ਇਟਲੀ : ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ‘ਤੇ ਹਮਲੇ ਦੀ ਕੋਸ਼ਿਸ਼

ਇਟਲੀ : ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ‘ਤੇ ਹਮਲੇ ਦੀ ਕੋਸ਼ਿਸ਼

ਡਰਾਇਵਰ ਦੀ ਫੁਰਤੀ ਨਾਲ ਟਲੀ ਘਟਨਾ
ਵੀਨਸ (ਇਟਲੀ)/ਬਿਊਰੋ ਨਿਊਜ਼ :
ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜਦੋਂ ਇਟਲੀ ਦੇ ਤਰਵੀਜੋ ਸ਼ਹਿਰ ਵਿਖੇ ਦੀਵਾਨ ਸਜਾਉਣ ਉਪਰੰਤ ਮਿਲਾਨ-ਵੀਨਸ ਨੈਸ਼ਨਲ ਹਾਈਵੇ (ਏ-4) ‘ਤੇ ਪਾਦੋਵਾ ਨੇੜੇ ਪਰਤ ਰਹੇ ਸਨ ਤਾਂ ਕੁੱਝ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਦਿਆਂ ਗੱਡੀ ਨਾਲ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਭਾਈ ਪੰਥਪ੍ਰੀਤ ਸਿੰਘ ‘ਤੇ ਪਥਰਾਅ ਵੀ ਕੀਤਾ ਪਰ ਗੱਡੀ ਦੇ ਚਾਲਕ ਨੇ ਕਾਫੀ ਮੁਸ਼ੱਕਤ ਉਪਰੰਤ ਗੱਡੀ ਨੂੰ ਘੇਰੇ ਵਿਚੋਂ ਬਾਹਰ ਕੱਢਿਆ। ਇਟਲੀ ਦੇ ਸਿੱਖਾਂ ਵਿਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਤਰਵੀਜੋ ਵਿਖੇ ਸਜੇ ਦੀਵਾਨ ਵਾਲੇ ਹਾਲ ਤੋਂ ਬਾਹਰ ਇਟਲੀ ਦੀਆਂ ਕੁੱਝ ਪੰਥਕ ਜਥੇਬੰਦੀਆਂ ਵੱਲੋਂ ਪੰਥਪ੍ਰੀਤ ਸਿੰਘ ਦੇ ਦੀਵਾਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਦੌਰਾਨ ਇਟਾਲੀਅਨ ਪੁਲੀਸ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਗੱਡੀਆਂ ਦੀ ਤਲਾਸ਼ੀ ਲਈ ਗਈ ਅਤੇ ਕੁੱਝ ਪ੍ਰਦਰਸ਼ਨਕਾਰੀ ਸਿੱਖਾਂ ਦੀਆਂ ਕਿਰਪਾਨਾਂ ਵੀ ਉਤਰਾਅ ਲਈਆਂ ਗਈਆਂ ਅਤੇ ਦੀਵਾਨ ਦੀ ਸਮਾਪਤੀ ‘ਤੇ ਵਾਪਸ ਦੇ ਦਿੱਤੀਆਂ ਗਈਆਂ। ਦੱਸਣਯੋਗ ਹੈ ਕਿ ਭਾਈ ਪੰਥਪ੍ਰੀਤ ਸਿੰਘ ਨਾਰਵੇ ਵਿਚ ਪ੍ਰਚਾਰ ਕਰਨ ਉਪਰੰਤ ਇਟਲੀ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਦੱਖਣੀ ਇਟਲੀ ਦੇ ਰੋਮ ਲਵੀਨੀਓ ਵਿਖੇ ਸਥਿਤ ਗੁਰਦੁਆਰਿਆਂ ਵਿਚ ਪ੍ਰਚਾਰ ਉਪਰੰਤ ਉੱਤਰੀ ਇਟਲੀ ਦੇ ਤਰਵੀਜੋ ਵਿਖੇ ਦੀਵਾਨ ਸਜਾਇਆ ਗਿਆ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਟਲੀ ਦੀਆਂ ਕੁੱਝ ਪੰਥਕ ਜਥੇਬੰਦੀਆਂ ਦੇ ਆਗੂ ਬੀਤੇ ਸਾਲ ਤੋਂ ਹੀ ਭਾਈ ਪੰਥਪ੍ਰੀਤ ਸਿੰਘ ਦੀ ਤਿੱਖੀ ਵਿਰੋਧਤਾ ਕਰਦੇ ਆ ਰਹੇ ਹਨ। ਉਨ੍ਹਾਂ ਦੇ ਪ੍ਰਚਾਰ ਨੂੰ ਪੰਥ ਵਿਰੋਧੀ ਪ੍ਰਚਾਰ ਦੱਸ ਕੇ ਉਨ੍ਹਾਂ ਦੇ ਦੀਵਾਨਾਂ ਦਾ ਬਾਈਕਾਟ ਕਰ ਰਹੇ ਸਨ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਇਟਾਲੀਅਨ ਪੁਲੀਸ ਵੱਲੋਂ ਇਸ ਸਾਰੇ ਘਟਨਾਕ੍ਰਮ ਵਿਚ ਸ਼ਾਮਲ ਕੁੱਝ ਸਿੱਖ ਵਿਅਕਤੀਆਂ ਦੇ ਕਾਗਜ਼ਾਤ ਲੈ ਕੇ ਉਨ੍ਹਾਂ ਖ਼ਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਇਟਲੀ ਵਿਚ ਸਿੱਖ ਧਰਮ ਦੇ ਰਜਿਸਟਰਡ ਹੋਣ ਵਿਚ ਵੱਡਾ ਰੇੜਕਾ ਖੜ੍ਹਾ ਕਰ ਸਕਦੀ ਹੈ।