ਖੱਡਾਂ ਦੀ ਘਪਲੇਬਾਜ਼ੀ ਤੋਂ ਪਤਾ ਲਗਦੈ ਕਾਂਗਰਸ ਕਿੰਨੀ ਕੁ ਇਮਾਨਦਾਰ : ਬਾਦਲ

ਖੱਡਾਂ ਦੀ ਘਪਲੇਬਾਜ਼ੀ ਤੋਂ ਪਤਾ ਲਗਦੈ ਕਾਂਗਰਸ ਕਿੰਨੀ ਕੁ ਇਮਾਨਦਾਰ : ਬਾਦਲ

ਕੈਪਸ਼ਨ- ਪਿੰਡ ਬਨਵਾਲਾ ਅਨੂੰਕਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।
ਲੰਬੀ/ਬਿਊਰੋ ਨਿਊਜ਼ :
ਪਿਛਲੀ ਸਰਕਾਰ ਦੇ ਮੱਥੇ ‘ਤੇ ਲੱਗੀ ਰੇਤੇ-ਬਜਰੀ ਦੀਆਂ ਖੱਡਾਂ ਦੀ ਕਾਲਖ ਹੁਣ ਕਾਂਗਰਸ ਸਰਕਾਰ ਦੀ ਝੋਲੀ ਪੈ ਗਈ ਹੈ। ਆਮ ਆਦਮੀ ਪਾਰਟੀ ਦੇ ਤਿੱਖੇ ਸੁਰਾਂ ਉਪਰੰਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨੌਕਰਾਂ ਜ਼ਰੀਏ ਬਹੁ-ਕਰੋੜੀ ਰੇਤ ਖੱਡਾਂ ਦੇ ਠੇਕੇ ਨੂੰ ਸਭ ਤੋਂ ਵੱਡਾ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮਾਮਲੇ ਨਾਲ ਇਹ ਗੱਲ  ਸਾਹਮਣੇ ਆ ਗਈ ਹੈ ਕਿ ਕਾਂਗਰਸ ਸਰਕਾਰ ਕਿੰਨੀ ਕੁ ਇਮਾਨਦਾਰ ਹੈ। ਲੰਬੀ ਹਲਕੇ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸਾਰਾ ਮਾਮਲਾ ਸਪਸ਼ਟ ਹੈ ਕਿ ਖੱਡਾਂ ਲੈਣ ਵਾਲੇ ਰਾਣਾ ਗੁਰਜੀਤ ਸਿੰਘ ਦੇ ਬੰਦੇ ਹਨ। ਉਨ੍ਹਾਂ ਦੇ ਨੌਕਰਾਂ ਕੋਲ ਇੰਨਾ ਪੈਸਾ ਕਿੱਥੋਂ ਆਇਆ, ਇੰਨਾ ਪੈਸਾ ਤਾਂ ਵੱਡੇ-ਵੱਡੇ ਬੰਦਿਆਂ ਕੋਲ ਨਹੀਂ ਹੁੰਦਾ। ਸਾਬਕਾ ਮੁੱਖ ਮੰਤਰੀ ਪਿੰਡ ਘੁਮਿਆਰਾ, ਲੁਹਾਰਾ, ਵੜਿੰਗ ਖੇੜਾ ਅਤੇ ਬਨਵਾਲਾ ਅਨੂੰਕਾ ਵਿੱਚ ਵੱਖ-ਵੱਖ ਪਰਿਵਾਰਾਂ ਵਿਚ ਹੋਈਆਂ ਮੌਤ ‘ਤੇ ਸੋਗ ਪ੍ਰਗਟਾਉਣ ਉਪਰੰਤ ਪਿੰਡ ਬਨਵਾਲਾ ਵਿਚ ਗੱਲਬਾਤ ਕਰ ਰਹੇ ਸਨ। ਉਨ੍ਹਾਂ ਅਕਾਲੀ ਦਲ ਦੀ ਮੀਟਿੰਗ ਦੌਰਾਨ ਵਰਕਰਾਂ ਵਿਚਕਾਰ ਹੋਈ ਨਾਅਰੇਬਾਜ਼ੀ ਅਤੇ ਖਿੱਚੋਤਾਣ ਬਾਰੇ ਪੁੱਛੇ ਸਵਾਲ ‘ਤੇ ਕਿਹਾ ‘ਖ਼ਾਲਸਾ ਸੋ ਜੋ ਕਰੇ ਨਿੱਤ ਜੰਗ’। ਅਜਿਹੀਆਂ ਛੋਟੀਆਂ-ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ।
ਮੌਜੂਦਾ ਸਮੇਂ ਪੰਜਾਬ ਵਿੱਚ ਜੁਰਮ ਦਰ ਵਧਣ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਆਮ ਜਨਤਾ ਖੁੱਲ੍ਹੀਆਂ ਅੱਖਾਂ ਨਾਲ ਸਭ ਕੁਝ ਵੇਖ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ‘ਤੇ ਕਟਾਕਸ਼ ਕਰਦਿਆਂ ਕਿਹਾ ਕਿ ਉਹ ਤਾਂ ਕਦੇ ਕਿਸੇ ਨੂੰ ਮਿਲਦੇ ਹੀ ਨਹੀਂ। ਵੋਟਾਂ ਮਗਰੋਂ ਉਹ ਲੰਬੀ ਹਲਕੇ ਦੇ ਲੋਕਾਂ ਵਿੱਚ ਇੱਕ ਮਿੰਟ ਲਈ ਵੀ ਨਹੀਂ ਆਏ ਜਦਕਿ ਵੋਟਾਂ ਤੋਂ ਪਹਿਲਾਂ ਵਾਅਦੇ ਵੱਡੇ-ਵੱਡੇ ਕੀਤੇ ਗਏ ਸਨ।
ਨੂੰਹ ਨੂੰ ਪੂਰੇ ਬਟਾ ਪੂਰੇ ਨੰਬਰ :
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨੂੰਹ ਹਰਸਿਮਰਤ ਬਾਦਲ ਨੂੰ ਬਤੌਰ ਵਜ਼ੀਰ ਸੌ ਵਿੱਚੋਂ ਸੌ ਨੰਬਰ ਦਿੱਤੇ ਹਨ। ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਾਰਗੁਜ਼ਾਰੀ ਪੱਖੋਂ ਅਖੀਰਲੇ ਪਾਏਦਾਨ ‘ਤੇ ਮੰਨੇ ਜਾਣ ਨੂੰ ਗਲਤ ਦੱਸਦਿਆਂ ਕਿਹਾ ਕਿ ਜਿੰਨਾ ਕੰਮ ਹਰਸਿਮਰਤ ਨੇ ਕੀਤਾ ਹੈ, ਉੱਨਾ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ।