ਕੌਮ ਦੀ ਚੜ੍ਹਦੀ ਕਲਾ ਲਈ ਸਿੱਖਾਂ ਨੂੰ ਇਕ ਝੰਡੇ-ਇਕ ਏਜੰਡੇ ਤਹਿਤ ਬਿਨਾਂ ਸ਼ਰਤ ਤੇ ਖੁਦਗਰਜ਼ੀ ਦੇ ਇਕੱਠੇ ਹੋਣਾ ਪਵੇਗਾ-ਅਜਮੇਰ ਸਿੰਘ
ਭਵਾਨੀਗੜ੍ਹ/ਸਿੱਖ ਸਿਆਸਤ ਬਿਊਰੋ:
ਗੁਰਦੁਆਰਾ ਪਾਤਸ਼ਾਹੀ ਨੌਵੀਂ, ਭਵਾਨੀਗੜ੍ਹ ਵਿਖੇ 4 ਜੂਨ ਦੀ ਸ਼ਾਮ ਨੂੰ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕੀਤਾ ਗਿਆ। ਸਮਾਗਮ ਦੇ ਮੁੱਖ ਬੁਲਾਰੇ ਸਿੱਖ ਚਿੰਤਕ ਅਜਮੇਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੂਨ 1984 ਵਿਚ ਦਿੱਲੀ ਦੇ ਹਾਕਮਾਂ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤਾ ਗਿਆ ਫੌਜੀ ਹਮਲਾ ਇਕ ਸੋਚੀ ਸਮਝੀ ਜੰਗ ਦਾ ਸਿਖਰ ਸੀ।
ਕੇਂਦਰ ਦੀ ਹਿੰਦੂਵਾਦੀ ਸਰਕਾਰ 1947 ਤੋਂ ਲੈ ਕੇ ਸਿੱਖਾਂ ਨਾਲ ਲਗਾਤਾਰ ਧੱਕਾ ਅਤੇ ਵਿਤਕਰਾ ਕਰਦੀ ਆ ਰਹੀ ਸੀ ਜਦੋਂ ਕਿ ਸਿੱਖ ਆਪਣੇ ਹੱਕਾਂ ਲਈ ਆਵਾਜ਼ ਚੁੱਕਦੇ ਆ ਰਹੇ ਸੀ। ਉਨ੍ਹਾਂ ਕਿਹਾ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਹੇਠ ਧਰਮ ਯੁੱਧ ਮੋਰਚਾ ਆਪਣੇ ਸਿਖਰ ‘ਤੇ ਪਹੁੰਚ ਗਿਆ ਤਾਂ 5 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਦੀ ਹਕੂਮਤ ਨੇ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਂਕਾਂ ਨਾਲ ਫੌਜੀ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹਾਦਤ ਅੱਜ ਵੀ ਸਿੱਖ ਕੌਮ ਲਈ ਫਖਰ ਵਾਲੀ ਹੈ ਅਤੇ ਅੱਜ ਵੀ ਸੰਤਾਂ ਦਾ ਨਾਮ ਹਰ ਸਿੱਖ ਦੇ ਹਿਰਦਿਆਂ ਵਿਚ ਵਸਦਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਨੂੰ ਇਕ ਝੰਡੇ ਅਤੇ ਇਕ ਏਜੰਡੇ ਤਹਿਤ ਬਿਨਾਂ ਸ਼ਰਤ ਅਤੇ ਬਿਨਾਂ ਖੁਦਗਰਜ਼ੀ ਦੇ ਇਕੱਠੇ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਅੰਦਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਮਤਭੇਦ ਅਤੇ ਆਪਸੀ ਟਕਰਾਅ ਕੌਮ ਦੀ ਬਿਹਤਰੀ ਲਈ ਇਕ ਪਾਸੇ ਰੱਖ ਦੇਣੇ ਚਾਹੀਦੇ ਹਨ ਅਤੇ ਸਮੂਹ ਸਿੱਖ ਸੰਸਥਾਵਾਂ ਨੂੰ ਸਿਰ ਜੋੜ ਕੇ ਮਸਲੇ ਹੱਲ ਕਰਨ ਵੱਲ ਵਧਣਾ ਚਾਹੀਦਾ ਹੈ। ਇਸ ਮੌਕੇ ਜਗਦੇਵ ਸਿੰਘ ਜਾਚਕ ਦੇ ਢਾਡੀ ਜੱਥੇ ਨੇ ਸਿੱਖ ਇਤਿਹਾਸ ਸਬੰਧੀ ਵੀਰ ਰਸ ਵਾਰਾਂ ਸੁਣਾਈਆਂ ਅਤੇ ਭਾਈ ਗੁਰਸੇਵਕ ਸਿੰਘ ਘਰਾਚੋਂ ਨੇ ਕਥਾ ਕੀਤੀ।
ਗੁਰਦੁਆਰਾ ਕਮੇਟੀ ਵਲੋਂ ਭਾਈ ਅਜਮੇਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿਚ ਮੈਨੇਜਰ ਨਰਿੰਦਰਜੀਤ ਸਿੰਘ, ਮਲਕੀਤ ਸਿੰਘ ਅਤੇ ਮਨਧੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤ ਹਾਜ਼ਰ ਸੀ।
Comments (0)