ਪਾਵਰਕੌਮ ਨੇ ਜੁਰਮਾਨੇ ਵਸੂਲ ਕੇ ਰੁਸ਼ਨਾਇਆ ਖ਼ਜ਼ਾਨਾ

ਪਾਵਰਕੌਮ ਨੇ ਜੁਰਮਾਨੇ ਵਸੂਲ ਕੇ ਰੁਸ਼ਨਾਇਆ ਖ਼ਜ਼ਾਨਾ

ਫ਼ਰੀਦਕੋਟ\ਬਿਊਰੋ ਨਿਊਜ਼
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਪੰਜ ਸਾਲਾਂ ਵਿੱਚ ਆਪਣੀ ਵਿੱਤੀ ਹਾਲਤ ਸੁਧਾਰਨ ਲਈ ਬਿਜਲੀ ਦੇ ਬਿੱਲ ਉਗਰਾਹੁਣ ਨਾਲੋਂ ਜੁਰਮਾਨੇ ਵਸੂਲਣ ਨੂੰ ਤਰਜੀਹ ਦਿੱਤੀ ਹੈ। ਅਦਾਰੇ ਨੇ 96 ਹਜ਼ਾਰ ਖ਼ਪਤਕਾਰਾਂ ਤੋਂ 900 ਕਰੋੜ ਦੇ ਜੁਰਮਾਨੇ ਉਗਰਾਹੇ ਹਨ। ਆਰਟੀਆਈ ਤਹਿਤ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਪਟਿਆਲਾ ਜ਼ਿਲ੍ਹੇ ਵਿੱਚ 390 ਤੋਂ ਵੱਧ ਖ਼ਪਤਕਾਰਾਂ ਕੋਲੋਂ ਬਿਜਲੀ ਚੋਰੀ ਕਰਨ ਜਾਂ ਬਿਜਲੀ ਗਲਤ ਢੰਗ ਨਾਲ ਵਰਤਣ ਦੇ ਮਾਮਲੇ ਵਿੱਚ ਜੁਰਮਾਨੇ ਵਜੋਂ 16 ਕਰੋੜ ਰੁਪਏ ਉਗਰਾਹੇ ਹਨ। ਬਿਜਲੀ ਐਕਟ 2003 ਦੀ ਧਾਰਾ 135 ਤਹਿਤ ਜੇਕਰ ਕੋਈ ਖ਼ਪਤਕਾਰ ਬਿਜਲੀ ਚੋਰੀ ਕਰਦਾ ਹੈ ਤਾਂ ਉਸ ਨੂੰ ਦੋ ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਖ਼ਪਤਕਾਰਾਂ ਨੂੰ ਕੈਦ ਤੋਂ ਬਚਣ ਲਈ ਜੁਰਮਾਨਾ ਭਰਨਾ ਹੀ ਪੈਂਦਾ ਹੈ, ਕਿਉਂਕਿ ਬਿਜਲੀ ਬੋਰਡ ਵੱਲੋਂ ਪਾਏ ਜੁਰਮਾਨੇ ਖ਼ਿਲਾਫ਼ ਖ਼ਪਤਕਾਰਾਂ ਕੋਲ ਕੋਈ ਕਾਨੂੰਨੀ ਚਾਰਾਜੋਈ ਨਹੀਂ ਹੈ। ਪਾਵਰਕੌਮ ਦੀ ਜੁਰਮਾਨੇ ਦੀ ਰਿਕਵਰੀ ਦਰ 90 ਫ਼ੀਸਦੀ ਤੋਂ ਵੀ ਉੱਪਰ ਹੈ। ਸੂਚਨਾ ਅਨੁਸਾਰ ਬਿਜਲੀ ਵੰਡ ਮੰਡਲ, ਬਾਦਲ ਨੇ 112 ਖ਼ਪਤਕਾਰਾਂ ਨੂੰ 54 ਲੱਖ ਤੋਂ ਵੱਧ ਦੇ ਜੁਰਮਾਨੇ ਕੀਤੇ ਹਨ ਅਤੇ ਇਨ੍ਹਾਂ ਸਾਰੇ ਹੀ ਕੇਸਾਂ ਵਿੱਚ ਖ਼ਪਤਕਾਰਾਂ ਨੇ ਜੁਰਮਾਨੇ ਭਰ ਦਿੱਤੇ ਹਨ। ਸ਼ਹਿਰੀ ਮੰਡਲ ਹੁਸ਼ਿਆਰਪੁਰ ਵੱਲੋਂ ਚੋਰੀ ਦੇ 312 ਕੇਸ ਦਰਜ ਕਰਵਾਏ ਗਏ ਸਨ, ਜਿਨ੍ਹਾਂ ‘ਚੋਂ ਅਦਾਰੇ ਨੂੰ ਇੱਕ ਕਰੋੜ 98 ਲੱਖ ਤੋਂ ਵੱਧ ਜੁਰਮਾਨਾ ਪ੍ਰਾਪਤ ਹੋਇਆ ਹੈ। ਪਾਵਰਕੌਮ ਦੇ ਮਲੋਟ ਵੰਡ ਮੰਡਲ ਨੇ 2100 ਖ਼ਪਤਕਾਰਾਂ ਖ਼ਿਲਾਫ਼ ਬਿਜਲੀ ਚੋਰੀ ਦੇ ਮੁਕੱਦਮੇ ਦਰਜ ਕੀਤੇ, ਜਿਸ ਵਿੱਚ 9 ਕਰੋੜ ਦੇ ਜੁਰਮਾਨੇ ਵਸੂਲੇ ਹਨ। ਗਿੱਦੜਬਾਹਾ ਡਿਵੀਜ਼ਨ ਵਿੱਚ 130 ਖ਼ਪਤਕਾਰਾਂ ਨੂੰ ਚੋਰੀ ਦੇ ਕੇਸਾਂ ਵਿੱਚ 2 ਕਰੋੜ 90 ਲੱਖ ਰੁਪਏ ਜੁਰਮਾਨਾ ਹੋਇਆ ਹੈ। ਫ਼ਾਜ਼ਿਲਕਾ ਵੰਡ-ਮੰਡਲ ਵਿੱਚ 786 ਖ਼ਪਤਕਾਰਾਂ ਖ਼ਿਲਾਫ਼ ਬਿਜਲੀ ਚੋਰੀ ਦੇ ਕੇਸ ਦਰਜ ਕਰਵਾਏ ਗਏ ਹਨ ਪਰ ਇੱਥੇ 26 ਖ਼ਪਤਕਾਰਾਂ ਨੇ 47 ਲੱਖ ਰੁਪਏ ਦੇ ਕਰੀਬ ਜੁਰਮਾਨਾ ਭਰਿਆ ਹੈ, ਜਦੋਂਕਿ 740 ਦੇ ਕਰੀਬ ਖ਼ਪਤਕਾਰ ਜੁਰਮਾਨੇ ਦੀ ਰਕਮ ਦੇਣ ਤੋਂ ਅਸਮਰੱਥ ਹਨ। ਬਰਨਾਲਾ ਜ਼ਿਲ੍ਹੇ ਵਿੱਚ ਪਾਵਰਕੌਮ ਨੇ ਚੋਰੀ ਦੇ ਕੁੱਲ 900 ਕੇਸ ਦਰਜ ਕੀਤੇ ਹਨ, ਜਿਸ ਤੋਂ 76 ਕਰੋੜ ਰੁਪਏ ਜੁਰਮਾਨੇ ਵਜੋਂ ਆਮਦਨ ਹੋਈ ਹੈ। ਤਪਾ ਵੰਡ ਮੰਡਲ ਨੇ 463 ਖ਼ਪਤਕਾਰਾਂ ਖ਼ਿਲਾਫ਼ ਬਿਜਲੀ ਚੋਰੀ ਦੇ ਮਾਮਲੇ ਦਰਜ ਕਰਵਾਏ ਹਨ, ਜਿਨ੍ਹਾਂ ਤੋਂ ਪਾਵਰਕੌਮ ਨੂੰ 2 ਕਰੋੜ 14 ਲੱਖ ਰੁਪਏ ਦੀ ਆਮਦਨ ਹੋਈ ਹੈ। ਘਰਾਚੋਂ ਵੰਡ ਮੰਡਲ ਨੇ 549 ਖ਼ਪਤਕਾਰਾਂ ਖ਼ਿਲਾਫ਼ ਚੋਰੀ ਦੇ ਕੇਸ ਦਰਜ ਕਰਕੇ ਇਨ੍ਹਾਂ ਕੋਲੋਂ ਇਕ ਕਰੋੜ 82 ਲੱਖ ਰੁਪਏ ਉਗਰਾਹੇ ਹਨ। ਨਵਾਂ ਸ਼ਹਿਰ ਵਿੱਚ 3608 ਖ਼ਪਤਕਾਰਾਂ ਖ਼ਿਲਾਫ਼ ਬਿਜਲੀ ਚੋਰੀ ਦੇ ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ 3551 ਖ਼ਪਤਕਾਰਾਂ ਨੇ ਪਾਵਰਕੌਮ ਨੂੰ 27 ਕਰੋੜ ਰੁਪਏ ਜੁਰਮਾਨੇ ਵਜੋਂ ਦਿੱਤੇ ਹਨ। ਭਵਾਨੀਗੜ੍ਹ ਵੰਡ ਉੱਪ ਮੰਡਲ ਨੇ 544 ਖ਼ਪਤਕਾਰਾਂ ਖ਼ਿਲਾਫ਼ ਬਿਜਲੀ ਚੋਰੀ ਦੇ ਕੇਸ ਦਰਜ ਕਰਕੇ 11 ਕਰੋੜ ਜੁਰਮਾਨੇ ਵਜੋਂ ਉਗਰਾਹੇ ਹਨ। ਸੰਗਰੂਰ ਵਿੱਚ 3845 ਖ਼ਪਤਕਾਰਾਂ ਕੋਲੋਂ 271 ਕਰੋੜ ਰੁਪਏ ਵਸੂਲੇ ਹਨ। ਵੰਡ ਮੰਡਲ ਦਸੂਹਾ ਨੇ ਚੋਰੀ ਦੇ ਮਾਮਲਿਆਂ ਵਿੱਚ 2 ਕਰੋੜ 92 ਲੱਖ ਰੁਪਏ ਜੁਰਮਾਨੇ ਵਜੋਂ ਲਏ ਹਨ। ਅਹਿਮਗੜ੍ਹ ਮੰਡੀ ਵਿੱਚ ਚੋਰੀ ਦੇ 54 ਕੇਸ ਦਰਜ ਹੋਏ ਤੇ ਇਨ੍ਹਾਂ ਕੋਲੋਂ 17 ਲੱਖ ਰੁਪਏ ਜੁਰਮਾਨੇ ਵਜੋਂ ਉਗਰਾਹੇ ਗਏ ਹਨ। ਨੂਰਪੁਰ ਬੇਦੀ ਵਿੱਚ ਚੋਰੀ ਦੇ 132 ਕੇਸਾਂ ਵਿੱਚ 27 ਲੱਖ ਰੁਪਏ, ਚਮਕੌਰ ਸਾਹਿਬ ਵਿੱਚ 358 ਕੇਸਾਂ ਵਿੱਚ 50 ਲੱਖ, ਨੰਗਲ ਦਫ਼ਤਰ ਵੱਲੋਂ 63 ਮਾਮਲਿਆਂ ਵਿੱਚ 7 ਲੱਖ ਰੁਪਏ ਦੇ ਜੁਰਮਾਨੇ ਪਾਏ ਹਨ। ਨੌਲੀ ਕਸਬੇ ਨੂੰ ਚੋਰੀ ਦੇ 79 ਕੇਸਾਂ ਵਿੱਚ 42 ਲੱਖ ਰੁਪਏ ਅਤੇ ਰੂਪਨਗਰ ਵਿੱਚ 42 ਲੱਖ ਦੇ ਜੁਰਮਾਨੇ ਕੀਤੇ। ਮੁਹਾਲੀ ਜ਼ਿਲ੍ਹੇ ਵਿੱਚ ਚੋਰੀ ਦੇ 1649 ਕੇਸਾਂ ਵਿੱਚ ਖ਼ਪਤਕਾਰਾਂ ਤੋਂ 132 ਕਰੋੜ ਰੁਪਏ ਦੀ ਵਸੂਲੀ ਬਣੀ। ਇਸ ਵਿੱਚੋਂ 128 ਕਰੋੜ 68 ਲੱਖ ਰੁਪਏ ਦੀ ਰਿਕਵਰੀ ਹੋ ਚੁੱਕੀ ਹੈ।