ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਦੇ ਸਮਰਥ : ਅਮਰਿੰਦਰ ਸਿੰਘ

ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਦੇ ਸਮਰਥ : ਅਮਰਿੰਦਰ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਪ੍ਰਧਾਨ ਹੀ ਨਹੀਂ ਸਗੋਂ ਦੇਸ਼ ਦੀ ਵਾਗਡੋਰ ਸੰਭਾਲਣ ਦੇ ਵੀ ਸਮਰੱਥ ਹੈ। ਰਾਹੁਲ ਨੂੰ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਦੱਸਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਰਾਹੁਲ ਗਾਂਧੀ ਦੀ ਯੋਗਤਾ ਨੂੰ ਪਛਾਣ ਨਹੀਂ ਦੇ ਰਿਹਾ ਹੈ ਅਤੇ ਉਸ ਲਈ ਹਲਕੇ-ਫੁਲਕੇ ਸ਼ਬਦ ਵਰਤਣੇ ਵਾਜਬ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਇੱਕ ਟੀਵੀ ਚੈਨਲ ਵੱਲੋਂ ‘ਰਾਈਜ਼ਿੰਗ ਪੰਜਾਬ’ ਨਾਂ ਦੇ ਕਰਾਏ ਜਾ ਰਹੇ ਬਹਿਸ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਟੀਵੀ ਚੈਨਲ ਵੱਲੋਂ ਵਿਰੋਧੀ ਧਿਰ ਦੇ ਨੇਤਾ ਐਚ ਐਸ ਫੂਲਕਾ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਸੱਦਿਆ ਗਿਆ ਸੀ। ਮੁੱਖ ਮੰਤਰੀ ਨੇ ਬਹਿਸ ਦੌਰਾਨ ਰਾਹੁਲ ਗਾਂਧੀ ਦੇ ਰੱਜ ਕੋ ਸੋਹਲੇ ਗਾਏ ਅਤੇ ਕਿਹਾ ਕਿ ਉਹ ਉਸ ਨੂੰ ਬਚਪਨ ਤੋਂ ਜਾਣਦੇ ਹਨ ਅਤੇ ਉਨ੍ਹਾਂ ਨੂੰ ਰਾਹੁਲ ਗਾਂਧੀ ਅੰਦਰਲੇ ਗੁਣਾਂ ਦਾ ਪੂਰੀ ਤਰ੍ਹਾਂ ਗਿਆਨ ਹੈ। ਪੰਜਾਬ ਨਾਲ ਸਬੰਧਤ ਪੁੱਛੇ ਗਏ ਸੁਆਲਾਂ ਦੇ ਜੁਆਬ ਵਿੱਚ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸੂਬੇ ਦੀ ਵਿੱਤੀ ਹਾਲਤ ਏਨੀ ਬੁਰੀ ਹੈ ਕਿ ਤਨਖ਼ਾਹਾਂ ਦੇਣ ਜੋਗੇ ਪੈਸੇ ਨਹੀਂ ਹਨ ਅਤੇ ਸੂਬਾ ਕਰਜ਼ੇ ਵਿੱਚ ਬੁਰੀ ਤਰ੍ਹਾਂ ਨਪੀੜਿਆ ਪਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਿਆਂ, ਬੇਰੁਜ਼ਗਾਰੀ ਅਤੇ ਗੁੰਡਾਗਰਦੀ ਦੀ ਮਾਰ ਪੈ ਰਹੀ ਹੈ ਪਰ ਇਨ੍ਹਾਂ ਨੂੰ ਰਾਤੋਂ ਰਾਤ ਬਾਹਰ ਨਹੀਂ ਕੱਢਿਆ ਜਾ ਸਕਦਾ ਹੈ। ਉਨ੍ਹਾਂ ਅਜੇ ਹੋਰ ਸਮੇਂ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਸੁਧਾਰਨ ਲਈ ਸਭ ਤੋਂ ਪਹਿਲਾਂ 89 ਲੱਖ ਨੌਜੁਆਨਾਂ ਨੂੰ ਰੁਜ਼ਗਾਰ ਦੇਣਾ ਪਵੇਗਾ। ਉਨ੍ਹਾਂ ਕਿਸਾਨੀ ‘ਤੇ ਟੈਕਸ ਲਾਉਣ ਦਾ ਵਿਰੋਧ ਕੀਤਾ ਅਤੇ ਇਸ ਪ੍ਰਸਤਾਵ ਨੂੰ ਕਿਸਾਨਾਂ ਲਈ ਮੌਤ ਦਾ ਵਾਰੰਟ ਕਰਾਰ ਦਿੱਤਾ। ਭਾਰਤ-ਪਾਕਿ ਸਬੰਧਾਂ ਬਾਰੇ ਆਪਣੀ ਗੱਲ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਇੱਕ ਭਾਰਤੀ ਸੈਨਿਕ ਬਦਲੇ ਤਿੰਨ ਪਾਕਿ ਫੌਜੀਆਂ ਦੇ ਸਿਰ ਕਲਮ ਕੀਤੇ ਜਾਣੇ ਚਾਹੀਦੇ ਹਨ। ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਦਾਅਵਾ ਕੀਤਾ ਕਿ ਰਾਜ ਵਿਚ ਕਾਂਗਰਸ ਦੀ ਸਰਕਾਰ ਬਣਨ ਨਾਲ ਅਮਨ-ਕਾਨੂੰਨ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਿਛਲੇ ਦਿਨੀਂ ਜਿਹੜੇ ਫੈਸਲੇ ਲਏ ਗਏ ਹਨ, ਉਨ੍ਹਾਂ ‘ਤੇ ਅਮਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਕੁੱਝ ਗ਼ਲਤੀਆਂ ਕਾਰਨ ਵਿਧਾਨ ਸਭਾ ਦੀ ਚੋਣ ਜ਼ਰੂਰ ਹਾਰੀ ਹੈ ਪਰ ਅਜੇ ਵੀ ਇਸ ਦਾ ਭਵਿੱਖ ਉੱਜਵਲ ਨਜ਼ਰ ਆ ਰਿਹਾ ਹੈ। ਸ੍ਰੀ ਫੂਲਕਾ ਨੇ ਵਿਰੋਧੀ ਧਿਰ ਵਜੋਂ ਉਸਾਰੂ ਰੋਲ ਨਿਭਾਉਣ ਦਾ ਵਾਅਦਾ ਕੀਤਾ।
ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਪਹਿਲਾਂ ਨਾਲੋਂ ਵਧੇਰੇ ਵਿਗੜੀ ਹੈ। ਸੂਬੇ ਵਿਚ ਭਾਜਪਾ ਦੀ ਹਾਰ ਦਾ ਕਾਰਨ ਉਨ੍ਹਾਂ ਇਸ ਦੀ ਕਾਰਗੁਜ਼ਾਰੀ ਨੂੰ ਸਹੀ ਢੰਗ ਨਾਲ ਪੇਸ਼ ਕਰਨਾ ਨਾ ਦੱਸਿਆ। ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ 50 ਦਿਨ ਦੀ ਕਾਰਗੁਜ਼ਾਰੀ ਤੋਂ ਬਾਅਦ ਸਰਕਾਰ ‘ਤੇ ਟਿੱਪਣੀ ਕਰਨਾ ਮੁਸ਼ਕਲ ਹੈ।