ਜਿਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲੀ, ਉਹ ਹੁਣ ਪ੍ਰਧਾਨਗੀ ਹੜੱਪਣ ਲਈ ਮਾਰ ਰਹੇ ਨੇ ਹੱਥ-ਪੈਰ : ਗੁਰਪ੍ਰੀਤ ਸਿੰਘ ਵੜੈਚ

ਜਿਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲੀ, ਉਹ ਹੁਣ ਪ੍ਰਧਾਨਗੀ ਹੜੱਪਣ ਲਈ ਮਾਰ ਰਹੇ ਨੇ ਹੱਥ-ਪੈਰ : ਗੁਰਪ੍ਰੀਤ ਸਿੰਘ ਵੜੈਚ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚਲਾ ਖਿਲਾਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਇਕਾਈ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਚੋਣਾਂ ਦੌਰਾਨ ਜਿਹੜੇ ਆਗੂਆਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਟੁੱਟ ਗਏ ਹਨ, ਉਹ ਹੁਣ ਵੱਖ-ਵੱਖ ਢੰਗਾਂ ਨਾਲ ਸੂਬੇ ਦੀ ਪ੍ਰਧਾਨਗੀ ਹੜੱਪਣ ਲਈ ਹੱਥ-ਪੈਰ ਮਾਰ ਰਹੇ ਹਨ। ਸ੍ਰੀ ਵੜੈਚ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਕੁੱਝ ਵਿਧਾਇਕਾਂ ਨੇ ਉਸ (ਵੜੈਚ) ਨੂੰ ਹਟਾਉਣ ਦੀ ਮੁਹਿੰਮ ਚਲਾਈ ਹੈ ਪਰ ਪਿਛਲੇ ਦਿਨਾਂ ਦੀਆਂ ਸਰਗਰਮੀਆਂ ਤੋਂ ਸੰਕੇਤ ਮਿਲੇ ਹਨ ਕਿ ਜਿਹੜੇ ਆਗੂਆਂ ਦਾ ਹਾਰ ਕਾਰਨ ਮੁੱਖ ਮੰਤਰੀ ਬਣਨ ਦਾ ਦਾਅ ਨਹੀਂ ਲੱਗਾ, ਉਹ ਹੁਣ ਵੱਖ-ਵੱਖ ਢੰਗ-ਤਰੀਕਿਆਂ ਨਾਲ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਉਪਰ ਕਾਬਜ਼ ਹੋਣ ਲਈ ਕਾਹਲੇ ਪਏ ਹਨ। ਉਨ੍ਹਾਂ ਤਿੱਖੀ ਸੁਰ ਵਿੱਚ ਕਿਹਾ ਕਿ ਅਜਿਹੇ ਲੀਡਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਹਾਈਕਮਾਨ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਉਣ ਤੋਂ ਬਾਅਦ ਹੰਗਾਮੀ ਹਾਲਤ ਵਿੱਚ ਉਨ੍ਹਾਂ (ਵੜੈਚ) ਨੂੰ ਕਨਵੀਨਰ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਸਨ ਤਾਂ ਉਸ ਵੇਲੇ ਵੀ ਉਹ ਪਾਰਟੀ ਵਿੱਚ ਹੀ ਮੌਜੂਦ ਸਨ ਅਤੇ ਉਸ (ਵੜੈਚ) ਨੂੰ ਕਨਵੀਨਰ ਨਿਯੁਕਤ ਕਰਨ ਪਿੱਛੇ ਵੀ ਕੋਈ ਆਧਾਰ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪ੍ਰਧਾਨ ਕਿਸ ਨੂੰ ਬਣਾਉਣਾ ਹੈ ਅਤੇ ਕਿਸ ਨੂੰ ਹਟਾਉਣਾ ਹੈ, ਇਹ ਅਧਿਕਾਰ ਪਾਰਟੀ ਹਾਈਕਮਾਨ ਕੋਲ ਹੈ। ਸ੍ਰੀ ਵੜੈਚ ਨੇ ਕਿਹਾ ਕਿ ਪਾਰਟੀ ਵਿਧਾਇਕਾਂ ਕੋਲ ਪੰਜਾਬ ਦੇ ਅਣਗਿਣਤ ਮੁੱਦੇ ਹਨ ਅਤੇ ਉਨ੍ਹਾਂ ਨੂੰ ਲੋਕ ਮੁੱਦੇ ਉਠਾ ਕੇ ਸਰਕਾਰ ਕੋਲ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਹਾਈਕਮਾਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਾ ਹੋਣ ਦੀ ਗੱਲ ਆਖੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਮੀਟਿੰਗ ਵਿੱਚ ਉਹ ਕਿਸੇ ਨਾਰਾਜ਼ਗੀ ਕਾਰਨ ਨਹੀਂ ਸਗੋਂ ਮਜਬੂਰੀ ਕਾਰਨ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਪੀਏਸੀ ਦੀ ਮੀਟਿੰਗ ਬਾਰੇ ਉਨ੍ਹਾਂ ਨੂੰ ਮੌਕੇ ‘ਤੇ ਹੀ ਸੁਨੇਹਾ ਮਿਲਿਆ ਸੀ ਅਤੇ ਉਹ ਥੋੜ੍ਹੇ ਸਮੇਂ ਦੌਰਾਨ ਸਫ਼ਰ ਕਰ ਕੇ ਦਿੱਲੀ ਜਾਣ ਤੋਂ ਅਸਮਰੱਥ ਸਨ। ਉਨ੍ਹਾਂ ਦੱਸਿਆ ਕਿ ਹਾਈਕਮਾਨ ਨੂੰ ਪੰਜਾਬ ਇਕਾਈ ਦੀ ਸਿਰਜਣਾ ਪਾਰਟੀ ਦੇ ਸੰਵਿਧਾਨ ਮੁਤਾਬਕ ਕਰਨ ਦਾ ਮਤਾ ਪਾਸ ਕਰ ਕੇ ਭੇਜਿਆ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਐਚ.ਐਸ. ਫੂਲਕਾ ਵੱਲੋਂ ਵਿੱਢੀ ਪੰਜਾਬ ਯਾਤਰਾ ਦਾ ਪਾਰਟੀ ਪਲੇਟਫਾਰਮ ‘ਤੇ ਕੋਈ ਫੈਸਲਾ ਨਹੀਂ ਹੋਇਆ ਅਤੇ ਉਨ੍ਹਾਂ ਇਹ ਪ੍ਰੋਗਰਾਮ ਆਪਣੇ ਪੱਧਰ ‘ਤੇ ਉਲੀਕਿਆ ਹੈ।
ਫੂਲਕਾ ਨੂੰ ਕੇਜਰੀਵਾਲ ਦਾ ਥਾਪੜਾ :
ਪਾਰਟੀ ਦੇ ਸੂਤਰਾਂ ਅਨੁਸਾਰ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐਚ.ਐਸ. ਫੂਲਕਾ ਨੂੰ ਪੂਰਾ ਥਾਪੜਾ ਦਿੱਤਾ ਗਿਆ ਹੈ। ਪਾਰਟੀ ਦੇ 20 ਵਿਧਾਇਕਾਂ ਵਿਚੋਂ ਹੋਰ ਵਿਧਾਇਕ ਵੀ ਵਿਰੋਧੀ ਧਿਰ ਦੇ ਆਗੂ ਬਣਨ ਲਈ ਯਤਨਸ਼ੀਲ ਸਨ ਪਰ ਸ੍ਰੀ ਕੇਜਰੀਵਾਲ ਨੇ ਸ੍ਰੀ ਫੂਲਕਾ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਸੰਕੇਤ ਦਿੱਤੇ ਹਨ ਕਿ ਪੰਜਾਬ ਦੇ ਮੁੱਖ ਆਗੂ ਹੁਣ ਸ੍ਰੀ ਫੂਲਕਾ ਹੀ ਹਨ। ਸੂਤਰਾਂ ਅਨੁਸਾਰ ਪਾਰਟੀ ਸੁਪਰੀਮੋ ਦੇ ਇਸ ਥਾਪੜੇ ਕਾਰਨ ਹੀ ਸ੍ਰੀ ਫੂਲਕਾ ਨੇ ਆਪਣੇ ਪੱਧਰ ‘ਤੇ ਪੰਜਾਬ ਯਾਤਰਾ ਦਾ ਪ੍ਰੋਗਰਾਮ ਉਲੀਕਿਆ ਹੈ।