿ 2014 ਅਤੇ 2018 ਦੇ ਵਿਚਕਾਰ, 23,000 ਕਰੋੜਪਤੀ ਭਾਰਤੀ ਭਾਰਤ ਛੱਡ ਗਏ ਤੇ ਵਿਦੇਸ਼ਾਂ ਦੇ ਨਿਵਾਸੀ ਹੋ ਗਏ। ਬਹੁਤ ਸਾਰੇ ਦੇਸ਼ ਅਮੀਰ ਭਾਰਤੀਆਂ ਨੂੰ ਨਾਗਰਿਕਤਾ ਵੇਚ ਰਹੇ ਹਨ।

ਹਰ ਸਾਲ, 2 ਮਿਲੀਅਨ ਤੋਂ ਵੱਧ ਭਾਰਤੀਆਂ ਦੇ ਪ੍ਰਵਾਸ ਕਾਰਣ, ਪ੍ਰਵਾਸੀ ਭਾਰਤੀਆਂ ਦੀ ਗਿਣਤੀ 3 ਕਰੋੜ ਹੋ ਚੁਕੀ ਹੈ।ਵਿਦੇਸ਼ੀ ਮਾਈਗ੍ਰੇਸ਼ਨ ਦੇ ਕਾਰਨ ਵਿਭਿੰਨ ਖੇਤਰਾਂ ਅਤੇ ਪੇਸ਼ਿਆਂ ਵਿੱਚ ਹੁਣ ਭਾਰਤੀ ਚੀਨੀਆਂ ਨਾਲੋਂ ਵਧੇਰੇ ਵਿਦੇਸ਼ਾਂ ਵਿਚ ਵਸੇ ਹਨ।

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ 21 ਜੁਲਾਈ 2023 ਨੂੰ ਸੰਸਦ ਵਿਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ 2022 ਵਿਚ ਕੁੱਲ 2,25,260 ਭਾਰਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਦਿੱਤੀ ਸੀ।2020 ਦੌਰਾਨ 85,256 ਭਾਰਤੀਆਂ ਨੇ ਨਾਗਰਿਕਤਾ ਤਿਆਗੀ।ਕੁਲ ਮਿਲਾ ਕੇ,ਸਾਲ 2011 ਤੋਂ 2022 ਤੱਕ 16,63,440 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਕੇ ਵਿਦੇਸ਼ਾਂ ਵਿਚ ਜਾ ਵਸੇ। 2023 ਦੇ ਪਹਿਲੇ ਛੇ ਮਹੀਨਿਆਂ ਵਿੱਚ, ਇਹ ਅੰਕੜਾ 87,026 ਹੋ ਗਿਆ ਸੀ।

ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ "ਪਿਛਲੇ ਦੋ ਦਹਾਕਿਆਂ ਵਿੱਚ ਆਪਣੇ ਰੁਜ਼ਗਾਰ ਦੀ ਭਾਲ ਵਿੱਚ ਹੋਰਨਾਂ ਦੇਸ਼ਾਂ ਵਿੱਚ ਪ੍ਰਵਾਸ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਬਹੁਤ ਵੱਡੀ ਰਹੀ ਹੈ। ਉਨ੍ਹਾਂ ਵਿਚੋਂ ਬਹੁਤਿਆਂ ਨੇ ਨਿੱਜੀ ਸਹੂਲਤਾਂ ਦੇ ਕਾਰਨਾਂ ਕਰਕੇ ਵਿਦੇਸ਼ੀ ਨਾਗਰਿਕਤਾ ਲਈ ਸੀ।"

ਅਸਲ ਗਲ ਇਹ ਹੈ ਕਿ ਭਾਰਤ ਦੀਆਂ ਵਿਰੋਧੀ ਸਥਿਤੀਆਂ ਗਰੀਬਾਂ ਅਤੇ ਮਿਡਲ ਕਲਾਸ ਭਾਰਤੀਆਂ ਨੂੰ ਵਿਦੇਸ਼ਾਂ ਵਲ ਮਾਈਗਰੇਟ ਕਰਨ ਲਈ ਮਜਬੂਰ ਕਰ ਰਹੀਆਂ ਹਨ। ਇਹ ਭਾਰਤੀਆਂ ਦੀ ਚਿੰਤਾ ਦੀ ਨਿਸ਼ਾਨੀ ਹੈ।